Breaking News
Home / ਨਜ਼ਰੀਆ / ਅਣਖੀ ਯੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ

ਅਣਖੀ ਯੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ

ਪ੍ਰਿੰ. ਪਾਖਰ ਸਿੰਘ ਡਰੋਲੀ
ਪੰਜਾਬੀ ਵੀਰ ਪ੍ਰੰਪਰਾ ਦੇ ਅਦੁੱਤੀ ਨਾਇਕ ਅਤੇ ਅਣਖੀ ਯੋਧੇ ਸਰਦਾਰ ਕਰਤਾਰ ਸਿੰਘ ਦਾ ਜਨਮ 24 ਮਈ,1896 ਈਸਵੀ ਨੂੰ ਪਿੰਡ ਸਰਾਭਾ ਜਿਲ੍ਹਾ ਲੁਧਿਆਣਾ (ਪੰਜਾਬ) ਵਿਖੇ ਹੋਇਆ।
ਆਪ ਦੇ ਪਿਤਾ ਦਾ ਨਾਂ ਸਰਦਾਰ ਮੰਗਲ ਸਿੰਘ ਸੀ ਜੋ ਚੋਖੀ ਜਮੀਨ ਦੇ ਮਾਲਕ ਸਨ। ਬਚਪਨ ਵਿੱਚ ਹੀ ਆਪ ਦੇ ਪਿਤਾ ਦਾ ਦਿਹਾਂਤ ਹੋ ਗਿਆ। ਪਾਲਣ-ਪੋਸ਼ਣ ਦੀ ਜਿੰਮੇਵਾਰੀ ਦਾਦਾ ਬਦਨ ਸਿੰਘ ਨੇ ਨਿਭਾਈ। ਕਰਤਾਰ ਸਿੰਘ ਦੀ ਛੋਟੀ ਭੈਣ ਦਾ ਨਾਂ ਧੰਨ ਕੌਰ ਸੀ, ਜਿਸ ਦਾ ਦਿਹਾਂਤ ਅਜਾਦੀ ਮਿਲਣ ਤੋਂ ਵੀਹ ਕੁ ਸਾਲ ਬਾਅਦ ਹੋਇਆ। ਕਰਤਾਰ ਸਿੰਘ ਨੇਂ ਪੰਜਵੀਂ ਜਮਾਤ ਤੀਕ ਦੀ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਈਮਰੀ ਸਕੂਲ ਤੋਂ ਪ੍ਰਾਪਤ ਕੀਤੀ। ਪ੍ਰਾਇਮਰੀ ਸਿੱਖਿਆ ਤੋਂ ਬਾਅਦ ਆਪ ਨੂੰ ਮਾਲਵਾ ਹਾਈ ਸਕੂਲ ਲੁਧਿਆਣਾ ਵਿਖੇ ਦਾਖਿਲ ਕਰਵਾਇਆ ਗਿਆ ਪ੍ਰੰਤੂ ਉੱਥੇ ਆਪ ਦਾ ਦਿਲ ਨਾ ਲੱਗਾ ਤੇ ਨੌਵੀਂ ਜਮਾਤ ਦੀ ਪੜ੍ਹਾਈ ਛੱਡ ਕੇ ਆਪਣੇਂ ਚਾਚਾ ਜੋ ਕਿ ਜੰਗਲਾਤ ਮਹਿਕਮੇਂ ਵਿੱਚ ਉੱਚ ਅਧਿਕਾਰੀ ਸੀ, ਕੋਲ ਉੜੀਸਾ ਚਲੇ ਗਏ। ਆਪ ਦਾ ਇੱਕ ਹੋਰ ਚਾਚਾ ਯੂ ਪੀ ਵਿੱਚ ਸਬ ਇੰਸਪੈਕਟਰ ਲੱਗਾ ਹੋਇਆ ਸੀ। ਉੜੀਸਾ ਵਿੱਚ ਰਹਿਣ ਸਮੇਂ ਦੌਰਾਨ ਕਰਤਾਰ ਸਿੰਘ ਨੇਂ ਦਸਵੀਂ ਦੀ ਸਿੱਖਿਆ ਪਾਸ ਕੀਤੀ। ਇਹਨਾਂ ਦਿਨਾਂ ਵਿੱਚ ਬੰਗਾਲ ਅਤੇ ਉੜੀਸਾ ਵਿੱਚ ਗੁਲਾਮੀ ਦਾ ਜੂਲਾ ਲਾਹੁਣ ਲਈ ਭਾਰਤੀਆਂ ਵਿੱਚ ਜਾਗ੍ਰਿਤੀ ਪੈਦਾ ਹੋ ਰਹੀ ਸੀ। ਇੱਥੇ ਰਹਿਣ ਦੌਰਾਨ ਆਪ ਦੇ ਮਨ ਵਿੱਚ ਭਾਰਤੀਆਂ ਨੂੰ ਗੁਲਾਮ ਬਣਾਉਣ ਵਾਲੇ ਅੰਗਰੇਜ ਵਪਾਰੀਆਂ ਪ੍ਰਤੀ ਨਫਰਤ ਪੈਦਾ ਹੋ ਗਈ। ਆਪ ਨੇ ਰਾਜਨੀਤੀ ਅਤੇ ਇਤਿਹਾਸ ਸੰਬਧੀ ਪੁਸਤਕਾਂ ਤੇ ਅਗਰਗਾਮੀਂ ਸਾਹਿੱਤ ਦਾ ਡੂੰਘਾ ਅਧਿਐਨ ਕੀਤਾ। ਤੀਖਣ ਬੁੱਧੀ ਦਾ ਮਾਲਕ ਹੋਣ ਕਾਰਨ ਆਪ ਨੇਂ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜੀ ਵਿੱਚ ਚੰਗੀ ਮੁਹਾਰਤ ਹਾਸਿਲ ਕਰ ਲਈ। ਕ੍ਰਿਕਟ ਅਤੇ ਫੁੱਟਬਾਲ ਖੇਡਣ ਦਾ ਆਪ ਨੂੰ ਬਹੁਤ ਸ਼ੌਂਕ ਸੀ।ਦਸਵੀਂ ਪਾਸ ਕਰਨ ਤੋਂ ਥੋੜ੍ਹਾ ਸਮਾਂ ਬਾਅਦ ਆਪ ਆਪਣੇਂ ਜੱਦੀ ਪਿੰਡ ਸਰਾਭਾ ਪਰਤ ਆਏ। ਆਪ ਦੇ ਦਾਦਾ ਬਚਨ ਸਿੰਘ ਦੇ ਮਨ ਵਿੱਚ ਇਸ ਗੱਲ ਦਾ ਲੋਚਾ ਸੀ ਕਿ ਉਸ ਦਾ ਪੋਤਰਾ ਉਚੇਰੀ ਸਿੱਖਿਆ ਪ੍ਰਾਪਤ ਕਰੇ। ਇਸ ਮਕਸਦ ਦੀ ਪੂਰਤੀ ਲਈ ਕਰਤਾਰ ਸਿੰਘ ਨੂੰ ਅਮਰੀਕਾ ਭੇਜਿਆ ਗਿਆ।
1 ਜਨਵਰੀ, 1912 ਨੂੰ ਕਰਤਾਰ ਸਿੰਘ ਸਾਨਫ੍ਰਾਸਸਿਕੋ ਪਹੁੰਚਿਆ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਹਾਜ ਤੋਂ ਉੱਤਰਦਿਆਂ ਹੀ ਆਪ ਤੋਂ ਕਈ ਕਿਸਮ ਦੇ ਸਵਾਲ ਪੁੱਛੇ। ਕਰਤਾਰ ਸਿੰਘ ਨੇ ਸਾਰੇ ਸਵਾਲਾਂ ਦਾ ਤੱਸਲੀਬਖ਼ਸ਼ ਜਵਾਬ ਦਿੱਤਾ ਜਿਸ ਦੇ ਸਿੱਟੇ ਵਜੋਂ ਅਧਿਕਾਰੀਆਂ ਨੇ ਆਪ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ। ਬੰਦਰਗਾਹ ਤੇ ਉੱਤਰ ਕੇ ਥੋੜ੍ਹੇ ਦਿਨਾਂ ਮਗਰੋਂ ਸਰਾਭਾ ਨੇ ਫਾਰਮਾਂ ਤੇ ਬਾਗਾਂ ਵਿੱਚ ਫਲ ਤੋੜਨ ਦਾ ਕੰਮ ਕੀਤਾ। ਮਿਹਨਤੀ ਸੁਭਾਅ ਹੋਣ ਕਾਰਨ ਉਵਰਟਾਈਮ ਲਗਾ ਕੇ ਕੁੱਝ ਪੈਸੇ ਜੋੜ ਲਏ ਅਤੇ ਬਰਕਲੇ ਵਿਖੇ ਕੈਲੇਫੋਰਨੀਆਂ ਯੂਨੀਵਰਸਿਟੀ ਵਿੱਚ ਰਸਾਇਣ ਸਿੱਖਿਆ ਦੀ ਉੱਚ ਸਿੱਿਖਆ ਲਈ ਦਾਖਲਾ ਲੈ ਲਿਆ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਤੇ ਅਮਰੀਕਾ ਵਿੱਚ ਵਿਚਰਦਿਆਂ ਨੇਂ ਆਪ ਨੇ ਦੇਖ ਲਿਆ ਕਿ ਅਮਰੀਕਾ ਵਿੱਚ ਨਸਲੀ ਵਿਤਕਰੇ ਦੀ ਬਿਮਾਰੀ ਆਮ ਸੀ। ਭਾਰਤੀਆਂ ਨੂੰ ਕਾਲੇ ਕੁਲੀ ਕਹਿ ਕੇ ਪੁਕਾਰਿਆ ਅਤੇ ਦੁਰਕਾਰਿਆ ਜਾਂਦਾ ਸੀ ਅਤੇ ਗੋਰਿਆਂ ਦੇ ਹੋਟਲਾਂ ਵਿੱਚ ਦਾਖਲਾ ਵਰਜਿਤ ਸੀ। ਇਹਨਾਂ ਸੱਭ ਗੱਲਾਂ ਨੂੰ ਦੇਖ ਕੇ ਸਰਾਭਾ ਇਸ ਸਿੱਟੇ ਤੇ ਪੁੱਜਾ ਕਿ ਦੁਨੀਆਂ ਵਿੱਚ ਗੁਲਾਮ ਦੇਸ਼ਾਂ ਦੇ ਲੋਕਾਂ ਦੀ ਕੋਈ ਕਦਰ ਨਹੀਂ। ਆਪ ਕਿਹਾ ਕਰਦੇ ਸਨ ਕਿ ਦੇਸ਼ ਪੈਣ ਧੱਕੇ, ਬਾਹਰ ਢੋਈ ਕੋਈ ਨਾਂ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾਂ। ਬਹੁਤ ਸਾਰੇ ਅਜ਼ਾਦ ਗੋਰੇ ਭਾਰਤੀਆਂ ਦੀ ਬੇਇਜਤੀ ਕਰਦੇ ਸਨ ਅਤੇ ਭਾਰਤੀ ਲੋਕਾਂ ਦੀ ਤੁਲਨਾਂ ਭੇਡਾਂ ਨਾਲ ਕਰਦੇ ਸਨ ਜੋ ਕਰੋੜਾਂ ਦੀ ਗਿਣਤੀ ਹੋਣ ਦੇ ਬਾਵਜੂਦ ਗਿਣਤੀ ਦੇ ਗੋਰਿਆਂ ਦੇ ਗੁਲਾਮ ਬਣੀਂ ਬੈਠੇ ਸਨ। ਇਹ ਸੱਭ ਦੇਖ ਕੇ ਕਰਤਾਰ ਸਿੰਘ ਨੇ ਫਿਰੰਗੀਆਂ ਨੂੰ ਭਾਰਤ ਵਿੱਚੋਂ ਕੱਢਣ ਦਾ ਦ੍ਰਿੜ੍ਹ ਸੰਕਲਪ ਕੀਤਾ। 1912 ਈਸਵੀ ਦੇ ਆਰੰਭ ਵਿੱਚ ਕੁੱਝ ਭਾਰਤੀਆਂ ਖੇਤਾਂ, ਮਿੱਲਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਭਾਰਤੀ ਮਜਦੂਰਾਂ ਦੀ ਇੱਕ ਮੀਟਿੰਗ ਪੋਰਟਲੈਂਡ (ਉਰੇਗਨ) ਵਿੱਚ ਬੁਲਾਈ ਗਈ।ਵੱਖ-ਵੱਖ ਖੇਤਰਾਂ ਤੋਂ ਆਏ ਮਜ਼ਦੂਰਾਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ।ਸੰਘਰਸ਼ ਕਰਨ ਅਤੇ ਆਪਣੇਂ ਹੱਕਾਂ ਦੀ ਪ੍ਰਾਪਤੀ ਲਈ ”ਦੀ ਹਿਦੋਸਤਾਨ ਐਸੋਸੀਏਸ਼ਨ” ਨਾਂ ਦੀ ਸੰਸਥਾ ਦੀ ਬੁਨੀਆਦ ਰੱਖੀ ਗਈ ਜਿਸ ਦੇ ਪ੍ਰਧਾਨ ਸੋਹਣ ਸਿੰਘ ਭਕਨਾਂ ਨੂੰ ਬਣਾਇਆ ਗਿਆ। ਇਸ ਸੰਸਥਾ ਵਲੋਂ ਨਿਰੰਤਰ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਬੁਲਾਈਆਂ ਗਈਆਂ। ਸਾਰਥਕ ਕਦਮ ਚੁਕੱਣ ਲਈ ਇਨਕਲਾਬੀ ਜਥੇਬੰਦੀ ਸਥਾਪਤ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਮੀਟਿੰਗ ਆਸਟਰੀਆ ਉਰੇਗਨ ਵਿਖੇ ਬੁਲਾਈ ਗਈ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਸੀ।ਨਵੀਂ ਸੰਸਥਾ ”ਦਿ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ” ਹੋਂਦ ਵਿੱਚ ਲਿਆਂਦੀ ਗਈ। ਬਾਬਾ ਸੋਹਣ ਸਿੰਘ ਭਕਨਾਂ ਨੂੰ ਪ੍ਰਧਾਨ ਅਤੇ ਲਾਲਾ ਹਰਦਿਆਲ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ।
ਮਗਰੋਂ ਇਸ ਜਥੇਬੰਦੀ ਦਾ ਨਾਂ ਬਦਲ ਕੇ ”ਗਦਰ ਲਹਿਰ” ਰਖਿੱਆ ਗਿਆ ਤੇ ਇੱਕ ਨਵੰਬਰ 1913 ਨੂੰ :ਗਦਰ ਪਰਚੇ ਦਾ ਪ੍ਰਕਾਸ਼ਨ ਸ਼ੁਰੂ ਹੋਇਆ। ਪਰਚੇ ਦੀ ਦੇਖ ਰੇਖ ਦਾ ਸਾਰਾ ਕੰਮ ਕਰਤਾਰ ਸਿੰਘ ਸਰਾਭਾ ਨੂੰ ਸੋਂਪਿਆ ਗਿਆ। ਆਪ ਦੀ ਅਣਥੱਕ ਮਿਹਨਤ ਅਤੇ ਹਿੰਮਤ ਸਦਕਾਂ ”ਗਦਰ” ਪਰਚਾ ਅਮਰੀਕਾ ਅਤੇ ਕੈਨੇਡਾ ਦੀਆਂ ਹੱਦਾਂ ਪਾਰ ਕਰਕੇ ਉੱਤਰੀ-ਪੂਰਬੀ ਏਸ਼ੀਆ, ਯੂਰਪ ਅਤੇ ਭਾਰਤ ਤੀਕ ਪਹੁੰਚਣਾ ਸ਼ੁਰੂ ਹੋ ਗਿਆ। ਗਦਰ ਪਰਚੇ ਵਿੱਚ ਛਪਣ ਵਾਲੀ ਸਮੱਗਰੀ ਨੇਂ ਭਾਰਤੀ ਕਾਮਿਆਂ ਖਾਸ ਕਰਕੇ ਪੰਜਾਬੀਆਂ ਦੀ ਸੋਚ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲੈ ਆਂਦਾ। 10 ਫਰਵਰੀ 1914 ਨੂੰ ਗਦਰ ਪਰਚੇ ਵਿੱਚ ਇਹ ਵਿਗਿਆਪਨ ਦਿੱਤਾ ਗਿਆ-ਜਰੂਰਤ ਹੈ-ਜਰੂਰਤ ਹੈ-ਨਿਡਰ ਤੇ ਬਹਾਦਰ ਸਿਪਾਹੀਆਂ ਦੀ-ਤਨਖਾਹ-ਮੌਤ, ਇਨਾਮ-ਸ਼ਹੀਦੀ, ਪੈਨਸ਼ਨ-ਅਜ਼ਾਦੀ, ਮੁਕਾਮ-ਮੈਦਾਨੇ-ਏ ਜੰਗ (ਹਿੰਦੋਸਤਾਨ)। ਇਸ ਤਰ੍ਹਾਂ ਗਦਰ ਪਰਚੇ ਵਿੱਚ ਛਪਿਆ, ”ਆਜ਼ਾਦੀ ਮੰਗਣ ਨਾਲ ਨਹੀਂ ਮਿਲਦੀ। ਬਹਾਦਰ ਲੋਕ ਜੋਰ ਨਾਲ ਆਜਾਦੀ ਲੈਂਦੇ ਹਨ। ਡਰਪੋਕ ਆਦਮੀਂ ਦਿੱਤੀ ਹੋਈ ਅਜ਼ਾਦੀ ਵੀ ਨਹੀਂ ਸੰਭਾਲ ਸਕਦੇ। ਜੇ ਬਹਾਦਰ ਬਣਨਾਂ ਹੈ ਤਾਂ ਗਦਰ ਕਰੋ।ਜੇ ਗਦਰ ਕਰਨਾਂ ਹੈ ਤਾਂ ਬਹਾਦਰ ਬਣੋਂ। ਬਹਾਦਰ ਬਣਨ ਵਾਸਤੇ ਸਿਰ ਤੇ ਕੱਫਨ ਬਨ੍ਹ ਕੇ ਮੈਦਾਨ-ਏ ਜੰਗ ਵਿੱਚ ਆ ਜਾਉ।”
ਇਹਨਾਂ ਹੀ ਦਿਨ੍ਹਾਂ ਵਿੱਚ ਆਜਾਦੀ ਦੇ ਪਰਵਾਨਿਆਂ ਦੀਆਂ ਸਰਗਰਮੀਆਂ ਦਾ ਕੇਂਦਰ ਸਾਨਫ੍ਰਾਂਸਿਸਕੋ ਵਿਖੇ ”ਯੁਗਾਂਦਰ ਆਸ਼ਰਮ” ਸੀ। ਗ਼ਦਰ ਲਹਿਰ ਦਿਨ-ਬ ਦਿਨ ਜੋਰ ਪਕੜ ਰਹੀ ਸੀ। ਸਰਕਾਰ ਇਹਨਾਂ ਸਰਗਰਮੀਆਂ ਨੂੰ ਪਸੰਦ ਨਹੀਂ ਕਰਦੀ ਸੀ। ਇਸ ਲਈ ਕੇਸ ਦਰਜ ਕਰਕੇ ਲਾਲਾ ਹਰਦਿਆਲ ਨੂੰ 25 ਮਾਰਚ, 1914 ਨੂੰ ਗ੍ਰਿਫਤਾਰ ਕਰ ਲਿਆ। ਪਹਿਲਾ ਸੰਸਾਰ ਯੁੱਧ ਛਿੜਨ ਤੇ ਅੰਗਰੇਜਾਂ ਨੂੰ ਜੰਗ ਵਿੱਚ ਰੁੱਝੇ ਵੇਖ ਕੇ ਅਮਰੀਕਾ ਵਸਦੇ ਭਾਰਤੀਆਂ ਨੇ ਇਸ ਮੌਕੇ ਤੋਂ ਲਾਭ ਉਠਾਉਣ ਦੀ ਯੋਜਨਾਂ ਬਣਾਈ। ਇਹਨਾਂ ਦੇਸ਼ ਭਗਤਾਂ ਨੇ ਵੱਖ-ਵੱਖ ਗਰੁੱਪ ਬਣਾ ਕੇ ਅੰਗਰੇਜ਼ਾਂ ਦਾ ਤਖਤਾ ਪਲਟਾਉਣ ਲਈ ਭਾਰਤ ਵੱਲ ਵਹੀਰਾਂ ਘੱਤ ਲਈਆਂ।ਬਹੁਤ ਸਾਰੇ ਦੇਸ਼ ਭਗਤਾਂ ਨੂੰ ਜਹਾਜਾਂ ਵਿੱਚੋਂ ਉੱਤਰਦਿਆਂ ਹੀ ਅੰਗਰੇਜ ਸਰਕਾਰ ਨੇਂ ਗ੍ਰਿਫਤਾਰ ਕਰ ਲਿਆ ਪ੍ਰੰਤੂ ਕਰਤਾਰ ਸਿੰਘ ਆਪਣੇਂ ਕੁੱਝ ਸਾਥੀਆਂ ਸਮੇਤ ਬਚ ਕੇ ਪੰਜਾਬ ਪਹੁੰਚ ਗਿਆ। ਇੱਥੇ ਆ ਕੇ ਉਸਨੇਂ ਅੰਗਰੇਜਾਂ ਨੂੰ ਦੇਸ਼ ਨਿਕਾਲਾ ਦੇਣ ਲਈ ਵੱਖ-ਵੱਖ ਛਾਉਣੀਆਂ ਵਿੱਚ ਜਾ ਕੇ ਫੌਜੀਆਂ ਨਾਲ ਸਪੰਰਕ ਕੀਤਾ। ਫੌਜੀ ਜਵਾਨਾਂ ਨੇ ਕਰਤਾਰ ਸਿੰਘ ਨੂੰ ਕਿਹਾ ਕਿ ਉਹ ਬਗਾਵਤ ਸਮੇਂ ਉਹਨਾਂ ਸਦਾ ਸਾਥ ਦੇਣਗੇ। ਬਗਾਵਤ ਨੂੰ ਸਫਲ ਬਣਾਉਣ ਲਈ ਹਥਿਆਰਾਂ ਦੀ ਲੌੜ ਸੀ। ਹਥਿਆਰ ਖਰੀਦਣ ਅਤੇ ਮਾਇਆ ਵਾਸਤੇ ਉਹਨਾਂ ਨੇ ਕਈ ਥਾਈਂ ਡਾਕੇ ਮਾਰੇ। ਸਾਰੇ ਪ੍ਰਬੰਧ ਮੁਕੰਮਲ ਕਰਕੇ 21 ਫਰਵਰੀ, 1915 ਦਾ ਦਿਨ ਬਗਾਵਤ ਕਰਨ ਲਈ ਮਿੱਥ ਦਿੱਤਾ ਗਿਆ। ਛਾਉਣੀਆਂ ਉੱਤੇ ਕਬਜ਼ਾ ਕਰਕੇ ਕੌਮੀ ਝੰਡਾ ਲਹਿਰਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ। ਮਗਰੋਂ ਇਹ ਤਾਰੀਖ 21 ਫਰਵਰੀ ਦੀ ਥਾਂ 19 ਫਰਵਰੀ ਕਰ ਦਿੱਤੀ ਗਈ ਪ੍ਰੰਤੂ ਕਿਰਪਾਲ ਸਿੰਘ ਗੱਦਾਰ ਨੇ ਸਰਕਾਰ ਨੂੰ ਦੇਸ਼ ਭਗਤਾਂ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਸੂਚਿਤ ਕਰ ਦਿੱਤਾ। ਸਿੱਟੇ ਵਜੋਂ ਸਾਰੀ ਯੋਜਨਾਂ ਦਾ ਸਰਕਾਰ ਨੂੰ ਪਤਾ ਲੱਗ ਜਾਣ ਤੇ ਛਾਉਣੀਆਂ ਉੱਤੇ ਹੱਲਾ ਕਰਨ ਦੇ ਯਤਨ ਅਸਫਲ ਹੋਏ ਅਤੇ ਦੇਸ਼ ਭਗਤਾਂ ਨੂੰ ਨਾਕਾਮਯਾਬੀਆਂ ਦਾ ਮੂੰਹ ਦੇਖਣਾ ਪਿਆ। ਅਨੇਕਾਂ ਦੇਸ਼ ਭਗਤ ਗ੍ਰਿਫਤਾਰ ਕਰ ਲਏ ਗਏ।
ਇਸ ਫੜੋ-ਫੜੀ ਦੌਰਾਨ ਕਰਤਾਰ ਸਿੰਘ ਆਪਣੇ ਦੋ ਸਾਥੀਆਂ ਜਗਤ ਸਿੰਘ ਅਤੇ ਹਰਨਾਮ ਸਿੰਘ ਟੁੰਡੀਲਾਟ ਸਮੇਤ ਪਿਸ਼ਾਵਰ ਪੁੱਜ ਗਿਆ ਤਾਂ ਜੋ ਬਾਹਰ ਰਹਿ ਕੇ ਗਦਰ ਦੀ ਦੁਬਾਰਾ ਤਿਆਰੀ ਕੀਤੀ ਜਾ ਸਕੇ। ਮਗਰੋਂ ਕਰਤਾਰ ਸਿੰਘ ਦੇ ਮਨ ਵਿੱਚ ਆਇਆ ਕਿ ਆਪਣੇਂ ਸਾਥੀਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਦੇਸ਼ ਤੋਂ ਬਾਹਰ ਭੱਜਣਾਂ ਚੰਗੀ ਗੱਲ ਨਹੀਂ।ਇਹ ਸੋਚ ਕੇ ਆਪ ਵਾਪਿਸ ਦੇਸ਼ ਪਰਤ ਆਏ। ਸਰਗੋਧੇ ਗੰਡਾ ਸਿੰਘ ਦੇ ਫਾਰਮ ਪਹੁੰਚੇ। ਗੰਡਾ ਸਿੰਘ ਸਰਕਾਰ ਪ੍ਰਸਤ ਅੰਗਰੇਜ਼ਾਂ ਦਾ ਝੋਲੀ ਚੁੱਕ ਸੀ। ਉੱਪਰੋ-ਉੱਪਰੋਂ ਗੰਡਾ ਸਿੰਘ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਪ੍ਰੰਤੂ ਹੋਰ ਹਥਿਆਰ ਲਿਆਉਣ ਦੇ ਬਹਾਨੇ ਥਾਣੇ ਜਾ ਕੇ ਕਰਤਾਰ ਸਿੰਘ, ਜਗਤ ਸਿੰਘ ਤੇ ਹਰਨਾਮ ਸਿੰਘ ਟੁੰਡੀਲਾਟ ਬਾਰੇ ਸੂਚਨਾ ਦੇ ਦਿੱਤੀ। ਇਹਨਾਂ ਤਿੰਨਾਂ ਦੇਸ਼ ਭਗਤਾਂ ਨੂੰ ਪੁਲਿਸ ਨੇ 2 ਮਾਰਚ,1915 ਨੂੰ ਗ੍ਰਿਫਤਾਰ ਕਰ ਲਿਆ।
ਗ੍ਰਿਫਤਾਰ ਕਰਨ ਉਪਰੰਤ ਕਰਤਾਰ ਸਿੰਘ ਸਰਾਭਾ ਨੂੰ ਸੈਂਟਰਲ ਜੇਲ੍ਹ ਲਾਹੌਰ ਲਿਆਂਦਾ ਗਿਆ ਅਤੇ ਉਹਨਾਂ ਤੇ ਅੰਗਰੇਜ਼ੀ ਰਾਜ ਦਾ ਤਖਤਾ ਪਲਟਾਉਣ ਵਰਗੇ ਸੰਗੀਨ ਜੁਰਮ ਲਗਾ ਕੇ ਮੁਕੱਦਮਾ ਚਲਾਇਆ ਗਿਆ। ਪ੍ਰੰਤੂ ਕਰਤਾਰ ਸਿੰਘ ਨੇਂ ਸਾਰੇ ਦੋਸ਼ ਕਬੂਲ ਕਰ ਲਏ ਅਤੇ ਕੋਈ ਸਫਾਈ ਪੇਸ਼ ਨਹੀਂ ਕੀਤੀ ਸਗੋਂ ਆਪਣੇ ਬਿਆਨ ਵਿੱਚ ਕਿਹਾ ਕਿ, ”ਮੈਨੂੰ ਜਲਦੀ ਫਾਂਸੀ ਦਿੳੇ ਤਾਂ ਜੋ ਮੈਂ ਆਪਣੇ ਅਧੂਰੇ ਕਾਰਜ਼ ਨੂੰ ਨੇਪੜੇ ਚਾੜ੍ਹ ਸਕਾਂ।” ਅੱਗੇ ਚਲ ਕੇ ਆਪਣੇਂ ਬਿਆਨ ਵਿੱਚ ਕਿਹਾ ਕਿ ਮੈਂ ਜੋ ਕੁੱਝ ਕੀਤਾ ਹੈ ਭਾਰਤ ਨੂੰ ਗੁਲਾਮੀਂ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਕੀਤਾ ਹੈ। ਮੈਨੂੰ ਆਪਣੇ ਕੀਤੇ ਕੰਮਾਂ ‘ਤੇ ਕੋਈ ਪਛਤਾਵਾ ਨਹੀਂ ਹੈ। ਕਰਤਾਰ ਸਿੰਘ ਦੀ ਛੋਟੀ ਉਮਰ ਹੋਣ ਕਾਰਨ ਜੱਜ ਨੇਂ ਉਸਨੂੰ ਸੋਚਣ ਲਈ ਹੋਰ ਮੌਕਾ ਦਿੱਤਾ ਪ੍ਰੰਤੂ ਸਰਾਭਾ ਆਪਣੇਂ ਪਹਿਲੇ ਬਿਆਨਾਂ ‘ਤੇ ਡਟਿਆ ਰਿਹਾ।
ਅੰਤ ਕ੍ਰਾਂਤੀਕਾਰੀਆਂ ਦੇ ਕੇਸ ਨਿਪਟਾਉਣ ਲਈ ਬ੍ਰਿਟਿਸ਼ ਸਰਕਾਰ ਵਲੋਂ ਬਣਾਏ ਟ੍ਰਿਬਿਉਨਲ ਨੇ ਉਸਨੂੰ ਖਤਰਨਾਕ ਇਨਕਲਾਬੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾ ਦਿੱਤੀ ਤੇ ਸੈਂਟਰਲ ਜੇਲ੍ਹ ਲਾਹੌਰ ਵਿੱਚ 16 ਨਵੰਬਰ,1915 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਦੋਂ ਦਰੋਗਾ ਉਸਨੂੰ ਫਾਂਸੀ ਦੇ ਤਖਤੇ ‘ਤੇ ਲੈ ਕੇ ਆਇਆ ਤਾਂ ਸਰਾਭਾ ਨੇਂ ਕਿਹਾ,”ਦਰੋਗਾ ਮੱਤ ਸਮਝੋ ਕਿ ਕਰਤਾਰ ਸਿੰਘ ਮਰ ਗਿਆ ਹੈ। ਮੇਰੇ ਖੂਨ ਦੇ ਜਿਤਨੇਂ ਕਤਰੇ ਹੈਂ, ਉਤਨੇਂ ਕਰਤਾਰ ਸਿੰਘ ਔਰ ਪੈਦਾ ਹੋਂਗੇ ਔਰ ਦੇਸ਼ ਕੀ ਅਜ਼ਾਦੀ ਕੇ ਲੀਏ ਕਾਮ ਕਰੇਂਗੇ।” ਫਾਂਸੀ ਸਮੇਂ ਉਸਦਾ ਭਾਰ ਚੌਦਾਂ ਪੌਂਡ ਵਧ ਗਿਆ ਸੀ। ਫਾਂਸੀ ਦੀ ਖਬਰ ਸੁਣ ਕੇ ਗਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ ਨੇ ਕਿਹਾ-”ਜਿਵੇਂ ਕਰਤਾਰ ਸਿੰਘ ਸਰਾਭਾ ਹਰ ਕੰਮ ਵਿੱਚ ਸਾਥੋਂ ਅੱਗੇ ਰਹਿੰਦਾ ਸੀ ਉਸੇ ਤਰ੍ਹਾਂ ਕੁਰਬਾਨੀ ਵਿੱਚ ਵੀ ਸਾਨੂੰ ਸੱਭ ਨੂੰ ਪਿੱਛੇ ਛੱਡ ਗਿਆ ਹੈ।” ਇੱਥੇ ਇਹ ਲਿਖਣਾਂ ਵੀ ਕੁਥਾਂ ਨਹੀਂ ਹੋਵੇਗਾ ਕਿ ਲਾਹੌਰ ਸਾਜਿਸ਼ ਕੇਸ ਦਾ ਫੈਂਸਲਾ ਸੁਣਨ ਤੋਂ ਬਾਅਦ ਸਰਾਭਾ ਦੇ ਦਾਦਾ ਆਖਰੀ ਵਾਰ ਉਸਨੂੰ ਜੇਲ੍ਹ ਵਿੱਚ ਮਿਲਣ ਆਏ। ਉਹਨਾਂ ਦੀ ਇੱਛਾ ਸੀ ਕਿ ਕਰਤਾਰ ਸਿੰਘ ਆਪਣਾਂ ਬਿਆਨ ਬਦਲ ਲਵੇ ਤਾਂ ਜੋ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਵਿੱਚ ਤਬਦੀਲ ਹੋ ਸਕੇ ਪਰ ਕਰਤਾਰ ਸਿੰਘ ਸਰਾਭਾ ਨਾਂ ਮੰਨਿਆ। ਉਸਨੇ ਆਪਣੇਂ ਦਾਦਾ ਜੀ ਨੂੰ ਕਿਹਾ ਕਿ ਉਹ ਆਪਣੇਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਂ ਕਰ ਰਿਹਾ ਹੈ,ਉਸਦੀ ਸ਼ਹਾਦਤ ਨੂੰ ਲੋਕ ਸਦਾ ਯਾਦ ਰੱਖਣਗੇ। ਅਸੀਂ ਕਹਿ ਸਕਦੇ ਹਾਂ ਕਿ ਕਰਤਾਰ ਸਿੰਘ ਸਰਾਭਾ ਬੇਬਾਕ, ਨਿਡਰ ਤੇ ਦ੍ਰਿੜ੍ਹ ਨਿਸ਼ਚੇ ਵਾਲਾ ਇਨਕਲਾਬੀ ਸੀ। ਉਸਨੇ ਸਮੁੱਚੇ ਭਾਰਤੀਆਂ ਦੀ ਸੁੱਤੀ ਅਣਖ ਨੂੰ ਜਗਾਇਆ।ਸੱਚ-ਮੁੱਚ ਉਸ ਦਾ ਲਹੂ ਦੇਸ਼ ਭਗਤੀ ਦਾ ਚਸ਼ਮਾ ਸੀ। ਅਜਿਹੇ ਬਾਲੇ-ਜਰਨੈਲ ਨੂੰ ਲੱਖ-ਲੱਖ ਸਲਾਮ। ਸ਼ਹੀਦઠ ਕੀ ਜੋ ਮੌਤ ਹੈ ਵੋਹ ਕੌਮ ਕੀ ਹਯਾਤ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …