Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਸਰਕਾਰ 19 ਅਪ੍ਰੈਲ ਨੂੰ ਪੇਸ਼ ਕਰੇਗੀ ਬਜਟ : ਫਰੀਲੈਂਡ

ਫੈਡਰਲ ਸਰਕਾਰ 19 ਅਪ੍ਰੈਲ ਨੂੰ ਪੇਸ਼ ਕਰੇਗੀ ਬਜਟ : ਫਰੀਲੈਂਡ

ਓਟਵਾ/ਬਿਊਰੋ ਨਿਊਜ਼ : ਜਸਟਿਨ ਟਰੂਡੋ ਸਰਕਾਰ 2021 ਦਾ ਆਪਣਾ ਪਹਿਲਾ ਬਜਟ 19 ਅਪ੍ਰੈਲ ਨੂੰ ਪੇਸ਼ ਕਰਨ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ 19 ਅਪ੍ਰੈਲ ਨੂੰ ਬਜਟ ਪੇਸ਼ ਕਰਨ ਸਮੇਂ ਹਰ ਵਰਗ ਦਾ ਖਿਆਲ ਰੱਖਿਆ ਜਾਵੇਗਾ।
ਇਹ ਆਸ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਹੋਏ ਲੋੜੋਂ ਵੱਧ ਖਰਚਿਆਂ ਦਾ ਫੈਡਰਲ ਸਰਕਾਰ ਹਿਸਾਬ ਦੇਵੇ ਤੇ ਵਧੀ ਬੇਰੁਜ਼ਗਾਰੀ ਬਾਰੇ ਵੀ ਵਿਸਥਾਰ ਨਾਲ ਦੱਸੇ। ਪ੍ਰਸ਼ਨ ਕਾਲ ਦੌਰਾਨ ਫਰੀਲੈਂਡ ਨੇ ਆਖਿਆ ਕਿ ਮਹਾਂਮਾਰੀ ਵਿੱਚ ਦਾਖਲ ਹੁੰਦੇ ਸਮੇਂ ਕੈਨੇਡਾ ਦੀ ਸਥਿਤੀ ਕਾਫੀ ਮਜ਼ਬੂਤ ਸੀ, ਜਿਸ ਕਾਰਨ ਸਰਕਾਰ ਕੈਨੇਡੀਅਨਾਂ ਨੂੰ ਹਰ ਪੱਖੋਂ ਮਦਦ ਕਰ ਸਕੀ। ਕੈਨੇਡੀਅਨਾਂ ਤੇ ਕੈਨੇਡੀਅਨ ਕਾਰੋਬਾਰਾਂ ਦੀ ਮਦਦ ਲਈ ਸਾਡੇ ਕੋਲੋਂ ਜੋ ਬਣ ਸਕੇਗਾ ਅਸੀਂ ਕਰਾਂਗੇ। ਫਰੀਲੈਂਡ ਨੇ ਅੱਗੇ ਆਖਿਆ ਕਿ ਸਾਡੇ ਕੋਲ ਨੌਕਰੀਆਂ ਲਈ ਤੇ ਵਿਕਾਸ ਲਈ ਪੂਰੀ ਯੋਜਨਾ ਹੈ।
2021 ਦਾ ਇਹ ਪਹਿਲਾ ਬਜਟ ਹੋਵੇਗਾ ਜਿਹੜਾ ਫੈਡਰਲ ਸਰਕਾਰ ਦੋ ਸਾਲਾਂ ਵਿੱਚ ਪਹਿਲੀ ਵਾਰੀ ਪੇਸ਼ ਕਰੇਗੀ। ਮਾਰਚ 2020 ਵਾਲਾ ਬਜਟ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਖਤਰਨਾਕ ਰੂਪ ਧਾਰਨ ਕਰਨ ਕਾਰਨ ਪੇਸ਼ ਹੀ ਨਹੀਂ ਸੀ ਕੀਤਾ ਗਿਆ। ਪਿਛਲੇ ਬਜਟ, ਜਿਸ ਨੂੰ 19 ਮਾਰਚ 2019 ਵਿੱਚ ਪੇਸ਼ ਕੀਤਾ ਗਿਆ ਸੀ, ਵਿੱਚ 2020-21 ਵਿੱਤੀ ਵਰ੍ਹੇ ਵਿੱਚ ਫੈਡਰਲ ਘਾਟਾ 19.7 ਬਿਲੀਅਨ ਡਾਲਰ ਰਹਿਣ ਦੀ ਪੇਸ਼ੀਨਿਗੋਈ ਕੀਤੀ ਗਈ ਸੀ। ਪਰ 2020 ਦੇ ਅੰਤ ਵਿੱਚ ਪੇਸ਼ ਕੀਤੀ ਗਈ ਆਰਥਿਕ ਅਪਡੇਟ ਵਿੱਚ ਸਾਲ 2020-21 ਵਿੱਚ ਵਿੱਤੀ ਘਾਟਾ ਵੱਧ ਕੇ 381.6 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਅਜਿਹਾ ਮਹਾਂਮਾਰੀ ਦੌਰਾਨ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਸੈਂਕੜੇ ਬਿਲੀਅਨ ਡਾਲਰ ਦੇ ਖਰਚੇ ਕਾਰਨ ਹੋਇਆ। ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ 2020 ਵਿੱਚ ਦਿੱਤੇ ਗਏ ਅਸਤੀਫੇ ਤੋਂ ਬਾਅਦ ਫਰੀਲੈਂਡ ਦੀ ਦੇਖ ਰੇਖ ਵਿੱਚ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਸਰਕਾਰ ਆਰਥਿਕ ਸਥਿਰਤਾ ਲਿਆਉਣ ਲਈ ਆਪਣਾ ਪਲੈਨ ਸਾਂਝਾ ਕਰੇਗੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …