ਟਰੰਪ ਨੇ ਕਿਮ ਜੋਂਗ ਉਨ ਨੂੰ ਵ੍ਹਾਈਟ ਹਾਊਸ ਆਉਣ ਦਾ ਦਿੱਤਾ ਸੱਦਾ
ਪਨਮੁਨਜੋਮ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਇਤਿਹਾਸ ਸਿਰਜਦਿਆਂ ਉੱਤਰੀ ਕੋਰੀਆ ਦੀ ਧਰਤੀ ‘ਤੇ ਕਦਮ ਰੱਖੇ ਅਤੇ ਪਯੋਂਗਯੈਂਗ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਦੱਖਣੀ ਅਤੇ ਉੱਤਰੀ ਕੋਰੀਆ ਨੂੰ ਵੰਡਣ ਵਾਲੀ ਲਾਈਨ ‘ਤੇ ਮੁਲਾਕਾਤ ਕਰਕੇ ਪਰਮਾਣੂ ਪ੍ਰੋਗਰਾਮ ਸਬੰਧੀ ਗੱਲਬਾਤ ਬਹਾਲ ਕਰਨ ‘ਤੇ ਸਹਿਮਤੀ ਜਤਾਈ। ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ਉੱਤਰੀ ਕੋਰੀਆ ਦੀ ਜ਼ਮੀਨ ‘ਤੇ ਕਦਮ ਰੱਖਿਆ।
ਟਰੰਪ ਨੇ ਕਿਹਾ ਕਿ ਉਨ੍ਹਾਂ ਉੱਤਰੀ ਕੋਰੀਆ ਦੇ ਆਗੂ ਨੂੰ ਕਿਸੇ ਵੀ ਸਮੇਂ ਵ੍ਹਾਈਟ ਹਾਊਸ ਵਿਚ ਆਉਣ ਦਾ ਸੱਦਾ ਦਿੱਤਾ ਹੈ। ਟਰੰਪ ਨੇ ਕਿਮ ਨੂੰ ਕਿਹਾ,”ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਮੈਨੂੰ ਰੇਖਾ ਤੋਂ ਪਾਰ ਆਉਣ ਲਈ ਆਖਿਆ ਅਤੇ ਮੈਨੂੰ ਰੇਖਾ ਪਾਰ ਕਰਕੇ ਉੱਤਰੀ ਕੋਰੀਆ ਦੀ ਸਰਜ਼ਮੀਨ ‘ਤੇ ਪੈਰ ਧਰ ਕੇ ਮਾਣ ਵੀ ਮਹਿਸੂਸ ਹੋਇਆ ਹੈ।” ਇਸ ਮੌਕੇ ਕਿਮ ਨੇ ਕਿਹਾ ਕਿ ਉੱਤਰ ਅਤੇ ਦੱਖਣ ਨੂੰ ਵੰਡਣ ਵਾਲੀ ਥਾਂ ਉਤੇ ‘ਸ਼ਾਂਤੀ ਦਾ ਪ੍ਰਤੀਕ ਹੱਥ ਮਿਲਾਉਣਾ’ ਬੀਤੇ ਨੂੰ ਭੁੱਲ ਕੇ ਨਵਾਂ ਭਵਿੱਖ ਬਣਾਉਣ ਵੱਲ ਕਦਮ ਹੈ। ਟਰੰਪ ਦੇ ਉੱਤਰੀ ਕੋਰੀਆ ਦੀ ਜ਼ਮੀਨ ‘ਤੇ ਕਦਮ ਰੱਖਦੇ ਸਾਰ ਹੀ ਕਿਮ ਨੇ ਤਾੜੀਆਂ ਮਾਰੀਆਂ ਅਤੇ ਫਿਰ ਦੋਵੇਂ ਆਗੂਆਂ ਨੇ ਹੱਥ ਮਿਲਾਇਆ ਤੇ ਤਸਵੀਰਾਂ ਖਿਚਵਾਈਆਂ। ਇਸ ਮਗਰੋਂ ਦੋਵੇਂ ਆਗੂ ਦੱਖਣੀ ਕੋਰੀਆ ਵੱਲ ਵਧੇ ਜਿਥੇ ‘ਫਰੀਡਮ ਹਾਊਸ’ ਵਿਚ ਉਨ੍ਹਾਂ ਬੈਠਕ ਕੀਤੀ।
ਜੀ 20 ਸਿਖਰ ਸੰਮੇਲਨ ‘ਚ ਮੋਦੀ ਤੇ ਟਰੰਪ ‘ਚ ਹੋਈ ਮੁਲਾਕਾਤ
ਭਾਰਤ ਤੇ ਅਮਰੀਕਾ ਚੰਗੇ ਦੋਸਤ : ਟਰੰਪ
ਓਸਾਕਾ : ਜਪਾਨ ਦੇ ਓਸਾਕਾ ਸ਼ਹਿਰ ‘ਚ ਜੀ-20 ਸਿਖਰ ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਚ ਮੁਲਾਕਾਤ ਹੋਈ। ਇਸ ਦੌਰਾਨ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਲਈ ਵਧਾਈ ਦਿੱਤੀ ਤੇ ਕਿਹਾ ਕਿ ਹੁਣ ਭਾਰਤ ਤੇ ਅਮਰੀਕਾ ਚੰਗੇ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਵਿਚ ਕਦੀ ਵੀ ਇੰਨੀ ਨੇੜਤਾ ਨਹੀਂ ਸੀ। ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਪਹਿਲਾਂ ਨਾਲੋਂ ਬਿਹਤਰ ਹੋਏ ਹਨ ਅਤੇ ਉਹ ਭਾਰਤ ਨਾਲ ਅਮਰੀਕਾ ਦੀ ਦੋਸਤੀ ਨੂੰ ਇਕ ਨਵੀਂ ਉਚਾਈ ਤੱਕ ਲਿਜਾਣਗੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …