ਹੁਣ ਦੋ ਸਤੰਬਰ ਨੂੰ ਨਾਸਿਕ ਪੁਲਿਸ ਨੇ ਵੀ ਬੁਲਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਦੇ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਭਾਵੇਂ ਜ਼ਮਾਨਤ ਮਿਲ ਗਈ ਹੈ, ਪਰ ਅਜੇ ਤੱਕ ਉਸ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਰਾਣੇ ਨੂੰ ਹੁਣ 2 ਸਤੰਬਰ ਨੂੰ ਨਾਸਿਕ ਵਿਚ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਖਿਲਾਫ ਅਪਸ਼ਬਦ ਕਹਿਣ ਦੇ ਮਾਮਲੇ ਵਿਚ ਨਾਸਿਕ ਪੁਲਿਸ ਨੇ ਰਾਣੇ ਨੂੰ ਨੋਟਿਸ ਭੇਜਿਆ ਹੈ। ਨਾਰਾਇਣ ਰਾਣੇ ਖਿਲਾਫ ਦਰਜ ਹੋਈਆਂ ਚਾਰ ਐਫ.ਆਈ.ਆਰ. ਵਿਚੋਂ ਇਕ ਨਾਸਿਕ ਵਿਚ ਦਰਜ ਹੋਈ ਹੈ। ਜਾਰੀ ਨੋਟਿਸ ਵਿਚ ਭਾਜਪਾ ਦੇ ਮੰਤਰੀ ਰਾਣੇ ਨੂੰ 2 ਸਤੰਬਰ ਨੂੰ ਦੁਪਹਿਰ 12 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਧਿਆਨ ਰਹੇ ਕਿ ਪੁਲਿਸ ਨੇ ਨਰਾਇਣ ਰਾਣੇ ਨੂੰ ਲੰਘੇ ਕੱਲ੍ਹ ਗਿ੍ਰਫਤਾਰ ਕਰ ਲਿਆ ਸੀ ਅਤੇ ਪੁਲਿਸ ਨੇ ਅਦਾਲਤ ਕੋਲੋਂ ਰਾਣੇ ਦਾ 7 ਦਿਨ ਲਈ ਰਿਮਾਂਡ ਵੀ ਮੰਗਿਆ। ਹਾਲਾਂਕਿ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਨਾਰਾਇਣ ਰਾਣੇ ਨੂੰ ਜ਼ਮਾਨਤ ਦੇ ਦਿੱਤੀ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਊਧਵ ਠਾਕਰੇ ਨੂੰ ਕਥਿਤ ਥੱਪੜ ਮਾਰਨ ਸਬੰਧੀ ਦਿੱਤੇ ਬਿਆਨ ਕਾਰਨ ਪੁਲਿਸ ਨੇ ਰਾਣੇ ਨੂੰ ਖਾਣਾ ਖਾਂਦਿਆਂ ਹੀ ਗਿ੍ਰਫਤਾਰ ਕਰ ਲਿਆ ਸੀ। ਜਿਸ ਨੂੰ ਲੈ ਕੇ ਸ਼ਿਵ ਸੈਨਿਕਾਂ ਅਤੇ ਭਾਜਪਾ ਕਾਰਕੁੰਨਾਂ ਵਿਚਾਲੇ ਝੜਪਾਂ ਵੀ ਹੋਈਆਂ ਸਨ ਅਤੇ ਸ਼ਿਵ ਸੈਨਿਕਾਂ ਨੇ ਭਾਜਪਾ ਦੇ ਦਫਤਰਾਂ ’ਤੇ ਪੱਥਰਬਾਜ਼ੀ ਵੀ ਕੀਤੀ ਸੀ।
ਇਸੇ ਦੌਰਾਨ ਨਾਰਾਇਣ ਰਾਣੇ ਦੇ ਪੁੱਤਰ ਨਿਤੇਸ਼ ਰਾਣੇ ਨੇ ਟਵੀਟ ਕਰਕੇ ਸ਼ਿਵ ਸੈਨਾ ਦੀ ਉਦਵ ਠਾਕਰੇ ਸਰਕਾਰ ’ਤੇ ਸਿਆਸੀ ਹੱਲਾ ਬੋਲਿਆ ਹੈ। ਨਿਤੇਸ਼ ਰਾਣੇ ਨੇ ਟਵੀਟ ਕਰਦਿਆਂ ਕਿਹਾ ਕਿ, ਇਸ ਸਭ ਦਾ ਕਰਾਰਾ ਜਵਾਬ ਮਿਲੇਗਾ। ਧਿਆਨ ਰਹੇ ਕਿ ਨਾਰਾਇਣ ਰਾਣੇ ਨੇ 2 ਸਤੰਬਰ ਦੀ ਪੇਸ਼ੀ ਤੋਂ ਇਲਾਵਾ 30 ਅਗਸਤ ਅਤੇ 13 ਸਤੰਬਰ ਨੂੰ ਰਾਏਗੜ੍ਹ ਦੀ ਅਪਰਾਧਿਕ ਮਾਮਲਿਆਂ ਨੂੰ ਨਿਪਟਾਉਣ ਵਾਲੀ ਸ਼ਾਖਾ ਸਾਹਮਣੇ ਵੀ ਪੇਸ਼ ਹੋਣਾ ਹੈ।