Breaking News
Home / ਪੰਜਾਬ / ਪੰਜਾਬ ’ਚ ਕਾਂਗਰਸ ਵਲੋਂ ਦੋ ਡਿਪਟੀ ਸੀਐਮ ਬਣਾਉਣ ਦੀ ਚਰਚਾ!

ਪੰਜਾਬ ’ਚ ਕਾਂਗਰਸ ਵਲੋਂ ਦੋ ਡਿਪਟੀ ਸੀਐਮ ਬਣਾਉਣ ਦੀ ਚਰਚਾ!

2022 ਦੀਆਂ ਚੋਣਾਂ ਦੌਰਾਨ ਪੰਜਾਬ ਵਿਚ ਦਲਿਤ ਚਿਹਰੇ ਨੂੰ ਮਿਲ ਸਕਦੀ ਹੈ ਵੱਡੀ ਪਦਵੀ : ਰਾਜ ਕੁਮਾਰ ਵੇਰਕਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ’ਚ ਚੱਲ ਰਹੀ ਸਿਆਸੀ ਖਿੱਚੋਤਾਣ ਹੁਣ ਦਿੱਲੀ ਹਾਈਕਮਾਨ ਕੋਲ ਪਹੁੰਚ ਚੁੱਕੀ ਹੈ। ਇਸ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚਲ ਰਿਹਾ ਵਿਵਾਦ ਸੁਲਝਾਉਣ ਦੇ ਯਤਨ ਤੇਜ਼ ਹੋ ਗਏ ਹਨ। ਇਸ ਤਹਿਤ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਦਿੱਲੀ ਵਿਚ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਦੌਰਾਨ ਇਹ ਚਰਚਾ ਵੀ ਹੋਈ ਕਿ ਪੰਜਾਬ ਵਿਚ ਦੋ ਉਪ ਮੁੱਖ ਮੰਤਰੀ ਲਾਏ ਜਾ ਸਕਦੇ ਹਨ। ਪਰ ਇਸ ਸਬੰਧੀ ਅੰਤਿਮ ਫੈਸਲਾ ਸਾਰੇ ਵਿਧਾਇਕਾਂ ਦੀ ਫੀਡਬੈਕ ਲੈਣ ਤੋਂ ਬਾਅਦ ਹੀ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਸਨਮਾਨਯੋਗ ਵਾਪਸੀ ਚਾਹੁੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਮਿਲ ਸਕਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਨੂੰ ਬਦਲਣ ਦੀ ਅਜੇ ਕੋਈ ਗੱਲ ਨਹੀਂ ਹੋਈ। ਇਸ ਤੋਂ ਪਹਿਲਾਂ ਕਾਂਗਰਸ ਨੇ ਕੈਪਟਨ-ਸਿੱਧੂ ਵਿਵਾਦ ਨੂੰ ਖਤਮ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਇਸ ਕਮੇਟੀ ਵਿਚ ਸੋਨੀਆ ਗਾਂਧੀ ਦੇ ਵਿਸ਼ਵਾਸ ਪਾਤਰ ਮਲਿਕਾ ਅਰਜੁਨ ਖੜਗੇ, ਹਰੀਸ਼ ਰਾਵਤ ਤੇ ਜੇ ਪੀ ਅਗਰਵਾਲ ਸ਼ਾਮਲ ਹਨ, ਜਿਨ੍ਹਾਂ ਵਲੋਂ ਵਿਧਾਇਕਾਂ ਕੋਲੋਂ ਤਿੰਨ ਦਿਨਾਂ ਤੱਕ ਫੀਡਬੈਕ ਲਈ ਜਾਵੇਗੀ। ਇਸੇ ਦੌਰਾਨ ਰਾਜ ਕੁਮਾਰ ਵੇਰਕਾ ਦਾ ਕਹਿਣਾ ਸੀ ਕਿ 2022 ਦੀਆਂ ਚੋਣਾਂ ਦੌਰਾਨ ਪੰਜਾਬ ਵਿਚ ਦਲਿਤ ਚਿਹਰੇ ਨੂੰ ਵੱਡੀ ਪਦਵੀ ਦਿੱਤੀ ਜਾ ਸਕਦੀ ਹੈ। ਧਿਆਨ ਰਹੇ ਕਿ ਪੰਜਾਬ ਦੇ ਵੱਡੀ ਗਿਣਤੀ ਵਿਧਾਇਕਾਂ ਅਤੇ ਕੁਝ ਮੰਤਰੀਆਂ ਨੇ ਕੈਪਟਨ ਅਮਰਿੰਦਰ ਖਿਲਾਫ ਝੰਡਾ ਚੁੱਕਿਆ ਹੋਇਆ ਹੈ।

Check Also

ਸਿੰਘੂ ਬਾਰਡਰ ਦੇ ਇਕ ਪਾਸੇ ਦਾ ਰਸਤਾ ਖੋਲ੍ਹਣ ਲਈ ਤਿਆਰ ਹੋਏ ਕਿਸਾਨ

ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੀ ਬੇਨਤੀ ਨੂੰ ਕਿਸਾਨ ਆਗੂਆਂ ਨੇ ਕੀਤਾ ਪ੍ਰਵਾਨ ਚੰਡੀਗੜ੍ਹ/ਬਿਊਰੋ ਨਿਊਜ਼ ਕਾਲੇ …