Breaking News
Home / ਪੰਜਾਬ / ਆਈਜੀ ਉਮਰਾਨੰਗਲ ਨੇ ਡੀਜੀਪੀ ਸੈਣੀ ਦੇ ਹੁਕਮ ‘ਤੇ ਕਰਵਾਈ ਸੀ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ

ਆਈਜੀ ਉਮਰਾਨੰਗਲ ਨੇ ਡੀਜੀਪੀ ਸੈਣੀ ਦੇ ਹੁਕਮ ‘ਤੇ ਕਰਵਾਈ ਸੀ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ

Image Courtesy :jagbani(punjabkesari)

ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਵਿਚ ਐਸਆਈਟੀ ਦੇ ਪੇਸ਼ ਚਲਾਨ ਵਿਚ ਖੁਲਾਸਾ
ਸਵੇਰੇ 4:01 ਤੋਂ ਦੁਪਹਿਰ 11.39 ਵਜੇ ਤੱਕ ਆਈਜੀ-ਡੀਜੀਪੀ ਵਿਚਕਾਰ ਫੋਨ ‘ਤੇ 22 ਵਾਰ ਹੋਈ ਗੱਲਬਾਤ
ਫਰੀਦਕੋਟ/ਬਿਊਰੋ ਨਿਊਜ਼
ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਵਿਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਐਸਆਈਟੀ ਨੇ ਖੁਲਾਸਾ ਕੀਤਾ ਹੈ ਕਿ 14 ਅਕਤੂਬਰ 2015 ਨੂੰ ਤੱਤਕਾਲੀਨ ਪੁਲਿਸ ਕਮਿਸ਼ਨਰ ਲੁਧਿਆਣਾ-ਕਮ-ਆਈਜੀ ਪਰਮਰਾਜ ਸਿੰਘ ਉਮਰਾਨੰਗਲ ਬਿਨਾ ਕਿਸੇ ਅਧਿਕਾਰ ਦੇ ਕੋਟਕਪੂਰਾ ਪਹੁੰਚੇ ਸਨ। ਉਨ੍ਹਾਂ ਨੇ ਪੁਲਿਸ ਫੋਰਸ ਦੀ ਅਗਵਾਈ ਕਰਦੇ ਹੋਏ ਤੱਤਕਾਲੀਨ ਡੀਜੀਪੀ ਸੁਮੇਧ ਸੈਣੀ ਕੋਲੋਂ ਨਿਰਦੇਸ਼ ਲੈ ਕੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਬਰਗਾੜੀ ਮਾਮਲੇ ‘ਚ ਰੋਸ ਪ੍ਰਗਟ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਕਰਵਾਈ ਸੀ। ਇਸ ਵਿਚ ਬਹਿਬਲ ਕਲਾਂ ਵਿਚ ਦੋ ਸਿੱਖ ਨੌਜਵਾਨਾਂ ਦੀ ਜਾਨ ਚਲੇ ਗਈ ਸੀ ਅਤੇ ਦੋਵੇਂ ਜਗ੍ਹਾ ‘ਤੇ ਕਈ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ।
ਐਸਆਈਟੀ ਨੇ ਬਹਿਬਲ ਕਲਾਂ ਕਾਂਡ ਵਿਚ ਤੱਤਕਾਲੀਨ ਐਸਪੀ ਫਾਜ਼ਿਲਕਾ ਬਿਕਰਮਜੀਤ ਸਿੰਘ, ਤੱਤਕਾਲੀਨ ਐਸਐਚਓ ਬਾਜਾਖਾਨਾ ਅਮਰਜੀਤ ਸਿੰਘ ਕੁਲਾਰ ਸਮੇਤ ਫਰੀਦਕੋਟ ਦੇ ਸੁਹੇਲ ਸਿੰਘ ਬਰਾੜ ਅਤੇ ਮੋਗਾ ਦੇ ਪੰਕਜ ਬੰਸਲ ਦੇ ਖਿਲਾਫ ਅਦਾਲਤ ਵਿਚ 14 ਪੇਜ਼ ਦਾ ਚਲਾਨ ਪੇਸ਼ ਕੀਤਾ ਸੀ। ਐਸਆਈਟੀ ਦੇ ਅਨੁਸਾਰ 14 ਅਕਤੂਬਰ 2015 ਨੂੰ ਸਵੇਰੇ 4:01 ਵਜੇ ਤੋਂ ਲੈ ਕੇ ਦੁਪਹਿਰ 11.39 ਵਜੇ ਤੱਕ ਆਈ.ਜੀ. ਉਮਰਾਨੰਗਲ ਅਤੇ ਡੀਜੀਪੀ ਸੈਣੀ ਵਿਚਕਾਰ ਫੋਨ ‘ਤੇ 22 ਵਾਰ ਗੱਲਬਾਤ ਹੋਈ ਸੀ।
ਉਥੇ, ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਵਲੋਂ ਬਹਿਬਲ ਕਲਾਂ ਵਿਚ ਸ਼ਾਂਤੀਪੂਰਨ ਧਰਨੇ ‘ਤੇ ਬੈਠੇ ਵਿਅਕਤੀਆਂ ‘ਤੇ ਬਿਨਾ ਕਿਸੇ ਅਧਿਕਾਰ ਤੇ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ। ਪੁਲਿਸ ਕੋਲ ਧਰਨਾ ਉਠਾਉਣ ਲਈ ਕੋਈ ਕਾਨੂੰਨੀ ਹੁਕਮ ਨਹੀਂ ਸੀ। ਇਨ੍ਹਾਂ ਦੋਵਾਂ ਹੀ ਮਾਮਲਿਆਂ ਵਿਚ ਤੱਤਕਾਲੀਨ ਡੀਜੀਪੀ ਸੈਣੀ ਨਾਮਜ਼ਦ ਹੋ ਚੁੱਕੇ ਹਨ, ਜਦਕਿ ਕੋਟਕਪੂਰਾ ਮਾਮਲੇ ਵਿਚ ਪਹਿਲਾਂ ਤੋਂ ਨਾਮਜ਼ਦ ਆਈਜੀ ਉਮਰਾਨੰਗਲ ਨੂੰ ਬਹਿਬਲ ਕਲਾਂ ਮਾਮਲੇ ਵਿਚ ਵੀ ਨਾਮਜ਼ਦ ਕੀਤਾ ਜਾ ਚੁੱਕਾ ਹੈ।
ਬਾਦਲ ਦੇ ਨਾਮ ਦਾ ਜ਼ਿਕਰ
ਬਹਿਬਲ ਕਲਾਂ ਮਾਮਲੇ ਵਿਚ ਦਾਖਲ ਚਲਾਨ ਵਿਚ ਐਸਆਈਟੀ ਨੇ ਪਹਿਲੀ ਵਾਰ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ਦਾ ਜ਼ਿਕਰ ਕੀਤਾ ਹੈ। ਐਸਆਈਟੀ ਦੇ ਅਨੁਸਾਰ ਬਹਿਬਲ ਕਲਾਂ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ ਤੋਂ ਬਾਅਦ ਅਧਿਕਾਰੀਆਂ ਵਲੋਂ ਆਪਣੇ ਬਚਾਅ ਲਈ ਫਰੀਦਕੋਟ ਵਿਚ ਸੁਹੇਲ ਸਿੰਘ ਬਰਾੜ ਦੇ ਘਰ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ ਦੀ ਜਿਪਸੀ ‘ਤੇ ਖੁਦ ਹੀ ਫਾਇਰਿੰਗ ਕੀਤੀ ਗਈ। ਇਸਦੇ ਲਈ ਸੁਹੇਲ ਬਰਾੜ ਅਤੇ ਪੰਕਜ ਸ਼ਰਮਾ ਦੇ ਗਾਰਡ ਚਰਨਜੀਤ ਸਿੰਘ ਦੀ ਲਾਇਸੈਂਸੀ ਰਾਈਫਲ ਦੀ ਵਰਤੋਂ ਕੀਤੀ ਗਈ। ਐਸਆਈਟੀ ਦਾ ਦਾਅਵਾ ਹੈ ਕਿ ਸੁਹੇਲ ਅਤੇ ਪੰਕਜ ਦੀ ਆਈਜੀ ਉਮਰਾਨੰਗਲ ਅਤੇ ਸੁਖਬੀਰ ਬਾਦਲ ਨਾਲ ਨਿੱਜੀ ਪਹਿਚਾਣ ਸੀ ਅਤੇ ਆਈਜੀ ਦੇ ਕਹਿਣ ‘ਤੇ ਹੀ ਸੁਹੇਲ ਨੇ ਆਪਣੇ ਘਰ ਜਿਪਸੀ ‘ਤੇ ਫਾਇਰਿੰਗ ਕਰਵਾਈ, ਜਦਕਿ ਪੰਕਜ ਨੇ ਆਪਣੇ ਮੈਨੇਜਰ ਸੰਜੀਵ ਕੁਮਾਰ ਦੇ ਹੱਥ ਗਾਰਡ ਚਰਨਜੀਤ ਦੀ ਗਨ ਭੇਜੀ। ਸੁਹੇਲ ਨੇ ਆਪਣੀ ਗਨ ਨਾਲ ਅਤੇ ਐਸਪੀ ਬਿਕਰਮਜੀਤ ਸਿੰਘ ਨੇ ਗਾਰਡ ਚਰਨਜੀਤ ਦੀ ਗਨ ਨਾਲ ਜਿਪਸੀ ‘ਤੇ ਫਾਇਰ ਕੀਤਾ ਸੀ।
ਡੀਐਸਪੀ ਕੋਟਕਪੂਰਾ ਦੇ ਦਫਤਰ ਵਿਚ ਬਣੀ ਸੀ ਬਚਾਅ ਦੀ ਯੋਜਨਾ
ਪ੍ਰਦਰਸ਼ਨਕਾਰੀਆਂ ‘ਤੇ ਥਾਣਾ ਬਾਜਾਖਾਨਾ ਅਤੇ ਥਾਣਾ ਸਿਟੀ ਕੋਟਕਪੂਰਾ ‘ਚ ਦਰਜ ਕੀਤੇ ਗਏ ਸਨ ਮਾਮਲੇ
ਫਰੀਦਕੋਟ : ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਜਬਰਨ ਧਰਨਾ ਖਤਮ ਕਰਵਾਏ ਜਾਣ ਤੋਂ ਬਾਅਦ ਡੀਐਸਪੀ ਕੋਟਕਪੂਰਾ ਦੇ ਦਫਤਰ ਵਿਚ ਬੈਠ ਕੇ ਆਈਜੀ ਉਮਰਾਨੰਗਲ ਦੀ ਅਗਵਾਈ ਵਿਚ ਹੀ ਪੁਲਿਸ ਅਧਿਕਾਰੀਆਂ ਵਲੋਂ ਆਪਣੇ ਬਚਾਅ ਦੀ ਯੋਜਨਾ ਬਣਾਈ ਗਈ ਸੀ। ਦੋਵਾਂ ਘਟਨਾਵਾਂ ਵਿਚ ਪ੍ਰਦਰਸ਼ਨਕਾਰੀਆਂ ‘ਤੇ ਥਾਣਾ ਬਾਜਾਖਾਨਾ ਅਤੇ ਥਾਣਾ ਸਿਟੀ ਕੋਟਕਪੂਰਾ ਵਿਚ ਕੇਸ ਦਰਜ ਕੀਤੇ ਗਏ। ਬਹਿਬਲ ਮਾਮਲੇ ਵਿਚ ਕੇਸ ਦਰਜ ਕਰਨ ਦੇ ਬਾਰੇ ਵਿਚ ਐਸਐਚਓ ਅਮਰਜੀਤ ਸਿੰਘ ਕੁਲਾਰ ਨੇ ਲਿਖਤ ਸੂਚਨਾ ਹਵਾਲਦਾਰ ਕਾਹਨ ਸਿੰਘ ਦੇ ਹੱਥ ਥਾਣੇ ਵਿਚ ਭੇਜਣ ਦਾ ਦਾਅਵਾ ਕੀਤਾ ਸੀ, ਪਰ ਹਵਾਲਦਾਰ ਕਾਹਨ ਸਿੰਘ ਨੇ ਐਸਆਈਟੀ ਨੂੰ ਬਿਆਨ ਦਿੱਤਾ ਹੈ ਕਿ ਉਹ ਨਾ ਤਾਂ ਕੋਈ ਸੂਚਨਾ ਲੈ ਕੇ ਥਾਣੇ ਗਿਆ ਸੀ ਅਤੇ ਨਾ ਹੀ ਕੇਸ ਦਰਜ ਕਰਵਾ ਕੇ ਐਫਆਈਆਰ ਦੀ ਕਾਪੀ ਐਸਐਚਓ ਨੂੰ ਲਿਆ ਕੇ ਦਿੱਤੀ ਸੀ।
ਐਸਆਈਟੀ ਅਨੁਸਾਰ ਬਾਜਾਖਾਨਾ ਪੁਲਿਸ ਨੇ ਬਹਿਬਲ ਗੋਲੀ ਕਾਂਡ ਵਿਚ ਮਰਨ ਵਾਲੇ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੋਸਟ ਮਾਰਟਮ ਵੀ ਪ੍ਰਦਰਸ਼ਨਕਾਰੀਆਂ ‘ਤੇ ਦਰਜ ਕੇਸ ਦੇ ਤਹਿਤ ਹੀ ਕਰਵਾਏ ਸਨ। ਇਸ ਨਾਲ ਸਾਫ ਹੈ ਕਿ ਉਨ੍ਹਾਂ ਦੀ ਮੌਤ ਪੁਲਿਸ ਦੀ ਗੋਲੀ ਲੱਗਣ ਨਾਲ ਹੋਈ ਹੈ। ਇਸ ਚਲਾਨ ਵਿਚ ਐਸਆਈਟੀ ਨੇ 99 ਗਵਾਹਾਂ ਦੀ ਸੂਚੀ ਦੇ ਨਾਲ-ਨਾਲ ਐਸਆਈਟੀ ਕੋਲ ਦਰਜ 21 ਗਵਾਹਾਂ ਦੇ ਬਿਆਨਾਂ ਦੀਆਂ ਕਾਪੀਆਂ ਵੀ ਲਗਾਈਆਂ ਹਨ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …