Breaking News
Home / ਨਜ਼ਰੀਆ / ਵਿਗਿਆਨ ਗਲਪ ਰਚਨਾ

ਵਿਗਿਆਨ ਗਲਪ ਰਚਨਾ

ਦੂਸਰਾ ਮੌਕਾ
ਡਾ. ਦੇਵਿੰਦਰ ਪਾਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਯੂਨੀਵਰਸਿਟੀ ਦਾ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਵਿਦਿਆਰਥੀ ਰਜ਼ੀਆ ਦੀਆਂ ਕਲਾਸਾਂ ਲਈ ਉੱਮਡ ਪਏ ਸਨ। ਪਰ ਉਸ ਦੀਆਂ ਵੋਕਲ ਕੋਰਡਜ਼ ਸਮੇਂ ਸਿਰ ਤਿਆਰ ਨਹੀਂ ਸਨ ਹੋਈਆ। ਨੈਸ਼ਨਲ ਬਾਇਲੋਜੀਕਲ ਲੈਬ ਵਿਚ ਖ਼ਰਗੋਸ਼ ਕਮਜ਼ੋਰ ਹੁੰਦਾ ਜਾ ਰਿਹਾ ਸੀ ਤੇ ਵੋਕਲ ਕੋਰਡਜ਼ ਵਿਚ ਲੋੜੀਂਦਾ ਵਾਧਾ ਨਹੀਂ ਸੀ ਹੋ ਰਿਹਾ। ਗਰੀਨ ਪਾਰਟੀ ਨਾਲ ਸੰਬੰਧਤ ਇਕ ਵਿਦਿਆਰਥੀ ਨੇ ਤਾਂ ਸਥਾਨਕ ਮੈਗਜ਼ੀਨ ‘ਦਿੱਲੀ ਟਾਈਮਜ਼’ ਵਿਚ ਸੁਲਤਾਨਾ ਦੇ ਜੀਵਨ ਦੇ ਦੂਸਰੇ ਮੌਕੇ ਨੂੰ ਕਾਇਮ ਰੱਖਣ ਲਈ ਛੋਟੇ ਜਾਨਵਰਾਂ ਉੱਤੇ ਕੀਤੇ ਜਾ ਰਹੇ ਤਜਰਬਿਆਂ ਵਿਰੁੱਧ ਲੇਖ ਛਾਪ ਦਿੱਤਾ। ઑ
ਲੇਖ਼ਕ ਦਾ ਕਹਿਣਾ ਸੀ ਕਿ ਸੁਲਤਾਨਾ ਨੂੰ ਕਬਰ ਵਿਚੋਂ ਕੱਢਿਆ ਹੀ ਨਹੀਂ ਸੀ ਜਾਣਾ ਚਾਹੀਦਾ। ਕੀ ਉਸ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਦਿੱਤਾ ਜਾਣਾ ਸਹੀ ਹੈ? ਜੀ ਦੇ ਲੈਕਚਰ ਯੋਜਨਾ ਅਨੁਸਾਰ ਚਲਦੇ ਰਹੇ। ਉਸ ਦੇ ਗੁੰਗੇਪਣ ਦੇ ਬਾਵਜੂਦ ਉਸ ਦੇ ਲੈਕਚਰਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਭਰਪੂਰ ਰਹਿੰਦੀ ਸੀ। ਉਸ ਦੇ ਵਿਦਿਆਰਥੀ, ਉਸ ਦੁਆਰਾ ਮੁਹੰਮਦ ਗੌਰੀ, ਕੁਤਬਦੀਨ ਐਬਕ ਤੇ ਅਲਤਮਸ਼ ਬਾਰੇ ਲਿਖੇ ਉਸ ਦੇ ਲੇਖਾਂ ਨੂੰ ਉੱਚੀ ਉੱਚੀ ਪੜ੍ਹਦੇ। ਉਹ ਤਾਂ ਭਾਰਤ ਦੇ ਮੱਧਕਾਲੀਨ ਇਤਿਹਾਸ ਤਕ ਹੀ ਸੀਮਿਤ ਨਹੀਂ ਸੀ ਰਹਿਣਾ ਚਾਹੁੰਦੀ।
ਉਸ ਨੂੰ ਤਾਂ ਇਤਿਹਾਸ ਦੇ ਹੋਰ ਖੇਤਰਾਂ ਵਿਚ ਵੀ ਡੂੰਘੀ ਦਿਲਚਸਪੀ ਸੀ। ਇੰਝ ਉਹ ਆਪਣੇ ਸਾਥੀ ਪ੍ਰੋਫੈਸਰਾਂ ਦੇ ਕਾਰਜ ਖੇਤਰਾਂ ਵਿਚ ਵੀ ਜਾ ਵੜਦੀ ਸੀ। ਉਸ ਨੇ ਅਕਬਰ ਦੀ ਸ਼ਾਸਨ ਪ੍ਰਣਾਲੀ, ਮੁਗਲ ਕਾਲ ਦੀ ਇਮਾਰਤੀ ਕਲਾ, ਅੋਰੰਗਜ਼ੇਬ ਦੇ ਇਸਲਾਮੀ ਰਾਜ ਤੇ ਭਾਰਤ ਦੇ ਪਹਿਲੇ ਗਦਰ ਬਾਰੇ ਵੀ ਲੇਖ ਲਿਖ ਦਿੱਤੇ। ਹੁਣ ਤਾਂ ਉਸ ਨੇ ਅਲਤਮਸ਼ ਦੀ ਜੀਵਨੀ ਲਿਖਣੀ ਆਰੰਭ ਕਰ ਲਈ ਸੀ।
ੲੲੲ
ਲੈਕਚਰਾਂ ਦੌਰਾਨ ਜਦੋਂ ਰਜ਼ੀਆ ਦੇ ਲੇਖ ਪੜ੍ਹੇ ਜਾ ਰਹੇ ਹੁੰਦੇ ਤਾਂ ਉਹ ਕਮਰੇ ਵਿਚ ਚਹਿਲ ਕਦਮੀ ਕਰਦੀ ਰਹਿੰਦੀ। ਸੈਮੀਨਾਰਾਂ ਦੌਰਾਨ ਉਹ ਬੋਰਡ ਉੱਤੇ ਲਿਖਦੀ ਤੇ ਲੇਜ਼ਰ ਲਾਇਟ ਦੀ ਵਰਤੋਂ ਨਾਲ ਇਸ ਦੇ ਮੁੱਖ ਮੁੱਦਿਆਂ ਵੱਲ ਧਿਆਨ ਦਿਵਾਉਂਦੀ। ਉਸ ਦਾ ਚਿਹਰਾ ਭਾਵਨਾਵਾਂ ਦੇ ਉਤਾਰ ਚੜ੍ਹਾਅ ਦਾ ਅਕਸ਼ ਹੁੰਦਾ। ਉਸ ਦੇ ਕਈ ਵਿਦਿਆਰਥੀ ਤਾਂ ਉਸ ਦੇ ਪੱਕੇ ਪ੍ਰਸੰਸਕ ਸਨ ਤੇ ਕਈ ਡਾਢੇ ਨੁਕਤਾਚੀਨ। ਕਈ ਤਾਂ ਉਸ ਦੇ ਸਫੈਦ ਦਸਤਾਨਿਆਂ ਤੇ ਮੁਸਕਾਣ ਭਰੀ ਤੱਕਣੀ ਦੇ ਕਾਇਲ ਸਨ ਪਰ ਕਈ ਉਸ ਦੇ ਪੜ੍ਹਾਉਣ ਢੰਗ ਨੂੰ ਬਿਲਕੁਲ ਹੀ ਪਸੰਦ ਨਹੀਂ ਸਨ ਕਰਦੇ।
ਰਾਸ਼ਟਰੀ ਨਿਊਜ਼ ਏਜੰਸੀਆਂ ਨੇ ਖ਼ਰਗੋਸ਼ ਵਾਲੀ ਖ਼ਬਰ ਦੀ ਚਰਚਾ ਸ਼ੁਰੂ ਕਰ ਦਿੱਤੀ ਸੀ। ਉਹ ਵੋਕਲ ਕੋਰਡਜ਼ ਦੇ ਵਾਧੇ ਤੇ ਖ਼ਰਗੋਸ਼ ਦੀ ਖ਼ਰਾਬ ਹੋ ਰਹੀ ਹਾਲਤ ਦੀ ਰੋਜ਼ਾਨਾ ਰਿਪੋਰਟ ਦੇਣ ਲੱਗੇ। ਯੂਨੀਵਰਸਿਟੀ ਦੇ ਬਰਾਮਦਿਆਂ ਵਿਚ, ਰਜ਼ੀਆ ਦੇ ਬੋਲਣ ਦੀ ਸੁਵਿਧਾ ਪ੍ਰਾਪਤੀ ਦੇ ਹੱਕ ਦੇ ਸਮਰਥਕ ਤੇ ਖ਼ਰਗੋਸ਼ ਦੇ ਜੀਵਨ ਦੇ ਹੱਕ ਦੇ ਸਮਰਥਕ ਵਿਦਿਆਰਥੀ ਗੁੱਟਾਂ ਵਿਚ ਝੜਪਾਂ ਨੇ ਯੂਨੀਵਰਸਿਟੀ ਦੇ ਸ਼ਾਂਤ ਮਾਹੌਲ ਨੂੰ ਭੰਗ ਕਰ ਦਿੱਤਾ।
ੲੲੲ
ਵਿਭਾਗ ਦੇ ਸਾਲਾਨਾ ਸਮਾਗਮ ਵਿਚ ਬਹੁਤ ਸਾਰੇ ਮਹਿਮਾਨ ਇਸ ਵਿਸ਼ੇਸ਼ ਸਖ਼ਸ਼ੀਅਤ ਦੇ ਇਰਦ ਗਿਰਦ ਨਜ਼ਰ ਆਉਂਦੇ ਤਾਂ ਜੋ ਹੋਰ ਲੋਕ ਇਹ ਜਾਣ ਲੈਣ ਕਿ ਉਹ ਸੁਲਤਾਨਾ ਦੇ ਕਿੰਨ੍ਹੇ ਨਜ਼ਦੀਕੀ ਹਨ।
ਅਜਿਹੇ ਮੌਕੇ ‘ਤੇ ਉਹ ਹਮੇਸ਼ਾਂ ਕਲਗੀ ਵਾਲੀ ਟੋਪੀ ਤੇ ਸ਼ੇਰਵਾਨੀ ਪਹਿਨੀ ਹੁੰਦੀ। ਜਿਸ ਨੂੰ ਦੇਖ ਕੇ ਬਹੁਤ ਸਾਰੇ ਮਹਿਮਾਨ ਅਕਸਰ ਪਛਤਾਂਦੇ ਕਿ ਕਾਸ਼ ਉਹ ਵੀ ਫੈਂਸੀ ਡਰੈੱਸ ਪਹਿਨ ਕੇ ਆਏ ਹੁੰਦੇ।
ਪਾਸ਼ਾ ਮਲਿਕ ਆਪਣੀ ਆਦਤ ਤੋਂ ਮਜ਼ਬੂਰ, ਉਸ ਦੇ ਨੇੜੇ ਹੀ ਇਕ ਖ਼ਾਸ ਦੂਰੀ ‘ਤੇ ਮੰਡਰਾਉਂਦਾ ਰਹਿੰਦਾ। ਸਮਾਗਮ ਦੇ ਹਾਲ ਦੇ ਇਕ ਕੋਨੇ ਵਿਚ ਖੜਾ ਉਹ ਉਸ ਵੱਲ ਦੇਖਦਾ ਰਹਿੰਦਾ। ਘੱਟ ਰੌਸ਼ਨੀ ਵਿਚ ਰਜ਼ੀਆ ਦੀ ਦਿੱਖ ਮੋਤੀਆ ਭਾਹ ਮਾਰਦੀ ਨਜ਼ਰ ਆਉਂਦੀ। ਰਜ਼ੀਆ ਨੂੰ ਨਾ ਤਾਂ ਸ਼ਰਾਬ ਪੀਣ ਦਾ ਸ਼ੌਕ ਸੀ ਤੇ ਨਾ ਹੀ ਡਾਂਸ ਕਰਨ ਦਾ। ਪਾਸ਼ਾ ਮਲਿਕ ਉਸ ਨੂੰ ਭੁੱਲਣ ਲਈ ਡਾਂਸ ਕਰਦਾ। ਜਦ ਕਦੀ ਵੀ ਕੋਈ ਉਸ ਨੂੰ ਸ਼ਰਾਬ ਦਾ ਪੈੱਗ ਪੇਸ਼ ਕਰਦਾ ਉਹ ਜਲਦੀ ਜਲਦੀ ਡਕਾਰ ਲੈਂਦਾ।
ਉਸ ਦਿਨ ਪਾਰਟੀ ਦੇਰ ਰਾਤ ਤਕ ਚਲੀ। ਨਸ਼ੇ ਵਿਚ ਧੁੱਤ, ਦੋ ਮਹਿਮਾਨ ਆਪਸ ਵਿਚ ਟਕਰਾ ਗਏ ਤੇ ਅਗਲੇ ਹੀ ਪਲ ਗੁਥਮਗੁੱਥਾ ਹੋ ਗਏ। ਇਸ ਘਟਨਾ ਤੋਂ ਬੇਖ਼ਬਰ ਪਾਸ਼ਾ ਮਲਿਕ ਆਪਣੇ ਡਾਂਸ ਵਿਚ ਮਗਨ ਸੀ ਕਿ ਲੜ ਰਿਹਾ ਜੋੜਾ ਆਪਸੀ ਖਿੱਚ-ਧੂੰਹ ਵਿਚ ਉਸ ਨਾਲ ਜਾ ਟਕਰਾਇਆ ਤੇ ਪਾਸ਼ਾ ਮਲਿਕ ਠਾਹ ਕਰਦਾ ਜ਼ਮੀਨ ਤੇ ਡਿੱਗ ਪਿਆ।
