Breaking News
Home / ਦੁਨੀਆ / ਭੌਤਿਕ ਵਿਗਿਆਨ ਲਈ ਜਾਪਾਨ, ਜਰਮਨੀ ਅਤੇ ਇਟਲੀ ਦੇ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਭੌਤਿਕ ਵਿਗਿਆਨ ਲਈ ਜਾਪਾਨ, ਜਰਮਨੀ ਅਤੇ ਇਟਲੀ ਦੇ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਸਟਾਕਹੋਮ (ਸਵੀਡਨ)/ਬਿਊਰੋ ਨਿਊਜ਼ : ਇਸ ਸਾਲ ਦੇ ਭੌਤਿਕ ਵਿਗਿਆਨ ਦੇ ਨੋਬੇਲ ਪੁਰਸਕਾਰ ਲਈ ਜਾਪਾਨ, ਜਰਮਨੀ ਤੇ ਇਟਲੀ ਦੇ ਤਿੰਨ ਵਿਗਿਆਨੀਆਂ ਨੂੰ ਚੁਣਿਆ ਗਿਆ ਹੈ। ਸਿਉਕੂਰੋ ਮਨਾਬੇ (90) ਤੇ ਕਲਾਸ ਹੈਸਲਮੈਨ (89) ਨੂੰ ‘ਧਰਤੀ ਦੇ ਪੌਣਪਾਣੀ ਦੀ ਭੌਤਿਕ ‘ਮਾਡਲਿੰਗ’, ਆਲਮੀ ਤਪਸ਼ ਦੀ ਪੇਸ਼ੀਨਗੋਈ ਦੀ ਪਰਿਵਰਤਨਸ਼ੀਲਤਾ ਤੇ ਪ੍ਰਮਾਣਿਕਤਾ ਮਾਪਣ’ ਖੇਤਰ ਵਿੱਚ ਕੀਤੇ ਕਾਰਜਾਂ ਲਈ ਚੁਣਿਆ ਗਿਆ ਹੈ। ਪੁਰਸਕਾਰ ਦੇ ਦੂਜੇ ਹਿੱਸੇ ਲਈ ਜਾਰਜੀਓ ਪਾਰਿਸੀ (73) ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੂੰ ‘ਪਰਮਾਣੂ ਤੋਂ ਲੈ ਕੇ ਗ੍ਰਹਿਆਂ ਦੇ ਪੈਮਾਨਿਆਂ ਤੱਕ ਭੌਤਿਕ ਪ੍ਰਣਾਲੀਆਂ ਵਿੱਚ ਵਿਕਾਰ ਤੇ ਉਤਾਰ ਚੜ੍ਹਾਅ ਦੀ ਪ੍ਰਸਪਰ ਕਿਰਿਆ ਦੀ ਖੋਜ’ ਲਈ ਚੁਣਿਆ ਗਿਆ ਹੈ। ਚੋਣ ਮੰਡਲ ਨੇ ਕਿਹਾ ਕਿ ਮਨਾਬੇ ਤੇ ਹੈਸਲਮੈਨ ਨੇ ‘ਧਰਤੀ ਦੇ ਪੌਣਪਾਣੀ ਅਤੇ ਮਨੁੱਖ ਦੇ ਇਸ ‘ਤੇ ਅਸਰ ਬਾਰੇ ਸਾਡੇ ਗਿਆਨ ਦੀ ਬੁਨਿਆਦ ਰੱਖੀ।’ ਮਨਾਬੇ ਨੇ 1960 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਦਰਸਾਇਆ ਸੀ ਕਿ ਵਾਤਾਵਰਨ ਵਿੱਚ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧਣ ਨਾਲ ਆਲਮੀ ਤਾਪਮਾਨ ਕਿਵੇਂ ਵਧੇਗਾ ਤੇ ਇਸ ਤਰ੍ਹਾਂ ਉਨ੍ਹਾਂ ਨੇ ਮੌਜੂਦਾ ਪੌਣਪਾਣੀ ਮਾਡਲ ਦੀ ਬੁਨਿਆਦ ਰੱਖੀ ਸੀ। ਇਸ ਤੋਂ ਕਰੀਬ ਇਕ ਦਹਾਕੇ ਮਗਰੋਂ ਹੈਸਲਮੈਨ ਨੇ ਇਕ ਮਾਡਲ ਬਣਾਇਆ, ਜਿਸ ਵਿੱਚ ਮੌਸਮ ਤੇ ਪੌਣਪਾਣੀ ਨੂੰ ਜੋੜਿਆ ਗਿਆ। ਇਸ ਨਾਲ ਇਹ ਸਮਝਣ ਵਿੱਚ ਮਦਦ ਮਿਲੀ ਕਿ ਮੌਸਮ ਦੇ ਤੇਜ਼ੀ ਨਾਲ ਬਦਲਾਅ ਵਾਲੇ ਸੁਭਾਅ ਦੇ ਬਾਵਜੂਦ ਪੌਣਪਾਣੀ ਸਬੰਧੀ ਮਾਡਲ ਕਿਸ ਤਰ੍ਹਾਂ ਪ੍ਰਮਾਣਿਕ ਹੋ ਸਕਦਾ ਹੈ। ਉਨ੍ਹਾਂ ਪੌਣਪਾਣੀ ‘ਤੇ ਮਨੁੱਖ ਦੇ ਅਸਰ ਦੇ ਵਿਸ਼ੇਸ਼ ਸੰਕੇਤਾਂ ਦਾ ਪਤਾ ਕਰਨ ਦੇ ਤਰੀਕੇ ਦੀ ਖੋਜ ਵੀ ਕੀਤੀ। ਪਾਰਿਸੀ ਨੇ ਇਕ ਭੌਤਿਕੀ ਤੇ ਗਣਿਤ ਆਧਾਰਿਤ ਮਾਡਲ ਤਿਆਰ ਕੀਤਾ ਜਿਸ ਨਾਲ ਗੁੰਝਲਦਾਰ ਪ੍ਰਣਾਲੀਆਂ ਨੂੰ ਸਮਝਣ ਵਿੱਚ ਮਦਦ ਮਿਲੀ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …