‘ਗਲੀ ਗਲੀ ਮੇ ਸ਼ੋਰ ਹੈ ਕੈਪਟਨ ਕਾ ਸਾਧੂ ਚੋਰ ਹੈ’
ਚੰਡੀਗੜ੍ਹ/ਬਿਊਰੋ ਨਿਊਜ਼
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਇਕ ਵਾਰ ਮੁੜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਏ। ਵਿਧਾਨ ਸਭਾ ਵਿਚ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਧਰਮਸੋਤ ਖਿਲਾਫ ਸਿਆਸੀ ਹਮਲਾ ਬੋਲਿਆ। ਅਕਾਲੀ ਦਲ ਨੇ ਧਰਮਸੋਤ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਵਿਚੋਂ ਵਾਕ ਆਊਟ ਵੀ ਕੀਤਾ ਅਤੇ ਵੈੱਲ ਵਿਚ ਆ ਕੇ ਨਾਅਰੇਬਾਜ਼ੀ ਵੀ ਕੀਤੀ। ਅਕਾਲੀ ਵਿਧਾਇਕ ਪਵਨ ਟੀਨੂੰ ਨੇ ਮੁੱਖ ਮੰਤਰੀ ਨੂੰ ਉਹ ਪੋਸਟਰ ਵਿਖਾਇਆ, ਜਿਸ ਵਿਚ ਧਰਮਸੋਤ ਨੇ ਇਕ ਹੱਥ ਵਿਚ ਨੋਟਾਂ ਦੀਆਂ ਗੱਡੀਆਂ ਫੜੀਆਂ ਹੋਈਆਂ ਸਨ ਅਤੇ ਦੂਜੇ ਹੱਥ ਨਾਲ ਦਲਿਤ ਵਿਦਿਆਰਥੀਆਂ ਦੀ ਗਰਦਨ ਦਬਾ ਰਹੇ ਹਨ। ਇਸ ਮੌਕੇ ‘ਗਲੀ-ਗਲੀ ਮੇ ਸ਼ੋਰ ਹੈ, ਕੈਪਟਨ ਕਾ ਸਾਧੂ ਚੋਰ ਹੈ’ ਦੇ ਨਾਅਰੇ ਵੀ ਲਗਾਏ ਗਏ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿਚ ਬਿਆਨ ਦਿੱਤਾ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਕਰਵਾਈ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਤਰੀ ਬੇਦਾਗ ਹੈ। ਪਵਨ ਟੀਨੂੰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਉਠਾਇਆ। ਧਰਮਸੋਤ ਇਕ ਬਿੱਲ ਬਾਰੇ ਬੋਲ ਰਹੇ ਸਨ ਜਦੋਂ ਪਵਨ ਟੀਨੂੰ ਨੇ ਕਿਹਾ ਕਿ ਮੰਤਰੀ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਜਿਨ੍ਹਾਂ ਨੇ ਐਸਸੀ ਬੱਚਿਆਂ ਦਾ 64 ਕਰੋੜ ਰੁਪਇਆ ਹੜੱਪ ਲਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਟੀਨੂੰ ਦੀ ਗੱਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਧਰਮਸੋਤ ਨੇ ਗਰੀਬ ਬੱਚਿਆਂ ਦਾ 64 ਕਰੋੜ ਰੁਪਇਆ ਖਾ ਕੇ ਉਨ੍ਹਾਂ ਦੇ ਬੁਨਿਆਦੀ ਹੱਕਾਂ ‘ਤੇ ਡਾਕਾ ਮਾਰਿਆ ਹੈ। ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਸ ਮਾਮਲੇ ਦਾ ਬਿੱਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਮਾਮਲਾ ਪਹਿਲਾਂ ਹੀ ਸਦਨ ਵਿਚ ਉਠਾਇਆ ਜਾ ਚੁੱਕਾ ਹੈ। ਇਹ ਸੁਣਦਿਆਂ ਹੀ ਅਕਾਲੀ ਦਲ ਦੇ ਵਿਧਾਇਕ ਸਦਨ ਦੇ ਵਿਹੜੇ ਵਿਚ ਆ ਗਏ ਅਤੇ ਪੋਸਟਰ ਦਿਖਾ ਕੇ ਨਾਅਰੇਬਾਜ਼ੀ ਕਰਨ ਲੱਗੇ। ਸਿਮਰਜੀਤ ਸਿੰਘ ਬੈਂਸ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦਾ ਮੁੱਦਾ ਮੁੜ ਉਠਾਇਆ। ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਦਾ ਇਹ ‘ਸਾਧੂ’ ਬਹੁਤ ਖਤਰਨਾਕ ਹੈ।
ਮੇਰਾ ਮੰਤਰੀ ਬਿਲਕੁਲ ਸਾਫ ਬੰਦਾ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਕਾਲਰਸ਼ਿਪ ਤਿੰਨ ਐਡੀਸ਼ਨਲ ਚੀਫ ਸੈਕਟਰ ਪੱਧਰ ਦੇ ਅਧਿਕਾਰੀਆਂ ਪਾਸੋਂ ਜਾਂਚ ਕਰਵਾਈ ਗਈ ਹੈ। ਚੀਫ ਸੈਕਟਰੀ ਨੇ ਵੀ ਮਾਮਲਾ ਦੇਖਿਆ ਹੈ। ਨੂਰਪੁਰ ਬੇਦੀ ਨੇੜੇ ਜ਼ਮੀਨ ਦਾ ਜੋ ਮਾਮਲਾ ਹੈ, ਉਹ ਟੈਂਡਰ ਲਗਾ ਕੇ ਖਰੀਦੀ ਹੈ। ਸਾਰੇ ਮਾਮਲਿਆਂ ਦੀ ਜਾਂਚ ਹੋ ਚੁੱਕੀ ਹੈ ਅਤੇ ਧਰਮਸੋਤ ਪੂਰੀ ਤਰ੍ਹਾਂ ਸਾਫ ਹਨ ਅਤੇ ਵਿਰੋਧੀ ਧਿਰ ਦੇ ਦੋਸ਼ ਬੇਬੁਨਿਆਦ ਹੈ।
Check Also
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਕਿਹਾ : ਚੰਡੀਗੜ੍ਹ ਪੰਜਾਬ ਦਾ ਹੈ, ਅਸੀਂ ਇਕ ਇੰਚ ਵੀ ਜਗ੍ਹਾ ਕਿਸੇ ਨੂੰ ਨਹੀਂ ਦਿਆਂਗੇ …