ਅਗਸਤ ਮਹੀਨੇ ਕੈਨੇਡਾ ‘ਚ ਪਨਾਹ ਲੈਣ ਵਾਲਿਆਂ ਦੀਆਂ ਅਰਜ਼ੀਆਂ ਦੀ ਗਿਣਤੀ 27 ਹਜ਼ਾਰ ਨੂੰ ਟੱਪੀ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਧਰਤੀ ‘ਤੇ ਵਸਣ ਦੀ ਇੱਛਾ ਪਾਲ਼ੀ ਬੈਠੇ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੈਨੇਡਾ ਵਿੱਚ ਪਨਾਹ ਲੈਣ ਦੇ ਚਾਹਵਾਨਾਂ ਦੀ ਗਿਣਤੀ 2009 ਦੇ ਮੁਕਾਬਲੇ ਹੁਣ ਕਿਤੇ ਜ਼ਿਆਦਾ ਹੈ। ਹੋਰਨਾਂ ਦੇਸ਼ਾਂ ਤੋਂ ਕੈਨੇਡਾ ਪਨਾਹ ਲੈਣ ਲਈ ਆਉਣ ਵਾਲਿਆਂ ਦੇ ਨਾਲ-ਨਾਲ ਅਮਰੀਕਾ ਤੋਂ ਕੈਨੇਡਾ ਆ ਵੱਸਣ ਦੇ ਚਾਹਵਾਨਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।
ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਤੋਂ ਇਹ ਸਾਹਮਣੇ ਆਇਆ ਹੈ ਕਿ ਅਗਸਤ ਦੇ ਮਹੀਨੇ ਕੈਨੇਡਾ ਵਿੱਚ ਪਨਾਹ ਹਾਸਲ ਕਰਨ ਲਈ 27,440 ਅਰਜ਼ੀਆਂ ਆਈਆਂ। 2008 ਤੇ 2009 ਵਿੱਚ ਕ੍ਰਮਵਾਰ 36000 ਤੇ 33,000 ਅਰਜ਼ੀਆਂ ਇਸ ਮਕਸਦ ਲਈ ਮਿਲਣ ਤੋਂ ਬਾਅਦ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇਨ੍ਹਾਂ ਅੰਕੜਿਆਂ ਵਿੱਚ ਅਜੇ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਨਿਊਯਾਰਕ ਸਿਟੀ ਵਿੱਚ ਇਮੀਗ੍ਰੇਸ਼ਨ ਆਰਗੇਨਾਈਜ਼ੇਸ਼ਨਜ਼ ਨਾਲ ਗੱਲਬਾਤ ਦੌਰਾਨ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਆਖਿਆ ਕਿ ਮੌਜੂਦਾ ਰੁਝਾਨ ਅਨੁਸਾਰ ਇਸ ਸਾਲ ਦੇ ਅੰਤ ਤੱਕ ਇਸ ਸਬੰਧ ਵਿੱਚ ਉਨ੍ਹਾਂ ਨੂੰ 40,000 ਅਰਜ਼ੀਆਂ ਮਿਲ ਸਕਦੀਆਂ ਹਨ। ਇਸ ਮੌਕੇ ਕੰਸਰਵੇਟਿਵ ਇਮੀਗ੍ਰੇਸ਼ਨ ਕ੍ਰਿਟਿਕ ਮਿਸੇਲ ਰੈਂਪਲ ਵੀ ਕਮਰੇ ਵਿੱਚ ਮੌਜੂਦ ਸੀ। ਰੈਂਪਲ ਨੇ ਆਖਿਆ ਕਿ ਗਲੋਬਲ ਪੱਧਰ ਉੱਤੇ ਜਬਰਨ ਮਾਈਗ੍ਰੇਸ਼ਨ ਤੇ ਵਿਸਥਾਪਨ ਕਾਰਨ ਅਜਿਹੇ ਹਾਲਾਤ ਪੈਦਾ ਹੋਏ ਹਨ। ਇਹ ਹੁਣ ਜਨਤਕ ਨੀਤੀ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕੋਈ ਵੀ ਇਹ ਨਹੀਂ ਆਖ ਰਿਹਾ ਕਿ ਇਹ ਸਭ ਬੰਦ ਹੋ ਜਾਵੇਗਾ।
ਇਮੀਗ੍ਰੇਸ਼ਨ ਵਿਭਾਗ ਅਨੁਸਾਰ ਇਸ ਸਮੇਂ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਇਨ੍ਹਾਂ ਦਾਅਵਿਆਂ ਨੂੰ ਪ੍ਰੋਸੈੱਸ ਕਰਨ ਤੇ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ 353.9 ਮਿਲੀਅਨ ਤੋਂ 548.8 ਮਿਲੀਅਨ ਡਾਲਰ ਤੱਕ ਦਾ ਖਰਚਾ ਬਰਦਾਸ਼ਤ ਕਰਨਾ ਪੈ ਰਿਹਾ ਹੈ। ਹਰੇਕ ਦਾਅਵੇ ਦੀ ਕੀਮਤ 12,900 ਡਾਲਰ ਤੋਂ 20,000 ਡਾਲਰ ਦਰਮਿਆਨ ਹੈ। ਇਸ ਰਕਮ ਵਿੱਚ ਉਹ ਅੰਕੜੇ ਨਹੀਂ ਜੋੜੇ ਗਏ ਹਨ ਜਿਹੜੇ ਕਲੇਮੈਂਟਸ ਵਿੱਚੋਂ ਕਿਸੇ ਦੇ ਅਸਫਲ ਹੋਣ ਉੱਤੇ ਉਸ ਨੂੰ ਡੀਪੋਰਟ ਕਰਨ ਉੱਤੇ ਖਰਚ ਹੁੰਦੇ ਹਨ। ਇਸ ਵਿੱਚ ਉਹ ਖਰਚਾ ਵੀ ਸ਼ਾਮਲ ਨਹੀਂ ਕੀਤਾ ਗਿਆ ਜਿਹੜਾ ਗਰਮੀਆਂ ਵਿੱਚ ਅਚਾਨਕ ਸਰਹੱਦ ਰਾਹੀਂ ਧੜਾਧੜ ਕੈਨੇਡਾ ਦਾਖਲ ਹੋਣ ਵਾਲਿਆਂ ਉੱਤੇ ਆਇਆ। ਇਸ ਸਾਲ ਜੁਲਾਈ ਤੇ ਅਗਸਤ ਮਹੀਨਿਆਂ ਵਿੱਚ ਨਿਊਯਾਰਕ ਤੋਂ ਕਿਊਬਿਕ ਰਾਹੀਂ ਰੋਜ਼ਾਨਾ 200 ਲੋਕ ਕੈਨੇਡਾ ਦਾਖਲ ਹੋਏ। ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਵਿੱਚ ਵਾਧ ਘਾਟ ਹੁੰਦੀ ਰਹੀ। ਆਰਸੀਐਮਪੀ ਵੱਲੋਂ ਲਗਾਏ ਗਏ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਜੁਲਾਈ ਵਿੱਚ ਕਿਊਬਿਕ ਰਾਹੀਂ ਕੈਨੇਡਾ ਵਿੱਚ 2,996 ਲੋਕ ਗੈਰਕਾਨੂੰਨੀ ਤੌਰ ਉੱਤੇ ਦਾਖਲ ਹੋਏ ਜਦਕਿ ਅਗਸਤ ਵਿੱਚ ਇਹ ਗਿਣਤੀ 5,530 ਰਹੀ। ਬ੍ਰਿਟਿਸ਼ ਕੋਲੰਬੀਆ ਰਾਹੀਂ ਵੀ ਕੁੱਝ ਲੋਕਾਂ ਨੇ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। 102 ਲੋਕਾਂ ਨੂੰ ਉੱਥੇ ਰੋਕਿਆ ਵੀ ਗਿਆ ਜਦਕਿ ਉਸ ਤੋਂ ਪਹਿਲਾਂ 51 ਲੋਕਾਂ ਨੂੰ ਕੈਨੇਡਾ ਦਾਖਲ ਹੋਣ ਤੋਂ ਰੋਕਿਆ ਗਿਆ ਸੀ।
ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਦੀ ਟੀਮ ਨੂੰ ਵਾਰੀ-ਵਾਰੀ ਇੱਕੋ ਤਰ੍ਹਾਂ ਦੇ ਦੇਸ਼ਾਂ ਤੋਂ ਕੈਨੇਡਾ ਵਿੱਚ ਪਨਾਹ ਹਾਸਲ ਕਰਨ ਵਾਲਿਆਂ ਦੇ ਕਲੇਮ ਮਿਲਦੇ ਰਹਿੰਦੇ ਹਨ। ਬਹੁਤੇ ਹਾਇਤੀ ਤੇ ਸੋਮਾਲੀਆ ਦੇ ਲੋਕਾਂ ਨੇ ਇਸ ਸਾਲ ਕੈਨੇਡਾ ਪਨਾਹ ਹਾਸਲ ਕਰਨ ਲਈ ਅਰਜ਼ੀ ਲਾਈ। ਬੋਰਡ ਕਈ ਮਹੀਨਿਆਂ ਤੋਂ ਇਹ ਚੇਤਾਵਨੀ ਦਿੰਦਾ ਆ ਰਿਹਾ ਹੈ ਕਿ ਐਨੇ ਸਾਰੇ ਲੋਕਾਂ ਨੂੰ ਸਾਂਭਣ ਲਈ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਨਾ ਹੀ ਉਨ੍ਹਾਂ ਕੋਲ ਇਸ ਲਈ ਪੂਰਾ ਬਜਟ ਹੈ ਤੇ ਨਾ ਹੀ ਅਮਲਾ। ਐਨਡੀਪੀ ਦੀ ਇਮੀਗ੍ਰੇਸ਼ਨ ਕ੍ਰਿਟਿਕ ਜੈਨੀ ਕਵਾਨ ਅਨੁਸਾਰ ਲਿਬਰਲ ਸਰਕਾਰ ਨੇ ਇਸ ਮਾਮਲੇ ਵਿੱਚ ਕੁੱਝ ਨਹੀਂ ਕੀਤਾ ਤੇ ਨਾ ਹੀ ਹੁਣ ਕੁੱਝ ਕਰ ਰਹੀ ਹੈ। ਇਹ ਇੱਕ ਗੰਭੀਰ ਮੁੱਦਾ ਹੈ। ਲਿਬਰਲ ਸਰਕਾਰ ਨੇ ਸਾਡੇ ਇਮੀਗ੍ਰੇਸ਼ਨ ਸਿਸਟਮ ਨੂੰ ਖਤਰੇ ਵਿੱਚ ਪਾ ਦਿੱਤਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …