ਇਕ ਪੀਜੀਆਈ ਚੰਡੀਗੜ੍ਹ ਵਿਖੇ ਅਤੇ ਦੂਜੀ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਹੋਈ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਅੱਜ ਚੌਥੀ ਮੌਤ ਹੋ ਗਈ ਹੈ। ਲੰਘੇ ਦਿਨੀਂ ਚੰਡੀਗੜ੍ਹ ਦੀ ਹੱਦ ਕੋਲ ਵਸੇ ਹੋਏ ਪੰਜਾਬ ਦੇ ਕਸਬਾਨੁਮਾ ਪਿੰਡ ਨਵਾਂਗਾਉਂ ਵਿਖੇ 65 ਸਾਲਾ ਬਜ਼ੁਰਗ ਕੋਰੋਨਾ ਪਾਜੀਟਿਵ ਮਿਲਿਆ ਸੀ, ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਬਜ਼ੁਰਗ ਦੀ ਮੌਤ ਤੋਂ ਬਾਅਦ ਨਵਾਂਗਾਉਂ ‘ਚ ਪੈਂਦੇ ਦਸ਼ਮੇਸ਼ ਨਗਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਬਜ਼ੁਰਗ ਦੇ ਸੰਪਰਕ ‘ਚ ਆਏ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ 18 ਮਾਰਚ ਨੂੰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਵਾਸੀ ਬਲਦੇਵ ਸਿੰਘ ਦੀ ਹੋਈ ਸੀ।ઠਦੂਜੀ ਮੌਤ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ 62 ਸਾਲਾ ਹਰਭਜਨ ਸਿੰਘ ਦੀ ਲੰਘੀ 29 ਮਾਰਚ ਦੀ ਰਾਤ ਨੂੰ ਹੋਈ ਸੀ ਅਤੇ ਤੀਜੀ ਮੌਤ ਲੁਧਿਆਣਾ ਵਾਸੀ 42 ਸਾਲਾ ਔਰਤ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਲੰਘੀ 30 ਮਾਰਚ ਦੀ ਰਾਤ ਹੋਈ ਸੀ। ਇਹ ਔਰਤ ਦੁਬਈ ਤੋਂ ਭਾਰਤ ਆਈ ਸੀ। ਮਹਿਲਾ ਨੂੰ ਗੰਭੀਰ ਹਾਲਾਤ ‘ਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਇਹ ਔਰਤ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ।