Breaking News
Home / ਕੈਨੇਡਾ / ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵੱਲੋਂ ਆਪਣਾ ‘ਪਲੇਠਾ ਗਰੈਜੂਏਸ਼ਨ ਸਮਾਗ਼ਮ’ ਪੂਰੀ ਸੱਜ-ਧੱਜ ਨਾਲ ਮਨਾਇਆ ਗਿਆ

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵੱਲੋਂ ਆਪਣਾ ‘ਪਲੇਠਾ ਗਰੈਜੂਏਸ਼ਨ ਸਮਾਗ਼ਮ’ ਪੂਰੀ ਸੱਜ-ਧੱਜ ਨਾਲ ਮਨਾਇਆ ਗਿਆ

GTB Graduation 1 copy copyਬਰੈਂਪਟਨ ਦੀਆਂ ਕਈ ਪ੍ਰਮੁੱਖ-ਸ਼ਖਸੀਅਤਾਂ ਨੇ ਕੀਤੀ ਸਮਾਗ਼ਮ ‘ਚ ਸ਼ਮੂਲੀਅਤ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਬੀਤੇ ਵੀਰਵਾਰ 30 ਜੂਨ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਤੇ ਸਟਾਫ਼ ਵੱਲੋਂ ਮਿਲ ਕੇ ਸਕੂਲ ਦੀ ਪਹਿਲੀ ਗਰੈਜੂਏਸ਼ਨ ਸੈਰੀਮਨੀ ਬੜੇ ਭਾਵ-ਪੂਰਤ ਢੰਗ ਨਾਲ ਮਨਾਈ ਗਈ। ਬੇਸ਼ਕ, ਸਮੇਂ-ਸਮੇਂ ਇਸ ਸਕੂਲ ਵਿੱਚ ਕਈ ਪ੍ਰੋਗਰਾਮ ਹੁੰਦੇ ਰਹਿੰਦੇ ਹਨ, ਪਰ ਬੱਚਿਆਂ ਦੀ ਗਰੈਜੂਏਸ਼ਨ ਦਾ ਅਜਿਹਾ ਪਹਿਲਾ ਸਮਾਗ਼ਮ ਹੋਣ ਕਰਕੇ ਉਨ੍ਹਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਲਾਲ ਰੰਗ ਦੇ ਗਾਊਨਾਂ ਅਤੇ ਅਜਿਹੇ ਮੌਕੇ ਪਹਿਨੀਆਂ ਜਾਣ ਵਾਲੀਆਂ ਵਿਸ਼ੇਸ਼ ਕਿਸਮ ਦੀਆਂ ਟੋਪੀਆਂ ਨਾਲ ਸਜੇ ਹੋਏ ਉਹ ਆਪਣੇ ਡਿਪਲੋਮੇ ਅਤੇ ਵਿਸ਼ੇਸ਼ ਸਨਮਾਨ ਲੈਣ ਲਈ ਉਤਾਵਲੇ ਨਜ਼ਰ ਆ ਰਹੇ ਸਨ।
ਇਸ ਮੌਕੇ ਬੁਲਾਏ ਗਏ ਵਿਸ਼ੇਸ਼ ਮਹਿਮਾਨਾਂ ਨੂੰ ਨੀਲੇ ਤੇ ਪੀਲੇ ਰੰਗ ਦੇ ਗਾਊਨ ਪਹਿਨਾਅ ਕੇ ‘ਅਕੈਡਮਿਕ-ਪ੍ਰੋਸੈਸ਼ਨ’ ਦੇ ਰੂਪ ਵਿੱਚ ਸਕੂਲ ਤੋਂ ਸਮਾਗ਼ਮ ਵਾਲੇ ਹਾਲ ਤੀਕ ਲਿਜਾਇਆ ਗਿਆ। ਅੱਗੇ-ਅੱਗੇ ਲਾਲ ਗਾਊਨਾਂ ਤੇ ਟੋਪੀਆਂ ਵਿੱਚ ਸਜੇ ਦੋ-ਦੋ ਦੀਆਂ ਲਾਈਨਾਂ ਵਿੱਚ ਬੱਚੇ ਚੱਲ ਰਹੇ ਸਨ ਤੇ ਪਿੱਛੇ ਇੰਜ ਹੀ ਵਿਸ਼ੇਸ਼-ਮਹਿਮਾਨ। ਹਾਲ ਵਿੱਚ ਹਾਜ਼ਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਇਸ ਅਕੈਡਮਿਕ ਪ੍ਰੋਸੈੱਸ਼ਨ ਦਾ ਤਾੜੀਆਂ ਨਾਲ ਭਰਪੂਰ ਸੁਆਗ਼ਤ ਕੀਤਾ ਗਿਆ। ਆਏ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਮੈਡਮ ਗੁਰਲੀਨ ਹਾਂਸ ਨੇ ਪ੍ਰਿੰਸੀਪਲ ਸੰਜੀਵ ਧਵਨ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਸਕੂਲ ਦੀ ਖ਼ੂਬਸੂਰਤ ਕਾਰਗੁਜ਼ਾਰੀ ਬਾਰੇ ਦੱਸਦਿਆਂ ਕਿਹਾ ਕਿ 28 ਜੂਨ 2015 ਨੂੰ ਸ਼ੁਰੂ ਹੋਏ ਇਸ ਸਕੂਲ ਵਿੱਚ ਇਸ ਸਮੇਂ ਵੱਖ-ਵੱਖ ਕਲਾਸਾਂ ਵਿੱਚ 130 ਵਿਦਿਆਰਥੀ ਹਨ ਅਤੇ ਇੱਕ ਸਾਲ ਦੇ ਇਸ ਛੋਟੇ ਜਿਹੇ ਅਰਸੇ ਵਿੱਚ ਸਕੂਲ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਜਿਨ੍ਹਾਂ ਵਿੱਚ ਵਿਦਿਅਕ ਖੇਤਰ ਵਿੱਚ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਵੱਲੋਂ 91% ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਵਜ਼ੀਫ਼ਿਆਂ ਨਾਲ ਮਨਚਾਹੇ ਕੋਰਸਾਂ ਵਿੱਚ ਦਾਖ਼ਲੇ ਲੈਣੇ ਅਤੇ ਹੋਰ ਕਈ ਕਲਾਸਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਫਾਰਮੈਂਸ, ਵਿਦਿਅਕ ਟੂਰ, ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣਾ, ਖੇਡਾਂ ਵਿੱਚ ਪ੍ਰਾਪਤੀਆਂ ਆਦਿ ਸ਼ਾਮਲ ਹਨ।
ਇਸ ਮੌਕੇ ਬੋਲਦਿਆਂ ਉਨ੍ਹਾਂ ਸ਼ਹੀਦ ਭਗਤ ਸਿੰਘ ਤੇ ਹੋਰ ਕੌਮੀ-ਸ਼ਹੀਦਾਂ ਦੀ ਯਾਦ ਵਿੱਚ ਸਥਾਨਕ ‘ਰੋਜ਼ ਥੀਏਟਰ’ ਵਿੱਚ ਹੋਏ ਪ੍ਰੋਗਰਾਮ ਵਿੱਚ ਸਕੂਲ ਦੀ ਭੰਗੜਾ ਟੀਮ ਵੱਲੋਂ ਪਾਏ ਗਏ ਭੰਗੜੇ ਤੇ ਬੋਲੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ। ਉਨ੍ਹਾਂ ਸਕੂਲ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਨਾਲ-ਨਾਲ ਦੂਸਰੀਆਂ ਕੌਮਾਂ ਨਾਲ ਸਬੰਧਿਤ ਵਿਦਿਆਰਥੀਆਂ ਬਾਰੇ ਵੀ ਦੱਸਿਆ ਅਤੇ ਮਿਸਰ ਦੇ ਪਿਛੋਕੜ ਵਾਲੀ ਬਾਰ੍ਹਵੀਂ ਦੀ ਬਸੰਤ ਅਲੀ ਅਤੇ ਜਮਾਇਕਾ ਦੀ ਗਰੇਡ-3 ਦੀ ਵਿਦਿਆਰਥਣ ਤਿਹਾਰਾ ਨਾਲ ਵੀ ਮਿਲਾਇਆ। ਤਿਹਾਰਾ ਨੇ ਆਉਂਦਿਆਂ ਹੀ ਸਾਰਿਆਂ ਨੂੰ ਬੁਲੰਦ ਆਵਾਜ਼ ਵਿੱਚ ਪਹਿਲਾਂ ‘ਸਤਿ ਸਿਰੀ ਅਕਾਲ’ ਬੁਲਾਈ ਅਤੇ ਫਿਰ ਪ੍ਰਿੰਸੀਪਲ ਸਾਹਿਬ ਦੇ ਕਹਿਣ ‘ਤੇ ਮੂਲ-ਮੰਤਰ ਦਾ ਪਾਠ ਵੀ ਸੁਣਾਇਆ।
ਵਿਦਿਆਰਥੀਆਂ ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਬਕਾ-ਅਧਿਆਪਕ ਤੇ ਪ੍ਰਸਿੱਧ ਲੇਖਕ ਇਕਬਾਲ ਰਾਮੂਵਾਲੀਆ ਨੇ ਸਿੱਖਿਆ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਲਤਾ ‘ਤੇ ਹਾਰਦਿਕ ਵਧਾਈ ਪੇਸ਼ ਕਰਦਿਆਂ ਉਨ੍ਹਾਂ ਨੇ ਬੱਚਿਆਂ ਨੂੰ ਜੀਵਨ ਵਿੱਚ ਆਪਣੇ ਉਦੇਸ਼ ਦੀ ਪੂਰਤੀ ਲਈ ਸ਼ਖਤ ਮਿਹਨਤ ਕਰਨ ਦੀ ਪ੍ਰੇਰਨਾ ਕੀਤੀ। ਸਕੂਲ ਦੇ ਬਾਰ੍ਹਵੀਂ ਜਮਾਤ ਦੇ ਗਰੈਜੂਏਟ ਹੋਣਹਾਰ ਵਿਦਿਆਰਥੀ ਮਨਬੀਰ ਸਿੰਘ ਜੰਜੂਆ ਵੱਲੋਂ ਕੀਤਾ ਗਿਆ ‘ਵੈਲੀਡਿਕਟਰੀ ਐਡਰੈੱਸ’ ਬਾ-ਕਮਾਲ ਸੀ। ਇਸ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਦੇ ਹੱਥੀਂ ਵਿਦਿਆਰਥੀਆਂ ਨੂੰ ਡਿਪਲੋਮੇ ਅਤੇ ਕਈ ਵਿਸ਼ੇਸ਼ ਇਨਾਮ ਦਿਵਾਏ ਗਏ। ਇਸ ਮੌਕੇ ਕਈ ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਬੇਹਤਰ ਕਾਰਗ਼ੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
ਸਮੇਂ ਦੀ ਘਾਟ ਕਾਰਨ ਭਾਸ਼ਨਬਾਜ਼ੀ ਤੋਂ ਗੁਰੇਜ਼ ਕੀਤਾ ਗਿਆ ਹਾਲਾਂ ਕਿ ਮਹਿਮਾਨਾਂ ਵਿੱਚ ਸ਼ਾਮਲ ਡਾ.ਵਰਿਆਮ ਸਿੰਘ ਸੰਧੂ (ਮੁੱਖ-ਮਹਿਮਾਨ), ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਕ੍ਰਿਪਾਲ ਸਿੰਘ ਪੰਨੂੰ, ਪ੍ਰੋ. ਜਗੀਰ ਸਿੰਘ ਕਾਹਲੋਂ, ਕੁਲਜੀਤ ਸਿੰਘ ਜੰਜੂਆ, ਡਾ. ਸੁਖਦੇਵ ਸਿੰਘ ਝੰਡ, ਮੈਡਮ ਡਾ. ਗੁਰਨਾਮ ਕੌਰ ਬੱਲ, ਹਰਜੀਤ ਸਿੰਘ ਗਿੱਲ ਤੇ ਕਬੱਡੀ ਦੇ ਅੰਤਰ-ਰਾਸ਼ਟਰੀ ਖਿਡਾਰੀ ਦੇਵੀ ਦਿਆਲ ਵਿੱਚੋਂ ਕਈ ਬਹੁਤ ਵਧੀਆ ਬੁਲਾਰੇ ਹਨ। ਅਖ਼ੀਰ ਵਿੱਚ ਰਵਿੰਦਰ ਸਿੰਘ ਪੰਨੂੰ ਵੱਲੋਂ ਵਿਦਿਆਰਥੀਆਂ ਨੂੰ ਸ਼ੁਭ-ਕਾਮਨਾਵਾਂ ਭੇਂਟ ਕਰਦਿਆਂ ਹੋਇਆਂ ਆਏ ਮਹਿਮਾਨਾਂ,  ਵਿਦਿਆਰਥੀਆਂ ਦੇ ਮਾਪਿਆਂ ਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …