ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਝੂਠ ਬੋਲਣ ਦੇ ਲਗਾਏ ਆਰੋਪ
ਖਰਗੋਨ (ਮੱਧ ਪ੍ਰਦੇਸ਼)/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇਕਰ ‘ਇੰਡੀਆ’ ਗੱਠਜੋੜ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋਇਆ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ। ਕਾਂਗਰਸ ਆਗੂ ਨੇ ਕਿਹਾ ਕਿ ਗੱਠਜੋੜ ਦੇ ਸੱਤਾ ‘ਚ ਆਉਣ ਮਗਰੋਂ ਫ਼ਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇਣ ਵਾਸਤੇ ਕਾਨੂੰਨ ਲਿਆਂਦਾ ਜਾਵੇਗਾ।
ਮੱਧ ਪ੍ਰਦੇਸ਼ ‘ਚ ਖਰਗੋਨ ਲੋਕ ਸਭਾ ਹਲਕੇ ਤਹਿਤ ਸਿਗਾਓਂ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਮਗਨਰੇਗਾ ਯੋਜਨਾ ਤਹਿਤ ਦਿਹਾੜੀ ਵੀ 250 ਤੋਂ ਵਧਾ ਕੇ 400 ਰੁਪਏ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ,”ਇਹ ਚੋਣਾਂ ਸੰਵਿਧਾਨ ਅਤੇ ਰਾਖਵਾਂਕਰਨ ਬਚਾਉਣ ਲਈ ਲੜੀਆਂ ਜਾ ਰਹੀਆਂ ਹਨ ਪਰ ਮੋਦੀ ਜੀ ਨੇ ਇਸ ਨੂੰ ਬਦਲਣ ਅਤੇ ਖ਼ਤਮ ਕਰਨ ਦਾ ਮਨ ਬਣਾ ਲਿਆ ਹੈ।”
ਰਾਹੁਲ ਨੇ ਕਿਹਾ ਕਿ ਜੇਕਰ ਸੰਵਿਧਾਨ ਖ਼ਤਮ ਹੋ ਗਿਆ ਤਾਂ ਲੋਕਾਂ ਦੇ ਅਧਿਕਾਰ ਵੀ ਖ਼ਤਮ ਹੋ ਜਾਣਗੇ। ‘ਤੁਹਾਡੀ ਜ਼ਮੀਨ, ਪਾਣੀ, ਜੰਗਲ ਤੇ ਰਾਖਵਾਂਕਰਨ ਖ਼ਤਮ ਹੋ ਜਾਵੇਗਾ। ਜਨਤਕ ਖੇਤਰ ਦੇ ਅਦਾਰੇ ਖ਼ਤਮ ਹੋ ਜਾਣਗੇ ਅਤੇ ਸਿਰਫ਼ 20-25 ਅਮੀਰ ਲੋਕਾਂ ਦਾ ਰਾਜ ਹੋਵੇਗਾ। ਅਡਾਨੀ ਵਰਗੇ ਅਰਬਪਤੀ ਤੁਹਾਡੀ ਜ਼ਮੀਨ, ਪਾਣੀ ਤੇ ਜੰਗਲ ਚਾਹੁੰਦੇ ਹਨ ਜਿਸ ਨੂੰ ਭਾਜਪਾ ਆਪਣੀ ਸਰਕਾਰ ਬਣਨ ‘ਤੇ ਤੁਹਾਡੇ ਤੋਂ ਖੋਹ ਕੇ ਉਨ੍ਹਾਂ ਹਵਾਲੇ ਕਰ ਦੇਵੇਗੀ। ਮੋਦੀ ਆਦਿਵਾਸੀਆਂ ਦੀ ਜ਼ਮੀਨ, ਪਾਣੀ ਅਤੇ ਜੰਗਲ ਆਪਣੇ ਖਾਸ ਦੋਸਤ ਅਡਾਨੀ ਨੂੰ ਦੇਣਾ ਚਾਹੁੰਦੇ ਹਨ।’ ਕਾਂਗਰਸ ਆਗੂ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਸਿਰਫ਼ 22 ਵਿਅਕਤੀਆਂ ਨੂੰ ਅਰਬਪਤੀ ਬਣਾਇਆ ਪਰ ਉਨ੍ਹਾਂ ਦੀ ਪਾਰਟੀ ਕਰੋੜਾਂ ਲੋਕਾਂ ਨੂੰ ਲੱਖਪਤੀ ਬਣਾਏਗੀ। ਉਨ੍ਹਾਂ ਆਮ ਲੋਕਾਂ ਅਤੇ ਸੁਪਰ ਅਮੀਰਾਂ ਵੱਲੋਂ ਦਿੱਤੇ ਜਾਂਦੇ ਟੈਕਸਾਂ ‘ਚ ਅਸਮਾਨਤਾ ਦਾ ਮੁੱਦਾ ਵੀ ਚੁੱਕਿਆ।
ਰਾਹੁਲ ਨੇ ਦਾਅਵਾ ਕੀਤਾ ਕਿ ਦੇਸ਼ ‘ਚ ਬੇਰੁਜ਼ਗਾਰੀ ਪਿਛਲੇ 45 ਸਾਲਾਂ ‘ਚ ਹੁਣ ਬਹੁਤ ਜ਼ਿਆਦਾ ਹੈ। ਰਤਲਾਮ-ਝਾਬੂਆ ਸੀਟ ਤਹਿਤ ਅਲੀਰਾਜਪੁਰ ਜ਼ਿਲ੍ਹੇ ਦੇ ਜੋਬਾਤ ਨਗਰ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨੂੰ 150 ਸੀਟਾਂ ਵੀ ਨਸੀਬ ਨਹੀਂ ਹੋਣਗੀਆਂ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਜਾਤੀ ਜਨਗਣਨਾ ਲਈ ਮੁੜ ਆਵਾਜ਼ ਬੁਲੰਦ ਕੀਤੀ। ‘ਭਾਜਪਾ ਆਗੂ ਸਾਫ਼ ਆਖ ਰਹੇ ਹਨ ਕਿ ਉਹ ਸੰਵਿਧਾਨ ਬਦਲ ਦੇਣਗੇ। ਉਨ੍ਹਾਂ ‘ਅਬ ਕੀ ਬਾਰ, 400 ਪਾਰ’ ਦਾ ਨਾਅਰਾ ਦਿੱਤਾ ਹੈ। ਤੁਸੀਂ 400 ਛੱਡੋ, ਉਨ੍ਹਾਂ ਨੂੰ 150 ਸੀਟਾਂ ਵੀ ਨਹੀਂ ਮਿਲਣਗੀਆਂ।
ਇਹ ਲੋਕ ਸਭਾ ਚੋਣਾਂ ਸੰਵਿਧਾਨ ਬਚਾਉਣ ਲਈ ਹਨ ਜਿਸ ਨੂੰ ਭਾਜਪਾ ਤੇ ਆਰਐੱਸਐੱਸ ਖ਼ਤਮ ਕਰਨਾ ਚਾਹੁੰਦੇ ਹਨ।’ ਰਾਹੁਲ ਨੇ ਕਿਹਾ ਕਿ ਮੋਦੀ ਨੇ ਦੋ ਕਰੋੜ ਨੌਜਵਾਨਾਂ ਨੂੰ ਹਰ ਸਾਲ ਨੌਕਰੀਆਂ ਦੇਣ ਬਾਰੇ ਝੂਠ ਬੋਲਿਆ।
ਨੀਟ ‘ਪੇਪਰ ਲੀਕ’ ਵਿਦਿਆਰਥੀਆਂ ਦੇ ਸੁਫ਼ਨਿਆਂ ਨਾਲ ‘ਵਿਸ਼ਵਾਸਘਾਤ’: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨੀਟ ‘ਪੇਪਰ ਲੀਕ’ ਮਾਮਲੇ ਵਿਚ ਭਾਜਪਾ ਨੂੰ ਭੰਡਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੇ ਸੁਫ਼ਨਿਆਂ ਨਾਲ ‘ਵਿਸ਼ਵਾਸਘਾਤ’ ਹੈ। ਪਾਰਟੀ ਨੇ ਕਿਹਾ ਕਿ ਇਹ ਰੁਝਾਨ ਪਿਛਲੇ ਦਸ ਸਾਲਾਂ ਤੋਂ ਜਾਰੀ ਹੈ ਤੇ ਇਹੀ ਵਜ੍ਹਾ ਹੈ ਕਿ ਬੇਰੁਜ਼ਗਾਰੀ ਤੇ ਨੌਕਰੀਆਂ ਵਿਚ ਭ੍ਰਿਸ਼ਟਾਚਾਰ ਇਸ ਵਾਰ ਦੀਆਂ ਚੋਣਾਂ ਵਿਚ ਵੱਡੇ ਮਸਲੇ ਹਨ। ਉਧਰ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਦਾ ਪੇਪਰ ਲੀਕ ਹੋਣ ਸਬੰਧੀ ਰਿਪੋਰਟਾਂ ਨੂੰ ‘ਪੂਰੀ ਤਰ੍ਹਾਂ ਬੇਬੁਨਿਆਦ’ ਦੱਸਿਆ ਹੈ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …