-11.5 C
Toronto
Friday, January 23, 2026
spot_img
Homeਰੈਗੂਲਰ ਕਾਲਮਕਦੇ ਨਹੀਂ ਭੁੱਲਣੇ ਜੋਗਿੰਦਰ ਸਿੰਘ

ਕਦੇ ਨਹੀਂ ਭੁੱਲਣੇ ਜੋਗਿੰਦਰ ਸਿੰਘ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਬਹੁਤ ਮਾਣ ਦੀ ਗੱਲ ਸੀ  ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਸਰੱਹਦੀ ਇਲਾਕੇ ਵਿਚੋਂ ਇੱਕ ਪੰਜਾਬੀ ਸਿੱਖ ਸੀ.ਬੀ.ਆਈ ਦੇ ਮੁੱਖੀ ਤੱਕ ਦੇ ਅਹੁੱਦੇ ਤੱਕ ਪੁੱਜਿਆ। ਪਿਛਲੇ ਦਿਨੀਂ ਉਹ ਸਦੀਵੀ ਵਿਛੋੜਾ ਦੇ ਗਏ ਹਨ ਤੇ ਕਿਸੇ ਲਿਖਾਰੀ ਨੇ ਇੱਕ ਅੱਖਰ ਵੀ ਨਹੀਂ ਉਸ ਬਾਬਤ ਲਿਖਿਆ ਜਦੋਂ ਕਿ ਉਹ ਖੁਦ ਵੀ ਲਿਖਾਰੀ ਸਨ। ਸਦਕੇ ਜਾਈਏ ਭਾਰਤੀ ਮੀਡੀਆ ਦੇ। ਕਿੰਨਾ ਨਿਰਮੋਹਾ ਹੋ ਗਿਆ ਸਾਡਾ ਮੀਡੀਆ? ਇਹ ਇੱਕ ਅਹਿਮ ਸਵਾਲ ਹੈ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਣੈ ਕਿ ਸੀ.ਬੀ.ਆਈ ਦੇ ਸਾਬਕਾ ਮੁਖੀ ਤੇ ਵੀਹ ਸਾਲ ਦੀ ਉਮਰ ਵਿਚ ਆਈ. ਪੀ. ਐੱਸ ਬਣਨ ਵਾਲੇ ਸ੍ਰ ਜੋਗਿੰਦਰ ਸਿੰਘ ਇੱਕ ਜ਼ਿੰਮੇਵਾਰ ਕਾਲਮ-ਨਵੀਸ ਵੀ ਸਨ ਤੇ ਪ੍ਰਬੁੱਧ ਪਾਠਕ ਵੀ। ਚਲੰਤ ਮਾਮਲਿਆਂ ਬਾਬਤ ਉਹਨਾਂ ਦੇ ਲਿਖੇ ਕਾਲਮ ਅਖਬਾਰਾਂ ਵਿਚ ਅਕਸਰ ਹੀ ਛਪਦੇ ਰਹਿੰਦੇ ਸਨ। ਪਿੱਛੇ ਜਿਹੇ ਜਦ ਉਹ ਬੀਮਾਰ ਪੈ ਗਏ ਤਾਂ ਲਿਖਣਾ-ਪੜ੍ਹਨਾ ਛੱਡਣਾ ਪਿਆ। ਉਹ ਆਪਣੀਆਂ ਈਮੇਲਾਂ ਆਪ ਦੇਖਦੇ ਤੇ ਹਰੇਕ ਪਾਠਕ ਦਾ ਜਵਾਬ ਵੀ ਨਾਲ ਦੀ ਨਾਲ ਹੀ ਲਿਖ ਦਿੰਦੇ ਸਨ। ਬਹੁਤੀ ਵਾਰ ਫੋਨ ਵੀ ਆਪ ਹੀ ਸੁਣਦੇ।ਆਪਣੇ ਮੁਲਕ ਦੀ ਦਿਨੋ-ਦਿਨ ਨਿਘਰਦੀ ਜਾਂਦੀ ਹਾਲਤ ਉਤੇ ਵੀ ਉਹਨਾਂ ਨੂੰ ਡਾਹਢੀ ਚਿੰਤਾ ਬਣੀ ਰਹਿੰਦੀ ਸੀ। ਉਹ ਆਪਣਾ ਫਿਕਰ ਆਪਣੀਆਂ ਲਿਖਤਾਂ ਵਿਚ ਜ਼ਾਹਰ ਕਰਦੇ।  ਉਹ ਲਗਾਤਾਰ ਜਗਬਾਣੀ-ਪੰਜਾਬ ਕੇਸਰੀ ਤੇ ਹਿੰਦ ਸਮਾਚਾਰ ਲਈ ਕਾਲਮ ਭੇਜਦੇ ਰਹੇ। ਚਾਹੇ ਉਹ ਸੀ.ਬੀ.ਆਈ ਦੇ ਮੁਖੀ ਵੀ ਬਣੇ ਪਰ ਉਹਨਾਂ ਅੰਦਰੋਂ ਫਿਰੋਜ਼ਪੁਰ ਜਿਲੇ ਦੇ ਜਲਾਲਾਬਾਦ ਵਾਲਾ ਪੰਜਾਬੀ ਕਦੇ ਨਾ ਗੁਆਚਿਆ। ਉਹਨਾਂ ਦੀ ਆਮ ਬੋਲ-ਚਾਲ ਦੀ ਬੋਲੀ ਵੀ ਆਪਣੇ ਇਲਾਕੇ ਵਾਲੀ ਹੀ ਹੁੰਦੀ ਸੀ, ਜਦ ਉਹ ਆਪਣੇ ਗਰਾਂ ਤੋਂ ਆਏ ਲੋਕਾਂ ਨੂੰ ਮਿਲਦੇ-ਗਿਲਦੇ ਸਨ। ਉਹਨਾਂ ਨੇ ਆਪਣਾ ਤਹੰਮਲ ਤੇ ਨਿਮਰਤਾ ਕਦੇ ਨਹੀਂ ਛੱਡੀ। ਸ੍ਰ ਬਲਵੰਤ ਸਿੰਘ ਰਾਮੂਵਾਲੀਆ ਦੇ ਦੱਸਣ ਮੁਤਾਬਕ ਕਿ ਦੇਵਗੌੜਾ ਸਰਕਾਰ ਸਮੇਂ ਸ੍ਰੀ ਪੀ ਚਿਦੰਬਰਮ ਚਾਹੁੰਦੇ ਸਨ ਕਿ ਤਾਮਿਲਨਾਡੂ ਦਾ ਹੀ ਕੋਈ ਸੀ.ਬੀ.ਆਈ ਦਾ ਮੁਖੀ ਲਾਇਆ ਜਾਵੇ ਪਰ ਉਹਨਾਂ ਦੇਵਗੌੜਾ ਨੂੰ ਆਖਿਆ ਕਿ ਸਿੱਖਾ ਦਾ ਮਨ ਵੀ ਜਿੱਤੋ ਤੇ ਸ੍ਰ ਜੋਗਿੰਦਰ ਸਿੰਘ ਨੂੰ ਹੀ ਲਾਓ।
ਜੋਗਿੰਦਰ ਸਿੰਘ ਸੀ.ਬੀ.ਆਈ ਦੇ ਮੁਖੀ ਵਜੋਂ ਕੰਮ ਕਰਨ ਤੋਂ ਬਾਅਦ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜ ਗਏ। ਸੁਨੀਲ ਹੈਲਥ ਕੇਅਰ ਮਿਲਟਿਡ ਵਿਚ ਬਤੌਰ ਅਜ਼ਾਦ ਕਾਰਜਕਾਰੀ ਮੁਖੀ ਵਜੋਂ ਸੇਵਾ ਕੀਤੀ।ਉਹਨਾਂ ਪਮਵੀ ਟਿਸ਼ੂਜ਼ ਲਿਮਟਿਡ ਦੇ ਮੁਖੀ ਵਜੋ ਵੀ ਕੰਮ ਕੀਤਾ। ਆਪਣੀ ਪੁਲੀਸ ਸੇਵਾ ਸਮੇਂ ਉਹ ਐਸ.ਐਸ.ਪੀ ਬਿਹਾਰ, ਡੀ.ਆਈ.ਜੀ ਅਤੇ ਆਈ.ਜੀ ਕਰਨਾਟਿਕਾ ਅਤੇ ਯੁਵਕ ਸੇਵਾਵਾਂ ਦੇ ਮੁਖੀ ਕਰਨਾਟਕਾ ਰਹੇ। ਉਹ ਸਪੈਸ਼ਲ ਹੋਮ ਸਕੱਤਰ ਕਰਨਾਟਕਾ ਤੇ ਮੁਖੀ ਵਪਾਰ ਮੰਤਰਾਲਾ, ਮੁਖੀ ਨਾਰਕੋਟਿਕਸ ਵੀ ਰਹੇ। ਆਪਣੇ ਸ਼ਹਿਰ ਜਲਾਲਾਬਾਦ ਦੀਆਂ ਵਿਦਿਅਕ ਸੰਸਥਾਵਾਂ ਨਾਲ ਵੀ ਉਹ ਆਖਰੀ ਸਮੇਂ ਤੱਕ ਵੀ ਜੁੜੇ ਰਹੇ। ਉਹਨਂਾ ਨੇ ਆਪਣੀ ਵੱਖ-ਵੱਖ ਸੇਵਾ ਦੇ ਤਜੱਰਬੇ ਆਪਣੀਆਂ ਲਿਖਤਾਂ ਰਾਹੀਂ ਸਾਂਝੇ ਕੀਤੇ। ਲਗਭਗ 25 ਕਿਤਤਾਬਾਂ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਹੋਈਆਂ, ਜਿੰਨਾਂ ਦੇ ਪੰਜਾਬੀ ਤੇ ਹਿੰਦੀ ਅਨੁਵਾਦ ਵੀ ਛਪੇ। ਮੁਖ ਤੌਰ ‘ਤੇ ‘ਟੂ ਜੀ ਸਪੈਕਟ੍ਰਮ’, ‘ਇਨ ਸਾਈਡ ਇੰਡੀਆ’, ‘ਆਊਟ ਸਾਈਡ ਸੀ.ਬੀ. ਆਈ’, ‘ਇਨ ਸਾਈਡ ਇੰਡੀਅਨ ਪੁਲੀਸ’, ‘ਬੌਰਨ ਟੂ ਵਿਨ’, ‘ਗੁਡ ਗਵਰਨੈਸ’, ‘ਭਾਰਤ ਵਿਚ ਭ੍ਰਿਸ਼ਟਾਚਾਰ ਅਤੇ ਅਸਫਸਰਸ਼ਾਹੀ ਦਾ ਡਰ’, ‘ਬੀ ਦੀ ਬੈਸਟ’, ‘ਡਿਸਕਵਰੀ ਆਫ ਇੰਡੀਪੈਂਡਿਟ ਇੰਡੀਆ’, ‘ਪੁਲੀਸ ਕੀ ਕਹਾਨੀ-ਮੇਰੀ ਜੁਬਾਨੀ’,’ਯੈੱਸ ਯੂ ਕੈਨ’, ‘ਸੰਘਰਸ਼ ਸੇ ਸ਼ਿਖਰ ਤੱਕ’ ਆਦਿ ਇਹਨਾਂ ਦੀਆਂ ਮਹੱਤਵਪੂਰਨ ਲਿਖਤਾਂ ਹਨ। ਸ੍ਰ ਜੋਗਿੰਦਰ ਸਿੰਘ ਨੇ ਆਪਣੀ ਸਵੈ-ਜੀਵਨੀ ‘ਵਿਦ ਆਊਟ ਫੀਅਰ ਓਰ ਫੇਵਰ’ ਲਿਖੀ।
ਮੇਰੇ ਨਾਲ ਉਹਨਾਂ ਦੀ ਸਾਂਝ ਬਿਨਾਂ ਗੱਲ ਅਧੂਰੀ ਲੱਗੇਗੀ। ਸਾਡੀ ਗੱਲਬਾਤ ਅਕਸਰ ਹੀ ਹੁੰਦੀ। ਆਖਰੀ ਵਾਰੀ ਕੁਝ ਮਹੀਨੇ ਪਹਿਲਾਂ ਜਦ ਗੱਲ ਹੋਈ ਤਾਂ ਉਹ ਬਹੁਤ ਢਿੱਲੀ ਆਵਾਜ਼ ਵਿਚ ਬੋਲ ਰਹੇ ਸਨ ਤੇ ਬਹੁਤੀ ਗੱਲ ਨਾ ਕਰ ਸਕੇ। ਜਦ ਮੈਂ ਬੀਮਾਰੀ ਦਾ ਕਾਰਨ ਪੁੱਛਿਆ ਤਾਂ ਦੱਸਣ ਲੱਗੇ ਕਿ ਲੀਵਰ ਵਿਚ ਇੰਨਫੈਕਸ਼ਨ ਆ ਰਹੀ ਹੈ, ਚਿੰਤਾ ਨਾ ਕਰੋ, ਵਾਹਿਗੁਰੂ ਕਿਰਪਾ ਕਰਨਗੇ ਤੇ ਮੈਂ ਠੀਕ ਹੋ ਜਾਵਾਂਗਾ। ਉਹ ਮੇਰੀਆਂ ਲਿਖਤਾਂ ਪੜ੍ਹਦੇ ਤੇ ਆਪਣੀ ਨੇਕ-ਰਾਇ ਵੀ ਲਿਖਦੇ। ਅੱਜ ਜਦ ਮੈਂ ਆਪਣੀ ਪੁਸਤਕ ਦੇ ਸਰਵਰਕ ਪਿੱਛੇ ਉਹਨਾਂ ਦੇ ਲਿਖੇ ਇਹ ਸ਼ਬਦ ਪੜ੍ਹ ਰਿਹਾ ਹਾਂ ਤਾ ਉਹਨਾਂ ਦੀ ਰਹਿ-ਰਹਿ ਕੇ ਯਾਦ ਆ ਰਹੀ ਹੈ। ਉਹਨਾਂ ਲਿਖਿਆ ਸੀ-”ਮੈਂ ਸਾਂ ਜੱਜ ਦਾ ਅਰਦਲੀ ਸਵੈ-ਜੀਵਨੀ ਵਿਚ ਗੰਭੀਰਤਾ ਤੇ ਤਿੱਖਾ ਵਿਅੰਗ ਹੈ ਤੇ ਤੁਹਾਡੇ ਮੇਰੇ ਵਰਗੇ ਅਨੇਕਾਂ ਲੋਕਾਂ ਦੇ ਉੱਚੇ ਤੇ ਸਾਧਾਰਨ ਜੀਵਨ ਬਾਰੇ ਸਭ ਕੁਝ ਦਰਜ ਹੈ।” ਅਗਲੇ ਪੈਰੇ ਵਿਚ ਉਹਨਾਂ ਕਿੰਨਾ ਸੱਚ ਲਿਖਿਆ, ”ਆਖਿਰ ਜੀਵਨ ‘ਮਿੱਟੀ ਵਿਚ ਮਿੱਟੀ’ ਹੈ ਤੇ ਖੁਸ਼ੀ ਤੇ ਪ੍ਰਸੰਸਾ ਤਾਂ ਜੀਵਨ ਵਿਚ ਆਉਂਦੇ-ਜਾਂਦੇ ਹੀ ਰਹਿੰਦੇ ਹਨ।”
[email protected]

RELATED ARTICLES
POPULAR POSTS