Breaking News
Home / ਜੀ.ਟੀ.ਏ. ਨਿਊਜ਼ / 35 ਫੀਸਦੀ ਕੈਨੇਡੀਅਨਜ਼ ਨੂੰ ਹੀ ਲੱਗੀ ਹੈ ਬੂਸਟਰ ਡੋਜ਼ : ਟਰੂਡੋ

35 ਫੀਸਦੀ ਕੈਨੇਡੀਅਨਜ਼ ਨੂੰ ਹੀ ਲੱਗੀ ਹੈ ਬੂਸਟਰ ਡੋਜ਼ : ਟਰੂਡੋ

ਸਾਰੇ ਕੈਨੇਡੀਅਨਜ਼ ਦੀ ਵੈਕਸੀਨੇਸ਼ਨ ਲਈ ਯਤਨ ਕੀਤੇ ਜਾਣਗੇ ਹੋਰ ਤੇਜ਼
ਓਟਵਾ/ਬਿਊਰੋ ਨਿਊਜ਼ : ਫੈਡਰਲ ਸਿਹਤ ਮੰਤਰੀ ਅਨੁਸਾਰ ਕੈਨੇਡਾ ਕੋਲ ਸਾਰੇ ਯੋਗ ਕੈਨੇਡੀਅਨਜ਼ ਨੂੰ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਦੇਣ ਲਈ ਕਾਫੀ ਸਪਲਾਈ ਹੈ ਪਰ ਫਿਰ ਵੀ ਅਜੇ ਤੱਕ ਸਿਰਫ 35 ਫੀਸਦੀ ਕੈਨੇਡੀਅਨਜ ਨੂੰ ਹੀ ਤੀਜੀ ਡੋਜ ਲੱਗੀ ਹੈ। ਬੁੱਧਵਾਰ ਨੂੰ ਜੀਨ ਯਵੇਸ ਡਕਲਸ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਵਿੱਚ ਫੈਡਰਲ ਸਰਕਾਰ ਦੀ ਕੋਵਿਡ-19 ਬਾਰੇ ਅਪਡੇਟ ਦਿੰਦਿਆਂ ਆਖਿਆ ਕਿ ਸਾਨੂੰ ਸਾਰੇ ਕੈਨੇਡੀਅਨਜ਼ ਦੀ ਵੈਕਸੀਨੇਸ਼ਨ ਲਈ ਯਤਨ ਹੋਰ ਤੇਜ਼ ਕਰਨੇ ਹੋਣਗੇ। ਜ਼ਿਕਰਯੋਗ ਹੈ ਕਿ ਹੈਲਥ ਕੈਨੇਡਾ ਵੱਲੋਂ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਐਮਆਰਐਨਏ ਵੈਕਸੀਨ ਦੀਆਂ ਬੂਸਟਰ ਡੋਜ਼ ਲਵਾਉਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਹ ਬੂਸਟਰ ਡੋਜ਼ ਮੁੱਢਲੇ ਵੈਕਸੀਨ ਕੋਰਸ ਤੋਂ ਛੇ ਮਹੀਨੇ ਬਾਅਦ ਦੇਣ ਦੀ ਸਲਾਹ ਵੀ ਦਿੱਤੀ ਗਈ ਸੀ। ਪਹਿਲ ਦੇ ਆਧਾਰ ਉੱਤੇ ਇਹ ਬੂਸਟਰ ਡੋਜ਼ ਕਿਸ ਨੂੰ ਦਿੱਤੀਆਂ ਜਾਣੀਆਂ ਹਨ ਇਸ ਦਾ ਫੈਸਲਾ ਪ੍ਰੋਵਿੰਸਾਂ ਤੇ ਟੈਰੇਟਰੀਜ਼ ਉੱਤੇ ਛੱਡਿਆ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਪੰਜ ਤੋਂ 12 ਸਾਲ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਾਉਣ ਦੀ ਮੱਠੀ ਰਫਤਾਰ ਦਾ ਨੋਟਿਸ ਲਿਆ। ਸਰਕਾਰ ਅਨੁਸਾਰ ਇਸ ਉਮਰ ਵਰਗ ਦੇ 48 ਫੀਸਦੀ ਬੱਚਿਆਂ ਨੂੰ ਘੱਟੋ ਘੱਟ ਪਹਿਲੀ ਡੋਜ ਲੱਗ ਚੁੱਕੀ ਹੈ। ਉਨ੍ਹਾਂ ਆਖਿਆ ਕਿ ਸਾਨੂੰ ਸਥਿਤੀ ਦਾ ਉਦੋਂ ਬਿਹਤਰ ਪਤਾ ਲੱਗੇਗਾ ਜਦੋਂ ਬੱਚੇ ਸਕੂਲ ਪਰਤਣਗੇ ਤੇ ਮਾਪੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੋਣਗੇ। ਨਤੀਜਤਨ ਉਹ ਆਪਣੇ ਬੱਚਿਆਂ ਨੂੰ ਵੈਕਸੀਨੇਟ ਕਰਵਾਉਣਗੇ। ਉਨ੍ਹਾਂ ਅੱਗੇ ਆਖਿਆ ਕਿ ਪੰਜ ਤੋਂ 12 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਦੀ ਦਰ ਕੈਨੇਡਾ ਵਿੱਚ ਐਨੀ ਘੱਟ ਹੈ ਕਿ ਨਾ ਸਿਰਫ ਬੱਚੇ ਹੀ ਕਮਜ਼ੋਰ ਹਨ ਸਗੋਂ ਸਮਾਜ ਨੂੰ ਵੀ ਖਤਰਾ ਹੈ।ਉਨ੍ਹਾਂ ਅੰਦਾਜਨ 6.5 ਮਿਲੀਅਨ ਉਨ੍ਹਾਂ ਕੈਨੇਡੀਅਨਜ਼ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ ਜਿਨ੍ਹਾਂ ਨੇ ਅਜੇ ਤੱਕ ਵੈਕਸੀਨੇਸ਼ਨ ਨਹੀਂ ਕਰਵਾਈ। ਉਨ੍ਹਾਂ ਆਖਿਆ ਕਿ ਨਾਂਹ ਨਾਲੋਂ ਦੇਰ ਭਲੀ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …