ਚੀਫ ਜਸਟਿਸ ਤੋਂ ਦਖਲ ਦੀ ਕੀਤੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਦੇ ਜੱਜਾਂ ਵਿਚਕਾਰ ਇਕ ਵਾਰ ਫਿਰ ਤੋਂ ਮਤਭੇਦ ਉਭਰ ਕੇ ਸਾਹਮਣੇ ਆ ਰਹੇ ਹਨ। ਇਸ ਵਾਰ ਵਿਵਾਦ ਤਿੰਨ ਜੱਜਾਂ ਦੀਆਂ 2 ਬੈਂਚਾਂ ਵਿਚਕਾਰ ਹੈ। ਚੇਤੇ ਰਹੇ ਕਿ ਜਸਟਿਸ ਐੱਮ.ਬੀ. ਲੋਕੁਰ ਦੀ ਬੈਂਚ ਨੇ ਲੰਘੇ ਬੁੱਧਵਾਰ ਨੂੰ ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਦੇ ਜ਼ਮੀਨ ਐਕਵਾਇਰ ਨਾਲ ਜੁੜੇ ਇਕ ਆਦੇਸ਼ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਨਾਰਾਜ ਜਸਟਿਸ ਅਰੁਣ ਮਿਸ਼ਰਾ ਨੇ ਅਗਲੇ ਦਿਨ ਜ਼ਮੀਨ ਐਕਵਾਇਰ ਦੇ ਇਕ ਮਾਮਲੇ ਨੂੰ ਚੀਫ ਜਸਟਿਸ ਦੀਪਕ ਮਿਸ਼ਰਾ ਨੂੰ ਰੈਫਰ ਕਰਦੇ ਹੋਏ ਇਸ ਨੂੰ ਉਚਿਤ ਬੈਂਚ ਨੂੰ ਸੌਂਪਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪੁੱਛਿਆ ਕਿ ਅਸੀਂ ਅੱਗੇ ਇਸ ਕੇਸ ਦੀ ਸੁਣਵਾਈ ਕਰੀਏ ਜਾਂ ਨਾ? ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਸਟਿਸ ਲੋਕੁਰ ਸਮੇਤ ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਵਿਚ ਜੱਜਾਂ ਨੇ ਚੀਫ ਜਸਟਿਸ ‘ਤੇ ਆਪਣੀ ਪਸੰਦ ਦੀਆਂ ਬੈਂਚਾਂ ਨੂੰ ਕੇਸ ਸੌਂਪਣ ਦਾ ਦੋਸ਼ ਲਗਾਇਆ ਸੀ।

