ਸਰੀ/ਬਿਊਰੋ ਨਿਊਜ਼ : ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੈਨਕੋਵਰ ਵੱਲੋਂ ਗ਼ਦਰੀ ਬਾਬਾ ਭਗਵਾਨ ਸਿੰਘ ਦੁਸਾਂਝ ਜੈਤੋ ਦਾ ਮੋਰਚਾ (ਜੀਵਨ ਤੇ ਸੰਘਰਸ਼) ਬਾਰੇ ਦੂਸਰੇ ਐਡੀਸ਼ਨ ਦਾ ਲੋਕ ਅਰਪਣ 11 ਸਤੰਬਰ ਨੂੰ ਗ੍ਰੈਂਡ ਤਾਜ ਬੈਂਕੁਇਟ ਹਾਲ ਸਰ੍ਹੀ ਵਿਖੇ ਭਰਵੇਂ ਇਕੱਠ ਵਿੱਚ ਡਾਕਟਰ ਸਾਧੂ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਅਤੇ ਪ੍ਰਧਾਨਗੀ ਮੰਡਲ ਵਿਚ ਬਾਬਾ ਜੀ ਦੀ ਪੋਤੀ ਕਰਮਜੀਤ ਕੌਰ ਹੁੰਦਲ ਨੂੰ ਬਿਠਾਇਆ ਗਿਆ।
ਇਸ ਕਿਤਾਬ ਦੇ ਦੂਸਰੇ ਐਡੀਸ਼ਨ ਵਿੱਚ ਕੈਨੈਡਾ ਦੇ ਸਭਤੋਂ ਪਹਿਲਾਂ ਉਸਾਰੇ ਗਏ ਗੁਰਦਵਾਰਾ ‘First Sikh Temple’ 1866-W 2nd Ave ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ ਅਤੇ ਇਹ ਕਿਤਾਬ ਚਿਰੰਜੀ ਲਾਲ ਕੰਗਣੀਵਾਲ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਪ੍ਰਕਾਸ਼ਨ ਕਮੇਟੀ ਦੀ ਪ੍ਰਵਾਨਗੀ ਨਾਲ ਛਾਪੀ ਗਈ ਹੈ।ਕਿਤਾਬ ਬਾਰੇ ਚਰਚਾ ਸ਼ੁਰੂ ਕਰਦਿਆਂ ਸੇਵਾ ਸਿੰਘ ਬਿਨਿੰਗ ਨੇ ਇਸ ਵਿਰਾਸਤੀ ਗੁਰਦਵਾਰਾ ਸਾਹਿਬ ਨੂੰ ਵੇਚਣ ਲਈ ਉਸ ਸਮੇਂ ਦੀ ਖਾਲਸਾ ਦੀਵਾਨ ਸੁਸਾਇਟੀ ਦੀ ਕਮੇਟੀ (1969-70-71-72) ਨੂੰ ਜ਼ਿਮੇਵਾਰ ਦੱਸਦਿਆਂ ਉਨ੍ਹਾਂ ਵੱਲੋਂ ਕੀਤੇ ਗਏ ਕੋਝੇ ਯਤਨਾਂ ਦੀ ਪੂਰੀ ਜਾਣਕਾਰੀ ਤੱਥਾਂ ਸਹਿਤ ਬਿਆਨ ਕੀਤੀ ਜੋ ਇਸ ਕਿਤਾਬ ਵਿੱਚ ਦਰਜ ਕੀਤੀ ਗਈ ਹੈ। ਇੱਕ ਬੱਚੀ ਅੰਮ੍ਰਿਤਾ ਵੱਲੋਂ ਇਹ ਜਾਣਕਾਰੀ ਅੰਗਰੇਜ਼ੀ ਵਿਚ ਪੜ੍ਹਕੇ ਸੁਣਾਈ। ਉਪਰੰਤ ਕ੍ਰਮਵਾਰ ਗਰੇ ਹਾਉਂਡ ਕੱਲਬ ਵੱਲੋਂ ਬਰੂਸ, ਉਘੇ ਸਾਹਿਤਕਾਰ ਸੋਹਣ ਪੂਨੀ, ਡਾਕਟਰ ਪੂਰਨ ਸਿੰਘ ਗਿੱਲ, ਗੁਰਦਵਾਰਾ ਦਸ਼ਮੇਸ਼ ਦਰਬਾਰ ਦੇ ਗਿਆਨ ਸਿੰਘ ਗਿੱਲ, ਕਿਰਪਾਲ ਬੈਂਸ, ਜਸਵਿੰਦਰ ਹੇਅਰ, ਜੁਗਿੰਦਰ ਸਿੰਘ ਸੁੰਨਰ ਅਤੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਦੇ ਸਾਹਿਬ ਥਿੰਦ ਅਤੇ ਪੰਜਾਬ ਤੋਂ ਆਏ ਲੇਖਕ ਅਜਮੇਰ ਸਿੱਧੂ ਤੋਂ ਇਲਾਵਾ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਦੇ ਕੋਆਰਡੀਨੇਟਰ ਹਰਭਜਨ ਚੀਮਾ ਨੇ ਬਾਬਾ ਜੀ ਦੇ ਜੀਵਨ ਤੇ ਸੰਘਰਸ਼ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ। ਸਾਰਿਆਂ ਹੀ ਬੁਲਾਰਿਆਂ ਨੇ ਇਸ ਗੁਰਦਵਾਰਾ ਸਾਹਿਬ ਨੂੰ ਵੇਚਣ ਦੀ ਸਾਜਿਸ਼ ਦੀ ਨਿੰਦਿਆ ਕੀਤੀ ਅਤੇ ਅਖੀਰ ਵਿੱਚ ਸ਼ਤਾਬਦੀ ਕਮੇਟੀ ਦੇ ਮੀਡੀਆ ਕੋਆਰਡੀਨੇਟਰ ਅਵਤਾਰ ਬਾਈ ਨੇ ਇੱਕ ਮਤਾ ਪੇਸ਼ ਕੀਤਾ ਜਿਸ ਵਿਚ ਭਾਰਤੀ ਭਾਈਚਾਰੇ ਦੀ ਇਸ ਵੱਡਮੁੱਲੀ ਵਿਰਾਸਤ (ਗ਼ਦਰ ਪਾਰਟੀ ਦੀ ਵਿਚਾਰਧਾਰਾ ਅਤੇ ਵਿਰਸੇ) ਨੂੰ ਮਿਟਾਉਣ ਦੀ ਸਾਜਿਸ਼ ਦੀ ਨਿਖੇਧੀ ਕੀਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਭਵਿੱਖ ਵਿਚ ਅਜਿਹੀਆਂ ਕੁਤਾਹੀਆਂ ਤੇ ਰੋਕ ਲਾਉਣ ਹਿਤ ਇਸ ਸਭ ਕੁੱਝ ਲਈ ਜ਼ਿੰਮੇਵਾਰ ਉਸ ਸਮੇਂ ਦੀ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਭਾਈਚਾਰੇ ਤੋਂ ਮੁਆਫੀ ਮੰਗੀ ਜਾਵੇ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਟੇਜ ਦੀ ਕਾਰਵਾਈ ਪਰਮਿੰਦਰ ਸਵੈਚ ਨੇ ਬਾਖ਼ੂਬੀ ਨਿਭਾਈ ਅਤੇ ਅਖੀਰ ਵਿੱਚ ਡਾਕਟਰ ਸਾਧੂ ਸਿੰਘ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਭਦਾ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …