Breaking News
Home / ਨਜ਼ਰੀਆ / ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ

ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ

ਚਮਕੌਰ ਸਿੰਘ
ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੇ ਅਧਿਐਨ ਤੋਂ ਇਹ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਕ੍ਰਿਸਟੋਫਰ ਕੋਲੰਬਸ ਨੇ ਜਿਸ ਸਮੁੰਦਰੀ ਜਹਾਜ਼ ‘ਸੈਂਟਾਮੈਰੀਆ’ ਵਿਚ ਦੂਰ ਤੱਕ ਸਮੁੰਦਰੀ ਯਾਤਰਾ ਕਰਕੇ ਆਖ਼ਰ ਅਮਰੀਕਾ ਦੀ ਖੋਜ ਕੀਤੀ, ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ, ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਜਿਸ ਬਾਟੇ ਵਿਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪ ਉਨ੍ਹਾਂ ਕੋਲੋਂ ਅੰਮ੍ਰਿਤ ਛਕ ਕੇ ਖ਼ਾਲਸੇ ਦੀ ਸਿਰਜਣਾ ਕੀਤੀ, ਜਿਸ ਤਲਵਾਰ ਦੀ ਸ਼ਕਤੀ ਨਾਲ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੇ ਜ਼ਬਰ ਵਿਰੁੱਧ ਜੰਗ ਲੜੇ, ਮਰਹੱਟਾ ਸਰਦਾਰ ਸ਼ਿਵਾ ਜੀ ਨੇ ਜਿਸ ਤਲਵਾਰ ਤੇ ਢਾਲ ਦੀ ਵਰਤੋਂ ਨਾਲ ਮੁਗ਼ਲਾਂ ਨਾਲ ਦੋ ਹੱਥ ਕਰਕੇ ਮਰਾਠਾ ਰਾਜ ਦੀ ਸਥਾਪਨਾ ਕੀਤੀ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਤਲਵਾਰਾਂ ਅਤੇ ਤੋਪਾਂ ਦੀ ਵਰਤੋਂ ਨਾਲ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖੀ, ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਜਿਸ ਡੰਗੋਰੀ ਨੂੰ ਲੈ ਕੇ ‘ਡਾਂਡੀ ਮਾਰਚ’ ਕੀਤਾ ਅਤੇ ਅੰਗਰੇਜ਼ਾਂ ਦੇ ਅਨਿਆਂਪੂਰਨ ਨਮਕ ਕਾਨੂੰਨ ਨੂੰ ਤੋੜਿਆ, ਜਿਸ ਰਾਕੇਟ-ਲਾਂਚਰ ਰਾਹੀਂ ਮਨੁੱਖ ਨੇ ਚੰਦਰਮਾ ਤੇ ਮੰਗਲ ਗ੍ਰਹਿ ਤੱਕ ਪਹੁੰਚ ਕੇ ਉਥੋਂ ਦੀ ਧਰਤੀ ਨੂੰ ਛੂਹਿਆ ਆਦਿ ਸਭ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਜਿਸ ਮਹਾਨ ਦੇਵਤੇ ਦੀ ਦੇਣ ਹੈ, ਉਹ ਹਨ ਬਾਬਾ ਵਿਸ਼ਵਕਰਮਾ ਜੀ, ਜਿਨ੍ਹਾਂ ਨੂੰ ‘ਕਿਰਤ ਦਾ ਦੇਵਤਾ’ ਆਖਿਆ ਜਾਂਦਾ ਹੈ।
ਵੱਡੇ-ਵੱਡੇ ਡੈਮ, ਵੱਡੀਆਂ-ਵੱਡੀਆਂ ਮਿੱਲਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿਚ ਵਰਤੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ। ਸੰਸਾਰ ਦੇ ਸੱਤ ਅਜੂਬਿਆਂ ਦੇ ਨਿਰਮਾਣ ਵਿਚ ਵੀ ਬਾਬਾ ਵਿਸ਼ਵਕਰਮਾ ਦੁਆਰਾ ਦਰਸਾਈ ਭਵਨ ਨਿਰਮਾਣ ਕਲਾ ਝਲਕਦੀ ਹੈ। ਇਕ ਕਵੀ ਨੇ ਠੀਕ ਹੀ ਕਿਹਾ ਹੈ :
”ਯੁੱਧ ਕੇ ਲੀਏ ਬਨਾ ਦੀਏ ਸ਼ਸਤਰ,
ਪਹਿਰਨ ਕੋ ਹੈਂ ਦੀਨੇ ਬਸਤਰ,
ਚਲੇਂ ਮਸ਼ੀਨੇਂ ਬਨੇ ਬਮਾਣ,
ਦੂਰ ਆਕਾਸ਼ ਉਡੇ ਇਨਸਾਨ।
ਕਾਰਖਾਨੇ ਔਰ ਮਿਲ ਚਲਾਏ,
ਰੋਜ਼ੀ ਕੇ ਸਾਧਨ ਹੈਂ ਬਨਾਏ,
ਵਿਸ਼ਵਕਰਮਾ ਜੀ ਕੀ ਕਲਾ ਮਹਾਨ,
ਤਾ ਕੀ ਉਸਤਤ ਕਰੇ ਜਹਾਨ।”
ਪ੍ਰਾਚੀਨ ਧਾਰਮਿਕ ਗ੍ਰੰਥ, ਰਿਗਵੇਦ ਦੇ ਮੰਤਰਾਂ ਵਿਚ ਬਾਬਾ ਵਿਸ਼ਵਕਰਮਾ ਜੀ ਨੂੰ ਕਈ ਬਾਹਵਾਂ ਵਾਲੇ ਦਰਸਾਇਆ ਗਿਆ ਹੈ। ਬਾਬਾ ਵਿਸ਼ਵਕਰਮਾ ਜੀ ਦੀ ਅੱਜਕਲ੍ਹ ਪ੍ਰਾਪਤ ਤਸਵੀਰ ਵੀ ਇਸੇ ਤਰ੍ਹਾਂ ਦੀ ਨਜ਼ਰ ਆਉਂਦੀ ਹੈ। ਬਾਬਾ ਵਿਸ਼ਵਕਰਮਾ ਨੂੰ ‘ਇੰਜੀਨੀਅਰਿੰਗ ਦਾ ਦੇਵਤਾ’ ਵੀ ਕਿਹਾ ਜਾਂਦਾ ਹੈ। ਮਹਾਂਭਾਰਤ ਅਤੇ ਪੁਰਾਣਾਂ ਵਿਚ ਉਨ੍ਹਾਂ ਨੂੰ ਦੇਵਤਿਆਂ ਦਾ ਮੁੱਖ ਇੰਜੀਨੀਅਰ ਵਰਨਣ ਕੀਤਾ ਗਿਆ ਹੈ। ਪੁਰਾਤਨ ਗ੍ਰੰਥਾਂ ਦੇ ਮਿਥਿਹਾਸ ਅਨੁਸਾਰ ਬਾਬਾ ਜੀ ਨੇ ਵਿਸ਼ਨੂੰ ਜੀ ਦਾ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕ ਦਾ ਭਾਲਾ ਅਤੇ ਹੋਰ ਦੇਵਤਿਆਂ ਦੇ ਹਥਿਆਰ ਬਣਾਏ। ਇਕ ਉਪ-ਵੇਦ ਜਿਸ ਵਿਚ ਦਸਤਕਾਰੀ ਦੀ ਕਲਾ ਦੇ ਹੁਨਰਾਂ ਦਾ ਵਰਨਣ ਮਿਲਦਾ ਹੈ, ਉਹ ਵੀ ਵਿਸ਼ਵਕਰਮਾ ਜੀ ਦੀ ਮਹਾਨ ਰਚਨਾ ਹੈ।
ਅੱਜ ਸੰਸਾਰ ਦੇ ਕਈ ਹਿੱਸੇ ਆਰਥਿਕ ਸੰਕਟ ਵਿਚ ਫਸੇ ਹੋਏ ਹਨ। ਇਸ ਡਾਵਾਂਡੋਲ ਆਰਥਿਕਤਾ ਅਤੇ ਬੇਰੁਜ਼ਗਾਰੀ ਦੇ ਕਈ ਕਾਰਨ ਹਨ। ਇਨ੍ਹਾਂ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਹੈ ਕਿ ਵਰਤਮਾਨ ਮਸ਼ੀਨਰੀ ਦੀ ਈਜਾਦ ਕਾਰਨ ਚੀਜ਼ਾਂ ਦੀ ਪੈਦਾਵਾਰ ਵੱਧ ਗਈ ਹੈ, ਕਿਉਂਕਿ ਦਸ ਕਾਰੀਗਰਾਂ ਦਾ ਕੰਮ ਹੁਣ ਕੇਵਲ ਇਕ ਹੀ ਮਸ਼ੀਨ ਕਰਨ ਲੱਗੀ ਹੈ। ਮਸ਼ੀਨਰੀ ਨੇ ਹੱਥੀਂ ਕੰਮ ਕਰਨ ਦੀ ਕਦਰ ਵੀ ਘਟਾ ਦਿੱਤੀ ਹੈ ਅਤੇ ਅੱਜ ਦੇ ਨੌਜਵਾਨ ਹੱਥੀਂ ਕੰਮ ਕਰਨ ਨੂੰ ਨਫ਼ਰਤ ਕਰਨ ਲੱਗੇ ਹਨ। ਪਰ ਦੂਜੇ ਪਾਸੇ ਕਈ ਪੱਛਮੀ ਦੇਸ਼ਾਂ ਵਿਚ ਹੱਥਾਂ ਨਾਲ ਬਣਾਈਆਂ ਕਿਰਤਾਂ ਦੀ ਕਦਰ ਵੱਧ ਰਹੀ ਹੈ। ਜੇ ਅੱਜ ਦੇ ਨੌਜਵਾਨ ਬਾਬਾ ਵਿਸ਼ਵਕਰਮਾ ਜੀ ਦੀ ਦਰਸਾਈ ਦਸਤਕਾਰੀ ਦੀ ਕਲਾ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਧਾਰਨ ਕਰ ਲੈਣ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਕਿਸੇ ਹੱਦ ਤੱਕ ਦੂਰ ਹੋ ਸਕਦੀ ਹੈ। ਵਿਸ਼ਵਕਰਮਾ ਦਿਵਸ, ਜੋ ਬਾਬਾ ਜੀ ਨੂੰ ਸਮਰਪਿਤ ਹੈ, ਦੇ ਸ਼ੁੱਭ ਅਵਸਰ ‘ਤੇ ਹਰ ਰਾਜ ਮਿਸਤਰੀ, ਤਰਖਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਪ੍ਰਕਾਰ ਦੀ ਵਰਕਸ਼ਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿਚ ਪੂਜਾ ਕਰਦੇ ਹਨ। ਆਓ! ਇਸ ਸ਼ੁੱਭ ਦਿਹਾੜੇ ‘ਤੇ ਬਾਬਾ ਜੀ ਦੀ ਦੱਸੀ ਦਸਤਕਾਰੀ ਦੀ ਕਲਾ ਅਤੇ ਉੱਚ-ਦਾਰਸ਼ਨਿਕਤਾ ਨੂੰ ਧਾਰਨ ਕਰਨ ਦੀ ਪ੍ਰਤਿੱਗਿਆ ਕਰੀਏ।
ੲੲੲ

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …