ਰੱਖਿਆ ਮੰਤਰਾਲੇ ਦਾ ਦਾਅਵਾ : ਪਾਕਿ ਨੇ ਭਾਰਤ ਦੇ 15 ਤੋਂ ਵੱਧ ਫੌਜੀ ਟਿਕਾਣਿਆਂ ’ਤੇ ਕਰਨਾ ਸੀ ਹਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਪਰੇਸ਼ਨ ਸਿੰਦੂਰ ਦੇ ਅਗਲੇ ਦਿਨ ਯਾਨੀ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਪਾਕਿਸਤਾਨ ਨੇ ਭਾਰਤ ਦੇ 15 ਤੋਂ ਜ਼ਿਆਦਾ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਰੂਸ ਤੋਂ ਮਿਲੇ ਐਸ 400 ਡਿਫੈਂਸ ਸਿਸਟਮ ਦੇ ਜ਼ਰੀਏ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਜਵਾਬੀ ਕਾਰਵਾਈ ਵਿਚ ਭਾਰਤ ਨੇ ਅੱਜ ਵੀਰਵਾਰ ਸਵੇਰੇ ਪਾਕਿਸਤਾਨ ਦਾ ਏਅਰ ਡਿਫੈਂਸ ਸਿਸਟਮ ਤਬਾਹ ਕਰ ਦਿੱਤਾ। ਇਸਦੇ ਲਈ ਇਜ਼ਰਾਈਲ ਤੋਂ ਮਿਲੇ ਹਾਰਪੀ ਡਰੋਨ ਦਾ ਇਸਤੇਮਾਲ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਨੇ ਉਤਰ ਅਤੇ ਪੱਛਮੀ ਭਾਰਤ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣਾ ਸੀ। ਇਸ ਦੌਰਾਨ ਪਾਕਿਸਤਾਨ ਨੇ ਅਵੰਤੀਪੋਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮਿ੍ਰਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ ਅਤੇ ਭੁਜ ਵਿਚ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਸਨ। ਭਾਰਤ ਵਲੋਂ ਪਾਕਿਸਤਾਨ ਦੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ।