Breaking News
Home / ਨਜ਼ਰੀਆ / ਖਿਆਲਾਂ ਦੀ ਦੁਨੀਆ

ਖਿਆਲਾਂ ਦੀ ਦੁਨੀਆ

ਕਲਵੰਤ ਸਿੰਘ ਸਹੋਤਾ
604-589-5919
ਖ਼ਿਆਲ ਹਵਾ ਦੇ ਬੁੱਲੇ ਵਾਂਗ ਆਉਂਦੇ ਹਨ ਤੇ ਇਵੇਂ ਹੀ ਜਾਂਦੇ ਹਨ। ਜਿਸ ਤਰ੍ਹਾਂ ਹਵਾ ਤੇਜ਼ ਤੇ ਹੌਲੀ ਵਗਦੀ ਰਹਿੰਦੀ ਹੈ ਇਹ ਵੀ ਇਸੇ ਤ੍ਹਰਾਂ ਮਨ ਦੇ ਅੰਦਰ ਹੁਲਾਰੇ ਖਾਂਦੇ ਰਹਿੰਦੇ ਹਨ। ਮਨ ਕਈ ਤਰ੍ਹਾਂ ਦੇ ਖਿਆਲ ਉਪਜਦਾ ਹੈ, ਤੇ ਇਹ ਹਟਦਾ ਹੀ ਨਹੀਂ। ਅੱਜ ਦੇ ਪਦਾਰਥੀ ਯੁੱਗ ‘ਚ ਪਿਆਰ ਖੰਭ ਲਾ ਕੇ ਉਡਦਾ ਜਾ ਰਿਹਾ। ਮਿੱਟੀ ‘ਚ ਦੱਬੀਆਂ ਧਾਤਾਂ ਜਿਹੜੀਆਂ ਲੱਖਾਂ ਸਾਲਾਂ ਕੀ, ਧਰਤੀ ਦੀ ਪੈਦਾਇਸ਼ ਤੋਂ ਹੀ ਦੱਬੀਆਂ ਰਹੀਆਂ, ਅੱਜ ਬੰਦੇ ਨੇ ਉਹਨਾਂ ਨੂੰ ਬਾਹਰ ਕੱਢ ਕੇ, ਕੀ ਤੋਂ ਕੀ ਉਹਨਾਂ ਦਾ ਬਣਾ ਛੱਡਿਆ ਹੈ। ਬੰਦੇ ਦੇ ਬਣਾਏ ਪਦਾਰਥਾਂ ਨੇ ਬੰਦੇ ਨੂੰ ਇਤਨਾਂ ਰੁਝਾ ਦਿੱਤਾ ਹੈ ਕਿ ਬੰਦੇ ਖਿਆਲ ਵੀ ਪਦਾਰਥਾਂ ਦੁਆਲੇ ਹੀ ਘੁੰਮਣ ਲਾ ਦਿੱਤੇ ਹਨ। ਧਰਤੀ ‘ਚੋਂ ਅਨੇਕਾਂ ਖਣਿਜ ਪਦਾਰਥ ਕੱਢ ਕੇ ਨਵੀਆਂ ਵਸਤਾਂ ਤਾਂ ਜ਼ਰੂਰ ਬਣਾ ਲਈਆਂ ਪਰ ਪਿਆਰ ਤੇ ਅਪਣੱਤ ਵਾਲਾ ਸੀਮਿੰਟ ਜਿਹੜਾ ਸਾਡੇ ਰਿਸ਼ਤਿਆਂ ਨੂੰ ਜੋੜੀ ਰੱਖਦਾ ਸੀ, ਉਸ ਤੇ ਪਦਾਰਥਾਂ ਦਾ ਜੈਕ ਹੈਮਰ ਚਲਾ ਕੇ ਉਸ ਨੂੰ ਟੁਕੜੇ ਟੁਕੜੇ ਕਰ ਦਿੱਤਾ ਹੈ। ਪਦਾਰਥਾਂ ਵਿੱਚ ਖੁੱਭਣ ਨਾਲ ਬੰਦਾ ਵੀ ਇਕ ਪਦਾਰਥੀ ਵਸਤੂ ਬਣ ਕੇ ਰਹਿ ਗਿਆ ਹੈ। ਸਾਡੇ ਖਿਆਲ ਉਲਟ ਦਿਸ਼ਾ ਵਲ ਚੱਲ ਕੇ ਦਿਸ਼ਾ ਹੀਣ ਹੋ ਗਏ ਲਗਦੇ ਹਨ। ਪਿਆਰ ਅਪਣੱਤ ਦੇ ਖਿਆਲ ਘਟ ਗਏ ਤੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਦੌੜ ਵਧ ਗਈ ਅਤੇ ਵੱਧਦੀ ਹੀ ਜਾ ਰਹੀ ਹੈ ਜਿਸਦਾ ਕੋਈ ਅੰਤ ਨਹੀਂ ਦਿਸਦਾ। ਇਸ ‘ਚ ਖੁੱਭ ਕੇ ਅਸੀਂ ਆਪਣੇ ਆਪ ਨੂੰ ਵੀ ਖੋ ਲਿਆ ਹੈ। ਪਦਾਰਥਾਂ ਦੇ ਢੇਰ ‘ਤੇ ਬੈਠ, ਪੂਰਨ ਖੁਸ਼ੀ ਪ੍ਰਾਪਤ ਨਹੀਂ ਹੋਣੀ ਤੇ ਇਹ ਹੋ ਭੀ ਨਹੀਂ ਰਹੀ। ਜਦ ਖੁਸ਼ੀ ਨਹੀਂ ਪ੍ਰਾਪਤ ਹੋਣੀ ਤਾਂ ਮਨ ਅੰਦਰ ਬੇਚੈਨੀ ਦੀ ਕੁਲ਼ਬੁਲ਼ ਕੁਲ਼ਬੁਲ਼ ਵਧਣੀ ਹੈ: ਮਨ ਦਾ ਤਣਾਓ ਵਧਣਾਂ ਹੈ, ਜ਼ਿੰਦਗੀ ਅੱਗੇ ਹੀ ਤੇਜ਼ ਰਫ਼ਤਾਰ ਲੀਹ ‘ਤੇ ਹੈ, ਇਸ ਦੀ ਰਫ਼ਤਾਰ ਹੋਰ ਤੇਜ਼ ਹੋਣੀ ਹੈ: ਮਨ ‘ਚ ਕੁੜੱਤਣ ਹੋਣ ਲੱਗਣੀ ਹੈ, ਗੁੱਸਾ ਆਉਣਾ ਹੈ, ਖਿਝ ਦਾ ਬੋਲ ਬਾਲਾ ਹੋ ਜਾਣਾ ਹੈ ਤੇ ਤਣਾਓ ਵਧਣਾ ਹੈ। ਪਦਾਰਥੀ ਯੁੱਗ ਦੀ ਕਾਢ ਨੇ ਨਵੀਆਂ ਤੋਂ ਨਵੀਆਂ ਦੁਆਈਆਂ ਕੱਢ ਮਾਰੀਆਂ; ਉਹਨਾਂ ਨਵੀਆਂ ਪੈਦਾ ਹੋਈਆਂ ਦੁਆਈਆਂ ਦੀਆਂ ਫੌੜੀਆਂ ਦਾ ਸਹਾਰਾ ਲੈ ਅਸਾਂ ਮੁੜ ਅਮੁੱਕ ਦੌੜ ‘ਚ ਬੜ ਜਾਣਾ ਹੈ। ਇਹ ਇੱਕ ਐਸਾ ਘਣ ਚੱਕਰ ਹੈ ਜਿਸ ‘ਚੋਂ ਬੰਦਾ ਨਿੱਕਲ ਹੀ ਨਹੀਂ ਸਕਦਾ। ਦੇਖੋ ਫਿਰ ਬੰਦੇ ਦਾ ਕੀ ਬਣਦਾ ਹੈ। ਦੁਆਈਆਂ ਇੱਕ ਕਿਸਮ ਦਾ ਨਸ਼ਾ ਹੈ, ਇਸ ਨਸ਼ੇ ਦੇ ਸਹਾਰੇ ਅਸੀਂ ਦਿਨ ਕਟੀ ਕਰਨ ਲਗਦੇ ਹਾਂ; ਇਕ ਕਾਨੂੰਨੀ ਦੁਆਈਆਂ (ਮੈਡੀਸਨ) ਹਨ ਤੇ ਇਕ ਗੈਰ ਕਾਨੂੰਨੀ (ਡਰੱਗਜ਼)। ਦੋਹਾਂ ਦੇ ਹੀ ਆਸਰੇ ਅਸੀਂ ਜ਼ਿੰਦਗੀ ਦੇ ਗੁਆਚੇ ਤੱਤ ਲੱਭਣ ਦਾ ਯਤਨ ਕਰਦੇ ਹਾਂ। ਜਿਨ੍ਹਾਂ ਹੀ ਇਨ੍ਹਾਂ ਦਾ ਆਸਰਾ ਲੈ ਯਤਨ ਤੇਜ਼ ਕਰਦੇ ਹਾਂ ਉਤਨਾਂ ਹੀ ਇਨ੍ਹਾਂ ‘ਚ ਹੋਰ ਖੁੱਭ ਜਾਂਦੇ ਹਾਂ। ਮਨ ਦੀ ਨਿਰਾਸ਼ਤਾ ਹੋਰ ਵਧਦੀ ਹੈ। ਹੋਰ ਤੇਜ਼ ਦੁਆਈਆਂ ਦਾ ਸੇਵਨ ਵਧਾਉਂਦੇ ਹਾਂ, ਇੰਜ ਅਸੀਂ ਅਗਾਂਹ ਤੋਂ ਅਗਾਂਹ ਇਸ ਘੁੰਮਣ ਘੇਰੀ ਦੇ ਬਾਂਵਰੋਲੇ ‘ਚ ਹੋਰ ਤੇਜ਼ ਗਤੀ ਨਾਲ ਘੁੰਮਣ ਲੱਗਦੇ ਹਾਂ। ਦਰਅਸਲ ਬੰਦੇ ਦੇ ਸੰਤੋਖ ਦਾ ਕੜ ਟੁੱਟ ਗਿਆ ਹੈ, ਜਦ ਸੰਤੋਖ ਹੀ ਨਾਂ ਹੋਵੇ ਤਾਂ ਮਨ ਸ਼ਾਂਤ ਕਿਥੋਂ? ਕੀ ਜ਼ਿੰਦਗੀ ‘ਚ ਖੁਸ਼ੀ ਪ੍ਰਾਪਤ ਕਰਨ ਲਈ ਸਭ ਤਰ੍ਹਾਂ ਦੀਆਂ ਈਜ਼ਾਦ ਕੀਤੀਆਂ ਚੀਜ਼ਾਂ ਦੀ ਲੋੜ ਹੈ? ਹਰਗਿਜ਼ ਨਹੀਂ। ਇਹ ਸਾਡੇ ਮਨ ਦੀ ਮਿਰਗ ਤ੍ਰਿਸ਼ਨਾਂ ਹੈ। ਜਿਵੇਂ ਕੜਕਦੀ ਗਰਮੀਂ ‘ਚ ਹੀਰਾ ਹਰਨ ਪਾਣੀ ਦਾ ਝਲਕਾਰਾ ਭਾਂਪਦਾ ਭਾਂਪਦਾ ਅੱਗੇ ਤੋਂ ਅੱਗੇ ਤੁਰਿਆ ਜਾਂਦਾ ਹੈ, ਪਰ ਜਿਉਂ ਜਿਉਂ ਹੋਰ ਅੱਗੇ ਤੁਰਦਾ ਹੈ, ਪਾਣੀਂ ਦਾ ਝਾਉਲਾ ਹੋਰ ਅੱਗੇ ਤੁਰੀ ਜਾਂਦਾ ਹੈ। ਆਖਿਰ ਉਹ ਭੁੱਖਾ ਤਿਹਾਇਆ ਪਾਣੀ ਦੀ ਭਾਲ ‘ਚ ਮਿਰਗ ਤ੍ਰਿਸ਼ਨਾਂ ਦਾ ਸ਼ਿਕਾਰ ਪ੍ਰਾਣ ਤਿਆਗ ਦਿੰਦਾ ਹੈ। ਇਹੀ ਹਾਲ ਬੰਦੇ ਦਾ ਹੈ। ਬੰਦਾ ਆਪਣੇ ਆਪ ਨੂੰ ਸਭ ਜਾਤਾਂ ਨਾਲੋਂ ਉੱਚਤ ਤੇ ਵਿਕਸਤ ਸਮਝਦਾ ਹੈ; ਇਹ ਇਸ ਦੀ ਭੁੱਲ ਹੈ।
ਬੱਚੇ ਨੂੰ ਇਕ ਖੇਡ ਦੇ ਦੇਈਏ ਉਹ ਉਸ ਨਾਲ ਪਰਚਿਆ ਰਹੇਗਾ। ਦੋ ਦੇ ਦਿਓ ਉਹ ਦੋ ਨਾਲ ਖੇਡੀ ਜਏਗਾ। ਫਿਰ ਉਸ ਨੂੰ ਦਸ ਦੇ ਦਿਓ ਉਹ ਉਨ੍ਹਾਂ ਨਾਲ ਹੀ ਉਲਝਿਆ ਰਹੇਗਾ। ਦਸਾਂ ‘ਚ ਉਹ ਵੱਧ ਡੌਰ ਭੌਰ ਹੋਏਗਾ, ੳਸ ਨੂੰ ਸਮਝ ਨਹੀਂ ਪੈਣੀ ਕਿ ਕਿਹੜੀ ਖੇਡ ਨਾਲ ਖੇਡੇ ਤੇ ਕਿਹੜੀ ਛੱਡੇ ਇਹੀ ਹਾਲ ਬੰਦੇ ਦਾ ਹੈ। ਬੰਦਾ ਵੀ ਜਿਉਂ ਜਿਉਂ ਵੱਧ ਮਨੋਰੰਜਨ ਦੀਆਂ ਜਾਂ ਰੋਜਾਨਾ ਵਰਤੋਂ ਦੀਆਂ ਵੱਧ ਵਸਤਾਂ ਇਕੱਤਰ ਕਰੇਗਾ ਤੇ ਇਜ ਵੱਧ ਹੀ ਅਸੰਤੁਸ਼ਟ ਹੁੰਦਾ ਜਾਏਗਾ। ਮਨ ਦੀ ਚੈਨ ਖੋ ਜਾਏਗੀ, ਬੇਚੈਨੀ ਦਾ ਸ਼ਿਕਾਰ ਹੋ ਉਲਝ ਜਾਏਗਾ। ਖੁਸ਼ੀ ਢੂੰਡੇਗਾ, ਮਨ ਨੂੰ ਪਰਚਾਉਣ ਦੇ ਸਾਧਨਾਂ ਮਗਰ ਪਏਗਾ; ਮਨ ਦੀ ਸਥਿਰਤਾ ਨਹੀਂ ਬਣੇਂਗੀ, ਕਿਉਂਕਿ ਮਨ ਨੂੰ ਫੈਸਲਾ ਕਰਨਾ ਹੀ ਔਖਾ ਹੋ ਜਾਣਾ ਹੈ ਕਿ ਇਨ੍ਹਾਂ ਬੇਅੰਤ ਪਦਾਰਥੀ ਚੀਜਾਂ ‘ਚੋਂ ਕਿਹੜੀ ਉਸ ਦੀ ਖੁਸ਼ੀ ਦਾ ਪਾਤਰ ਬਣਦੀ ਹੈ। ਜੇ ਦੇਖੀਏ ਤਾਂ ਬੰਦੇ ਦੀ ਸਾਰੀ ਜ਼ਿੰਦਗੀ ਹੀ ਇਕ ਮਿਰਗ ਤ੍ਰਿਸ਼ਨਾਂ ਹੈ। ਤ੍ਰਿਸ਼ਨਾਂ ਦੀ ਪਿਆਸ ਹੀ ਇਸ ਨੂੰ ਕਬਰ ‘ਚ ਪਹੁੰਚਾ ਦਿੰਦੀ ਹੈ। ਸਾਰੀ ਉਮਰ ਆਪਣੀ, ਖੁਦ ਦੀਆਂ ਖਾਹਿਸ਼ਾਂ ਦੀ ਪੂਰਤੀ ਲਈ ਹੀ ਨੱਠਿਆ ਭੱਜਿਆ ਫਿਰਦਾ ਰਹਿੰਦਾ ਹੈ। ਤ੍ਰਿਸ਼ਨਾਂ ਦਾ ਮਾਰਿਆ ਭਵੱਕੜ ਲੋ ਦੁਆਲੇ ਭਾਉਂਦਾ ਭਾਉਂਦਾ ਹੀ ਪ੍ਰਾਣ ਤਿਆਂਗ ਦਿੰਦਾ ਹੈ। ਬੰਦਾ ਵੀ ਦੁਨਿਆਵੀ ਪਦਰਥਾਂ ‘ਚੋਂ ਮੁਕਤੀ ਲੱਭਦਾ, ਲੋ ਲੱਭਦਾ, ਖੁਸ਼ੀ ਲੱਭਦਾ ਤੇ ਪਦਾਰਥਾਂ ਦੇ ਢੇਰ ‘ਚ ਗੁਆਚਾ ਆਪਾ ਗੁਆ ਲੈਂਦਾ ਹੈ। ਜਿਤਨਾਂ ਆਲਾ ਦੁਆਲਾ ਵੱਧ ਦੇਖਾਂਗੇ ਉਤਨਾਂ ਹੀ ਮਨ ਵੱਧ ਭਟਕਣ ‘ਚ ਜਾਏਗਾ। ਭਟਕਣ ਮਨ ਨੂੰ ਉਪਰਾਮਤਾ ਦੇ ਮਾਰਗ ਪਾਏਗੀ। ਇਹ ਸਭ ਗੱਲਾਂ ਮਨ ਦੇ ਤਣਾਓ ਨੂੰ ਵਧਾਉਂਦੀਆਂ ਹਨ। ਤਣਾਓ ਦਾ ਰੋਗ ਦਿਸਦਾ ਨਹੀਂ ਤੇ ਇਸ ਦਾ ਪਤਾ ਵੀ ਨਹੀਂ ਲਗਦਾ ਕਿ ਸਾਨੂੰ ਤਣਾਓ ਹੈ, ਪਰ ਲਗਾਤਾਰ ਇਸ ਦਾ ਰਹਿਣਾ ਸਰੀਰ ‘ਤੇ ਮਾਰੂ ਪ੍ਰਭਾਵ ਪਾਉਂਦਾ ਹੈ। ਦਿਲ ਅਤੇ ਸਟਰੋਕ ਵਰਗੇ ਰੋਗਾਂ ਦੇ ਹੋਣ ਵਾਲੇ ਕਾਰਨਾਂ ‘ਚੋਂ ਇਹ ਪ੍ਰਮੁੱਖ ਹੈ। ਕਿਉਂਕਿ ਇਹ ਦਿਸਦਾ ਨਹੀਂ ਇਸ ਕਰਕੇ ਪਤਾ ਹੀ ਨਹੀਂ ਲਗਦਾ ਕਿ ਇਸ ਦੇ ਅਸੀਂ ਸ਼ਿਕਾਰ ਹਾਂ। ਜਿਵੇਂ ਉਪਰ ਜ਼ਿਕਰ ਕਰ ਆਏ ਹਾਂ, ਅੱਜ ਦੇ ਜ਼ਮਾਨੇ ਦੀ ਤੇਜ਼ ਤਰਾਰ ਜ਼ਿਦਗੀ ‘ਚ ਕੋਈ ਵੀ ਤਣਾਓ ਤੋਂ ਬਚ ਨਹੀਂ ਸਕਿਆ। ਬਚਣਾਂ ਚਾਹੁੰਦਾ ਵੀ ਬਚ ਨਹੀਂ ਸਕਦਾ, ਕਿਉਂਕਿ ਅਸੀਂ ਆਲੇ ਦੁਆਲੇ ਦੇ ਵਾਤਾਵਰਨ ਦਾ ਸ਼ਿਕਾਰ ਹਾਂ। ਨਵਾਂ ਸਮਾਨ ਜਿਤਨਾਂ ਬਣੀ ਜਾ ਰਿਹਾ ਇਸ ਦੀ ਪਕੜ ਸਾਨੂੰ ਹੋਰ ਇਸ ਵਲ ਧੂਈ ਜਾ ਰਹੀ ਹੈ। ਖਿਆਲਾਂ ਦੇ ਵਾਵਰੋਲੇ ਅਰੁੱਕ ਤੇ ਅਮੁੱਕ ਹਨ; ਪਤਾ ਨਹੀਂ ਪਲ ‘ਚ ਹੀ ਕਿੰਨੇ ਕੁ ਤੁਹਾਡੀਆਂ ਅੱਖਾਂ ਮੁਹਰੇ ਘੁੰਮ ਜਾਂਦੇ ਹਨ। ਚੌਵੀ ਘੰਟਿਆਂ ‘ਚ ਤਾਂ ਪਤਾਂ ਨਹੀਂ ਕਿੰਨੇ ਕੁ। ਕੀ ਉਹ ਖਿਆਲ ਬੰਦੇ ਦੀ ਸੀਮਤ ਜ਼ਿੰਦਗੀ ‘ਚ ਸਮਾਜ ਨੂੰ ਚੰਗਾ ਬਣਾਉਣ ਲਈ ਭੀ ਯੋਗਦਾਨ ਪਾਉਣ ਯੋਗ ਹੁੰਦੇ ਹਨ? ਇਹ ਇੱਕ ਬੜਾ ਗੰਭੀਰ ਸੁਆਲ ਹੈ। ਖਿਆਲ ਤਾਂ ਮਾੜਾ ਸੋਚਣ ਦਾ ਭੀ ਹੋ ਸਕਦਾ ਹੈ, ਚੰਗੇ ਭਲੇ ਵਸਦੇ ਰਸਦੇ ਲੋਕਾਂ ‘ਚ ਤਰਥੱਲ ਮਚਾਉਣ ਦਾ ਭੀ ਹੋ ਸਕਦਾ ਹੈ। ਕਿਸੇ ਤਾਕਤਵਰ ਡਾਢੇ ਨੂੰ ਉਸਕਲ ਉੱਠਿਆ ਕਿ ਫਲਾਣੇ ਨੂੰ ਤੰਗ ਕਰਨਾ ਹੈ, ਤੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ; ਇਹ ਤਾਂ ਖਿਆਲ ਠੀਕ ਨਾਂ ਨਾਂਹ ਹੋਇਆ। ਤਾਕਤਵਰ ਤੇ ਵਿਕਸਤ ਮੁਲਕ ਤੇ ਰਾਜ ਭਾਗ ਕਰਨ ਵਾਲਿਆਂ ਨੂੰ ਉਸਕਲ ਉੱਠਿਆ ਕਿ ਆਪਣੇ ਹਿਤਾਂ ਦੇ ਫੁਰਨਿਆਂ ਨੂੰ ਪੱਠੇ ਪਾਉਣ ਲਈ, ਘੱਟ ਤਾਕਤਵਰ ਦਾ ਕਿਵੇਂ ਸੋਸ਼ਣ ਕਰਨਾਂ ਹੈ ਤੇ ਆਪਣੀ ਮਨਸ਼ਾ ਦੀ ਕਿਵੇਂ ਪੂਰਤੀ ਕਰਨੀ ਹੈ; ਇਹ ਵੀ ਤਾਂ ਚੰਗਾ ਖਿਆਲ ਨਾਂ ਨਾਂਹ ਹੋਇਆ। ਇਹ ਤਾਂ ਧੱਕੇ ਨਾਲ ਉਜਾੜਾ ਪਾਉਣ ਦਾ ਸੋਚ ਲਿਆ। ਦੁਨੀਆਂ ਦੇ ਬਹੁਤਿਆਂ ਹਿੱਸਿਆਂ ‘ਚ ਅੱਜ ਕੱਲ੍ਹ ਇਨ੍ਹਾਂ ਖਿਆਲਾਂ ਦੇ ਅਧੀਨ ਹੀ ਖੌਰੂ ਪਿਆ ਹੋਇਆ ਹੈ ਅਤੇ ਹਜ਼ਾਰਾਂ ਲੱਖਾਂ ਲੋਕੀਂ ਕਤਲ, ਸ਼ਰਨਾਰਥੀ ਤੇ ਉਜਾੜ ਹੋ ਰਹੇ ਹਨ। ਆਹ ਵੀ ਤਾਂ ਖਿਆਲ ਹੀ ਹਨ ਜਿਹੜੇ ਮੈਂ ਝਟਾ ਝੱਟ ਝਰੀਟੀ ਜਾ ਰਿਹਾਂ ਤੇ ਆਪਣੇ ਮਨ ਨੂੰ ਹੌਲਾ ਕਰ ਰਿਹਾਂ। ਅੱਜ ਦੇ ਟਕਨੌਲੋਜੀ ਦੇ ਯੁੱਗ ਵਿੱਚ ਘਰ ਦੇ ਕਿਸੇ ਵੀ ਖੂੰਜੇ ‘ਚ ਬੈਠੇ ਟਵਿੱਟਰ ਜਾਂ ਫੇਸਬੁੱਕ ਤੇ ਜਿਹੜੀ ਵੀ ਮਰਜੀ ਸ਼ੁਰਲੀ ਛੱਡ ਦਿਓ, ਸਭ ਪਰਵਾਨ ਹੈ। ਮਿੰਟਾਂ ਸਕਿੰਟਾਂ ‘ਚ ਹੀ ਖਿਆਲਾਂ ਦੇ ਭੇੜ ਸ਼ੁਰੂ ਹੋ ਕੇ ਖੌਰੂ ਪੈਣ ਲੱਗ ਜਾਊ। ਇਹ ਹੈ ਖਿਆਲਾਂ ਦੀ ਬਰਕਤ। ਇੱਕ ਖਿਆਲ ਹੈ ਜੋ ਤੁਸੀਂ ਕਿਸੇ ਖਾਸ ਵਿਸ਼ੇ ਬਾਰੇ ਪ੍ਰਗਟ ਕਰਦੇ ਹੋ, ਕਿਸੇ ਨੂੰ ਚੰਗਾ ਵੀ ਲੱਗੂ ਤੇ ਕਿਸੇ ਨੂੰ ਨਹੀਂ। ਖਿਆਲ ਪ੍ਰਗਟ ਕਰਨ ਦੇ ਸਾਧਨ ਅੱਜ ਇੰਨੇ ਵਿਕਸਤ ਹੋ ਚੁੱਕੇ ਹਨ ਕਿ ਹਰ ਇੱਕ ਲਈ ਮਾਧਿਅਮ ਦੀ ਸੁਵਿਧਾ ਹੈ। ਹੁਣ ਤੁਸੀਂ ਆਪਣੇ ਮਨ ਦਾ ਪ੍ਰਗਟ ਹੋਇਆ ਖਿਆਲ ਸਕਿੰਟਾਂ ‘ਚ ਹੀ ਦੂਸਰਿਆਂ ਨਾਲ ਸਾਂਝਾ ਕਰਨ ਦੀ ਯੁਗਤ ਰੱਖਦੇ ਹੋ।
ਸਾਹ ਲੈਂਦਿਆਂ, ਨੱਕ ਜਾਂ ਮੂੰਹ ਰਾਹੀਂ, ਕਦੇ ਕਿਸੇ ਨੇ ਸਾਹ ਦੇ ਦਰਸ਼ਨ ਕੀਤੇ ਹਨ? ਹਾਂ ਸਿਰਫ ਸਾਂ ਸਾਂ ਸੁਣੀ ਹੋਏਗੀ ਜਾਂ ਛਾਤੀ ਤੇ ਢਿੱਡ ਉੱਪਰ ਥੱਲੇ ਫੈਲਦੇ ਤੇ ਸੁੰਗੜਦੇ ਦੇਖੇ ਜ਼ਰੂਰ ਹੋਣਗੇ, ਅਤੇ ਨਾਂ ਹੀ ਆਕਸੀਜਨ ਅੰਦਰ ਜਾਂਦੀ ਤੇ ਕਾਰਬਨ ਡਾਇਆ ਔਕਸਾਈਡ ਬਾਹਰ ਆਉਂਦੀ ਕਿਸੇ ਦੇਖੀ ਹੈ। ਖਿਆਲਾਂ ਦਾ ਵੀ ਇੰਜ ਹੀ ਹੈ। ਖਿਆਲਾਂ ਨੂੰ ਮਨ ਅੰਦਰ ਭੱਜਦੇ ਦੌੜਦੇ ਤਾਂ ਜ਼ਰੂਰ ਅਨੁਭਵ ਕਰ ਲੈਂਦੇ ਹਾਂ ਪਰ ਉਹਨਾਂ ਨੂੰ ਦੇਖਿਆ ਤਾਂ ਨਹੀਂ। ਖਿਆਲ ਹੈਨ ਤਾਂ ਅਣਦਿੱਖ ਪਰ ਸਾਡੀ ਜ਼ਿੰਦਗੀ ‘ਚ ਚੰਗਾ ਮਾੜਾ ਤਰਥੱਲ ਮਚਾਉਣ ਲਈ ਬੜੇ ਕਾਰਗਰ ਹਨ। ਖਿਆਲ ਹੀ ਬੰਦੇ ਤੋਂ ਚੰਗਾ ਮਾੜਾ ਕੰਮ ਕਰਵਾਉਂਦੇ ਹਨ। ਸਾਡੇ ਮਨਾਂ ਤੇ ਨਿਰੰਤਰ ਭਾਰੂ ਰਹਿੰਦੇ ਹਨ। ਖਿਆਲਾਂ ਕਰਕੇ ਹੀ ਦੁਨੀਆਂ ਦਾ ਵਿਕਾਸ ਤੇ ਪ੍ਰਗਤੀ ਹੋਈ ਹੈ। ਖਿਆਲ ਨਾਂ ਉਪਜਦੇ ਤਾਂ ਵਿਗਿਆਨੀਆਂ ਨੇ ਕਾਹਨੂੰ ਕਾਢਾਂ ਕੱਢਣੀਆਂ ਸਨ, ਹੁਣ ਬੰਦਾ ਜਿਸ ਪ੍ਰਗਤੀ ਦੇ ਤੀਰ ਦੀ ਨੋਕ ਤੇ ਬੈਠਾ ਸ਼ੂਟਾਂ ਵੱਟਦਾ ਜਾ ਰਿਹਾ, ਇਹ ਸੰਭਵ ਨਹੀਂ ਸੀ ਹੋ ਸਕਣਾ। ਦੁਨੀਆਂ ‘ਚ ਅੱਜ ਜਿਹੜਾ ਸਿਆਸੀ, ਇਲਾਕਾਈ, ਆਰਥਿਕ ਤੇ ਅਤੰਕਵਾਦ ਦਾ ਭੜਥੂ ਪਿਆ ਹੋਇਆ, ਇਹ ਸਭ ਵੱਖੋ ਵੱਖਰੇ ਖਿਆਲਾਂ ਦੀ ਹੀ ਕਿਰਪਾ ਹੈ। ਸੱਚ ਨੂੰ ਝੂ੍ਰਠ ਬਣਾਉਣ ਤੇ ਝੂਠ ਨੂੰ ਸੱਚ ਸਾਬਤ ਕਰਨ ਦੀਆਂ ਵਿਧੀਆਂ ਵੀ ਤਾਂ ਖਿਆਲਾਂ ਦੀ ਹੀ ਉਪਜ ਹੈ, ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਚਾਰ ਦੇ ਨਵੇਂ ਤੌਰ ਤਰੀਕੇ ਇਸ ‘ਚ ਬਹੁਤ ਸਹਾਈ ਹੁੰਦੇ ਹਨ। ਇਨ੍ਹਾਂ ਸਾਧਨਾਂ ਰਾਹੀਂ ਮਾੜੀ ਜਿਹੀ ਸ਼ੁਰਲੀ ਛੱਡ ਦਿਉ ਇੰਟਰਨੈਟ ਤੇ ਫਿਰ ਦੇਖੋ ਕਿਵੇਂ ਤੋਏ ਤੋਏ ਹੋਣ ਲੱਗਦੀ ਹੈ। ਇਹ ਚੁਸਤ ਤੇ ਸ਼ਰਾਰਤੀ ਦਿਮਾਗਾਂ ਦੀ ਕਾਢ ਦੇ ਖਿਆਲਾਂ ਕਰਕੇ ਹੀ ਵਾਪਰਦਾ ਹੈ। ਉਲਟ ਪੁਲਟ ਖਿਆਲ ਲੋਕਾਂ ਨੂੰ ਆਹਰੇ ਲਾਈ ਰੱਖਦੇ ਹਨ, ਰੁਝੇਵੇਂ ‘ਚ ਰੱਖਦੇ ਹਨ, ਟਿਕ ਕੇ ਬੈਠਣ ਨਹੀਂ ਦਿੰਦੇ, ਬੰਦੇ ਨੂੰ ਭਜਾਈ ਹੀ ਫਿਰਦੇ ਹਨ; ਮਨਾਂ ‘ਚ ਬੇਚੈਨੀ ਵਧਾਉਂਦੇ ਹਨ, ਤਣਾਓ ‘ਚ ਵਾਧਾ ਕਰਦੇ ਹਨ, ਇਹ ਸਭ ਖਿਆਲ ਹੀ ਤਾਂ ਹਨ!

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …