Breaking News
Home / ਦੁਨੀਆ / ਅਮਰੀਕਾ ‘ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਗੋਲੀਬਾਰੀ; ਪੰਜ ਪੁਲਿਸ ਅਫ਼ਸਰਾਂ ਦੀ ਮੌਤ

ਅਮਰੀਕਾ ‘ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਗੋਲੀਬਾਰੀ; ਪੰਜ ਪੁਲਿਸ ਅਫ਼ਸਰਾਂ ਦੀ ਮੌਤ

jld-b3793031-large copy copyਪੁਲਿਸ ਮੁਕਾਬਲੇ ਵਿੱਚ ਸਿਆਹਫਾਮ ਵਿਅਕਤੀ ਦੇ ਮਾਰੇ ਜਾਣ ਮਗਰੋਂ ਭੜਕੇ ਲੋਕ
ਹਿਊਸਟਨ/ਬਿਊਰੋ ਨਿਊਜ਼
ਇਕ ਸਿਆਹਫਾਮ ਵਿਅਕਤੀ ਦੀ ਪਿਛਲੇ ਹਫ਼ਤੇ ਪੁਲਿਸ ਗੋਲੀਬਾਰੀ ਵਿੱਚ ਹੋਈ ਮੌਤ ਦੇ ਵਿਰੋਧ ਵਿੱਚ ਡੱਲਾਸ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਘਾਤ ਲਾ ਕੇ ਕੀਤੇ ਹਮਲੇ ਵਿੱਚ ਪੰਜ ਪੁਲਿਸ ਅਫ਼ਸਰ ਮਾਰੇ ਗਏ ਅਤੇ ਸੱਤ ਜ਼ਖ਼ਮੀ ਹੋ ਗਏ। ਅਮਰੀਕਾ ਦੇ ਇਤਿਹਾਸ ਵਿੱਚ ਇਹ ਪੁਲਿਸ ਲਈ ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ ਰਿਹਾ।
ਡੱਲਾਸ ਦੇ ਪੁਲਿਸ ਮੁਖੀ ਡੇਵਿਡ ਬਰਾਊਨ ਨੇ ਦੱਸਿਆ ਕਿ ਦੋ ਬੰਦੂਕਧਾਰੀਆਂ ਨੇ ਉਚਾਈ ਵਾਲੀ ਥਾਂ ਤੋਂ ਘਾਤ ਲਾ ਕੇ ਗੋਲੀਬਾਰੀ ਕੀਤੀ। ਇਹ ਗੋਲੀਬਾਰੀ ਸ਼ਹਿਰ ਦੇ ਹੋਟਲਾਂ ਤੇ ਰੈਸਤਰਾਂ ਨਾਲ ਭਰੇ ਵਪਾਰਕ ਇਲਾਕੇ ਵਿੱਚ ਹੋਈ। ਇਸ ਇਲਾਕੇ ਵਿੱਚ ਇਕ ਪਾਰਕਿੰਗ ਗੈਰੇਜ ਵਿੱਚ ਇਕ ਸ਼ੱਕੀ ਨੇ ਕਈ ਘੰਟਿਆਂ ਤੱਕ ਪੁਲਿਸ ਦਾ ਮੁਕਾਬਲਾ ਕੀਤਾ। ਉਹ ਬਾਅਦ ਵਿੱਚ ਮੁਕਾਬਲੇ ਵਿੱਚ ਮਾਰਿਆ ਗਿਆ ਪਰ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਕਿਵੇਂ ਮਾਰਿਆ ਗਿਆ।
ਪੁਲਿਸ ਮੁਖੀ ਅਨੁਸਾਰ ਸ਼ੱਕੀਆਂ ਨੇ ਇਸ ਵਪਾਰਕ ਇਲਾਕੇ ਵਿੱਚ ਬੰਬ ਧਮਾਕਾ ਕਰਨ ਦੀ ਚੇਤਾਵਨੀ ਦਿੱਤੀ।
ਪ੍ਰੈੱਸ ਕਾਨਫਰੰਸ ਦੌਰਾਨ ਬਰਾਊਨ ਨੇ ਕਿਹਾ ਕਿ ਇਕ ਸ਼ੱਕੀ ਨੇ ਵਾਰਤਾਕਾਰਾਂ ਨੂੰ ਚਿਤਾਵਨੀ ਦਿੱਤੀ ਕਿ ”ਹੁਣ ਖ਼ਾਤਮਾ ਨੇੜੇ ਹੈ ਅਤੇ ਉਹ ਵੱਧ ਤੋਂ ਵੱਧ ਪੁਲਿਸ ਵਾਲਿਆਂ ਨੂੰ ਮਾਰ ਦੇਵੇਗਾ ਕਿਉਂਕਿ ਗੈਰੇਜ ਤੇ ਇਸ ਇਲਾਕੇ ਵਿੱਚ ਸਾਰੇ ਥਾਈਂ ਬੰਬ ਲਾਏ ਗਏ ਹਨ।” ਉਨ੍ਹਾਂ ਕਿਹਾ ਕਿ ਉਥੇ ਸ਼ਾਇਦ ਹੋਰ ਵੀ ਸ਼ੱਕੀ ਹਨ। ਪੁਲਿਸ ਅਜੇ ਵੀ ਸ਼ੱਕੀਆਂ ਉਤੇ ਪੂਰੀ ਤਰ੍ਹਾਂ ਹਾਵੀ ਹੋਣ ਦੀ ਸਥਿਤੀ ਵਿੱਚ ਨਹੀਂ ਹੈ।
ਬਰਾਊਨ ਨੇ ਕਿਹਾ ਕਿ ਜਾਂਚਕਾਰ ਇਸ ਪੂਰਵ ਧਾਰਨਾ ਦੇ ਆਧਾਰ ਉਤੇ ਕੰਮ ਕਰ ਰਹੇ ਹਨ ਕਿ ਸਾਰੇ ਸ਼ੱਕੀ ਮਿਲ-ਜੁਲ ਕੇ ਕਾਰਵਾਈ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਸ਼ੁਰੂ ਵਿੱਚ ਕਿਹਾ ਕਿ ਪੁਲਿਸ ਨੇ ਗੋਲੀਬਾਰੀ ਮਗਰੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਇਕ ਲਿਫਾਫਾ ਮਿਲਿਆ, ਜਿਸ ਨੂੰ ਬੰਬ ਸਕੁਐਡ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਨਾਟੋ ਸੰਮੇਲਨ ਲਈ ਵਾਰਸਾ ਗਏ ਰਾਸ਼ਟਰਪਤੀ ਓਬਾਮਾ ਨੇ ਡਲਾਸ ਵਿੱਚ ਹੋਏ ਘਿਨਾਉਣੇ ਹਮਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਉਤੇ ਹਮਲਾ ਬਿਲਕੁਲ ਸੋਚਿਆ-ਸਮਝਿਆ ਸੀ ਅਤੇ ਕਈ ਸ਼ੱਕੀਆਂ ਨੇ ਪੁਲਿਸ ਅਫ਼ਸਰਾਂ ਨੂੰ ਨਿਸ਼ਾਨਾ ਬਣਾਇਆ।
ਕਾਲੇ ਵਿਅਕਤੀਆਂ ‘ਤੇ ਗੋਲੀਬਾਰੀ ਨਸਲੀ ਭੇਦਭਾਵ ਦੀ ਸੂਚਕ : ਓਬਾਮਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਕਿਸੇ ਕਾਲੇ ਵਿਅਕਤੀ ‘ਤੇ ਗੋਲੀਬਾਰੀ ਵੱਡੇ ਪੱਧਰ ‘ਤੇ ਨਸਲੀ ਭੇਦਭਾਵ ਦਾ ਸੂਚਕ ਹੈ ਅਤੇ ਸਾਰੇ ਅਮਰੀਕੀਆਂ ਨੂੰ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਤਕਲੀਫ਼ ਹੋਣੀ ਚਾਹੀਦੀ ਹੈ। ਪੋਲੈਂਡ ਦੇ ਵਾਰਸਾ ਵਿਚ ਨਾਟੋ ਸੰਮੇਲਨ ‘ਚ ਸ਼ਾਮਿਲ ਹੋਣ ਆਏ ਓਬਾਮਾ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ‘ਬੀਤੇ ਸਾਲ ਗੋਰੇ ਲੋਕਾਂ ਦੇ ਮੁਕਾਬਲੇ ‘ਚ ਪੁਲਿਸ ਨੇ ਦੋ ਗੁਣਾ ਜ਼ਿਆਦਾ ਅਫ਼ਰੀਕੀ ਅਮਰੀਕੀ ਲੋਕਾਂ ਨੂੰ ਗੋਲੀਆਂ ਮਾਰੀਆਂ ਸਨ। ਇਕੋ ਅਪਰਾਧ ਦੇ ਦੋਸ਼ੀ ਕਾਲੇ ਲੋਕਾਂ ਨੂੰ ਗੋਰੇ ਲੋਕਾਂ ਦੇ ਮੁਕਾਬਲੇ ਵਿਚ 10 ਫ਼ੀਸਦੀ ਲੰਬੀ ਸਜ਼ਾ ਮਿਲਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ‘ਜੇਕਰ ਇਨ੍ਹਾਂ ਅੰਕੜਿਆਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਅਫ਼ਰੀਕੀ-ਅਮਰੀਕੀ ਅਤੇ ਹਿਸਪਾਨਵੀ ਲੋਕਾਂ ਦੀ ਆਬਾਦੀ ਜੋ ਕੁੱਲ ਆਬਾਦੀ ਵਿਚ ਸਿਰਫ਼ 30 ਫ਼ੀਸਦੀ ਹੈ, ਜੇਲ੍ਹ ਦੇ ਪਿੱਛੇ ਬੰਦ ਲੋਕਾਂ ਵਿਚ ਉਨ੍ਹਾਂ ਦੀ ਗਿਣਤੀ ਅੱਧੇ ਤੋਂ ਵੀ ਜ਼ਿਆਦਾ ਹੈ, ਜੋ ਤੱਥ ਹੈ’। ਓਬਾਮਾ ਨੇ ਕਿਹਾ ਕਿ ‘ਜਦ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਤਾਂ ਵੱਡੀ ਗਿਣਤੀ ‘ਚ ਸਾਡੇ ਸਾਥੀ ਨਾਗਰਿਕਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਚਮੜੀ ਦੇ ਰੰਗ ਕਾਰਨ ਉਨ੍ਹਾਂ ਦੇ ਨਾਲ ਬਰਾਬਰ ਦਾ ਵਿਵਹਾਰ ਨਹੀਂ ਹੋ ਰਿਹਾ ਜੋ ਕਿ ਤਕਲੀਫ਼ ਦੇਣ ਵਾਲਾ ਹੈ’।

Check Also

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਵਿਚ ਨਵਾਜ਼ ਸ਼ਰੀਫ ਵੀ ਰਹੇ ਹਾਜ਼ਰ ਇਸਲਾਮਾਬਾਦ/ਬਿਊਰੋ ਨਿਊਜ਼ ਸ਼ਾਹਬਾਜ਼ ਸ਼ਰੀਫ਼ ਨੇ 2022 …