ਉਸ ਨੇ ਉਪਰ ਵੱਲ ਦੇਖਿਆ ਤਾਂ ਉਸ ਨੂੰ ਸ਼ੇਰਵਾਨੀ ਪਹਿਨੀ ਕੋਈ ਨਜ਼ਰ ਆਇਆ। ਇਹ ਰਜ਼ੀਆ ਸੀ ਜੋ ਉਸ ਵੱਲ ਪਿੱਠ ਕਰੀ ਕਿਸੇ ਢਾਲ ਦੀ ਤਰ੍ਹਾਂ ਉਸ ਦਾ ਬਚਾਉ ਕਰ ਰਹੀ ਸੀ। ਉਸ ਨੇ ਉਨ੍ਹਾਂ ਮਹਿਮਾਨਾਂ ਵੱਲ ਗੁੱਸੇ ਭਰੀ ਨਜ਼ਰ ਨਾਲ ਦੇਖਿਆ ਤੇ ਫਿਰ ਪਾਸ਼ਾ ਮਲਿਕ ਵੱਲ ਇਸ਼ਾਰਾ ਕੀਤਾ। ਸ਼ਰਮ ਦੇ ਮਾਰੇ ਉਹ ਦੋਨੋਂ ਅਲੱਗ ਅਲੱਗ ਹੋ ਉਥੋਂ ਚਲੇ ਗਏ।
ਰਜ਼ੀਆ ਮੁੜੀ ਤੇ ਉਸ ਨੇ ਪਾਸ਼ਾ ਮਲਿਕ ਨੂੰ ਉਠਾਉਣ ਲਈ ਆਪਣਾ ਹੱਥ ਅੱਗੇ ਕੀਤਾ। ਉਹ, ਸਫੈਦ ਦਸਤਾਨੇ ਵਿਚ ਲੁਕੀਆਂ ਉਂਗਲਾਂ ਉੱਤੇ ਵਧੇਰੇ ਖਿੱਚ ਨਹੀਂ ਸੀ ਪਾਉਣੀ ਚਾਹੁੰਦਾ ਇਸ ਲਈ ਉਸ ਨੇ ਰਜ਼ੀਆ ਦੇ ਹੱਥ ਨੂੰ ਹਲਕੇ ਜਿਹੇ ਫੜਿਆ ਤੇ ਉੱਠਣ ਦੀ ਕੋਸ਼ਿਸ਼ ਕੀਤੀ। ਨਸ਼ੇ ਦੇ ਸਰੂਰ ਵਿਚ ਉਸ ਨੇ ਉਹ ਹੱਥ ਉਦੋਂ ਤਕ ਨਾ ਛੱਡਣ ਦਾ ਨਿਸ਼ਚਾ ਕਰ ਲਿਆ ਜਦ ਤਕ ਰਜ਼ੀਆ ਇਸ ਨੂੰ ਆਪੇ ਨਾ ਛੁਡਾ ਲਵੇ। ਰਜ਼ੀਆ ਉਸ ਨੂੰ ਸਮਾਗਮ-ਹਾਲ ਦੇ ਕੋਨੇ ਵਿਚ ਰੱਖੇ ਸੋਫੇ ਤਕ ਲੈ ਗਈ ਤੇ ਫਿਰ ਉਸ ਕੋਲ ਹੀ ਬੈਠ ਗਈ।
‘ਧੰਨਵਾਦ!’ ਪਾਸ਼ਾ ਮਲਿਕ ਦੇ ਬੋਲ ਸਨ। ਸਮਾਗਮ ਦੇ ਰੋਲੇ ਰੱਪੇ ਵਿਚ ਹੋਰ ਕੁਝ ਕਹਿਣਾ ਸੰਭਵ ਨਹੀਂ ਸੀ।
‘ਇਹ ਤਾਂ ਫ਼ਰਜ਼ ਹੀ ਸੀ।’ ਰਜ਼ੀਆ ਦੇ ਬੋਲ ਸਨ। ਤਦ ਹੀ ਉਹ ਪਹਿਲੀ ਵਾਰ ਮੁਸਕਰਾਈ ਤੇ ਉਸ ਦੇ ਨਵੇਂ ਦੰਦਾਂ ਦੀ ਝਲਕ ਦਿਖਾਈ ਦਿੱਤੀ।
ੲੲੲ
ਨਵੇਂ ਸਾਲ ਦੀ ਆਮਦ ਉੱਤੇ ਖ਼ਰਗੋਸ਼ ਦੀ ਮੌਤ ਹੋ ਗਈ। ਉਸ ਦਿਨ ਦੁਪਿਹਰ ਨੂੰ ਇਹ ਖ਼ਬਰ ਆਈ। ਰਜ਼ੀਆ ਉਸ ਸਮੇਂ ਚੇਨਈ ਵਿਖੇ ਸੀ ਜਿਥੇ ਉਹ ਬਾਇ ਮੈਡੀਕਲ ਇੰਸਟੀਚਿਊਟ ਵਿਖੇ ਪੈਰਾਂ ਦੀਆਂ ਅੱਡੀਆਂ ਦਾ ਇਲਾਜ ਕਰਵਾ ਰਹੀ ਸੀ।
ਏਅਰਪੋਰਟ ਵਿਖੇ ਉਸ ਦੀ ਮੌਜੂਦਗੀ ਦੌਰਾਨ ਗਰੀਨ ਪਾਰਟੀ ਵਲੋਂ ਗੜਬੜ ਕੀਤੇ ਜਾਣ ਦੀ ਸੂਚਨਾ ਉਸ ਨੂੰ ਦੇ ਦਿੱਤੀ ਗਈ। ਉਸ ਨੇ ਭੇਸ ਬਦਲ ਕੇ ਮੁੰਬਈ ਤਕ ਦਾ ਸਫ਼ਰ ਕੀਤਾ ਤੇ ਹੋਮੀ ਭਾਭਾ ਮੈਡੀਕਲ ਇੰਨਸਟੀਚਿਊਟ ਵਿਖੇ ਨਵੀਆਂ ਉਗਲਾਂ ਲਗਵਾ ਲਈਆਂ।
ਉਸ ਦਾ, ਲੋਹੜੀ ਦੀ ਰਾਤ, ਦਿੱਲੀ ਪੁੱਜਣ ਦਾ ਪ੍ਰੋਗਰਾਮ ਸੀ। ਪਾਸ਼ਾ ਮਲਿਕ ਨੇ ਉਸ ਦੀ ਆਮਦ ਸਮੇਂ ਏਅਰਟੋਪਰਟ ਵਿਖੇ ਉਸ ਨੂੰ ਰਸੀਵ ਕਰਨ ਦਾ ਨਿਸ਼ਚਾ ਕੀਤਾ ਹੋਇਆ ਸੀ।
ਉਸ ਨੂੰ ਇਕੱਲਿਆਂ ਹੀ ਦੇਰ ਤਕ ਉਡੀਕ ਕਰਨੀ ਪਈ ਤੇ ਉਹ ਇਹ ਸੋਚ ਸੋਚ ਘਬਰਾ ਰਿਹਾ ਸੀ ਕਿ ਪਤਾ ਨਹੀਂ ਉਹ ਆਵੇਗੀ ਜਾਂ ਨਹੀਂ। ਉਸ ਦੀ ਫਲਾਈਟ ਰਾਤ ਨੂੰ ਸਾਢੇ ਬਾਰਾਂ ਵਜੇ ਪੁੱਜੀ। ਉਹ ਕਸਟਮ ਜਾਂਚ ਨੂੰ ਸਹਿਜੇ ਹੀ ਪਾਰ ਕਰ ਗਈ ਜਦ ਕਿ ਗਰੀਨ ਪਾਰਟੀ ਦੇ ਮੈਂਬਰ ਏਅਰਪੋਰਟ ਦੇ ਅਹਾਤੇ ਵਿਚ ਨਾਅਰੇਬਾਜ਼ੀ ਵਿਚ ਮਸਰੂਫ਼ ਸਨ। ਪਾਸ਼ਾ ਮਲਿਕ ਨੂੰ ਦੇਖਦਿਆਂ ਹੀ ਉਸ ਨੇ ਆਪਣਾ ਸੂਟਕੇਸ ਭੁੰਜੇ ਰੱਖ ਦਿੱਤਾ ਤੇ ਦੌੜ ਕੇ ਉਸ ਨੂੰ ਗਲਵਕੜੀ ਵਿਚ ਘੁੱਟ ਲਿਆ। ‘ਓਹ ਰਜ਼ੀਆ! ਮੈਂ ਬਹੁਤ ਖੁਸ਼ ਹਾਂ ਕਿ ਤੂੰ ਵਾਪਸ ਆ ਗਈ।’ ਉਹ ਬੋਲਿਆ।
ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਉਸ ਨੇ ਆਪਣੇ ਦਸਤਾਨੇ ਉਤਾਰ ਕੇ ਉਸ ਨੂੰ ਆਪਣੀਆਂ ਨਵੀਆਂ ਉਂਗਲਾਂ ਦਿਖਾਈਆਂ। ਪਾਸ਼ਾ ਮਲਿਕ ਨੇ ਹੱਥ ਫੜ ਧਿਆਨ ਨਾਲ ਉਸ ਦੀਆਂ ਉਂਗਲਾਂ ਨੂੰ ਦੇਖਿਆ।
‘ਓਹ ਇਹ ਤਾਂ ਬਹੁਤ ਖੂਬਸੂਰਤ ਨੇ। ਤੇ ਤੂੰ ਵੀ ਤਾਂ ਬਹੁਤ ਜੱਚ ਰਹੀ ਹੈ ਅੱਜ।’ ਉਸ ਦੇ ਬੋਲ ਸਨ।
ਸਰਕੁਲਰ ਰੋਡ ਉੱਤੇ ਲੰਮੀ ਡਰਾਇਵ ਤੋਂ ਬਾਅਦ ਜਿਵੇਂ ਹੀ ਉਹ ਰਜ਼ੀਆ ਦੀ ਰਿਹਾਇਸ਼ਗਾਹ ਵੱਲ ਜਾਂਦੇ ਰਸਤੇ ਉੱਤੇ ਪੁੱਜੇ ਤਾਂ ਉਹ ਸਾਰਾ ਰਾਹ ਗਰੀਨ ਪਾਰਟੀ ਦੇ ਸਮਰਥਕਾਂ ਨੇ ਰੋਕਿਆ ਹੋਇਆ ਸੀ ਤੇ ਉਹ ਲੋਹੜੀ ਮਨਾ ਰਹੇ ਲੋਕਾਂ ਨਾਲ ਮਿਲ ਕੇ ਧਰਨਾ ਲਗਾਈ ਬੈਠੇ ਸਨ। ਹੁਣ ਹੋਰ ਕੁਝ ਸੰਭਵ ਨਹੀਂ ਸੀ। ਇਸ ਲਈ ਪਾਸ਼ਾ ਮਲਿਕ ਉਸ ਨੂੰ ਆਪਣੇ ਘਰ ਲੈ ਆਇਆ।
ਉਸ ਨੇ ਉਸ ਨੂੰ ਆਰਾਮ ਕਰਨ ਲਈ ਆਪਣਾ ਬਿਸਤਰ ਦੇਣਾ ਚਾਹਿਆ ਤੇ ਖੁੱਦ ਸੋਫੇ ਤੇ ਸੋ ਜਾਣ ਦਾ ਇਜ਼ਹਾਰ ਕੀਤਾ। ਪਰ ਰਜ਼ੀਆ ਨੇ ਮਨ੍ਹਾਂ ਕਰਦੇ ਹੋਏ ਕਿਹਾ ਕਿ ਉਸ ਨੂੰ ਅਜੇ ਨੀਂਦ ਨਹੀਂ ਆ ਰਹੀ। ਸਾਰੀ ਰਾਤ ਉਸ ਨੇ ਪਾਸ਼ਾ ਦੀ ਬੁੱਕ ਸ਼ੈਲਫ਼ ‘ਚ ਸਜੀਆਂ ਕਿਤਾਬਾਂ ਪੜ੍ਹਨ ਵਿਚ ਹੀ ਗੁਜ਼ਾਰ ਦਿੱਤੀ। ਸਵੇਰ ਤਕ ਕਮਰੇ ਦੇ ਫ਼ਰਸ਼ ਉੱਤੇ ਕਿਤਾਬਾਂ ਹੀ ਕਿਤਾਬਾਂ ਖਿਲਰੀਆਂ ਪਈਆਂ ਸਨ।
ਉਸ ਨੇ ਪਾਸ਼ਾ ਲਈ ਗਰਮਾ ਗਰਮ ਕੌਫ਼ੀ ਤਿਆਰ ਕੀਤੀ ਤੇ ਉਸ ਦੇ ਬਿਸਤਰੇ ਦੇ ਕੋਨੇ ਤੇ ਬੈਠ, ਉਸ ਨੂੰ ਕੌਫ਼ੀ ਪੀਂਦੇ ਨੂੰ ਨਿਹਾਰਦੀ ਰਹੀ। ਫਰਵਰੀ ਵਿਚ ਪ੍ਰਦਰਸ਼ਨਕਾਰੀਆਂ ਨੇ ਆਪਣੇ ਮੁਜ਼ਾਹਰਿਆਂ ਦਾ ਕੇਂਦਰ ਪ੍ਰਯੋਗਸ਼ਾਲਾਵਾਂ ਨੂੰ ਬਣਾ ਲਿਆ। ਕਈ ਪ੍ਰਯੋਗਸ਼ਾਲਾਵਾਂ ਤਾਂ ਬੰਬ ਧਮਾਕਿਆਂ ਦਾ ਸ਼ਿਕਾਰ ਵੀ ਬਣੀਆ। ਇਸ ਸੱਭ ਨੇ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਕਿ ਕੀ ਰਜ਼ੀਆ ਦਾ ਜ਼ਿੰਦਾ ਹੋਣਾ ਲਾਹੇਵੰਦ ਵੀ ਹੈ?
ੲੲੲ
ਰਜ਼ੀਆ ਤੇ ਉਸ ਵਰਗਿਆਂ ਲਈ ਸੁਵਿਧਾਵਾਂ ਉਪਲਬਧ ਕਰਾਉਣ ਵਾਲੀਆਂ ਵਿਸ਼ਵ ਭਰ ਦੀਆਂ ਪ੍ਰਯੋਗਸ਼ਾਲਾਵਾਂ, ਪ੍ਰਦਰਸ਼ਨਕਾਰੀਆਂ ਦੇ ਪ੍ਰਭਾਵ ਹੇਠ ਇਕ ਇਕ ਕਰਕੇ ਬੰਦ ਕਰ ਦਿੱਤੀਆਂ ਗਈਆ। ਗਰੀਨ ਪਾਰਟੀ ਦਾ ਨਾਅਰਾ ਹਰ ਪਾਸੇ ਗੂੰਜ ਰਿਹਾ ਸੀ; ‘ਕੁਦਰਤ ਨੂੰ ਆਪਣਾ ਕੰਮ ਕਰਨ ਦਿਉ।’ ਇਹ ਤਬਦੀਲੀ ਯੂਨੀਵਰਸਿਟੀ ਨੂੰ ਪਸੰਦ ਨਹੀਂ ਸੀ। ਰਜ਼ੀਆ ਦਾ ਦੋ ਸਾਲ ਦਾ ਕਾਂਨਟ੍ਰੈਕਟ ਅਜੇ ਬਾਕੀ ਸੀ। ਉਸ ਦੇ ਬਾਰੇ ਸ਼ਿਕਾਇਤ ਆਉਣ ਲੱਗ ਪਈ ਸੀ ਕਿ ਉਹ ਬਹੁਤ ਵਧੇਰੇ ਮੈਡੀਕਲ ਛੁੱਟੀ ਲੈਣ ਲੱਗ ਪਈ ਹੈ। ਕਈ ਸਟਾਫ਼ ਮੈਂਬਰ ਤਾਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਦਰਅਸਲ ਉਹ ਜ਼ਿੰਦਾ ਹੈ ਹੀ ਨਹੀਂ। ਪਾਸ਼ਾ ਮਲਿਕ ਅਕਸਰ ਉਸ ਦੇ ਹੱਕ ਵਿਚ ਬੋਲਦਾ।
ਵਿਭਾਗ ਦੇ ਮੁੱਖੀ ਨੇ ਉਸ ਦੀ ਰਜ਼ੀਆ ਨਾਲ ਵਿਸ਼ੇਸ਼ ਨੇੜਤਾ ਦੇਖਦੇ ਹੋਏ ਉਸ ਦੀ ਡਿਊਟੀ ਹੀ ਲਗਾ ਦਿੱਤੀ ਕਿ ਉਹ ਇਹ ਖਿਆਲ ਰੱਖੇ ਕਿ ਰਜ਼ੀਆ ਬਿਲਕੁਲ ਸਿਹਤਮੰਦ ਰਹੇ। ਇਕ ਪੱਖੋਂ ਤਾਂ ਉਹ ਖੁਸ਼ ਸੀ ਕਿ ਇੰਝ ਉਹ ਵਧੇਰੇ ਸਮਾਂ ਰਜ਼ੀਆ ਨਾਲ ਗੁਜ਼ਾਰ ਸਕੇਗਾ ਪਰ ਦੂਸਰੇ ਪੱਖੋਂ ਇੰਨੀ ਗੰਭੀਰ ਜੁੰਮੇਵਾਰੀ ਨੂੰ ਦੇਖਦੇ ਹੋਏ ਉਹ ਥੋੜ੍ਹਾ ਘਬਰਾ ਵੀ ਰਿਹਾ ਸੀ। ਉਹ ਉਸ ਨੂੰ ਜਿੰਮਨੇਜ਼ੀਅਮ ਲੈ ਜਾਣ ਲੱਗ ਪਿਆ ਤਾਂ ਜੋ ਉਹ ਤੰਦਰੁਸਤ ਰਹਿ ਸਕੇ। ਪਰ ਜ਼ਿੰਦਗੀ ਦੀ ਦੂਜੀ ਵਾਰੀ ਵਿਚ ਲਗਾਤਾਰ ਡਾਕਟਰੀ ਦੇਖਭਾਲ ਤੋਂ ਬਿਨ੍ਹਾਂ ਗਰਮੀ ਦੀ ਰੁੱਤ ਦੇ ਸ਼ੁਰੂ ਵਿਚ ਹੀ ਉਸ ਦੀ ਸਿਹਤ ਲਗਾਤਾਰ ਖ਼ਰਾਬ ਰਹਿਣ ਲੱਗ ਪਈ ਸੀ। ਉਸ ਦੇ ਨਵੇਂ ਅੰਗ, ਪੁਰਾਣੇ ਅੰਗਾਂ ਦੀ ਤੁਲਨਾ ਵਿਚ ਵਧੇਰੇ ਤੇਜ਼ੀ ਨਾਲ ਖ਼ਰਾਬ ਹੋ ਰਹੇ ਸਨ। ਡਾਕਟਰਾਂ ਦਾ ਕਹਿਣਾ ਸੀ ਕਿ ਸਖ਼ਤ ਕਸਰਤ ਰਜ਼ੀਆ ਦੀ ਸਿਹਤ ਲਈ ਠੀਕ ਨਹੀਂ। ਤਦ ਪਾਸ਼ਾ ਉਸ ਨੂੰ ਯੋਗਾ ਦੀਆਂ ਕਲਾਸਾਂ ਵਿਚ ਲੈ ਗਿਆ। ਜਿਥੇ ਉਸ ਨੇ ਸਾਹ ਅੰਦਰ ਖਿੱਚਣ ਤੇ ਫਿਰ ਹੌਲੇ ਹੌਲੇ ਬਾਹਰ ਕੱਢਣ ਦੀ ਵਿਧੀ ਸਿੱਖ ਲਈ। ਪਰ ਯੋਗਾ ਦੀਆਂ ਕਲਾਸਾਂ ਵਿਚ ਹਾਜ਼ਰੀ ਵੀ ਬਹੁਤਾ ਰੰਗ ਨਾ ਲਿਆਈ। ਜੂਨ ਮਹੀਨੇ ਦੇ ਅੰਤ ਤੱਕ ਉਸ ਨੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਦਾ ਇਰਾਦਾ ਹੀ ਛੱਡ ਦਿੱਤਾ। ਇਕ ਵਾਰ ਤਾਂ ਉਹ ਆਪਣੇ ਦਫਤਰ ਵਿਚ ਹੀ ਬੇਹੋਸ਼ ਹੋ ਗਈ। ਪਾਸ਼ਾ ਅਜੇ ਵੀ ਉਸ ਦੀ ਵਿਲੱਖਣਤਾ ਦਾ ਕਾਇਲ ਸੀ।
ਸੈਸ਼ਨ ਖ਼ਤਮ ਹੁੰਦਿਆਂ ਹੀ ਉਹ ਪਾਸ਼ਾ ਦੇ ਘਰ ਆ ਗਈ। ਉਸ ਨੂੰ ਦੇਖਭਾਲ ਲਈ ਕਿਸੇ ਦੀ ਲੋੜ ਜੂ ਸੀ। ਇਸੇ ਕਾਰਣ ਸ਼ਾਮ ਨੂੰ ਜਦ ਪਾਸ਼ਾ ਨੇ ਮੁਗਲ ਰਾਜ ਅੰਦਰ ਰਾਜਸੀ ਅਸਹਿਣਸ਼ੀਲਤਾ ਬਾਰੇ ਖੋਜ ਪੱਤਰ ਲਿਖਣਾ ਹੁੰਦਾ ਸੀ ਤਾਂ ਉਸ ਦੀ ਥਾਂ ਉਹ ਰਜ਼ੀਆ ਦਾ ਸਿਰ ਗੋਦ ਵਿਚ ਲੈ ਬੈਠਾ ਹੁੰਦਾ। ਲੰਮੀ ਪਈ ਰਜ਼ੀਆ ਇੰਨ੍ਹੀ ਬਿਮਾਰ ਨਹੀਂ ਸੀ ਲੱਗਦੀ। ਕਮਰੇ ਦੀ ਘੱਟ ਰੌਸ਼ਨੀ ਵਿਚ ਉਹ ਬਹੁਤੀ ਪੀਲੀ ਵੀ ਨਹੀਂ ਸੀ ਜਾਪਦੀ। ਸਰੀਰਕ ਤੌਰ ਉੱਤੇ ਉਹ ਠੀਕ ਹੀ ਜਾਪਦੀ ਸੀ ਪਰ ਉਸ ਦੀਆਂ ਉਗਲਾਂ ਗਲਣੀਆਂ ਸ਼ ਹੋ ਚੁੱਕੀਆਂ ਸਨ ਤੇ ਉਸ ਦੇ ਵਿਦਿਆਰਥੀਆਂ ਨੇ ਵੀ ਕਲਾਸ ਰੂਮ ਵਿਚ ਬਦਬੂ ਦੀ ਸ਼ਿਕਾਇਤ ਕਰਨਾ ਸ਼ੁਰੂ ਕਰ ਦਿੱਤਾ ਸੀ।
ੲੲੲ
ਉਸ ਨੇ ਪਾਸ਼ਾ ਨੂੰ ਕਾਗਜ਼ ਦਾ ਇਕ ਟੁੱਕੜਾ ਫੜਾਇਆ ਜਿਸ ਉੱਤੇ ਲਿਖਿਆ ਸੀ, ‘ਪਾਸ਼ਾ! ਮੈਂ ਚਾਹਤ ਭਰੇ ਜ਼ਜ਼ਬਾਤਾਂ ਦਾ ਵੇਗ ਠੱਲ ਚੁੱਕਾ ਹੈ। ਹੁਣ ਇੱਛਾਵਾਂ ਦਾ ਸੈਲਾਬ ਸੁੱਕ ਚੁੱਕਾ ਹੈ।’ ਪਾਸ਼ਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕੀ ਕਹਿਣਾ ਚਾਹ ਰਹੀ ਸੀ।
(ਸਮਾਪਤ)
ਡਾ. ਦੇਵਿੰਦਰ ਪਾਲ ਸਿੰਘ ਖੋਜੀ, ਲੇਖਕ ਤੇ ਅਧਿਆਪਕ ਹੈ ਜੋ ਮਿਸੀਸਾਗਾ, ਓਂਟਾਰੀਓ, ਕੈਨੇਡਾ ਦਾ ਵਾਸੀ ਹੈ।
Website: drdpsinghauthor.wordpress.com
Email: [email protected]

Check Also

‘ਪਾਣੀਆਂ ‘ਤੇ ਵਹਿੰਦੀ ਪਨਾਹ’ ਕਹਾਣੀ ਸੰਗ੍ਰਹਿ ਪਾਠਕਾਂ ਦਾ ਮਨ ਮੋਹ ਲੈਣ ਦੇ ਸਮਰੱਥ

ਰਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ ਪੁਸਤਕ ਦਾ ਨਾਮ : ਪਾਣੀਆਂ ‘ਤੇ ਵਹਿੰਦੀ ਪਨਾਹ …