Breaking News
Home / ਨਜ਼ਰੀਆ / ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੀ ਪੁਸਤਕ ‘ਵਿਸਰ ਰਹੇ ਪੰਜਾਬੀ ਅਖਾਣ’ ਵਡਮੁੱਲਾ ਕਾਰਜ

ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੀ ਪੁਸਤਕ ‘ਵਿਸਰ ਰਹੇ ਪੰਜਾਬੀ ਅਖਾਣ’ ਵਡਮੁੱਲਾ ਕਾਰਜ

ਪੁਸਤਕ : ‘ਵਿਸਰ ਰਹੇ ਪੰਜਾਬੀ ਅਖਾਣ’
ਲੇਖਕ : ਪ੍ਰਿੰ. ਸੇਵਾ ਸਿੰਘ ਕੌੜਾ, ਮੋਹਾਲੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਪੰਨੇ : 228, ਕੀਮਤ : 250 ਰੁਪਏ
ਰਿਵਿਊਕਾਰ: ਡਾ. ਸੁਖਦੇਵ ਸਿੰਘ ਝੰਡ
ਲੋਕ-ਸਿਆਣਪ ਨਾਲ ਭਰਪੂਰ ਅਖੌਤਾਂ ਜਾਂ ਅਖਾਣ ਪੰਜਾਬੀ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹਨ। ਇਹ ਸਦੀਆਂ ਤੋਂ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਮੌਖਿਕ ਰੂਪ ਵਿੱਚ ਚੱਲੇ ਆ ਰਹੇ ਹਨ। ਸਾਡੇ ਕਈ ਖੋਜੀ ਵਿਦਵਾਨ ਲੇਖਕਾਂ ਨੇ ਇਨ੍ਹਾਂ ਨੂੰ ਪੁਸਤਕ ਰੂਪ ਵਿੱਚ ਲਿਆ ਕੇ ਆਉਂਦੀਆਂ ਪੀੜ੍ਹੀਆਂ ਲਈ ਇਨ੍ਹਾਂ ਨੂੰ ਸੰਭਾਲ ਕੇ ਵੱਡਮੁੱਲਾ ਕਾਰਜ ਕੀਤਾ ਹੈ। ਪੰਜਾਬੀ ਲੋਕ-ਸਾਹਿਤ ਵਿੱਚ ਇਸ ਸਮੇਂ ਦਰਜਨ ਤੋਂ ਵੀ ਵਧੀਕ ਅਜਿਹੀਆਂ ਪੁਸਤਕਾਂ ਉਪਲੱਭਧ ਹਨ ਜਿਨ੍ਹਾਂ ਵਿੱਚ ਡਾ. ਵਣਜਾਰਾ ਬੇਦੀ ਦੀ ‘ਲੋਕ ਆਖਦੇ ਹਨ’, ਜੀਵਨ ਸਿੰਘ ਦੀ ‘ਪੰਜਾਬੀ ਅਖੌਤਾਂ’, ਗੰਗਾ ਰਾਮ ਦੀ ‘ਖੇਤੀਬਾੜੀ ਅਖ਼ੌਤਾਂ’, ਦੇਵੀ ਦਾਸ ਦੀ ‘ਅਖ਼ੌਤਾਂ ਦੀ ਖਾਣ’, ਭਾਨੂ ਦੱਤ ਦੀ ‘ਪੰਜਾਬੀ ਅਖ਼ੌਤਾਂ’, ਇੰਦਰ ਸਿੰਘ ਦੀ ‘ਅਖਾਣ ਭੰਡਾਰ’, ਡਾ. ਤਾਰਨ ਸਿੰਘ ਤੇ ਦਰਸ਼ਨ ਸਿੰਘ ਅਵਾਰਾ ਦੀ ‘ਮੁਹਾਵਰਾ ਤੇ ਅਖਾਣ ਕੋਸ਼’ ਅਤੇ ਡਾ. ਬਿਕਰਮ ਸਿੰਘ ਘੁੰਮਣ ਦੀ ‘ਪੰਜਾਬੀ ਮੁਹਾਵਰਾ ਤੇ ਅਖਾਣ ਕੋਸ਼’ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਇਨ੍ਹਾਂ ਤੋਂ ਇਲਾਵਾ ਗਿਆਨੀ ਗੁਰਦਿੱਤ ਸਿੰਘ ਦੇ ਸ਼ਾਹਕਾਰ ‘ਮੇਰਾ ਪਿੰਡ’ ਵਿੱਚ ਵੀ ਅਖਾਣਾਂ ਦਾ ਅਮੀਰ ਭੰਡਾਰ ਮੌਜੂਦ ਹੈ।
ਪ੍ਰਿੰ. ਸੇਵਾ ਸਿੰਘ ਕੌੜਾ ਇੱਕ ਅਨੁਭਵੀ ਅਤੇ ਖੋਜੀ ਬਿਰਤੀ ਵਾਲੇ ਸਾਬਕਾ-ਅਧਿਆਪਕ ਹਨ। ਸਕੂਲ ਵਿੱਚ ਪੜ੍ਹਾਉਣ ਸਮੇਂ ਅੰਗਰੇਜ਼ੀ ਅਤੇ ਇਤਿਹਾਸ ਉਨ੍ਹਾਂ ਦੇ ਮਨ-ਭਾਉਂਦੇ ਵਿਸ਼ੇ ਰਹੇ ਹਨ। ਸਰਕਾਰੀ ਹਾਈ ਸਕੂਲ ਛੱਜਲਵੱਡੀ (ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਉਨ੍ਹਾਂ ਦੇ ਪੜ੍ਹਾਉਣ-ਕਾਲ ਦੌਰਾਨ ਮੈਂ ਵੀ ਉੱਥੇ ਵਿਦਿਆਰਥੀ ਸੀ। ਭਾਵੇਂ ਸਿੱਧੇ ਤੌਰ ‘ਤੇ ਮੈਂ ਉਨ੍ਹਾਂ ਦਾ ‘ਸ਼ਾਗਿਰਦ’ ਨਹੀਂ ਰਿਹਾ ਪਰ ਅਸਿੱਧੇ ਰੂਪ ਵਿੱਚ ਜ਼ਰੂਰ ਹਾਂ। ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਕੁਝ ਦਿਨ ਉਨ੍ਹਾਂ ਵੱਲੋਂ ਪੜ੍ਹਾਈ ਜਾਂਦੀ ਕਲਾਸ ‘ਅੱਠਵੀਂ-ਬੀ’ ਵਿੱਚ ਉਨ੍ਹਾਂ ਕੋਲੋਂ ਅੰਗਰੇਜ਼ੀ ਗਰਾਮਰ ਦਾ ਮੁੱਢ ਜਾਣੇ ਜਾਂਦੇ ‘ਟੈੱਨਸ’ (Tense) ਸਿੱਖਣ ਦਾ ਮੌਕਾ ਜ਼ਰੂਰ ਮਿਲਿਆ, ਕਿਉਂਕਿ ਸਾਡੇ ‘ਸੈੱਕਸ਼ਨ-ਏ’ ਦੇ ਅੰਗਰੇਜ਼ੀ ਦੇ ਅਧਿਆਪਕ ਦੇ ਛੁੱਟੀ ‘ਤੇ ਜਾਣ ਕਰਕੇ ਉਹ ਅਕਸਰ ਦੋਹਾਂ ਸੈੱਕਸ਼ਨਾਂ ਦੇ ਵਿਦਿਆਰਥੀਆਂ ਨੂੰ ਇਕੱਠੇ ਬਿਠਾ ਕੇ ਗਰਾਮਰ ਦਾ ਕੋਈ ਨਾ ਕੋਈ ਸਾਂਝਾ ਟਾਪਿਕ ਲੈ ਲੈਂਦੇ ਸਨ)। ਉਨ੍ਹਾਂ ਦੇ ਪੜ੍ਹਾਉਣ ਦਾ ਆਪਣਾ ਹੀ ਵਿਲੱਖਣ ਤਰੀਕਾ ਸੀ। ਨਿੱਕੀ-ਨਿੱਕੀ ਗੱਲ ਦੀ ਡੂੰਘਾਈ ਵਿੱਚ ਜਾਂਦੇ ਸਨ ਅਤੇ ਉਨ੍ਹਾਂ ਦੀ ਇਹ ਖੋਜੀ ਤਬੀਅਤ ਉਨ੍ਹਾਂ ਦੀ ਸਖ਼ਸੀਅਤ ਦਾ ਅਹਿਮ ਹਿੱਸਾ ਸੀ ਜਿਸ ਨੂੰ ਅੱਗੇ ਜਾਰੀ ਰੱਖਦਿਆਂ ਉਨ੍ਹਾਂ ਨੇ ਛੇ ਖੋਜ ਪੁਸਤਕਾਂ ‘ਵਿਰਸਾ ਵਿਸਰ ਰਿਹੈ’, ‘ਸਾਂਝੀ ਵਿਰਾਸਤ’, ‘ਨਾਵਾਂ ਦਾ ਨਿਕਾਸ’, ‘ਗੁਰੂ ਗੋਬਿੰਦ ਸਿੰਘ: ਸ਼ਖ਼ਸੀਅਤ, ਸਫ਼ਰ ਤੇ ਸੰਦੇਸ਼’, ‘ਗੁਰੂ ਤੇਗ਼ ਬਹਾਦਰ ਸਾਹਿਬ: ਸ਼ਖ਼ਸੀਅਤ, ਸਫ਼ਰ, ਸੰਦੇਸ਼ ਤੇ ਸ਼ਹਾਦਤ’ ਅਤੇ ਇਹ ਪੁਸਤਕ ‘ਵਿਸਰ ਰਹੇ ਪੰਜਾਬੀ ਅਖਾਣ’ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ‘ਜੀਵਨ ਆਕਸਫੋਰਡ ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ’ ਦਾ ਵੀ ਸਹਿ-ਸੰਪਾਦਨ ਕੀਤਾ ਹੈ। ਲੇਖਕ ਨੇ ਇਸ ਹੱਥਲੀ ਪੁਸਤਕ ਵਿੱਚ ਅਖਾਣਾਂ ਦੀ ਸੁਚੱਜੀ ਚੋਣ ਕਰਦਿਆਂ ਹੋਇਆਂ ਇਸ ਨੂੰ ਇਨ੍ਹਾਂ ਵਿਚਲੇ ਔਖੇ ਸ਼ਬਦਾਂ ਦੇ ਅਰਥਾਂ ਅਤੇ ਇਨ੍ਹਾਂ ਦੇ ਅੰਤ੍ਰੀਵ-ਭਾਵਾਂ ਤੱਕ ਹੀ ਸੀਮਤ ਨਹੀਂ ਰੱਖਿਆ, ਸਗੋਂ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਪਿਛੋਕੜ ਨਾਲ ਜੁੜੀਆਂ ਘਟਨਾਵਾਂ ਅਤੇ ਲੋਕ-ਕਹਾਣੀਆਂ ਨੂੰ ਸੰਖੇਪ ਵਿੱਚ ਵਰਨਣ ਵੀ ਕੀਤਾ ਹੈ। ਇਸ ਤੋਂ ਇਲਾਵਾ ਅਰਬੀ, ਫ਼ਾਰਸੀ, ਸੰਸਕ੍ਰਿਤ ਆਦਿ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਆਏ ਹੋਏ ਸ਼ਬਦਾਂ ਦੇ ਮੂਲ ਨੂੰ ਬੜੇ ਖ਼ੂਬਸੂਰਤ ਢੰਗ ਨਾਲ ਸਪੱਸ਼ਟ ਕੀਤਾ ਗਿਆ ਹੈ ਤਾਂ ਜੋ ਪਾਠਕ ਨੂੰ ਉਨ੍ਹਾਂ ਦੀ ਪੂਰੀ ਤਹਿ ਤੱਕ ਜਾ ਸਕਣ। ਮੁਸਲਿਮ ਸੱਭਿਆਚਾਰ ਦੇ ਪਿਛੋਕੜ ਵਾਲੇ ਅਖਾਣਾਂ ਦੀ ਇਸ ਪੁਸਤਕ ਵਿੱਚ ਭਰਮਾਰ ਹੈ, ਕਿਉਂਜੋ ਲੇਖਕ ਅਨੁਸਾਰ ਅੱਜ ਦਾ ਪੰਜਾਬੀ ਪਾਠਕ ਉਰਦੁ, ਅਰਬੀ ਫ਼ਾਰਸੀ ਭਾਸ਼ਾਵਾਂ ਤੋਂ ਲੱਗਭੱਗ ਅਣਜਾਣ ਹੀ ਹੈ। ਉਦਾਹਰਣ ਵਜੋਂ, ‘ਆਬ ਆਬ ਕਰ ਮੋਇਉਂ ਬੱਚਾ, ਫ਼ਾਰਸੀਆਂ ਘਰ ਗਾਲੇ, ਪਤਾ ਹੁੰਦਾ ਜੇ ਪਾਣੀ ਮੰਗਦਾ, ਭਰ ਭਰ ਦੇਂਦੀ ਪਿਆਲੇ’, ‘ਦੋ ਮੁੱਲਾਂ ਵਿੱਚ ਮੁਰਗ਼ੀ ਹਰਾਮ’, ‘ਐਸੇ ਕੋ ਤੈਸਾ ਮਿਲਾ, ਸੁਣ ਰੇ ਰਾਜਾ ਭੀਲ, ਲੋਹੇ ਕੋ ਘੁਣ ਖਾ ਗਿਆ, ਲੜਕਾ ਲੇ ਗਈ ਚੀਲ’,’ ਔਰੋਂ ਕੋ ਨਸੀਹਤ, ਖ਼ੁਦ ਮੀਆਂ ਫ਼ਜ਼ੀਹਤ’, ‘ਜ਼ਰਬਾ ਜਿਉਂ ਕਾ ਤਿਉਂ, ਕੁਣਬਾ ਡੂਬਾ ਕਿਉਂ’, ‘ਈਦੋਂ ਬਾਅਦ ਤੰਬਾ ਫੂਕਣਾ’, ‘ਖਵਾਜੇ ਦਾ ਗਵਾਹ ਡੱਡੂ’ ਆਦਿ ਵਿੱਚ ਇਨ੍ਹਾਂ ਭਾਸ਼ਾਵਾਂ ਦੇ ਕਈ ਸ਼ਬਦ ਵੇਖੇ ਜਾ ਸਕਦੇ ਹਨ।
ਅਖਾਣਾਂ ਦੇ ਵਿਸਤ੍ਰਿਤ ਅਰਥਾਂ ਦਾ ਇੱਕ ਨਮੂੰਨਾ ਹਾਜ਼ਰ ਹੈ। ਉਪਰੋਕਤ ਉਦਾਹਰਣ ਵਿਚਲੇ ਅਖਾਣ ‘ਖਵਾਜੇ ਦਾ ਗਵਾਹ ਡੱਡੂ’ ਦੀ ਵਿਆਖਿਆ ਕਰਦੇ ਹੋਏ ਪ੍ਰਿੰ. ਕੌੜਾ ਲਿਖਦੇ ਹਨ,’ਹਿੰਦੂਆਂ ਵਾਂਗ ਮੁਸਲਮਾਨਾਂ ਨੇ ਵੀ ਰੱਬ ਦਾ ਮੰਤਰੀ ਮੰਡਲ ਥਾਪਿਆ ਹੋਇਆ ਹੈ ਅਤੇ ਹਰ ਮਹਿਕਮੇ ਦਾ ਇੰਚਾਰਜ ਇੱਕ ਦੇਵਤਾ (ਫ਼ਰਿਸ਼ਤਾ) ਮੰਨਿਆ ਹੋਇਆ ਹੈ। ਪਾਣੀ ਦੇ ਦੇਵਤੇ ਨੂੰ ਖਿਜਰ ਖਵਾਜਾ ਆਖਦੇ ਹਨ। ਮੁਸਲਮਾਨੀ ਰਵਾਇਤਾਂ ਅਨੁਸਾਰ ਇਸ ਨੇ ‘ਆਬੇ-ਹਯਾਤ’ ਪੀਤਾ ਹੋਇਆ ਸੀ, ਸੋ ਵਿਸ਼ਵਾਸ ਹੈ ਕਿ ਇਹ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ। ਇਸ ਦੀ ਗਿਣਤੀ ‘ਪੰਜਾਂ-ਪੀਰਾਂ’ ਵਿੱਚ ਕੀਤੀ ਜਾਂਦੀ ਹੈ। ਦਰਿਆ ਦੇ ਕੰਢੇ ਵੱਸਣ ਵਾਲੇ ਇਸ ਨੂੰ ਉਚੇਚਾ ਪੂਜਦੇ ਹਨ। ਖਿਜਰ ਦੇ ਸ਼ਬਦਾਇਕ ਅਰਥ ਹਨ ‘ਹਰੇ ਰੰਗ ਦਾ’। ‘ਡੱਡੂ’ ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਕਹਿੰਦੇ ਹਨ। ਇਸ ਦੀ ਸੰਗਿਆ ‘ਮੈਂਡਕ’ ਵੀ ਹੈ। ਸੰਸਕ੍ਰਿਤ ਦਾ ਦਾ ਸ਼ਬਦ ‘ਦ੍ਰਦੁਰ’ ਜਾਂ ‘ਦ੍ਰਦੁਰੀ’ ਇਸ ਦਾ ਮੂਲ ਹੈ। ਜਦੋਂ ਕਿਸੇ ਦੀ ਗਵਾਹੀ ਦੇਣ ਵਾਲਾ ਮਨੁੱਖ ਉਸ ਵਿਅੱਕਤੀ ਉਤੇ ਹੀ ਨਿਰਭਰ ਹੋਵੇ ਤਦ ਇਹ ਅਖਾਣ ਵਰਤਿਆ ਜਾਂਦਾ ਹੈ।
ਅਖਾਣਾਂ ਦੇ ਅਰਥ ਸਮਝਾਉਂਦੇ ਹੋਏ ਕੌੜਾ ਸਾਹਿਬ ਕਈ ਥਾਈਂ ਗੁਰਬਾਣੀ ਦੀਆਂ ਤੁਕਾਂ, ਸੰਤਾਂ-ਮਹਾਤਮਾਂ ਵੱਲੋਂ ਉਚਾਰੇ ਗਏ ਸ਼ਬਦਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਹਵਾਲਾ ਵੀ ਦੇ ਜਾਂਦੇ ਹਨ। ਨਾਲ ਹੀ ਕਈ ਵਾਰੀ ਉਸ ਅਖਾਣ ਨਾਲ ਮਿਲਦਾ-ਜੁਲਦਾ ਅੰਗਰੇਜ਼ੀ ਦਾ ਅਖਾਣ ਵੀ ਦਰਜ ਕਰ ਜਾਂਦੇ ਹਨ। ਮਿਸਾਲ ਵਜੋਂ, ‘ਹਮਾਂ ਯਾਰਾ ਦੋਜ਼ਖ, ਹਮਾਂ ਯਾਰਾ ਬਹਿਸ਼ਤ’ ਦੀ ਵਿਆਖਿਆ ਇੰਜ ਕਰਦੇ ਹਨ,”ਦੋਜ਼ਖ (੍ਹੲਲਲ) ਸ਼ਬਦ ਫ਼ਾਰਸੀ ਦਾ ਹੈ, ਪੰਜਾਬੀ ਵਿੱਚ ਆ ਕੇ ਇਹ ‘ਦੋਜ਼ਕ’ ਬਣ ਗਿਆ, ਭਾਵ ਦੁੱਖ, ਰੰਜ ਜਾਂ ਨਰਕ ਤੋਂ ਹੈ ਅਤੇ ਅਰਬੀ ਵਿੱਚ ਇਸ ਨੂੰ ‘ਜਹੰਨਮ’ ਆਖਦੇ ਹਨ। ‘ਬਹਿਸ਼ਤ’ ਸ਼ਬਦ ਵੀ ਫ਼ਾਰਸੀ ਦਾ ਹੈ ਜਿਸ ਦਾ ਅਰਥ ‘ਸਵਰਗ’ ਹੈ। ਅਰਬੀ ਭਾਸ਼ਾ ਵਿੱਚ ਇਸ ਲਈ ਸ਼ਬਦ ‘ਜੰਨਤ’ ਹੈ ਜਿਸ ਦਾ ਭਾਵ ਸੁਖਦਾਇਕ ਜੀਵਨ ਹੈ। ਪੁਰਾਤਨ ਲੋਕਾਂ ਨੇ ਦੋਜ਼ਕ ਅਤੇ ਬਹਿਸ਼ਤ ਦੋ ਥਾਂ ਕਲਪੇ ਹੋਏ ਹਨ ਜਿੱਥੇ ਮਨੁੱਖ ਨੂੰ ਆਪਣੇ ਕਰਮਾਂ ਕਰਕੇ ਜਾਣਾ ਪੈਂਦਾ ਹੈ। ਭਗਤ ਕਬੀਰ ਜੀ ਫ਼ਰਮਾਉਂਦੇ ਹਨ, ”ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋਨੋ ਰਾਏ”। ਅੰਗਰੇਜ਼ ਕਵੀ ਮਿਲਟਨ ਨੇ ਲਿਖਿਆ hY,”Paradise is not the name of place, it is a state of mind”. ਅਖਾਣ ਦਾ ਭਾਵ ਹੈ ਕਿ ਯਾਰਾਂ ਦੋਸਤਾਂ ਨਾਲ ਦੁੱਖ ਸੁੱਖ ਭੋਗਣੇ ਚਾਹੀਦੇ ਹਨ, ਖੁਸ਼ੀ ਤੇ ਗ਼ਮੀ ਦੋਹਾਂ ਹਾਲਤਾਂ ਵਿੱਚ ਸੱਜਣਾਂ ਦਾ ਸਾਥ ਦੇਣਾ ਚਾਹੀਦਾ ਹੈ। ਏਸੇ ਭਾਵ ਦਾ ਅੰਗਰੇਜ਼ੀ ਅਖਾਣ ਵੀ ਹੈ: “Death with friends ia festival”  ਅਰਥਾਤ ਦੋਸਤਾਂ ਸੰਗ ਦੁੱਖ ਵੀ ਮੌਜ ਮੇਲਾ ਹੈ।” ਇੱਥੇ ਮੇਰਾ ਕਹਿਣ ਤੋਂ ਭਾਵ ਹੈ ਕਿ ਉਹ ਇਸ ਪੁਸਤਕ ਵਿੱਚ ਅਖਾਣਾਂ ਦੇ ਅਰਥਾਂ ਦੀ ਪੂਰੀ ਡੂੰਘਾਈ ਤੱਕ ਗਏ ਹਨ। ਕਈਆਂ ਸ਼ਬਦਾਂ ਦੇ ਅਰਥਾਂ ਦੀ ਵਿਆਖਿਆ ਲਈ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ-ਕੋਸ਼’ ਅਤੇ ਹੋਰ ਕਈ ਹਵਾਲਾ-ਪੁਸਤਕਾਂ ਦੇ ਹਵਾਲੇ ਵੀ ਦਿੱਤੇ ਗਏ ਹਨ।
ਲੋਕ ਅਖਾਣਾਂ ਦੀ ਲੋਕਗੀਤ ਪ੍ਰਕਾਸ਼ਨ, ਮੋਹਾਲੀ ਵੱਲੋਂ ਛਾਪੀ ਗਈ ਇਸ ਖ਼ੂਬਸੂਰਤ ਪੁਸਤਕ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਦਵਾਨਾਂ ਪ੍ਰੋ. ਕਰਨੈਲ ਸਿੰਘ ਥਿੰਦ, ਪ੍ਰੋ. ਜੋਗਿੰਦਰ ਸਿੰਘ ਕੈਰੋਂ, ਪ੍ਰੋ. ਇਕਬਾਲ ਕੌਰ ਸੌਂਦ, ਪ੍ਰੋ. ਧਰਮ ਸਿੰਘ, ਪ੍ਰੋ. ਕੁਲਵੰਤ ਸਿੰਘ ਅਤੇ ਪ੍ਰੋ ਮੋਹਨ ਸਿੰਘ ਨੇ ਭੂਮਿਕਾ ਵਜੋਂ ਆਪਣੇ ਵੱਲੋਂ ਕੁਝ ਸ਼ਬਦ ਲਿਖ ਕੇ ਇਸ ਦੀ ਖ਼ੂਬਸੂਰਤੀ ਅਤੇ ਪ੍ਰਮਾਣਿਕਤਾ ਵਿੱਚ ਹੋਰ ਵੀ ਵਾਧਾ ਕੀਤਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਲੇਖਕ ਦੇ ਇਸ ਅਹਿਮ ਉਪਰਾਲੇ ਦਾ ਪੰਜਾਬੀ ਪਾਠਕਾਂ ਵੱਲੋਂ ਭਰਪੂਰ ਸੁਆਗ਼ਤ ਕੀਤਾ ਜਾਏਗਾ। ਮੈਂ ਆਪਣੇ ਵੱਲੋਂ ਇਸ ਖੋਜੀ ਲੇਖਕ ਨੂੰ ਪੰਜਾਬੀਆਂ ਲਈ ਵਿਦਵਤਾ ਅਤੇ ਖੋਜ ਭਰਪੂਰ ਇਹ ਮਹਾਨ ਗ੍ਰੰਥ ਲਿਆਉਣ ਲਈ ਹਾਰਦਿਕ ਵਧਾਈ ਪੇਸ਼ ਕਰਦਾ ਹਾਂ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …