ਕੇਂਦਰੀ ਏਜੰਸੀ ਨੇ ਨਕਦੀ ਸੂਬੇ ਦੇ ਮੰਤਰੀ ਦੇ ਸਕੱਤਰ ਦੇ ਘਰੇਲੂ ਸਹਾਇਕ ਦੇ ਘਰੋਂ ਮਿਲਣ ਦਾ ਕੀਤਾ ਦਾਅਵਾ
ਰਾਂਚੀ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਸਕੱਤਰ ਨਾਲ ਕਥਿਤ ਤੌਰ ‘ਤੇ ਜੁੜੇ ਇੱਕ ਘਰੇਲੂ ਸਹਾਇਕ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ 32 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਕੁਝ ਹੋਰ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਤਿੰਨ ਕਰੋੜ ਰੁਪਏ ਵੱਖਰੇ ਤੌਰ ‘ਤੇ ਵੀ ਬਰਾਮਦ ਕੀਤੇ ਹਨ। ਸੂਤਰਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਤੇ ਤਸਵੀਰਾਂ ‘ਚ ਈਡੀ ਦੇ ਅਧਿਕਾਰੀਆਂ ਨੂੰ ਗੜੀਖਾਨਾ ਚੌਕ ਸਥਿਤ ਇੱਕ ਇਮਾਰਤ ਦੇ ਕਮਰੇ ‘ਚੋਂ ਨੋਟਾਂ ਦੇ ਬੰਡਲ ਲਿਜਾਂਦੇ ਦੇਖਿਆ ਜਾ ਸਕਦਾ ਹੈ। ਜਿੱਥੋਂ ਇਹ ਨਕਦੀ ਬਰਾਮਦ ਹੋਈ ਹੈ ਉੱਥੇ ਕਥਿਤ ਤੌਰ ‘ਤੇ ਝਾਰਖੰਡ ਦੇ ਦਿਹਾਤੀ ਵਿਕਾਸ ਮੰਤਰੀ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਦਾ ਇੱਕ ਘਰੇਲੂ ਸਹਾਇਕ ਰਹਿੰਦਾ ਹੈ। ਉਧਰ ਦੂਜੇ ਪਾਸੇ ਆਲਮ ਨੇ ਕਿਹਾ, ‘ਮੈਨੂੰ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।’ ਉਨ੍ਹਾਂ ਕਿਹਾ, ‘ਮੈਂ ਟੀਵੀ ਦੇਖ ਰਿਹਾ ਹਾਂ ਅਤੇ ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਕੰਪਲੈਕਸ ਸਰਕਾਰ ਵੱਲੋਂ ਮੈਨੂੰ ਮੁਹੱਈਆ ਕੀਤੇ ਗਏ ਅਧਿਕਾਰਤ ਪੀਐੱਸ (ਪ੍ਰਾਈਵੇਟ ਸਕੱਤਰ) ਨਾਲ ਸਬੰਧਤ ਹੈ।’ ਈਡੀ ਦੇ ਸੂਤਰਾਂ ਨੇ ਕਿਹਾ ਕਿ ਨਕਦੀ ਗਿਣਨ ਲਈ ਨੋਟ ਗਿਣਨ ਵਾਲੀਆਂ ਮਸ਼ੀਨਾਂ ਲਾਈਆਂ ਗਈਆਂ ਹਨ ਤਾਂ ਜੋ ਬਰਾਮਦ ਕੀਤੀ ਗਈ ਰਾਸ਼ੀ ਦੀ ਸਹੀ ਗਿਣਤੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ 30 ਕਰੋੜ ਰੁਪਏ ਤੋਂ ਵਧ ਹੋ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਬਰਾਮਦ ਕੀਤੀ ਗਈ ਨਕਦੀ ‘ਚ ਮੁੱਖ ਤੌਰ ‘ਤੇ 500 ਰੁਪਏ ਦੇ ਨੋਟ ਹਨ ਅਤੇ ਕੁਝ ਗਹਿਣੇ ਵੀ ਬਰਾਮਦ ਹੋਏ ਹਨ। ਆਲਮ (70) ਕਾਂਗਰਸ ਆਗੂ ਹਨ ਅਤੇ ਝਾਰਖੰਡ ਵਿਧਾਨ ਸਭਾ ‘ਚ ਪਾਕੁਰ ਸੀਟ ਤੋਂ ਨੁਮਾਇੰਦਗੀ ਕਰਦੇ ਹਨ। ਈਡੀ ਵੱਲੋਂ ਆਪਣੀ ਮੁਹਿੰਮ ਦੌਰਾਨ 6 ਟਿਕਾਣਿਆਂ ‘ਤੇ ਛਾਪਾ ਮਾਰਿਆ ਗਿਆ ਅਤੇ ਦੋ ਥਾਵਾਂ ਤੋਂ 2.93 ਕਰੋੜ ਰੁਪਏ ਤੇ 10 ਲੱਖ ਰੁਪਏ ਬਰਾਮਦ ਹੋਏ ਸਨ। ਈਡੀ ਦੀ ਕਾਰਵਾਈ ਦਿਹਾਤੀ ਕਾਰਜ ਵਿਭਾਗ ਦੇ ਸਾਬਕਾ ਮੁੱਖ ਇੰਜਨੀਅਰ ਵੀਰੇਂਦਰ ਕੇ ਰਾਮ ਖਿਲਾਫ ਦਰਜ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਹੋਈ ਹੈ। ਵੀਰੇਂਦਰ ਰਾਮ ਨੂੰ ਈਡੀ ਨੇ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਪਿਛਲੇ ਸਾਲ ਜਾਰੀ ਇੱਕ ਬਿਆਨ ‘ਚ ਦੋਸ਼ ਲਾਇਆ ਸੀ, ‘ਰਾਂਚੀ ‘ਚ ਦਿਹਾਤੀ ਕਾਰਜ ਵਿਭਾਗ ‘ਚ ਮੁੱਖ ਇੰਜਨੀਅਰ ਵਜੋਂ ਤਾਇਨਾਤ ਵੀਰੇਂਦਰ ਕੁਮਾਰ ਰਾਮ ਨੇ ਠੇਕੇਦਾਰਾਂ ਨੂੰ ਟੈਂਡਰ ਅਲਾਟ ਕਰਨ ਬਦਲੇ ਉਨ੍ਹਾਂ ਤੋਂ ਰਿਸ਼ਵਤ ਦੇ ਨਾਂ ‘ਤੇ ਗੈਰਕਾਨੂੰਨੀ ਕਮਾਈ ਕੀਤੀ ਸੀ।’ ਏਜੰਸੀ ਨੇ ਅਧਿਕਾਰੀ ਦੀ 39 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ।