Breaking News
Home / ਨਜ਼ਰੀਆ / ਰਾਇਰਸਨ ਯੂਨੀਵਰਸਿਟੀ ਵਲੋਂ ਬਰੈਂਪਟਨ ਵਿਚ ਬਣਨ ਵਾਲੀ ਯੂਨੀਵਰਸਿਟੀ ਨੂੰ ਸਹਿਯੋਗ

ਰਾਇਰਸਨ ਯੂਨੀਵਰਸਿਟੀ ਵਲੋਂ ਬਰੈਂਪਟਨ ਵਿਚ ਬਣਨ ਵਾਲੀ ਯੂਨੀਵਰਸਿਟੀ ਨੂੰ ਸਹਿਯੋਗ

ਡਾ. ਸੁਖਦੇਵ ਸਿੰਘ ਝੰਡ
ਪਿਛਲੇ ਸਾਲ ਅਕਤੂਬਰ 2016 ਵਿੱਚ ਓਨਟਾਰੀਓ ਸਰਕਾਰ ਦੇ ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਸੂਬੇ ਦੇ ਦੋ ਸ਼ਹਿਰਾਂ ਬਰੈਂਪਟਨ ਅਤੇ ਮਿਲਟਨ ਵਿੱਚ ‘ਪੋਸਟ ਸੈਕੰਡਰੀ ਸੰਸਥਾਵਾਂ’ ਖੋਲ੍ਹਣ ਲਈ 180 ਮਿਲੀਅਨ ਡਾਲਰ ਦੀ ਰਾਸ਼ੀ ਐਲਾਨਣ ਨਾਲ ਬਰੈਂਪਟਨ ਵਿੱਚ ਚਿਰਾਂ ਤੋਂ ਲਟਕਦੀ ਆ ਰਹੀ ਯੂਨੀਵਰਸਿਟੀ ਦੀ ਮੰਗ ਨੂੰ ‘ਬੂਰ’ ਪੈਂਦਾ ਨਜ਼ਰ ਆਇਆ ਸੀ। ਪਰ ਇਸ ਦੇ ਨਾਲ ਹੀ ਲੋਕਾਂ ਵਿੱਚ ਇਹ ਚਰਚਾ ਵੀ ਸ਼ੁਰੂ ਹੋ ਗਈ ਸੀ ਕਿ ਕੀ ਏਨੀ ਕੁ ਰਾਸ਼ੀ (90-90 ਮਿਲੀਅਨ ਡਾਲਰ) ਨਾਲ ਦੋ ਯੂਨੀਵਰਸਿਟੀਆਂ ਹੋਂਦ ਵਿੱਚ ਆ ਸਕਦੀਆਂ ਹਨ? ਕੀ ਕਿਸੇ ‘ਪੋਸਟ ਸੈਕੰਡਰੀ ਸੰਸਥਾ’ ਨੂੰ ‘ਯੂਨੀਵਰਸਿਟੀ’ ਦਾ ਦਰਜਾ ਦਿੱਤਾ ਜਾ ਸਕਦਾ ਹੈ? ਬਰੈਂਪਟਨ ਵਿੱਚ ਬਣਨ ਜਾ ਰਹੀ ਇਹ ਯੂਨੀਵਰਸਿਟੀ ਕੀ ਇੱਕ ‘ਪੂਰੀ ਯੂਨੀਵਰਸਿਟੀ’ ਹੋਵੇਗੀ ਜਾਂ ਕਿਸੇ ਹੋਰ ਯੂਨੀਵਰਸਿਟੀ ਦਾ ‘ਰਿਜਨਲ ਕੈਂਪਸ’ ਹੋਵੇਗੀ? ਕਈ ਤਾਂ ਸ਼ੈਰੀਡਨ ਕਾਲਜ ਨੂੰ ਹੀ ਯੂਨੀਵਰਸਿਟੀ ਦਾ ਦਰਜਾ ਦਿੱਤੇ ਜਾਣ ਦੇ ਕਿਆਫ਼ੇ ਲਗਾ ਰਹੇ ਸਨ। ਗੱਲ ਕੀ, ਓਦੋਂ ਬਰੈਂਪਟਨ ਯੂਨੀਵਰਸਿਟੀ ਦੀ ਤਸਵੀਰ ਬਿਲਕੁਲ ਸਾਫ਼ ਨਹੀਂ ਸੀ ਅਤੇ ਇਹ ਪੂਰੀ ਤਰ੍ਹਾਂ ਧੁੰਦਲੀ ਸੀ।
…ਤੇ ਇਹ ਅਜੇ ਵੀ ਏਨੀ ਸਾਫ਼ ਨਹੀਂ ਹੈ। ਇਸ ਦੇ ਬਾਰੇ ਗੱਲ ਕਰਦਿਆਂ ਮੇਰਾ ਇੱਕ ਆਰਟੀਕਲ ”ਬਰੈਂਪਟਨ ਵਿੱਚ ਬਣਨ ਵਾਲੀ ਯੂਨੀਵਰਸਿਟੀ ਕੀ ਪੂਰੀ ਯੂਨੀਵਰਸਿਟੀ ਹੋਵੇਗੀ?” ‘ਸਿੱਖ ਸਪੋਕਸਮੈਨ’ ਦੇ ਅਕਤੂਬਰ ਮਹੀਨੇ ਦੇ ਇੱਕ ਅੰਕ ਵਿੱਚ ਛਪਿਆ ਸੀ ਜਿਸ ਵਿੱਚ ਮੈ ਬਰੈਂਪਟਨ ਵਿੱਚ ਪੂਰੀ ਯੂਨੀਵਰਸਿਟੀ ਦੀ ਲੋੜ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਲਿਖਿਆ ਸੀ ਕਿ ਬਰੈਂਪਟਨ ਇੱਕ ਬਹੁ-ਦੇਸ਼ੀ, ਬਹੁ-ਕੌਮੀ ਤੇ ਬਹੁ-ਸੱਭਿਆਵਾਰ ਵਾਲਾ ਸ਼ਹਿਰ ਹੈ ਅਤੇ ਇਸ ਸਮੇਂ ਸਾਢੇ ਪੰਜ ਮਿਲੀਅਨ ਤੋਂ ਵਧੀਕ ਵਸੋਂ ਵਾਲੇ ਇਸ ਸ਼ਹਿਰ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੈਪਾਲ, ਭੁਟਾਨ, ਮੀਆਂਮਾਰ, ਆਦਿ ਦੇਸ਼ਾਂ ਤੋਂ ਆਵਾਸੀ ਆ ਕੇ ਵੱਸੇ ਹੋਏ ਹਨ ਜਿਨ੍ਹਾਂ ਦੀਆਂ ਆਪੋ-ਆਪਣੀਆਂ ਇਲਾਕਾਈ ਭਾਸ਼ਾਵਾਂ ਤੇ ਸੱਭਿਆਚਾਰ ਹਨ। ਬਰੈਂਪਟਨ ਵਿੱਚ ਪੰਜਾਬੀਆਂ ਦੀ ਬਹੁ-ਗਿਣਤੀ ਹੋਣ ਕਰਕੇ ਇਸ ਦੀ ਤਾਜ਼ਾ ਜਨ-ਗਣਨਾ ਅਨੁਸਾਰ ਪੰਜਾਬੀ ਹੁਣ ਇਸ ਸ਼ਹਿਰ ਦੀ ਦੂਸਰੀ ਸੱਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ।
ਇਨ੍ਹਾਂ ਇਲਾਕਾਈ-ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਮੇਂ ਅਤੇ ਸਥਿਤੀਆਂ ਅਨੁਸਾਰ ਇਨ੍ਹਾਂ ਵਿਚ ਹੋਰ ਖੋਜ ਕਰਨ ਦੀ ਜ਼ਰੂਰਤ ਹੈ ਜੋ ਇਸ ਖੇਤਰ ਦੀ ਯੂਨੀਵਰਸਿਟੀ ਵਿਚ ਹੀ ਹੋ ਸਕਦੀ ਹੈ। ਟੋਰਾਂਟੋ ਜਾਂ ਯੌਰਕ ਰਿਜਨ ਦੀ ਕੋਈ ਯੂਨੀਵਰਸਿਟੀ ਇਹੋ ਜਿਹੇ ਸਮਾਜਿਕ ਅਤੇ ਸੱਭਿਆਚਾਰਕ ਵਿਸ਼ਿਆਂ ‘ਤੇ ਖੋਜ ਨਹੀਂ ਕਰਵਾ ਸਕਦੀ। ਇਸ ਲਈ ਇਸ ਖੇਤਰ ਦੀ ਆਪਣੀ ਯੂਨੀਵਰਸਿਟੀ ਦਾ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਬਰੈਂਪਟਨ ਦੀ ਤੇਜ਼ੀ ਨਾਲ ਵੱਧ ਰਹੀ ਵਸੋਂ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਸੰਨ 2031 ਵਿੱਚ ਇਸ ਸ਼ਹਿਰ ਦੀ ਵਸੋਂ 7,25,000 ਹੋ ਜਾਣ ਦੀ ਸੰਭਾਵਨਾ ਹੈ ਅਤੇ ਇਸ ਦੀਆਂ ਵਿੱਦਿਅਕ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਇੱਥੇ ਉਚੇਰੀ ਸਿੱਖਿਆ ਲਈ ਯੂਨੀਵਰਸਿਟੀ ਦਾ ਹੋਣਾ ਅਤੀ ਜ਼ਰੂਰੀ ਹੈ।
ਉਦੋਂ ਓਨਟਾਰੀਓ ਸਰਕਾਰ ਦੇ ਵਿੱਤ ਮੰਤਰੀ ਦੇ ਬਿਆਨ ਨੂੰ ਦੇਰ ਨਾਲ ਆਇਆ ਦਰੁਸਤ ਐਲਾਨ ਕਹਿਣਾ ਵਾਜਬ ਸਮਝਿਆ ਗਿਆ ਸੀ ਅਤੇ ਆਮ ਲੋਕਾਂ ਦਾ ਖ਼ਿਆਲ ਸੀ ਕਿ ਜਦ ਅਸੂਲੀ ਤੌਰ ‘ਤੇ ਬਰੈਂਪਟਨ-ਵਾਸੀਆਂ ਯੂਨੀਵਰਸਿਟੀ ਸਬੰਧੀ ਮੰਗ ਮੰਨ ਹੀ ਲਈ ਗਈ ਹੈ ਤਾਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਗਲੇਰੀ ਕਾਰਵਾਈ ਵੀ ਜਲਦੀ ਹੀ ਹੋਵੇਗੀ। ਐਲਾਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਸ ਸਬੰਧੀ ਪ੍ਰਪੋਜ਼ਲਾਂ ਨਵੇਂ ਸਾਲ 2017 ਦੇ ਸ਼ੁਰੂ ਵਿੱਚ ਹੀ ਜਨਵਰੀ ਮਹੀਨੇ ਲਈਆਂ ਜਾਣਗੀਆਂ ਅਤੇ ਇਸ ਉਪਰੰਤ ਬੱਜਟ ਆਦਿ ਦੀ ਵਿਵਸਥਾ ਕੀਤੀ ਜਾਏਗੀ। ਨਤੀਜੇ ਵਜੋਂ, ਟੋਰਾਂਟੋ ਅਤੇ ਇਸ ਦੇ ਆਸ-ਪਾਸ ਸਥਿਤ ਕਈ ਯੂਨੀਵਰਸਿਟੀਆਂ ਨੂੰ ਅਜਿਹੀਆਂ ਪ੍ਰਪੋਜ਼ਲਾਂ ਭੇਜਣ ਲਈ ਕਿਹਾ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਟੋਰਾਂਟੋ ਅਤੇ ਯੌਰਕ ਖ਼ੇਤਰ ਦੀ ਕਿਸੇ ਵੀ ਯੂਨੀਵਰਸਿਟੀ ਵੱਲੋਂ ਇਸ ਸਬੰਧੀ ਕੋਈ ਵੀ ਪ੍ਰਪੋਜਲ਼ ਨਹੀਂ ਆਈ ਅਤੇ ਇੱਥੋਂ 500 ਕਿਲੋ ਮੀਟਰ ਦੂਰ ਔਟਵਾ ਸਥਿਤ ਰਾਇਰਸਨ ਯੂਨੀਵਰਸਿਟੀ ਨੇ ਇਸ ਦੇ ਬਾਰੇ ਸਹਿਯੋਗ ਦੇਣ ਲਈ ਹੁੰਗਾਰਾ ਭਰਿਆ ਹੈ। ਉਚੇਰੀ ਸਿੱਖਿਆ ਅਤੇ ਡਿਵੈੱਲਪਮੈਂਟ ਮਨਿਸਟਰ ਡੇਬ ਮੈਥਿਊਜ਼ ਨੇ ਇਸ ਦੇ ਬਾਰੇ ਪਿਛਲੇ ਹਫ਼ਤੇ ਸਪੱਸ਼ਟ ਕੀਤਾ ਕਿ ਕੇਵਲ ਰਾਇਰਸਟਨ ਯੂਨੀਵਰਸਿਟੀ ਨੇ ਹੀ ਸ਼ੈਰੀਡਨ ਕਾਲਜ ਦੇ ਸਹਿਯੋਗ ਨਾਲ ਇਸ ਸਬੰਧੀ ਆਪਣੀ ਪ੍ਰਪੋਜ਼ਲ ਭੇਜੀ ਹੈ। ਏਸੇ ਤਰ੍ਹਾਂ ਮਿਲਟਨ ਯੂਨੀਵਰਸਿਟੀ ਨੂੰ ਵਿਕਸਤ ਕਰਨ ਲਈ ਕਨਸਟੋਗਾ ਕਾਲਜ ਦੇ ਸਹਿਯੋਗ ਨਾਲ ਵਿਲਫਰਿਡ ਲੌਰੀਅਰ ਯੂਨੀਵਰਸਿਟੀ ਵੱਲੋਂ ਪ੍ਰਸਤਾਵ ਪ੍ਰਾਪਤ ਹੋਇਆ ਹੈ।
ਇਸ ਦੇ ਬਾਰੇ ਰਾਇਰਸਟਨ ਯੂਨੀਵਰਸਿਟੀ ਦੀ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਜੈਨੀਫ਼ਰ ਗਰੌਸ ਦਾ ਕਹਿਣਾ ਹੈ ਕਿ ਅਸੀਂ ਆਪਣੀ ਪ੍ਰਪੋਜ਼ਲ ਬਰੈਂਪਟਨ ਸਿਟੀ ਨੂੰ ਭੇਜ ਦਿੱਤੀ ਹੈ ਜਿਸ ਦੇ ਅਨੁਸਾਰ ਅਸੀਂ ਸ਼ੈਰੀਡਨ ਕਾਲਜ ਦੀ ਭਾਈਵਾਲੀ ਨਾਲ ਬਰੈਂਪਟਨ ਯੂਨੀਵਰਸਿਟੀ ਨੂੰ ਵਿਕਸਤ ਕਰਾਂਗੇ। ਅਗਲੇਰੀ ਕਾਰਵਾਈ ਲਈ ਓਨਟਾਰੀਓ ਸੂਬਾ ਸਰਕਾਰ ਨੂੰ ਵਿਸਤ੍ਰਿਤ ਰਿਪੋਰਟ ਅਜੇ ਭੇਜਣੀ ਬਾਕੀ ਹੈ। ਬਰੈਂਪਟਨ ਦੀ ਮੇਅਰ ਲਿੰਡਾ ਜੈਫ਼ਰੀ ਨੇ ਇਸ ਪ੍ਰਸਤਾਵ ਦੇ ਵਿਸਥਾਰ ਬਾਰੇ ਕੁਝ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਸ਼ਹਿਰ ਵਿੱਚ ਯੂਨੀਵਰਸਿਟੀ ਬਨਾਉਣ ਦੀ ਮੰਗ ਚਿਰਾਂ ਤੋਂ ਚੱਲਦੀ ਆ ਰਹੀ ਸੀ ਅਤੇ ਜਦੋਂ 2014 ਵਿੱਚ ਉਨ੍ਹਾਂ ਨੇ ਮੇਅਰ ਦਾ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਨੇ ‘ਬਲੂ ਰਿਬਨ ਬੋਰਡ’ ਬਣਾ ਕੇ ਇਸ ਦੀ ਵਾਗਡੋਰ ਬਿਲ ਡੇਵਿਸ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰ ਵਿੱਚ ਅਜਿਹੀ ਯੂਨੀਵਰਸਿਟੀ ਦੀ ਸਥਾਪਨਾ ਕਰਨੀ ਚਾਹੁੰਦੇ ਹਾਂ ਜਿਸ ਨਾਲ ਨਗਰ-ਨਿਵਾਸੀਆਂ ਨੂੰ ਲਾਭ ਹੋਵੇ ਅਤੇ ਇਹ ਸੰਸਥਾ ਭਵਿੱਖ ਵਿੱਚ ਇੱਕ ਵਧੀਆ ਖੋਜ ਅਤੇ ਉਚੇਰੀ ਸਿੱਖਿਆ ਦੇ ਕੇਂਦਰ ਵਜੋਂ ਵਿਕਸਤ ਹੋਵੇ। ਅਸੀਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਸ ਦੇ ਲਈ ਵਿੱਤੀ-ਸਰੋਤਾਂ ਅਤੇ ਜ਼ਮੀਨ ਦਾ ਪ੍ਰਬੰਧ ਕਰਾਂਗੇ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਇਹ ਯੂਨੀਵਰਸਿਟੀ ਬਰੈਂਪਟਨ ਵਿੱਚ ਹੈੱਲਥ ਕੇਅਰ ਦੇ ਖ਼ੇਤਰ ਵਿੱਚ ਬਹੁ-ਮੁੱਲਾ ਕੰਮ ਕਰੇਗੀ ਜਿਸ ਦੀ ਬਰੈਂਪਟਨ-ਵਾਸੀਆਂ ਨੂੰ ਸਖ਼ਤ ਜ਼ਰੂਰਤ ਹੈ। ਇਸ ਦੇ ਨਾਲ ਹੀ ਇਸ ਵਿੱਚ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ, ਆਰਟ ਅਤੇ ਮੈਥਸ (ਹਿਸਾਬ) ਵਿਸ਼ਿਆਂ ਦੀ ਪੜ੍ਹਾਈ ਅਤੇ ਖੋਜ ਹੋਵੇਗੀ।
ਏਸੇ ਦੌਰਾਨ ਬਰੈਂਪਟਨ ਦੇ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਬਰੈਂਪਟਨ-ਵਾਸੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਬਰੈਂਪਟਨ ਵਿੱਚ ਬਣਨ ਜਾ ਰਹੀ ਯੂਨੀਵਰਸਿਟੀ ਬਾਰੇ ‘ਸਿਆਸੀ ਲਾਭ’ ਲੈਣ ਲਈ ਕੁਝ ਲੋਕਾਂ ਵੱਲੋਂ ਫੈਲਾਈ ਜਾ ਰਹੀ ਅਫ਼ਵਾਹ ਦਾ ਸ਼ਿਕਾਰ ਨਾ ਹੋਣ ਜਿਸ ਵਿੱਚ ਸ਼ੈਰੀਡਨ ਕਾਲਜ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਝੂਠ ਹੈ। ਉਨ੍ਹਾਂ ਦੱਸਿਆ ਕਿ ਓਨਟਾਰੀਓ ਸਰਕਾਰ ਵੱਲੋਂ ਬਰੈਂਪਟਨ ਵਿੱਚ ਯੂਨੀਵਰਸਿਟੀ ਬਨਾਉਣ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਗਿਆ ਹੈ ਅਤੇ ਅਗਲਾ ਕਦਮ ਉਠਾਉਂਦੇ ਹੋਏ ਰਾਇਰਸਨ ਯੂਨੀਵਰਸਿਟੀ ਦੇ ਪ੍ਰਸਤਾਵ ਨੂੰ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਰਾਇਰਸਨ ਯੂਨੀਵਰਸਿਟੀ ਨੇ ਸਿਟੀ ਆਫ਼ ਬਰੈਂਪਟਨ ਅਤੇ ਸ਼ੈਰੀਡਨ ਕਾਲਜ ਨਾਲ ਲੰਮੇਂ ਸਮੇਂ ਦੀ ਸਾਂਝ ਪੈਦਾ ਕਰਨ ਦੀ ਖਾਹਿਸ਼ ਪ੍ਰਗਟ ਕੀਤੀ ਹੈ ਜਿਹੜੀ ਕਿ ਪ੍ਰੋਵਿੰਸ਼ੀਅਲ ਸਰਕਾਰ ਦੀ ਇੱਕ ਸ਼ਰਤ ਵੀ ਹੈ।
ਹੁਣ ਵੇਖਣਾ ਇਹ ਹੈ ਕਿ ਲੋਕਾਂ ਵੱਲੋਂ ਪ੍ਰਗਟਾਏ ਜਾ ਰਹੇ ਖ਼ਦਸੇ ਕਿ ਇਹ ਯੂਨੀਵਰਸਿਟੀ ਸ਼ਾਇਦ ‘ਪੂਰੀ ਯੂਨੀਵਰਸਿਟੀ’ ਨਹੀਂ ਹੋਵੇਗੀ ਸਗੋਂ ਔਟਵਾ ਦੀ ਰਾਇਰਸਨ ਯੂਨੀਵਰਸਿਟੀ ਜਾਂ ਕਿਸੇ ਹੋਰ ਯੂਨੀਵਰਸਿਟੀ ਦਾ ‘ਰਿਜਨਲ ਕੈਂਪਸ’ ਬਣ ਕੇ ‘ਅਧੂਰੀ ਯੂਨੀਵਰਸਿਟੀ’ ਹੀ ਬਣ ਸਕੇਗੀ, ਵਿੱਚ ਕਿੰਨੀ ਕੁ ਸੱਚਾਈ ਹੈ। ਕਈਆਂ ਨੇ ਤਾਂ ਇਸ ਨੂੰ ਸੂਬਾ ਸਰਕਾਰ ਵੱਲੋਂ ਬਰੈਂਪਟਨ-ਵਾਸੀਆਂ ਨੂੰ ਦਿੱਤਾ ਗਿਆ ‘ਲੌਲੀਪੌਪ’ ਤੱਕ ਵੀ ਕਹਿ ਛੱਡਿਆ ਹੈ। ਉਨ੍ਹਾਂ ਦਾ ਇਹ ਖ਼ਦਸ਼ਾ ਸ਼ਾਇਦ ਵਿੱਤ ਮੰਤਰੀ ਦੇ ਅਕਤੂਬਰ 2016 ਵਾਲੇ ਬਿਆਨ ਵਿਚਲੇ ਵਰਤੇ ਗਏ ਸ਼ਬਦਾਂ ‘ਪੋਸਟ ਸੈਕੰਡਰੀ ਸੰਸਥਾ’ ਤੋਂ ਉਪਜਿਆ ਲੱਗਦਾ ਹੈ, ਕਿਉਂਕਿ ਉੱਥੇ ਉਸ ਐਲਾਨ ਵਿੱਚ ਸ਼ਬਦ ‘ਯੂਨੀਵਰਸਿਟੀ’ ਨਹੀਂ ਵਰਤਿਆ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਜੀ.ਟੀ.ਏ. ਦੇ ਦੋ ਸ਼ਹਿਰਾਂ ਬਰੈਂਪਟਨ ਅਤੇ ਮਿਲਟਨ ਵਿੱਚ ਤਿਆਰ ਕੀਤੇ ਜਾ ਰਹੇ ਪੋਸਟ ਸੈਕੰਡਰੀ ਸਿੱਖਿਆ ਸੰਸਥਾਨਾਂ ਉੱਪਰ 180 ਮਿਲੀਅਨ ਡਾਲਰ ਖ਼ਰਚੇ ਜਾਣਗੇ ਅਤੇ ਇਸ ਹਿਸਾਬ ਨਾਲ ਬਰੈਂਪਟਨ ਯੂਨੀਵਰਸਿਟੀ ਦੇ ਹਿੱਸੇ 90 ਮਿਲੀਅਨ ਡਾਲਰ ਹੀ ਆਉਣਗੇ ਜਿਸ ਨਾਲ ‘ਪੂਰੀ ਯੂਨੀਵਰਸਿਟੀ’ ਦਾ ਨਿਰਮਾਣ ਕਰਨਾ ਸੰਭਵ ਨਹੀਂ ਹੈ ਅਤੇ ਇਸ ਨੂੰ ਟੋਰਾਂਟੋ ਜਾਂ ਓਨਟਾਰੀਓ ਦੀ ਕਿਸੇ ਯੂਨੀਵਰਸਿਟੀ ਦੇ ‘ਰਿਜਨਲ ਕੈਂਪਸ’ ਵਜੋਂ ਹੀ ਵਿਕਸਤ ਕੀਤਾ ਜਾ ਸਕੇਗਾ।
ਖ਼ੈਰ! ਇਸ ਬਾਰੇ ਪੂਰੀ ਤਸਦੀਕ ਤਾਂ ਆਉਂਦੇ ਕੁਝ ਮਹੀਨਿਆਂ ਵਿੱਚ ਹੀ ਹੋ ਸਕੇਗੀ ਜਦੋਂ ਇਸ ਸੰਸਥਾ ਦਾ ਮੂੰਹ-ਮੁਹਾਂਦਰਾ ਲੋਕਾਂ ਦੇ ਸਾਹਮਣੇ ਆਏਗਾ। ਫ਼ਿਲਹਾਲ ਤਾਂ ਅਸੀਂ ਏਹੀ ਆਸ ਕਰਦੇ ਹਾਂ ਕਿ ਅੱਗੋਂ ਸਾਰੇ ਕੰਮ ਨਿਰਵਿਘਨਤਾ ਪੂਰਵਕ ਨੇਪਰੇ ਚੜ੍ਹਦੇ ਜਾਣ ਅਤੇ ਬਰੈਂਪਟਨ ਵਿੱਚ ਉਚੇਰੀ ਸਿੱਖਿਆ ਨਾਲ ਸਬੰਧਿਤ ਇਹ ‘ਸੰਸਥਾ’ (ਬਰੈਂਪਟਨ-ਵਾਸੀਆਂ ਦੀ ਇੱਛਾ ਅਨੁਸਾਰ ‘ਪੂਰੀ ਯੂਨੀਵਰਸਿਟੀ’) ਜਲਦੀ ਤੋਂ ਜਲਦੀ ਹੋਂਦ ਵਿੱਚ ਆਏ।              ਫ਼ੋਨ: 73409-07966

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਟਰੱਕ ਵਰਲਡ 2024 ‘ਚ ਜ਼ੀਰੋ ਐਮੀਸ਼ਨ ਨੂੰ ਕੀਤਾ ਉਤਸ਼ਾਹਿਤ

ਡਰਾਈਵਰਾਂ ਅਤੇ ਓਨਰ ਅਪਰੇਟਰਾਂ ਤੋਂ ਲੈ ਕੇ ਫਲੀਟ ਓਨਰਸ ਅਤੇ ਓਈਐਮ ਤੱਕ, ਪਰਵਾਸੀ ਸਹਾਇਤਾ ਫਾਊਂਡੇਸ਼ਨ …