Breaking News
Home / ਪੰਜਾਬ / ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਹੈ ਮੁਹੱਬਤ : ਸਾਂਵਲ ਧਾਮੀ

ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਹੈ ਮੁਹੱਬਤ : ਸਾਂਵਲ ਧਾਮੀ

ਪੰਜਾਬੀ ਲੇਖਕ ਸਭਾ ਚੰਡੀਗੜ੍ਹ (ਰਜਿ.) ਵਲੋਂ ਕਰਵਾਇਆ ਗਿਆ ਸੈਮੀਨਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਦੀ ਜਜ਼ਬਾਤੀ ਸਾਂਝ ਤੇ ਵੰਡ ਦੇ ਸੰਤਾਪ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਬੁਲਾਰਿਆਂ ਵਿੱਚ ਦੋਵਾਂ ਪੰਜਾਬਾਂ ਦੇ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦਾ ਸਬੱਬ ਬਣਨ ਵਾਲੇ ਸਾਂਵਲ ਧਾਮੀ, ਪੱਤਰਕਾਰ ਜਗਤਾਰ ਭੁੱਲਰ, ਲੋਕ ਸੰਪਰਕ ਅਧਿਕਾਰੀ ਨਵਦੀਪ ਗਿੱਲ, ਪੱਤਰਕਾਰ ਸ਼ਾਇਦਾ ਬਾਨੋ ਅਤੇ ਸੁਨੀਲ ਕਟਾਰੀਆ ਸ਼ਾਮਲ ਹੋਏ।
ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਅਜਿਹੇ ਸੰਜੀਦਾ ਵਿਸ਼ੇ ‘ਤੇ ਸੰਵਾਦ ਕਰਨਾ ਚੰਗਾ ਕਦਮ ਹੈ।
ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਅਦਬ, ਤਹਿਜ਼ੀਬ ਤੇ ਮੁਹੱਬਤ ਦੀਆਂ ਸਾਂਝਾਂ ਸਦੀਵੀਂ ਹੁੰਦੀਆਂ ਹਨ। ਜਗਤਾਰ ਭੁੱਲਰ ਨੇ ਕਿਹਾ ਕਿ ਇੱਕ ਤੜਪ ਹੈ ਜੋ ਖਿੱਚਦੀ ਹੈ ਕਿ ਮਨੁੱਖਤਾ ਦੇ ਰਿਸ਼ਤੇ ਜਜ਼ਬਾਤ ਭਰਪੂਰ ਰਹਿਣ। ਨਵਦੀਪ ਗਿੱਲ ਨੇ ਸਾਰੇ ਪੰਜਾਬੀ ਖਿਡਾਰੀਆਂ ਦੀ ਆਪਸੀ ਸਾਂਝ ਨੂੰ ਬੇਮਿਸਾਲ ਦੱਸਿਆ।
ਸ਼ਾਇਦਾ ਬਾਨੋ ਨੇ ਕਿਹਾ ਕਿ ਨਵੀਂ ਪੀੜ੍ਹੀ ਨਵੀਆਂ ਕੋਸ਼ਿਸ਼ਾਂ ਰਾਹੀਂ ਦੋਵਾਂ ਮੁਲਕਾਂ ਦੇ ਅਵਾਮ ਨੂੰ ਹੋਰ ਨੇੜੇ ਲਿਆਉਣਾ ਚਾਹੁੰਦੀ ਹੈ। ਸੁਨੀਲ ਕਟਾਰੀਆ ਨੇ ਕਿਹਾ ਕਿ ਲਾਹੌਰ ‘ਚ ਸਿਰਫ਼ ਮੇਜ਼ਬਾਨੀ ਨਹੀਂ, ਮੁਹੱਬਤ ਹੈ।
ਸਾਂਵਲ ਧਾਮੀ ਨੇ ਆਖਿਆ ਕਿ ਪੰਜਾਬੀਆਂ ਦੀ ਪੱਕੀ ਆਦਤ ਤਾਂ ਮੁਹੱਬਤ ਹੈ। ਸੂਫ਼ੀ ਬਲਬੀਰ ਨੇ ਆਪਣੀ ਕਵਿਤਾ ਅਤੇ ਗੀਤ ਸੁਣਾ ਕੇ ਮਾਹੌਲ ਨੂੰ ਹੋਰ ਸੰਜੀਦਾ ਕਰ ਦਿੱਤਾ। ਇਸ ਦੌਰਾਨ ਲੇਖਿਕਾ ਇੰਦਰ ਵਰਸ਼ਾ ਦਾ ਸੰਪਾਦਿਤ ਕਾਵਿ-ਸੰਗ੍ਰਹਿ ‘ਉਤਕਰਸ਼-ਦੇਸ਼ ਵਿਦੇਸ਼ ਸੇ ਕਵਿਤਾਏਂ’ ਲੋਕ ਅਰਪਣ ਕੀਤਾ ਗਿਆ।
ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸੰਜੀਦਾ ਵਿਸ਼ਿਆਂ ਬਾਰੇ ਫ਼ਿਕਰਮੰਦੀ ਅਤੇ ਸੰਵਾਦ ਵੀ ਸਾਹਿਤਕ ਜਥੇਬੰਦੀਆਂ ਦੀ ਵੱਡੀ ਜ਼ਿੰਮੇਵਾਰੀ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨਗੀ ਮੰਡਲ ਨੂੰ ਮੀਤ ਰੰਗਰੇਜ ਵੱਲੋਂ ਬਣਾਈ ਗਈ ਇੱਕ ਪੇਂਟਿੰਗ ਭੇਟ ਕੀਤੀ ਗਈ ਜੋ 1947 ਦੀ ਵੰਡ ਦੇ ਸੰਤਾਪ ਨੂੰ ਦਰਸਾਉਂਦੀ ਹੈ। ਇਹਦੇ ਵਿੱਚ ਇੱਕ ਕਵਿਤਾ ਵੀ ਦਰਜ ਹੈ। ਇਹ ਪੇਂਟਿੰਗ ਸਮੁੱਚੇ ਰੂਪ ਵਿੱਚ ਦਰਸਾਉਂਦੀ ਹੈ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੇ ਵੰਡ ਦਾ ਕਿਹੋ ਜਿਹਾ ਸੰਤਾਪ ਭੋਗਿਆ ਹੈ। ਇਸ ਦੌਰਾਨ ਸਮਾਗਮ ਵਿਚ ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ, ਓਲੰਪੀਅਨ ਮਹਿੰਦਰ ਸਿੰਘ ਗਿੱਲ, ਕੈਪਟਨ ਨਰਿੰਦਰ ਸਿੰਘ ਆਈਏਐੱਸ, ਜਸਵੰਤ ਦਮਨ, ਦਵਿੰਦਰ ਦਮਨ, ਜੰਗ ਬਹਾਦਰ ਗੋਇਲ, ਨੀਲਮ ਗੋਇਲ, ਜਤਿਨ ਸਲਵਾਨ, ਰੇਣੂਕਾ ਸਲਵਾਨ, ਜੇਐੱਸ ਖੁਸ਼ਦਿਲ, ਡਾ. ਪ੍ਰੇਮ ਦਿਲ, ਡਾ. ਅਵਤਾਰ ਸਿੰਘ ਪਤੰਗ, ਲਾਭ ਸਿੰਘ ਲਹਿਲੀ, ਸੁਭਾਸ਼ ਭਾਸਕਰ, ਪਰਮਜੀਤ ਪਰਮ, ਨਿੰਮੀ ਵਸ਼ਿਸ਼ਟ, ਸੁਦੇਸ਼ ਮੋਦਗਿਲ ‘ਨੂਰ’, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਰਜਿੰਦਰ ਵਸ਼ਿਸ਼ਟ, ਸ਼ਰਨਜੀਤ ਸਿੰਘ ਬੈਦਵਾਣ, ਭਗਤ ਰਾਮ ਰੰਗਾਰ੍ਹਾ, ਵਿਜੇ ਕੁਮਾਰ, ਆਰਐੱਸ ਲਿਬਰੇਟ, ਹਰਪ੍ਰੀਤ ਸਿੰਘ, ਬਲਕਾਰ ਸਿੱਧੂ ਆਦਿ ਹਾਜ਼ਰ ਸਨ।

Check Also

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹੋਰ 119 ਭਾਰਤੀ ਭਲਕੇ ਪਹੁੰਚਣਗੇ ਅੰਮਿ੍ਤਸਰ

ਡਿਪੋਰਟ ਕੀਤੇ ਗਏ ਭਾਰਤੀਆਂ ’ਚ 67 ਪੰਜਾਬੀ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ ਬਣੇ …