Breaking News
Home / ਮੁੱਖ ਲੇਖ / ਪ੍ਰੇਮ ਦੀ ਖੇਡ

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ
ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ ਨਾਂਅ ਹੈ। ਅਜਿਹੀ ਚੇਤਨਾ ਜਿਹੜੀ ਸਾਡੀ ਦ੍ਰਿਸ਼ਟੀ ਨੂੰ ਜ਼ਿੰਦਗੀ ਦੀਆਂ ਚੰਦ ਰੋਜ਼ਾ ਫ਼ਾਹੀਆਂ ਨੂੰ ਕੱਟ ਕੇ ਉੱਪਰ ਉਠਾ ਦੇਵੇ। ਸਿੱਧਾ ਰੂਹ ਦੇ ਸੰਸਾਰ ਨਾਲ ਜੋੜ ਦੇਵੇ। ਇਹ ਕੋਈ ਸਾਧਾਰਨ ਅਵਸਥਾ ਨਹੀਂ ਹੈ। ਖੰਡੇ ਨਾਲੋਂ ਤਿੱਖਾ ਅਤੇ ਵਾਲ ਨਾਲੋਂ ਵੀ ਨਿੱਕਾ (ਬਾਰੀਕ) ਰਾਹ ਹੈ ਪ੍ਰੇਮ ਦਾ। ‘ਪ੍ਰੇਮ’ ਮਾਰਗ ਦਾ ਪਾਂਧੀ ਬਣਨ ਲਈ ਪਹਿਲੀ ਸ਼ਰਤ ਹੀ ਸਿਰ ਤਲੀ ‘ਤੇ ਰੱਖਣਾ ਹੈ। ਜੇਕਰ ‘ਪ੍ਰੇਮ’ ਮਾਰਗ ‘ਤੇ ਪੈਰ ਵੀ ਧਰਨਾ ਹੈ ਤਾਂ ਸਿਰ ਦੇਣ ਲੱਗਿਆਂ ਭੋਰਾ ਵੀ ਹਿਰਖ ਨਹੀਂ ਹੋਣਾ ਚਾਹੀਦਾ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ :
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਅੰਕ : 1412)
ਸਿਰ ਦੇਣਾ ਜਾਂ ਸਿਰ ਤਲੀ ‘ਤੇ ਧਰਨ ਦਾ ਅਰਥ ਹੈ, ਆਪਾ-ਭਾਵ ਮਿਟਾ ਕੇ ‘ਉਸ’ ਦਾ ਹੋ ਜਾਣਾ। ਲੋਕ-ਲਾਜ ਅਤੇ ਹਉਮੈ ਦਾ ਤਿਆਗ ਕਰਨਾ। ‘ਸਰੀਰਕ ਸੰਸਾਰ’ ਤੋਂ ਉਪਰ ਉਠ ਕੇ ‘ਰੂਹਾਨੀ ਸੰਸਾਰ’ ਦਾ ਵਾਸੀ ਬਣਨਾ। ਪ੍ਰੇਮ ਸਰੀਰ ਨਹੀਂ, ਰੂਹ ਦੀ ਗੱਲ ਕਰਦਾ ਹੈ। ਸਰੀਰ ਤਾਂ ਅੱਜ ਹੈ ਕੱਲ੍ਹ ਨਹੀਂ ਹੋਵੇਗਾ, ਪਰ ਰੂਹ ਅਮਰ ਹੈ। ਸਰੀਰ ਨਾਲ ਕੀਤੀ ਖਿੱਚ ‘ਪ੍ਰੇਮ’ ਨਹੀਂ, ਵਾਸ਼ਨਾ ਕਹਾਉਂਦੀ ਹੈ। ਰਿਸ਼ਤਿਆਂ ਨਾਲ ਕੀਤਾ ਤੇਹ ‘ਮੋਹ’ ਦੇ ਬੰਧਨ ਪਾਉਂਦਾ ਹੈ। ‘ਮੋਹ’ ਅਤੇ ‘ਵਾਸ਼ਨਾ’ ਮਾਇਆਵੀ ਅਹਿਸਾਸ ਹਨ ਜੋ ਵਿਕਾਰਾਂ ਅਤੇ ਬੰਧਨਾਂ ਦੀਆਂ ਫ਼ਾਹੀਆਂ ਪਾਉਂਦੇ ਹਨ। ਦੂਜੇ ਪਾਸੇ ‘ਪ੍ਰੇਮ’ ਤਾਂ ਬੰਧਨ ਕੱਟਦਾ ਹੈ। ਜਨਮਾਂ-ਜਨਮਾਂਤਰਾਂ ਦੇ ਭਰਮ ਦੇ ਗੜ੍ਹ ਤੋੜ ਦਿੰਦਾ ਹੈ। ਇਸੇ ਕਰਕੇ ਪਰਮਾਰਥ ਵੀ ‘ਪ੍ਰੇਮ’ ਵਿਚ ਹੈ।
ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮੁ ਕੀਓ ਤਿਨ ਹੀ ਪ੍ਰਭੁ ਪਾਇਓ॥ (ਪਾਤਿਸ਼ਾਹੀ ੧੦, ਤ੍ਵਪ੍ਰਸਾਦਿ ਸ੍ਵਯੇ)
ਜਦੋਂ ਪੰਜਾਂ ਤੱਤਾਂ ਦੀ ਦੇਹੀ ਤੋਂ ਉਪਰ ਉਠ ਕੇ ‘ਰੂਹ’ (ਕਹੁ ਕਬੀਰ ਇਹੁ ਰਾਮ ਕੀ ਅੰਸੁ॥) ਨਾਲ ‘ਪ੍ਰੇਮ’ ਹੋ ਜਾਵੇ ਤਾਂ ਜੋਤਿ ਦੇ ਦਰਸ਼ਨ ਹੁੰਦੇ ਹਨ। ਉਹ ‘ਇਕ’ ਜੋਤਿ ਜਿਹੜੀ ਬ੍ਰਹਿਮੰਡ ਦੇ ਆਦਿ ਤੋਂ ਜਗ ਰਹੀ ਹੈ ਅਤੇ ਅੰਤ ਤੱਕ ਜਗਦੀ ਰਹੇਗੀ। ਜਿਹੜਾ ਵੀ ਸੁਰਤ ਨੂੰ ਟਿਕਾ ਕੇ ਜੋਤਿ ਨੂੰ ਆਪਣੇ ਅੰਦਰ ਜਗਾ ਲਵੇਗਾ, ਉਹ ਜੋਤਿ ਦਾ ਹੀ ਅੰਸ਼ ਬਣ ਜਾਵੇਗਾ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
(ਅੰਕ : 441)
ਜਦੋਂ ਆਪਣਾ ਮੂਲ ਪਛਾਣ ਲਿਆ ਤਾਂ ਫ਼ੇਰ ‘ਪ੍ਰੇਮ’ ਦੀ ਇਲਾਹੀ ਨਦਰਿ ਵਰਸੇਗੀ। ਤੀਜਾ ਨੇਤਰ ਖੁੱਲ੍ਹੇਗਾ। ਭਰਮ ਦੇ ਗੜ੍ਹ ਟੁੱਟਣਗੇ ਅਤੇ ਚੇਤਨਾ ਦਾ ਪ੍ਰਕਾਸ਼ ਹੋਵੇਗਾ। ”ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ॥” ਦਾ ਨੂਰ ਸਾਡੀਆਂ ਅੱਖਾਂ ਵਿਚ ਵੱਸ ਜਾਵੇਗਾ। ਫੇਰ ਸਾਰੇ ਆਲਮ ‘ਚੋਂ ਹੀ ‘ਪ੍ਰੇਮੀ’ ਨੂੰ ਆਪਣਾ ‘ਮਹਿਬੂਬ’ ਨਜ਼ਰ ਆਉਣ ਲੱਗਦਾ ਹੈ। ਜਿਵੇਂ ਭਾਈ ਘਨ੍ਹੱਈਆ ਜੀ ਨੂੰ ਆਇਆ ਸੀ। ਅਨੰਦਪੁਰ ਦੀ ਧਰਤੀ ‘ਤੇ ਸਿੰਘਾਂ ਦੇ ਮੁਗ਼ਲਾਂ ਨਾਲ ਘਮਸਾਨ ਦੇ ਯੁੱਧ ਚੱਲ ਰਹੇ ਸਨ। ਦੋਹੀਂ ਪਾਸੀਂ ਫ਼ੌਜਾਂ ਇਕ ਦੂਜੇ ਦੇ ਸਿਪਾਹੀਆਂ ਦੇ ਆਹੂ ਲਾਹ ਰਹੀਆਂ ਸਨ। ਦਸਮੇਸ਼ ਪਿਤਾ ਕੋਲ ਸ਼ਿਕਾਇਤ ਪੁੱਜੀ, ”ਸੱਚੇ ਪਾਤਸ਼ਾਹ! ਮੈਦਾਨੇ-ਜੰਗ ‘ਚ ਮੁਗ਼ਲ ਸਿਪਾਹੀ ਸਿੰਘਾਂ ਦੇ ਖੂਨ ਦੇ ਪਿਆਸੇ ਬਣੇ ਹੋਏ ਹਨ ਤੇ ਭਾਈ ਘਨ੍ਹੱਈਆ, ਫ਼ੱਟੜ ਸਿੰਘਾਂ ਦੇ ਨਾਲ-ਨਾਲ ਮੁਗ਼ਲਾਂ ਦੇ ਉਨ੍ਹਾਂ ਸਿਪਾਹੀਆਂ ਨੂੰ ਵੀ ਪਾਣੀ ਪਿਲਾ ਰਿਹਾ ਹੈ, ਜਿਨ੍ਹਾਂ ਨੂੰ ਅਸੀਂ ਜਾਨ ‘ਤੇ ਖੇਡ ਕੇ ਜ਼ਖ਼ਮੀ ਕਰ-ਕਰ ਸੁੱਟ ਰਹੇ ਹਾਂ।” ਸੱਚੇ ਪਾਤਸ਼ਾਹ ਨੇ ਜਦੋਂ ਸਿੰਘਾਂ ਦੀ ਸ਼ਿਕਾਇਤ ਦਾ ਜੁਆਬ ਮੰਗਿਆ ਤਾਂ ਭਾਈ ਘਨ੍ਹੱਈਆ ਨਿਮਰਤਾ ਸਹਿਤ ਕਹਿਣ ਲੱਗਾ, ”ਹੇ ਸੱਚੇ ਪਾਤਸ਼ਾਹ! ਮੈਨੂੰ ਤਾਂ ਮੈਦਾਨੇ-ਜੰਗ ‘ਚ ਜ਼ਖ਼ਮੀ ਹੋਏ ਡਿੱਗੇ ਸਿੰਘਾਂ ਅਤੇ ਮੁਗ਼ਲ ਸਿਪਾਹੀਆਂ ‘ਚ ਕੋਈ ਫ਼ਰਕ ਹੀ ਨਜ਼ਰ ਨਹੀਂ ਆ ਰਿਹਾ। ਮੈਨੂੰ ਤਾਂ ਸਾਰਿਆਂ ‘ਚੋਂ ਤੁਹਾਡਾ ਹੀ ਇਲਾਹੀ ਨੂਰ ਨਜ਼ਰੀਂ ਪੈ ਰਿਹੈ।”
ਗੁਰੂ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਭਾਈ ਘਨ੍ਹੱਈਏ ਨੂੰ ਘੁਟ ਕੇ ਛਾਤੀ ਨਾਲ ਲਾ ਲਿਆ ਅਤੇ ਫ਼ੁਰਮਾਉਣ ਲੱਗੇ, ”ਭਾਈ ਘਨ੍ਹੱਈਆ ਤੇਰਾ ਤੀਜਾ ਨੇਤਰ ਖੁੱਲ੍ਹ ਗਿਐ। ਆਹ ਲੈ ਮਰਹੱਮ-ਪੱਟੀ ਅਤੇ ਪਾਣੀ ਪਿਲਾਉਣ ਦੇ ਨਾਲ-ਨਾਲ ਮੈਦਾਨੇ-ਜੰਗ ‘ਚ ਜ਼ਖ਼ਮੀ ਹੋਏ ਸਿਪਾਹੀਆਂ ਨੂੰ ਬਿਨ੍ਹਾਂ ਭੇਦ-ਭਾਵ ਤੋਂ ਮਰਹੱਮ-ਪੱਟੀ ਵੀ ਕਰੀ ਜਾ।”
‘ਪ੍ਰੇਮ’ ਸਮਰਪਣ ਦਾ ਨਾਂਅ ਹੈ। ਰੂਹ ਅੱਗੇ ਪੰਜ ਭੂਤਕ ਦੇਹ ਦਾ ਸਮਰਪਣ। ਜਦੋਂ ‘ਦੇਹ’ ਦਾ ਸਮਰਪਣ ਕਰ ਦੇਵੋ ਤਾਂ ‘ਰੂਹ’ ਸਹਾਈ ਹੁੰਦੀ ਹੈ। ਸੋਹਣੀ ਨੂੰ ਜਿਵੇਂ ਕੱਚੇ ਘੜੇ ਨੇ ਦਰਿਆ ਪਾਰ ਲੰਘਾਇਆ ਸੀ। ਕਦੇ ਦੇਹ ਵੀ ਕੱਚੇ ਘੜੇ ਦੇ ਆਸਰੇ ਪਾਣੀ ‘ਚ ਤੈਰ ਸਕਦੀ ਹੈ? ਨਹੀਂ ਨਹੀਂ! ਸੋਹਣੀ ‘ਪ੍ਰੇਮ’ ਵਿਚ ਦੇਹ ਦਾ ਸਮਰਪਣ ਕਰ ਚੁੱਕੀ ਸੀ, ਤਾਂ ਹੀ ਫ਼ੁੱਲ ਵਰਗੀ ਹੌਲੀ ‘ਰੂਹ’ ਦਾ ਕੱਚੇ ਘੜੇ ਨੂੰ ਭਾਰ ਨਹੀਂ ਲੱਗਾ। ਭਾਵੇਂ ਇਹ ਇਸ਼ਕ ਮਿਜਾਜ਼ੀ ਦਾ ਕਿੱਸਾ ਹੈ ਪਰ ਭਾਈ ਗੁਰਦਾਸ ਜੀ ਨੇ ਰੱਬੀ ਪ੍ਰੇਮ ਲਈ ਲਗਨ ਅਤੇ ਸਮਰਪਣ ਮੁਤੱਲਕ ਇਸ ਦੀ ਉਦਾਹਰਣ 27ਵੀਂ ਵਾਰ ‘ਚ ਦਿੱਤੀ ਹੈ :
”ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ”
ਜਿਥੇ ਪ੍ਰੇਮ-ਪਿਆਰ ਹੋਵੇ, ਉਥੇ ਮੇਰ, ਤੇਰ, ਸਵਾਰਥ, ਲੋਭ, ਮੋਹ ਤੇ ਤ੍ਰਿਸ਼ਨਾ ਤਾਂ ਕਦੇ ਵੀ ਨਹੀਂ ਹੋ ਸਕਦੀ। ਪ੍ਰੋ. ਪੂਰਨ ਸਿੰਘ ਲਿਖਦੇ ਹਨ : ”ਪਿਆਰ ਦਾ ਇਕ ਅਚਰਜ ਕੌਤਕ ਹੈ ਕਿ ਜਿਥੇ ਹੋਵੇ, ਉਥੇ ਆਪਣੀ ਜਿੰਦ, ਜਾਨ, ਰੂਹ ਸਭ ਕੁਛ ਪਿਆਰੇ ਦੇ ਹਵਾਲੇ ਕਰਨ ਤੇ ਦਿਲ ਕਰਦਾ ਹੈ ਤੇ ਬਿਹਬਲ ਹੋ ਪਿਆਰ ਦੇ ਹਵਾਲੇ ਸਾਰਾ ਆਪਾ ਤੇ ਸਭ ਕੁਝ ਕਰ ਦਿੱਤਾ ਜਾਂਦਾ ਹੈ।” ਜਦੋਂ ਸਭ ਕੁਝ ‘ਪ੍ਰੇਮ’ ਵਿਚ ਮਹਿਬੂਬ ਅੱਗੇ ਨਿਛਾਵਰ ਕਰ ਦਿੱਤਾ ਜਾਵੇ ਤਾਂ ਮਹਿਬੂਬ ਦਾ ਵੀ ਬਿਰਦ ਹੈ ਕਿ ਉਹ ‘ਪ੍ਰੇਮੀ’ ਨੂੰ ਦੁਨੀਆ ਸਾਹਮਣੇ ਨੀਵਾਂ ਨਹੀਂ ਹੋਣ ਦਿੰਦਾ। ਮਹਿਬੂਬ ਖੁਦ ‘ਪ੍ਰੇਮ ਪਟੋਲਾ’ ਬਣ ਕੇ ‘ਪ੍ਰੇਮੀ’ ਦੀ ਲਾਜ-ਪੱਤ ਰੱਖਦਾ ਹੈ।
ਪ੍ਰੇਮ ਇਕ ਬੇਨਜ਼ੀਰ ਅਹਿਸਾਸ ਹੈ। ‘ਪ੍ਰੇਮ’ ਸਵਾਰਥ ਨਹੀਂ ਕੁਰਬਾਨੀ ਸਿਖਾਉਂਦਾ ਹੈ। ਅੱਜ-ਕੱਲ੍ਹ ਅਕਸਰ ਕਿਤੇ ਨਾ ਕਿਤੇ ਅਖ਼ਬਾਰਾਂ ‘ਚ ਸੁਰਖੀ ਪੜ੍ਹਨ ਨੂੰ ਮਿਲ ਜਾਂਦੀ ਹੈ, ‘ਇਕਤਰਫ਼ਾ ਪਿਆਰ ‘ਚ ਅੰਨ੍ਹੇ ‘ਪ੍ਰੇਮੀ’ ਨੇ ਕੁੜੀ ਦੀ ਜਾਨ ਲਈ’। ਜਾਨ ਲੈਣ ਵਾਲਾ ‘ਪ੍ਰੇਮੀ’ ਨਹੀਂ ਹੋ ਸਕਦਾ। ਇਸ ਨੂੰ ਅਸੀਂ ਵਾਸ਼ਨਾਵਾਂ ਦੀ ਪ੍ਰਬਲਤਾ ਆਖ ਸਕਦੇ ਹਾਂ। ਅਜਿਹੇ ਘਿਨਾਉਣੇ ਵਰਤਾਰਿਆਂ ਨੂੰ ‘ਪ੍ਰੇਮ’ ਦਾ ਲਕਬ ਦੇ ਕੇ ‘ਪ੍ਰੇਮ’ ਨੂੰ ਬਦਨਾਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ‘ਪ੍ਰੇਮੀ’ ਤਾਂ ਪਿਆਰੇ ਤੋਂ ਫ਼ਨਾਹ ਹੋ ਜਾਂਦਾ ਹੈ, ਜਿਵੇਂ ਪਤੰਗਾ ਸ਼ਮ੍ਹਾਂ ਤੋਂ ਕੁਰਬਾਨ ਹੁੰਦਾ ਹੈ। ਪਤੰਗੇ ਨੂੰ ਪਤਾ ਹੁੰਦਾ ਹੈ ਕਿ ਉਹ ਸ਼ਮ੍ਹਾਂ ਦੇ ਨੇੜੇ ਜਾਵੇਗਾ ਤਾਂ ਖਾਕ ਹੋ ਜਾਵੇਗਾ, ਪਰ ‘ਪ੍ਰੇਮ’ ਹੀ ਹੈ, ਜਿਸ ਨੇ ਉਸ ਨੂੰ ਸ਼ਮ੍ਹਾ ਨਾਲ ਮੁਹੱਬਤ ਤੋਂ ਕੁਰਬਾਨ ਹੋਣਾ ਸਿਖਾਇਆ ਹੈ।
‘ਪ੍ਰੇਮ’ ਅਨਮੋਲ ਵਸਤ ਹੈ। ਇਹ ਵਸਤ ‘ਤਿਆਗ’ ਅਤੇ ‘ਸਮਰਪਣ’ ਨਾਲ ਹੀ ਹਾਸਲ ਕੀਤੀ ਜਾ ਸਕਦੀ ਹੈ। ਦੁਨੀਆ ਦੀ ਹਰ ਵਸਤੂ, ਹਰ ਸ਼ੈਅ ਪਦਾਰਥਕ-ਅਮੀਰੀ ਦੇ ਨਾਲ ਖਰੀਦੀ ਜਾ ਸਕਦੀ ਹੈ, ਪਰ ਇਕ ‘ਪ੍ਰੇਮ’ ਹੀ ਹੈ, ਜਿਹੜਾ ਸਿਰਫ਼ ‘ਗਰੀਬੀ’ ਦੇ ਵੱਸ ਆਉਂਦਾ ਹੈ। ਮਨ ਦੀ ਗਰੀਬੀ ਦੇ ਅਤੇ ਕੁਰਬਾਨੀ ਦੇ। ਅੱਜ ਅਸੀਂ ਧਨ-ਦੌਲਤਾਂ ਨਾਲ ‘ਪ੍ਰੇਮ’ ਨੂੰ ਵੱਸ ਵਿਚ ਕਰਨ ਤੁਰ ਪਏ ਹਾਂ। ਰੱਬ ਦੇ ਦਰ ‘ਤੇ ਮਹਿੰਗੀਆਂ ਵਸਤਾਂ ਭੇਟਾ ਕਰਵਾ ਕੇ ਉਸ ਦਾ ‘ਪ੍ਰੇਮ’ ਹਾਸਲ ਕਰਨ ਦਾ ਮੁਗਾਲਤਾ ਪਾਲੀ ਬੈਠੇ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਭਰਮ ਨੂੰ ਤੋੜਦੇ ਹਨ :
ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਹਿਹੁ ਹੋਤੀ ਸਾਟ॥
ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ੍ ਕਾਟਿ॥
(ਅੰਕ :1363)
‘ਪ੍ਰੇਮ’ ਅਜਿਹੀ ਅਨਮੋਲ ਦਾਤ ਹੈ, ਜਿਸ ਨੂੰ ਧਨ-ਦੌਲਤਾਂ ਦੇ ਛਾਬੇ ਵਿਚ ਨਹੀਂ ਤੋਲਿਆ ਜਾ ਸਕਦਾ। ਜੇਕਰ ਧਨ-ਦੌਲਤ ਦੇ ਵਟਾਂਦਰੇ ‘ਚ ‘ਪ੍ਰੇਮ’ ਮਿਲਦਾ ਹੁੰਦਾ ਤਾਂ ਬੇਅੰਤ ਧਨ-ਦੌਲਤਾਂ ਦੇ ਮਾਲਕ ਲੰਕਾਪਤੀ ਰਾਵਣ ਨੂੰ, ‘ਸ਼ਿਵ ਜੀ’ ਦੀ ਖੁਸ਼ੀ ਹਾਸਲ ਕਰਨ ਲਈ ਗਿਆਰਾਂ ਵਾਰੀ ਆਪਣੇ ਸਿਰ ਕੱਟ ਕੇ ਭੇਟਾ ਕਰਨ ਦੀ ਕੀ ਲੋੜ ਸੀ?
‘ਪ੍ਰੇਮ’ ਬੜਾ ਬਖਸ਼ਿੰਦ ਵੀ ਹੈ। ਭੁੱਲਿਆਂ ਨੂੰ ਗਲ ਨਾਲ ਲਾਉਂਦਾ ਹੈ। ਉਹ ਪਤਿਤਾਂ ਦਾ ਉਧਾਰ ਕਰ ਦਿੰਦਾ ਹੈ। ਹੰਕਾਰੀਆਂ ਦੇ ਹੰਕਾਰ ਤੋੜ ਦਿੰਦਾ ਹੈ। ਆਪਣੇ ਆਪ ਨੂੰ ਬੜਾ ਵੱਡਾ ਸੂਰਬੀਰ ਯੋਧਾ ਸਮਝਣ ਵਾਲੇ, ਔਰੰਗਜ਼ੇਬ ਦੇ ਸੈਨਾਪਤੀ ਸੈਦ ਖਾਂ ਦੇ ਹੰਕਾਰ ਦੇ ਗੜ੍ਹ ਦਸਮੇਸ਼ ਪਿਤਾ ਦੇ ਨੈਣਾਂ ਦੇ ‘ਪ੍ਰੇਮ’ ਤੀਰਾਂ ਨੇ ਤੋੜੇ ਸਨ। ਅਨੰਦਪੁਰ ਦੇ ਕਿਲ੍ਹੇ ‘ਤੇ ਫ਼ਤਹਿ ਪਾਉਣ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਜ਼ਿੰਦਾ’ ਫੜ ਕੇ ਦਿੱਲੀ ਲਿਆਉਣ ਦਾ ਸੁਪਨਾ ਦੇਖ ਸੈਦ ਖਾਂ ਔਰੰਗਜ਼ੇਬ ਦੇ ਥਾਪੜੇ ਨਾਲ ਲਾਮ-ਲਸ਼ਕਰ ਸਮੇਤ ਅਨੰਦਪੁਰ ਦੀ ਧਰਤੀ ‘ਤੇ ਜੰਗ ਦੇ ਮੈਦਾਨ ‘ਚ ਪੁੱਜਿਆ। ਆਪਣੀ ਜਵਾਨੀ ਅਤੇ ਬਹਾਦਰੀ ‘ਤੇ ਘੁਮੰਡ ਕਰਨ ਵਾਲੇ ਪਠਾਨ ਦੇ ਮਨ ‘ਚ ਫ਼ੁਰਨਾ ਆਇਆ, ”ਜੇ ਸੱਚੀਂ ਸਿੱਖਾਂ ਦਾ ਗੁਰੂ ਘਟ-ਘਟ ਦੀ ਜਾਨਣ ਵਾਲਾ ਹੈ ਤਾਂ ਮੇਰੇ ਸਾਹਮਣੇ ਆ ਕੇ ਮੇਰਾ ਮੁਕਾਬਲਾ ਕਰੇ।”
ਉਸੇ ਵੇਲੇ ਆਪਣੇ ਘੋੜੇ ‘ਤੇ ਅਸਵਾਰ ਹੋ ਕੇ ਚੋਜੀ ਪ੍ਰੀਤਮ ਦੋਹਾਂ ਪਾਸਿਆਂ ਦੀਆਂ ਫ਼ੌਜਾਂ ਨੂੰ ਚੀਰਦੇ ਹੋਏ, ਦੁਸ਼ਮਣਾਂ ਦੇ ਸੈਨਾਪਤੀ ਦੇ ਸਾਹਮਣੇ ਆ ਕੇ ਲਲਕਾਰੇ, ”ਸੈਦ ਖਾਂ… ਮੈਂ ਆ ਗਿਆ, ਆਪਣਾ ਆਪ ਸੰਭਾਲ ਅਤੇ ਪਹਿਲਾਂ ਆਪਣਾ ਵਾਰ ਕਰ ਲੈ, ਮਤੇ ਕੋਈ ਹਿਰਖ਼ ਨਾ ਰਹਿ ਜਾਏ।” ਸੈਦ ਖਾਂ ਨੇ ਆਪਣਾ ਤੀਰ-ਕਮਾਨ ਸੰਭਾਲਿਆ। ਸ਼ਿਸ਼ਤ ਬੰਨ੍ਹ ਕੇ ਚਿਲਾ ਚੜ੍ਹਾਉਣ ਲੱਗਾ ਤਾਂ ਗੁਰੂ ਪਾਤਿਸ਼ਾਹ ਦੇ ਜਾਹੋ-ਜਲਾਲ ਭਰੇ ਚਿਹਰੇ ਵੱਲ ਤੱਕਿਆ। ਉਨ੍ਹਾਂ ਦੀਆਂ ਨੂਰੀ ਅੱਖਾਂ ਦੇ ਨਾਲ ਅੱਖਾਂ ਮਿਲਾਈਆਂ। ਉਨ੍ਹਾਂ ਸੁੰਦਰ ਅੱਖਾਂ ਨੇ ਅਜਿਹੇ ਖਿੱਚ ਕੇ ‘ਪ੍ਰੇਮ’ ਤੀਰ ਮਾਰੇ ਕਿ ਉਸ ਦਾ ਹਿਰਦਾ ਵਿੰਨ੍ਹਿਆ ਗਿਆ। ਦਰਸ਼ਨ ਕਰਕੇ ਠੰਢਾ ਠਾਰ ਹੋ ਗਿਆ।
ਸੱਚੇ ਪਾਤਿਸ਼ਾਹ ਦੇ ਚਰਨੀਂ ਲੱਗਣ ਲਈ ਅੱਗੇ ਵਧਿਆ ਤਾਂ ਦਸਮੇਸ਼ ਪਿਤਾ ਕਹਿਣ ਲੱਗੇ, ”ਸੈਦ ਖਾਂ ਇਹ ਮੈਦਾਨੇ-ਜੰਗ ਹੈ। ਮੈਂ ਤੇਰਾ ਇਰਾਦਾ ਵੇਖ ਕੇ ਸਾਰੀ ਫ਼ੌਜ ਨੂੰ ਚੀਰ ਕੇ ਤੇਰੇ ਕੋਲ ਪੁੱਜਾ ਹਾਂ, ਤੂੰ ਮੇਰੇ ਉਤੇ ਵਾਰ ਕਿਉਂ ਨਹੀਂ ਕਰਦਾ?” ਗੁਰੂ ਪਾਤਸ਼ਾਹ ਦੇ ਰੱਬੀ ਜੋਤਿ ਨੈਣਾਂ ਦਾ ਡੰਗਿਆ ਸੈਦ ਖਾਂ ਬੋਲਿਆ ”ਸੱਚੇ ਸਾਂਈ! ਮੈਨੂੰ ਇਹ ਨਹੀਂ ਸੀ ਪਤਾ ਕਿ ‘ਪ੍ਰੇਮ’ ਨਜ਼ਰ ਦਾ ਵਾਰ ਇਤਨਾ ਤਿੱਖਾ ਹੈ ਕਿ ਜ਼ਖ਼ਮ ਦੀ ਥਾਂ ਮੇਰੇ ਸੀਨੇ ਦੀ ਬਲਦੀ ਅਗਨੀ ਨੂੰ ਸ਼ਾਂਤ ਕਰ ਦੇਵੇਗਾ। ਤੇਰੀ ਇਸ ਤੱਕਣੀ ਨੇ ਮੇਰਾ ਜਨਮਾਂ-ਜਨਮਾਂਤਰਾਂ ਦਾ ਹੰਕਾਰ ਤੋੜ ਕੇ ਰੱਖ ਦਿੱਤਾ ਹੈ। ਵਲੀ ਅਲਾਹ! ਮੈਨੂੰ ਬਖ਼ਸ਼ ਦਿਓ, ਮੈਨੂੰ ਮੁਆਫ਼ ਕਰ ਦਿਓ।”
ਅੱਜ ਜੋ ਸੰਸਾਰ ਭਰ ‘ਚ ਮਨੁੱਖੀ ਚਿੰਤਾਵਾਂ, ਦੇਸ਼ਾਂ ਦੀਆਂ ਹੱਦਾਂ-ਸਰਹੱਦਾਂ, ਧਰਮਾਂ, ਮਜ਼੍ਹਬਾਂ, ਫ਼ਿਰਕਿਆਂ ਦੇ ਨਾਂਅ ‘ਤੇ ਝਗੜੇ ਚੱਲ ਰਹੇ ਹਨ, ਇਨ੍ਹਾਂ ਸਾਰਿਆਂ ਦਾ ਮੂਲ ਕਾਰਨ ‘ਹੰਕਾਰ’ ਹੀ ਹੈ। ਦੁਨੀਆ ‘ਹਉਮੈ’ ਕਾਰਨ ਹੀ ਬਾਰੂਦ ਦੇ ਢੇਰ ‘ਤੇ ਬੈਠੀ ਹੈ।
ਦੁਨੀਆ ਦੇ ਸਾਰੇ ਝਗੜੇ-ਝੇੜੇ ਤਾਂ ਆਪੇ ਖ਼ਤਮ ਹੋ ਜਾਣਗੇ, ਜਦੋਂ ‘ਹਉਮੈ’ ਮਰ ਗਈ। ਹਉਮੈ ਨੂੰ ਮਾਰਨ ਲਈ ‘ਪ੍ਰੇਮ’ ਕਰਨਾ ਪਵੇਗਾ। ਆਪਾ-ਸਮਰਪਣ ਕਰਨਾ ਪਵੇਗਾ। ਜਦੋਂ ‘ਪ੍ਰੇਮ’ ਹੋ ਗਿਆ ਤਾਂ ਵਿਸਮਾਦੀ ਚੇਤਨਾ ਆਵੇਗੀ। ਫ਼ੇਰ ”ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥” ਦਾ ਰੱਬੀ ਨਗਮਾ ਹੀ ਸਾਡੀ ਦ੍ਰਿਸ਼ਟੀ ਬਣ ਜਾਵੇਗਾ। ਸਾਰੇ ਆਪਣੇ ਹੀ ਦਿਖਾਈ ਦੇਣਗੇ, ਕੋਈ ਬੇਗਾਨਾ ਨਹੀਂ ਹੋਵੇਗਾ। ਇੰਨੀ ਸਮਰੱਥ, ਵਿਸ਼ਾਲ ਤੇ ਵਿਆਪਕ ਹੈ ‘ਪ੍ਰੇਮ’ ਦੀ ਖੇਡ।
***

Check Also

ਭਾਰਤ ‘ਚ ਵਿਦਿਅਕ ਪ੍ਰਬੰਧ ਤੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ

ਡਾ. ਗੁਰਤੇਜ ਸਿੰਘ ਜ਼ਿੰਦਗੀ ਦੀ ਭੱਜ-ਦੌੜ ਦੀ ਆਖ਼ਰੀ ਮੰਜ਼ਿਲ ਸਫ਼ਲਤਾ ਸਰ ਕਰਨਾ ਹੁੰਦੀ ਹੈ। ਹਰ …