ਕਿਹਾ – ਕਿਤੇ ਨਹੀਂ ਦੇਖਿਆ ਅਜਿਹਾ ਕਠੋਰ ਦਿਲ ਪ੍ਰਧਾਨ ਮੰਤਰੀ
ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਵਿਚਕਾਰ ਜ਼ੁਬਾਨੀ ਜੰਗ ਦਾ ਦੌਰ ਚੱਲ ਰਿਹਾ ਹੈ। ਇਸ ਦੇ ਚੱਲਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਭਾਜਪਾ ‘ਤੇ ਜ਼ੋਰਦਾਰ ਸਿਆਸੀ ਹਮਲਾ ਬੋਲਦਿਆਂ, ਉਸ ਨੂੰ ਰਾਖਸ਼ਾਂ ਦੀ ਪਾਰਟੀ ਦੱਸਿਆ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਰਗਾ ਪੱਥਰ ਦਿਲ ਪ੍ਰਧਾਨ ਮੰਤਰੀ ਕਿਤੇ ਵੀ ਨਹੀਂ ਦੇਖਿਆ। ਉਨ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਬਾਹਰਲੇ ਲੋਕਾਂ ਦੀ ਪਾਰਟੀ ਦੱਸਦਿਆਂ ਆਰੋਪ ਲਗਾਇਆ ਕਿ ਕਾਂਗਰਸ ਅਤੇ ਖੱਬੇ ਪੱਖੀਆਂ ਦੀ ਭਾਜਪਾ ਨਾਲ ਗੰਢਤੁਪ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਅਸੈਂਬਲੀ ਚੋਣਾਂ ਤੋਂ ਪਹਿਲਾਂ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਦੇ ਝੂਠੇ ਵਾਅਦੇ ਕਰ ਰਹੀ ਹੈ ਕਿਉਂਕਿ ਭਗਵਾਂ ਪਾਰਟੀ ਇਸ ਵਾਅਦੇ ਨੂੰ ਕਦੇ ਵੀ ਪੂਰਾ ਨਹੀਂ ਕਰ ਸਕੇਗੀ। ਬੈਨਰਜੀ ਨੇ ਭਾਜਪਾ ਤੇ ਖੱਬੇਪੱਖੀਆਂ ਨੂੰ ਜੋਰਦਾਰ ਰਗੜੇ ਲਾਏ। ਬੰਕੁਰਾ ਜ਼ਿਲ੍ਹੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਭਾਜਪਾ ਨੂੰ ‘ਬਾਹਰਲਿਆਂ ਦੀ ਪਾਰਟੀ’ ਦੱਸਦਿਆਂ ਕਿਹਾ ਕਿ ਉਹ ਸੂਬੇ ਵਿੱਚ ‘ਦਹਿਸ਼ਤ ਦਾ ਮਾਹੌਲ ਸਿਰਜਣ ਲਈ ਗੁੰਡਿਆਂ ਨੂੰ ਲਿਆ’ ਰਹੀ ਹੈ। ਟੀਐੱਮਸੀ ਸੁਪਰੀਮੋ ਨੇ ਰੈਲੀ ਨੂੰ ਦੱਸਿਆ, ‘ਭਾਜਪਾ ਨੇ ਮੁਫ਼ਤ ਰਾਸ਼ਨ ਸਪਲਾਈ ਕਰਨ ਦਾ ਝੂਠਾ ਵਾਅਦਾ ਕੀਤਾ ਹੈ, ਜੋ ਇਹ ਕਦੇ ਵੀ ਪੂਰਾ ਨਹੀਂ ਕਰ ਸਕਦੀ। ਭਾਜਪਾ ਦੇ ਗੁੰਡੇ ਤੁਹਾਡੇ ਘਰਾਂ ਵਿੱਚ ਆ ਕੇ ਆਪਣੀ ਪਾਰਟੀ ਲਈ ਵੋਟਾਂ ਮੰਗਣਗੇ। ਜੇਕਰ ਅਜਿਹੇ ਲੋਕ ਤੁਹਾਨੂੰ ਧਮਕੀਆਂ ਦੇਣ ਤਾਂ ਉਨ੍ਹਾਂ ਨੂੰ ਭਜਾਉਣ ਲਈ ਆਪਣੇ ਘਰਾਂ ਦੇ ਭਾਂਡੇ ਟੀਂਡੇ ਤਿਆਰ ਰੱਖਿਓ।’ ਮਮਤਾ ਨੇ ਕਿਹਾ, ‘ਕੀ ਤੁਸੀਂ ਵੇਖਿਆ ਹੈ ਕਿ ਕਿਵੇਂ ਗੁਜਰਾਤ ਦੇ ਕ੍ਰਿਕਟ ਸਟੇਡੀਅਮ ਨੂੰ ਮੋਦਾ ਦਾ ਨਾਂ ਦਿੱਤਾ ਹੈ? ਇਕ ਦਿਨ, ਉਹ ਦੇਸ਼ ਦਾ ਨਾਂ ਵੀ ਬਦਲ ਦੇਣਗੇ। ਉਹ ਸਰਕਾਰੀ ਮਾਲਕੀ ਵਾਲੇ ਅਦਾਰੇ ਨਿੱਜੀ ਕੰਪਨੀਆਂ ਨੂੰ ਵੇਚ ਰਹੇ ਹਨ।’
Check Also
ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਮੈਡੀਸਿਨ 2024 ਦਾ ਨੋਬਲ ਪੁਰਸਕਾਰ
ਵਿਕਟਰ ਐਂਬਰੋਸ ਅਤੇ ਗੇਰੀ ਰੁਵਕੋਨ ਨੂੰ ਮਾਈਕਰੋ ਆਰਐਨਏ ਦੀ ਖੋਜ ਲਈ ਮਿਲਿਆ ਸਨਮਾਨ ਸਟਾਕਹੋਮ/ਬਿਊਰੋ ਨਿਊਜ਼ …