Breaking News
Home / ਪੰਜਾਬ / ਸਾਲ 2018 ਦੌਰਾਨ ਭਾਰਤ ਤੇ ਵਿਦੇਸ਼ਾਂ ਤੋਂ ਲਗਭਗ 6 ਕਰੋੜ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਸਾਲ 2018 ਦੌਰਾਨ ਭਾਰਤ ਤੇ ਵਿਦੇਸ਼ਾਂ ਤੋਂ ਲਗਭਗ 6 ਕਰੋੜ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਜਸਟਿਨ ਟਰੂਡੋ, ਐਂਟੋਨੀਓ ਗੁਟਰੇਸ, ਹਾਮਿਦ ਕਰਜ਼ਈ, ਡਾ. ਮਨਮੋਹਨ ਸਿੰਘ, ਐਂਡਰਿਊ ਸ਼ੀਰ ਅਤੇ ਸਚਿਨ ਤੇਂਦੂਲਕਰ ਨੇ ਵੀ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਇਕ ਲੱਖ ਅਤੇ ਸਨਿੱਚਰਵਾਰ, ਐਤਵਾਰ ਤੇ ਵਿਸ਼ੇਸ਼ ਦਿਨ ਤਿਉਹਾਰਾਂ ‘ਤੇ ਤਿੰਨ ਲੱਖ ਦੇ ਕਰੀਬ ਸ਼ਰਧਾਲੂ ਦਰਸ਼ਨ ਕਰਨ ਪੁੱਜਦੇ ਹਨ। ਇਸ ਸਾਲ 2018 ਦੌਰਾਨ ਵੀ ਭਾਰਤ ਤੇ ਵਿਦੇਸ਼ਾਂ ਤੋਂ ਲਗਪਗ 6 ਕਰੋੜ ਸ਼ਰਧਾਲੂ ਇਸ ਪਾਵਨ ਅਸਥਾਨ ਵਿਖੇ ਸ਼ਰਧਾ ਸਤਿਕਾਰ ਸਾਹਿਬ ਨਤਮਸਤਕ ਹੋਣ ਪੁੱਜੇ। ਇਸ ਸਾਲ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਇਸ ਅਧਿਆਤਮਕ ਅਸਥਾਨ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਗੁਰੂ ਨਗਰੀ ਅੰਮ੍ਰਿਤਸਰ ਪੁੱਜੀਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਸੇ ਵਰ੍ਹੇ 21 ਫਰਵਰੀ ਨੂੰ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਗਈ ਯਾਤਰਾ ਦੀ ਸਿੱਖ ਹਲਕਿਆਂ ‘ਚ ਕਾਫੀ ਚਰਚਾ ਰਹੀ ਤੇ ਜਸਟਿਨ ਟਰੂਡੋ ਵਲੋਂ ਦਿਖਾਈ ਨਿਮਰਤਾ ਨੇ ਦੁਨੀਆ ਭਰ ਵਿਚ ਵਸਦੇ ਸਿੱਖਾਂ ਦੇ ਦਿਲ ਜਿੱਤ ਲਏ। ਜਸਟਿਨ ਟਰੂਡੋ ਆਪਣੀ ਪਤਨੀ, 3 ਬੱਚਿਆਂ ਤੋਂ ਇਲਾਵਾ 5 ਮੰਤਰੀਆਂ ਤੇ ਕਈ ਸੰਸਦ ਮੈਂਬਰਾਂ ਨਾਲ ਦਰਸ਼ਨ ਕਰਨ ਪੁੱਜੇ ਸਨ। ਟਰੂਡੋ ਤੋਂ ਇਲਾਵਾ ਇਸੇ ਸਾਲ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡਰੀਊ ਸ਼ੀਰ ਤੇ ਸਾਬਕਾ ਮੰਤਰੀ ਜਸਟਿਨ ਕੈਨੀ ਵੀ ਸ਼ਰਧਾ ਸਹਿਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਸਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਮਿਸਟਰ ਐਂਟੋਨੀਓ ਗੁਟਰੇਸ ਵੀ ਇਸੇ ਸਾਲ 3 ਅਕਤੂਬਰ ਨੂੰ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਪੁੱਜੇ, ਜਿਸ ਮੌਕੇ ਉਨ੍ਹਾਂ ਕਿਹਾ ਸੀ ਕਿ ਪਵਿੱਤਰ ਅਸਥਾਨ ਅਤੇ ਸ਼ਾਂਤੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ ਤੇ ਸਿੱਖ, ਜੋ ਕਿ ਵਿਸ਼ਵ ਭਰ ਵਿਚ ਵਸੇ ਹੋਏ ਹਨ, ਨੂੰ ਮੈਂ ਦਿਲੋਂ ਸਤਿਕਾਰ ਭੇਟ ਕਰਦਾ ਹਾਂ। ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਾਬ ਹਾਮਿਦ ਕਰਜ਼ਈ ਵੀ 20 ਸਤੰਬਰ ਨੂੰ ਇਥੇ ਦਰਸ਼ਨ ਕਰਨ ਆਏ ਸਨ। ਕੁਝ ਦਿਨ ਪਹਿਲਾਂ ਕੈਲੇਫੋਰਨੀਆਂ ਦੇ ਵਿਧਾਇਕਾਂ ਦਾ ਇਕ ਉੱਚ ਪੱਧਰੀ ਵਫ਼ਦ ਵੀ ਗੁਰੂ ਘਰ ਦੇ ਦਰਸ਼ਨ ਆਇਆ ਸੀ। ਇਸ ਤੋਂ ਇਲਾਵਾ ਨਾਇਜੀਰੀਆ ਦੇ ਡਿਪਟੀ ਗਵਰਨਰ ਇਬਰਾਹੀਮ ਹਸਨ ਹਦੇਜੀਆ ਤੋਂ ਇਲਾਵਾ ਯੂ. ਐਸ. ਏ., ਕੈਨੇਡਾ, ਯੂ. ਕੇ. ਤੇ ਆਸਟਰੇਲੀਆ ਤੇ ਹੋਰ ਵੱਖ-ਵੱਖ ਮੁਲਕਾਂ ਦੇ ਭਾਰਤ ਵਿਚ ਹਾਈ ਕਮਿਸ਼ਨਰ ਤੇ ਹੋਰ ਆਗੂ ਵੀ ਸਮੇਂ-ਸਮੇਂ ਇਥੇ ਦਰਸ਼ਨ ਕਰਨ ਆਏ ਸਨ। ਭਾਰਤ ਦੇ ਆਗੂਆਂ ਵਿਚੋਂ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਮਾਰਚ ਮਹੀਨੇ ਆਪਣੀ ਅੰਮ੍ਰਿਤਸਰ ਫੇਰੀ ਸਮੇਂ ਇਥੇ ਸ਼ਰਧਾ ਸਹਿਤ ਨਤਮਸਤਕ ਹੋਣ ਪੁੱਜੇ ਸਨ। ਉਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਰਾਜਨਾਥ ਸਿੰਘ, ਰੇਲਵੇ ਮੰਤਰੀ ਪਿਊਸ਼ ਗੋਇਲ, ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਵੀ ਇਸ ਸਾਲ ਇਥੇ ਦਰਸ਼ਨ ਕਰਨ ਆਏ। ਬਾਲੀਵੁੱਡ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਨਾਨਾ ਪਾਟੇਕਰ, ਕਬੀਰ ਬੇਦੀ, ਅਭਿਸ਼ੇਕ ਬੱਚਨ, ਬੌਬੀ ਦਿਓਲ, ਸੁਨੀਲ ਸ਼ੈਟੀ, ਅਰਜਨ ਕਪੂਰ, ਅਰਜਨ ਰਾਮਪਾਲ, ਪਰਣੀਤੀ ਚੋਪੜਾ, ਨਿਰਦੇਸ਼ਕ ਫਰਹਾ ਖਾਨ, ਤਾਪਸੀ ਪੰਨੂੰ, ਕਪਿਲ ਸ਼ਰਮਾ, ਕਰੁੱਸ਼ਨਾ, ਜਪੂਜੀ ਖਹਿਰਾ, ਮਲਕੀਤ ਸਿੰਘ ਯੂ. ਕੇ., ਜਿੰਮੀ ਸ਼ੇਰਗਿੱਲ, ਜੈਜੀ ਬੀ, ਨੀਰੂ ਬਾਜਵਾ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ ਸਮੇਤ ਹੋਰ ਅਨੇਕਾਂ ਹਿੰਦੀ ਤੇ ਪੰਜਾਬੀ ਫ਼ਿਲਮਾਂ ਦੇ ਕਲਾਕਾਰ ਇਸ ਪਵਿੱਤਰ ਅਸਥਾਨ ‘ਤੇ ਅਕੀਦਤ ਭੇਟ ਕਰਨ ਪੁੱਜੇ ਸਨ। ਇਸ ਤੋਂ ਇਲਾਵਾ ਇਸ ਸਾਲ ਉੱਘੇ ਕ੍ਰਿਕਟਰ ਸਚਿਨ ਤੇਂਦਲੁਕਰ ਤੇ ਗੌਤਮ ਗੰਭੀਰ ਸਮੇਤ ਹੋਰ ਖੇਡ ਹਸਤੀਆਂ ਵੀ ਇਸ ਪਾਵਨ ਅਸਥਾਨ ਵਿਖੇ ਸਤਿਕਾਰ ਭੇਟ ਕਰਨ ਪੁੱਜੀਆਂ।
ਧਾਰਮਿਕ ਦੌਰਾ : ਮਾਸਟਰ ਬਲਾਸਟਰ ਨੇ ਪਹਿਲੀ ਵਾਰ ਪਤਨੀ ਦੇ ਨਾਲ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ, ਐਸਜੀਪੀਸੀ ਨੇ ਸਨਮਾਨਿਤ ਕੀਤਾ

ਮੂਲ ਮੰਤਰ ਦਾ ਅਰਥ ਜਾਣ ਭਾਵੁਕ ਹੋਏ ਸਚਿਨ,
ਸੁਖ-ਸ਼ਾਂਤੀ ਦੇ ਲਈ ਕੀਤੀ ਅਰਦਾਸ
ਅੰਮ੍ਰਿਤਸਰ : ਕ੍ਰਿਕਟ ਸਮਰਾਟ ਸਚਿਨ ਤੇਂਦੂਲਕਰ ਆਪਣੀ ਪਤਨੀ ਅੰਜਲੀ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਸ਼ੁੱਕਰਵਾਰ ਸ਼ਾਮ ਨੂੰ ਪਹੁੰਚੇ। ਦਰਬਾਰ ਸਾਹਿਬ ਪਹੁੰਚਣ ‘ਤੇ ਉਨ੍ਹਾਂ ਦੱਸਿਆ ਕਿ ਉਹ ਬਚਪਨ ‘ਚ ਇਕ ਵਾਰ ਅੰਮ੍ਰਿਤਸਰ ਆਏ ਸਨ, ਪ੍ਰੰਤੂ ਉਨ੍ਹਾਂ ਦੇ ਦਿਮਾਗ ਅੰਦਰ ਉਸ ਫੇਰੀ ਦੀ ਕੋਈ ਯਾਦ ਨਹੀਂ ਹੈ। ਦਰਬਾਰ ਸਾਹਿਬ ਆਉਣ ਦਾ ਉਨ੍ਹਾਂ ਨੂੰ ਇਹ ਪਹਿਲਾ ਮੌਕਾ ਮਿਲਿਆ ਹੈ।
ਦਰਬਾਰ ਸਾਹਿਬ ‘ਚ ਮੱਥਾ ਟੇਕਣ ਤੋਂ ਪਹਿਲਾਂ ਸਚਿਨ ਤੇਂਦੂਲਕਰ ਅਤੇ ਉਨ੍ਹਾਂ ਦੀ ਪਤਨੀ ਅੰਜਲੀ ਨੂੰ ਐਸਜੀਪੀਸੀ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਸਿਰੋਪਾਓ, ਦਰਬਾਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਪੁਸਤਕਾਂ ਭੇਂਟ ਕੀਤੀਆਂ। ਇਸ ਤੋਂ ਬਾਅਦ ਉਹ ਐਸਜੀਪੀਸੀ ਟਾਸਕ ਫੋਰਸ ਦੇ ਘੇਰੇ ‘ਚ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ। ਦਰਬਾਰ ਸਾਹਿਬ ਪਹੁੰਚ ਕੇ ਸਚਿਨ ਤੇਂਦੂਲਕਰ ਦੇ ਚਿਹਰੇ ‘ਤੇ ਆਸਥਾ ਸਾਫ਼ ਝਲਕ ਰਹੀ ਸੀ। ਨਾਲ ਗਏ ਦਲਜੀਤ ਸਿੰਘ ਬੇਦੀ ਨੇ ਉਨ੍ਹਾਂ ਪੂਰੇ ਦਰਬਾਰ ਸਾਹਿਬ ਦੀ ਪਰਿਕਰਮਾ ਕਰਵਾਈ ਅਤੇ ਦਰਬਾਰ ਸਾਹਿਬ ਅਤੇ ਸਿੱਖਾਂ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ। ਪਰਿਕਰਮਾ ਦੌਰਾਨ ਆਟਾ ਮੰਡੀ ਵੱਲ ਬਣੇ ਗੇਟ ਦੇ ਸਾਹਮਣੇ ਉਹ ਦਸ ਮਿੰਟ ਬੈਠੇ ਅਤੇ ਗੁਰਬਾਣੀ ਨੂੰ ਸਰਵਣ ਕੀਤਾ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅੰਜਲੀ, ਪੁਲਿਸ ਕਮਿਸ਼ਨਰ ਐਸ ਐਸ ਸ੍ਰੀਵਾਸਤਵ ਦੀ ਪਤਨੀ ਡਿੰਪਲ ਸ੍ਰੀਵਾਸਤਵ ਵੀ ਉਨ੍ਹਾਂ ਦੇ ਨਾਲ ਸਨ।

ਸਚਿਨ ਤੇਂਦੂਲਕਰ ਨੇ ਸਿੱਖੀ ਦੇ ਇਤਿਹਾਸ ਦੇ ਬਾਰੇ ਜਾਣਿਆ ਅਤੇ ਗੁਰਬਾਣੀ ਸਰਵਣ ਕੀਤੀ
ਸਚਿਨ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈਂਦੇ ਸਮੇਂ ਉਸ ਦੇ ਮਹੱਤਵ ਬਾਰੇ ਜਾਣਿਆ। ਇਸ ਤੋਂ ਬਾਅਦ ਖੁਦ ਕੜਾਹ ਪ੍ਰਸ਼ਾਦ ਨੂੰ ਲੈ ਕੇ ਗੁਰੂਘਰ ਗਏ ਅਤੇ ਉਥੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਲਈ ਅਰਦਾਸ ਕਰਵਾਈ। ਉਥੇ ਉਨ੍ਹਾਂ ਨੂੰ ਮੂਲ ਮੰਤਰ ਦੇ ਬਾਰੇ ਵੀ ਦੱਸਿਆ ਗਿਆ। ਮੂਲ ਮੰਤਰ ਨੂੰ ਸੁਣਦੇ ਹੀ ਉਨ੍ਹਾਂ ਨੇ ਮੂਲ ਮੰਤਰ ਦੇ ਅਰਥ ਜਾਨਣ ਦੀ ਇੱਛਾ ਪ੍ਰਗਟ ਕੀਤੀ। ਮੂਲ ਮੰਤਰ ਦਾ ਅਰਥ ਜਾਨਣ ਤੋਂ ਬਾਅਦ ਉਨ੍ਹਾਂ ਨੇ ਅੱਖਾਂ ਬੰਦ ਕਰਕੇ ਦੁਬਾਰਾ ਗੁਰੂਘਰ ਵੱਲ ਘੁੰਮ ਕੇ ਸਿਰ ਝੁਕਾ ਕੇ ਨਮਸ਼ਕਾਰ ਕੀਤੀ। ਉਨ੍ਹਾਂ ਨੇ ਹਰ ਕੀ ਪੌੜੀ ਦੇ ਉਪਰ ਜਾ ਕੇ ਹੱਥ ਲਿਖਤ ਸਵਰੂਪ ਦੇ ਦਰਸ਼ਨ ਵੀ ਕੀਤੇ।

ਜਲ੍ਹਿਆਂ ਵਾਲਾ ਬਾਗ ਵੀ ਪਹੁੰਚੇ, ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ
ਦਰਬਾਰ ਸਾਹਿਬ ਤੋਂ ਬਾਅਦ ਸਚਿਨ ਤੇਂਦੂਲਕਰ ਜਲ੍ਹਿਆਂ ਵਾਲਾ ਬਾਗ ਪਹੁੰਚੇ। ਪ੍ਰੰਤੂ ਉਥੇ ਅੰਦਰ ਜਾਣ ਦਾ ਸਮਾਂ ਲੰਘ ਜਾਣ ਤੋਂ ਬਾਅਦ ਗੇਟ ਬੰਦ ਹੋ ਚੁੱਕੇ ਸਨ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਗੇਟ ਖੋਲ੍ਹਣ ਦੀ ਬੇਨਤੀ ਕੀਤੀ ਤੇ ਗੇਟ ਦੁਬਾਰਾ ਖੋਲ੍ਹਿਆ ਗਿਆ। 20 ਮਿੰਟ ਤੱਕ ਜਲ੍ਹਿਆਂਵਾਲਾ ਬਾਗ ਦੇ ਅੰਦਰ ਰਹੇ। ਇਸ ਦੌਰਾਨ ਉਨ੍ਹਾਂ ਨੇ ਅਮਰ ਜਯੋਤੀ ਅਤੇ ਸ਼ਹੀਦੀ ਸਮਾਰਕ ‘ਤੇ ਸ਼ਰਧਾਂਜਲੀ ਭੇਂਟ ਕੀਤੀ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …