ਗੁਰਪ੍ਰੀਤ ਬਰਾੜ ਨੇ ਮਾਰੀ ਹੈ ਨਵਰਾਜ ਦੀਆਂ ਕਵਿਤਾਵਾਂ ‘ਤੇ ਝਾਤ
ਅੰਗਰੇਜ਼ੀ ਲੇਖਕ ਜੋਨ ਡੀਡੀਐਨ ਦਾ ਕਹਿਣਾ ਹੈ ਕਿ ਲੇਖਕ ਹਮੇਸ਼ਾ ਪਾਠਕ ਨੂੰ ਸੁਪਨੇ ਸੁਨਣ ਲਈ ਭਰਮਾਉਂਦਾ ਹੈ। ਨਵਰਾਜ ਦਾ ਪਲੇਠਾ ਕਾਵਿ ਸੰਗ੍ਰਹਿ ‘ਰਾਖ ਵਿਚ ਉਕਰੀਆਂ ਲਕੀਰਾਂ’ ਪੜ੍ਹਦੇ ਹੋਏ ਪਾਠਕਾਂ ਨੂੰ ਆਪਣੇ ਸੁਪਨਿਆਂ ਦੀ ਅਵਾਜ਼ ਸਾਫ ਸੁਣਾਈ ਦਿੰਦੀ ਹੈ। ਇਸ ਕਾਵਿ ਸੰਗ੍ਰਹਿ ਦੀ ਕਹਾਣੀ ਵੀ ਇਸ ਵਿਚਲੀਆਂ ਕਵਿਤਾਵਾਂ ਵਾਂਗ ਹੀ ਦਿਲਚਸਪ ਹੈ। ਇੰਸਟਾਗ੍ਰਾਮ ਤੋਂ ਸ਼ੁਰੂ ਹੋਇਆ ਇਹ ਸਫਰ ਪਾਠਕਾਂ ਨੂੰ, ਉਹਨਾਂ ਦੇ ਸੁਪਨਿਆਂ ਨੂੰ, ਸੱਧਰਾਂ ਨੂੰ ਨਾਲ ਲੈ ਕੇ ਅਗੇ ਵਧਦਾ ਹੋਇਆ ਇਸ ਕਿਤਾਬ ਤੱਕ ਪਹੁੰਚਦਾ ਹੈ। ਕਵੀ ਦੇ ਸੁਪਨੇ ਪਾਠਕਾਂ ਦੇ ਸੁਪਨਿਆਂ ਨਾਲ ਸਾਂਝ ਬਣਾਉਂਦੇ ਨੇ। ਨਵਰਾਜ ਦੇ ਇੰਸਟਾਗਰਾਮ ‘ਤੇ ਲੋਕ ਪ੍ਰਿਯਤਾ ਦੇਖ ਕੇ ਉਸਨੂੰ ਪੰਜਾਬੀ ਕਵਿਤਾ ਦਾ Atticus ਆਖ ਦੇਣਾ ਬਿਲਕੁਲ ਗ਼ਲਤ ਨਹੀਂ ਹੋਵੇਗਾ। ਉਸਦੀ ਲੋਕ ਪਰਸਿੱਧ ਕਵਿਤਾ ਵਿਚ ਲੋਕ ਗੀਤਾਂ ਵਰਗੀ ਸਾਦਗੀ ਹੈ ਜੋ ਕਿ ਆਮ ਆਦਮੀ ਦੀ ਸੋਚ ਨੂੰ ਟੁੰਬਦੀ ਹੈ।
‘ਮੜਕ
ਰਹਿਣੀ ਚਾਹੀਦੀ ਹੈ
ਸਾਹ ਤਾਂ
ਆਉਂਦੇ ਜਾਂਦੇ ਰਹਿਣਗੇ’
ਤਿੰਨ ਭਾਗਾਂ ਵਿਚ ਵੰਡਿਆ ਇਹ ਕਾਵਿ ਸੰਗ੍ਰਹਿ ਪਹਿਲੇ ਭਾਗ ਵਿਚ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਾ ਹੈ। ‘ਮੈਂ ਅਤੇ ਸਮਾਜ’ ਭਾਗ ਵਿਚ ਉਹ ਸਮਾਜਿਕ ਹਿਤਾਂ ‘ਤੇ ਪਹਿਰਾ ਦੇਣ ਦੀ ਹੀ ਗੱਲ ਨਹੀਂ ਕਰਦਾ,ઠ ਸਗੋਂ ਪਾਠਕਾਂ ਦੀ ਸੋਚ ਨੂੰ ਹਲੂਣਾ ਦਿੰਦਾ ਹੈ, ਸਵਾਲ ਕਰਦਾ ਹੈ। ਸਮਾਜਿਕ ਵਖਰੇਵੇ ਪ੍ਰਤੀ ਹੋਰ ਜਾਗਰੂਕ ਕਰਦਾ ਹੈ। ਉਹ ਸਮਾਜ ਦੇ ਪ੍ਰਮਾਣਿਤ ਸੰਕਲਪਾਂ ਦੀ ਮਾਨਤਾ ਨੂੰ ਵੰਗਾਰਦਾ ਹੈ।
ਖਸਮਾਂ ਖਾਣੀ ਤਾਂ
ਸੁਣਿਆ ਹੋਏਗਾ
ਕਈ ਵਾਰ
ਪਰ ਕਦੇ
ਤੀਵੀਂ ਖਾਣਾ ਸੁਣਿਆ?
ਨਹੀਂ ਸੁਣਿਆ?
ਭਾਵੇਂ ਗਲੀ ਦੇ ਮੋੜ ਤੱਕ ਪੁੱਜ
ਤੈਨੂੰ ਕਿੰਨੇ ਹੀ
ਦਿੱਖ ਜ਼ਰੂਰ ਗਏ ਹੋਣਗੇ।
ਇਸ ਦਾ ਦੂਜਾ ਭਾਗ ‘ਮੈਂ ਅਤੇ ਤੂੰ’ ਮੁਹੱਬਤ ਅਤੇ ਬਿਰਹਾ ਦੀ ਖੂਬਸੂਰਤ ਬਿਆਨੀ ਕਰਦਾ ਹੈ। ਇਥੇ ਕਵੀ ਰਿਸ਼ਤਿਆਂ ਦੀ ਬਖਿਆਨੀઠ ਬੜੀ ਸੂਖਮਤਾ ਨਾਲ ਕਰਦਾ ਹੈ। ਅਧੂਰੇ ਰਿਸਤੇ, ਰਿਸ਼ਤਿਆਂ ਬਾਰੇ ਸਮਾਜਿਕ ਧਾਰਨਾਵਾਂ, ਉਮੀਦਾਂ, ਆਸਾਂ ਅਤੇ ਸਹਿਯੋਗ ਦੇ ਅਹਿਸਾਸਾਂ ਨੂੰ ਕਾਵਿ ਇਕ ਵੱਖਰੇ ਨਜ਼ਰੀਏ ਨਾਲ ਪੇਸ਼ ਕਰਦਾ ਹੈ। ਰਿਸ਼ਤਿਆਂ ਦੀ ਜਟਿਲਤਾ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ :
ਮੈਂ ਇਕઠ ਕਲਮ
ਤੇ ਤੂੰ ਇਕ ਚਿੜੀ
ਆਪਾਂ ਦੋਵੇਂ ਇੱਕੋ ਜਿਹੇ
ਮੇਰੀ ਸਿਆਹੀ ਚੋਰੀ
ਤੇਰੀ ਵੀ ਉਡਾਣ ਗੁੰਮ
ਆ ਮਿਲ ਕੇ
ਕੋਸ਼ਿਸ਼ ਕਰੀਏ
ਤੂੰ ਉੱਡ ਤੇ ਮੈਂ ਲਿਖਾਂ
ਤੇਰੀ ਉਡਾਣ ਵਾਰੇ
ਨਹੀਂ ਮਿਲਦੀ ਮੁਫ਼ਤ ਆਜ਼ਾਦੀ
ਕਰਜ਼ਾ ਹੈ ਪੀੜ੍ਹੀਆਂ ਦਾ
ਚੱਲ ਆਪਾਂ ਦੋਵੇਂઠઠઠઠઠ
ਪਹਿਲੀ ਕਿਸ਼ਤ ਭਰੀਏ।
ਇਹ ਕਵਿਤਾ ਸਾਨੂੰ ਸਾਡੀ ਸਮਾਜਿਕ ਪਛਾਣ ਵਿਅਕਤੀਗਤ ਪਛਾਣ ‘ਤੇ ਭਾਰੂ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਉਥੇ ਹੀ ਇਕ ਹੋਰ ਕਵਿਤਾ ‘ਓਹੀ ਜ਼ਿੰਦਗੀ’ ਸਾਨੂੰ ਆਪਣੀ ਪਛਾਣ ਬਣਾਉਣ ਲਈ, ਆਦਰਸ਼ ਸਿਰਜਣ ਲਈ ਪ੍ਰੇਰਿਤ ਵੀ ਕਰਦੀ ਹੈ। ਖਿਆਲਾਂ ਦੀઠ ਖੂਬਸੂਰਤੀ ਨਾਲ ਭਰਪੂਰ ਕਵਿਤਾਵਾਂ ‘ਤਾਰਿਆਂ ਦੀ ਧੂੜ’, ‘ਮਿਲਦਾ ਰਹਾਂਗਾ’, ‘ਤੇਰੀ ਮੇਰੀ ਕਵਿਤਾ’, ‘ਤੇਰਾ ਕਿਰਦਾਰ’ ਅਤੇ ‘ਮੈਂ ਲੱਭਦਾ ਰਿਹਾ’ ਪਾਠਕਾਂ ਦੇ ਮਨ ‘ਤੇ ਸਦੀਵੀ ਛਾਪ ਛੱਡ ਜਾਂਦੀਆਂ ਹਨ। ਪੂਰੇ ਭਾਗ ਵਿਚ ਕਵੀ ਦਾ ਭਾਵ ਅਰਥ ਗੁੰਦਣ ਦਾ ਤਰੀਕਾ ਇਸ ਪੁਸਤਕ ਨੂੰ ਬਹੁਤ ਅਮੀਰ ਬਣਾਉਦਾ ਹੈ।
ਇਸ ਕਾਵਿ ਅੰਕ ਦਾ ਤੀਜਾ ਭਾਗ ‘ਮੈਂ ਅਤੇ ਮੈਂ’ ਕਵੀ ਦੀ ਜ਼ਿੰਦਗੀ ਦੀ ਉਧੇੜ ਬੁਨ ਤੋਂ ਸ਼ਬਦਾਂ ਦੀ ਉਧੇੜ ਬੁਨ ਤਕ ਦੇ ਸਫਰ ਦੀ ਬਿਆਨੀ ਹੈ।
ਉਹ ਆਪਣੇ ਆਪ ਨੂੰ ਬ੍ਰਹਿਮੰਡ ਵਿਚ ਪਸਰਿਆ ਦੇਖਦਾ ਹੈ ਅਤੇ ਇਸ ਵਿੱਚੋ ਸੋਹਜ ਅਤੇ ਸਹਿਜਮਈ ਕਵਿਤਾ ਦਾ ਪਿੜ੍ਹ ਸਿਰਜਦਾ ਹੈ। ਇਹ ਭਾਗ ਇਸ ਗੱਲ ਦਾ ਸਬੂਤ ਹੈ ਕਿ ਕਵੀ ਸਵੈ ਚੇਤਨ ਹੈ ਅਤੇ ਆਪਣੇ ਅੰਦਰ ਦੀ ਜਦੋ ਜਹਿਦ ਤੋਂ ਵਾਕਿਫ ਹੈ। ‘ਇਕ ਹਤਾਸ਼ ਪ੍ਰਸ਼ਨਸਿਨ’, ‘ਮੇਰੀ ਪਰਿਭਾਸ਼ਾ’, ‘ਜ਼ਿੰਦਗੀ ਦੀ ਅਰਥ ਹੀਣਤਾ’ ਅਤੇ ‘ਤੋਤੇ ਦੀ ਮੌਤ’ ਵਰਗੀਆਂ ਕਵਿਤਾਵਾਂ ਵਿਚ ਕਵੀ ਇਸ ਜਦੋ ਜਹਿਦ ਵਿੱਚੋ ਪੈਦਾ ਹੋਈਆਂ ਦਾਰਸ਼ਨਿਕ ਵਖਰਤਾਵਾਂ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕਰਦਾ ਹੈ।
ਕਵਿਤਾ ਨਾਲ ਆਪਣੇ ਰਿਸ਼ਤੇ ਦੀ ਗੱਲ ਕਰਦਾ ਕਵੀ ਰਚਣ ਪ੍ਰਕਿਰਿਆ ਨੂੰ ਸਾਹ ਲੈਣ ਦੇ ਬਰਾਬਰ ਮਾਪਦਾ ਹੈ।
‘ਮੈਂ ਇਕ
ਲੇਖਕ ਹਾਂ
ਸਾਹ ਨਹੀਂ
ਲੈਂਦਾ
ਪੜਦਾ ਤੇ ਲਿਖਦਾ
ਹਾਂ ਜ਼ਿੰਦਗੀ ਨੂੰ’
ਕਵਿਤਾ ਉਸ ਨੂੰ ਇਕ ਕੁਦਰਤੀ ਵਰਤਾਰੇ ਵਾਂਗ ਉਹੜਦੀ ਹੈ, ਇਹ ਸੁਭਾਵਿਕਤਾ ਹਰ ਕਵਿਤਾ ਵਿਚ ਬਹੁਤ ਹੀ ਸਪਸ਼ਟ ਰੂਪ ਵਿਚ ਝਲਕਦੀ ਹੈ।
ਨਵਰਾਜ ਦਾ ਇਕ ਕਾਵਿ ਸੰਗ੍ਰਹਿ ਪੜ੍ਹਦਿਆਂ ਪਾਠਕ ਬ੍ਰਹਿਮੰਡ ਦੀ ਸੈਰ ਕਰ ਆਉਂਦਾ ਹੈ। ਕਿਤਾਬ ਕਿਸੇ ਵੀ ਇਕ ਵਿਚਾਰ ਦੀ ਕੱਟੜਤਾ ਨਾਲ ਹਾਮੀ ਨਹੀਂ ਭਰਦੀ, ਸਗੋਂ ਬਹੁ ਵਿਕਲਪੀ ਪ੍ਰਸ਼ਨਾਂ ਵਾਂਗ ਪਾਠਕਾਂ ਨੂੰ ਖੁਦ ਆਪਣਾ ਵਿਚਾਰ ਘੜਨ ਲਈ ਪ੍ਰੇਰਿਤ ਕਰਦੀ ਹੈ।
ઠਕਵਿਤਾਵਾਂ ਵਿਚ ਜਿਥੇ ਸਵਾਲ ਬੁਝਾਰਤਾਂ ਵਾਂਗ ਸਾਨੂੰ ਉੱਤਰ ਲੱਭਣ ਲਈ, ਸੋਚਣ ਲਈ ਮਜਬੂਰ ਕਰਦੇ ਨੇ, ਉਥੇ ਕਾਵਿ ਸੋਹਜ ਨਾਲ ਭਰੀ ਇਹ ਕਿਤਾਬ ਪੜ੍ਹਨ ਵਾਲੇ ਲਈ ਅਨੰਦਿਕ ਤਜਰਬਾ ਹੋ ਗੁਜਰਦੀ ਹੈ।
-ਗੁਰਪ੍ਰੀਤ ਬਰਾੜ