Breaking News
Home / ਭਾਰਤ / ਆਮ ਆਦਮੀ ਪਾਰਟੀ ਦਾ ਵਿਵਾਦ ਸਿਖਰ ‘ਤੇ ਪਹੁੰਚਿਆ

ਆਮ ਆਦਮੀ ਪਾਰਟੀ ਦਾ ਵਿਵਾਦ ਸਿਖਰ ‘ਤੇ ਪਹੁੰਚਿਆ

ਕੁਮਾਰ ਵਿਸ਼ਵਾਸ ਨੇ ਭਾਵੁਕ ਹੁੰਦਿਆਂ ਕਿਹਾ, ਅੱਜ ਰਾਤ ਤੱਕ ਲੈ ਲਵਾਂਗਾ ਕੋਈ ਫੈਸਲਾ
ਆਖਿਆ, ਮੇਰੇ ‘ਤੇ ਉਂਗਲੀ ਚੁੱਕਣ ਵਾਲੇ ਅਮਾਨਤੁੱਲਾ ਖਾਨ ਨੇ ਜੇਕਰ ਕੇਜਰੀਵਾਲ ਤੇ ਸਿਸੋਦੀਆ ‘ਤੇ ਦੋਸ਼ ਲਾਏ ਹੁੰਦੇ ਤਾਂ ਕਦੋ ਦਾ ਪਾਰਟੀ ਵਿਚੋਂ ਬਾਹਰ ਹੁੰਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦਾ ਵਿਵਾਦ ਹੁਣ ਸਿਖ਼ਰ ‘ਤੇ ਪਹੁੰਚ ਗਿਆ ਹੈ। ਕੁਮਾਰ ਵਿਸ਼ਵਾਸ ਨੇ ਅੱਜ ਭਾਵੁਕ ਹੁੰਦਿਆਂ ਮੀਡੀਆ ਸਾਹਮਣੇ ਖੁਲਾਸਾ ਕੀਤਾ ਕਿ ਅੱਜ ਰਾਤ ਤੱਕ ਮੈਂ ਆਪਣੇ ਬਾਰੇ ਕੋਈ ਫੈਸਲਾ ਲੈ ਲਵਾਂਗਾ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਓਖਲਾ ਤੋਂ ਵਿਧਾਇਕ ਅਮਾਨਤੁੱਲਾ ਖਾਨ ਨੇ ਕੁਮਾਰ ਵਿਸ਼ਵਾਸ ‘ਤੇ ਬੀਜੇਪੀ ਨਾਲ ਮਿਲੇ ਹੋਣ ਦੇ ਦੋਸ਼ ਮੜ੍ਹਦਿਆਂ ਕਿਹਾ ਸੀ ਕਿ ਉਹ ‘ਆਪ’ ਵਿਧਾਇਕਾਂ ਨਾਲ ਸੌਦੇਬਾਜ਼ੀ ਕਰ ਰਿਹਾ ਹੈ। ਜਿਸ ਤੋਂ ਬਾਅਦ ਅੱਜ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਮੈਂ ਕਿਸੇ ਖੇਲ ਦਾ ਹਿੱਸਾ ਨਹੀਂ ਹਾਂ। ਜੇਕਰ ਇਹ ਕਹਿਣਾ ਗਲਤ ਹੈ ਕਿ ਪਾਰਟੀ ਨੂੰ ਆਪਣੀਆਂ ਗਲਤੀਆਂ ‘ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਤਾਂ ਅਜਿਹੀ ਗਲਤੀ ਤੋਂ ਮੈਂ ਪਿੱਛੇ ਹਟਣ ਵਾਲਾ ਨਹੀਂ। ਕੁਮਾਰ ਵਿਸ਼ਵਾਸ ਨੇ ਸਿੱਧਾ ਆਖਿਆ ਕਿ ਸਾਡੇ ਵਿਧਾਇਕ ਅਮਾਨਤੁੱਲਾ ਖਾਨ ਨੇ ਜੇ ਇਹੋ ਦੋਸ਼ ਕੇਜਰੀਵਾਲ ਤੇ ਸਿਸੋਦੀਆ ‘ਤੇ ਲਾਏ ਹੁੰਦੇ ਤਾਂ ਉਸ ਨੂੰ ਕਦ ਦਾ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ। ਜ਼ਿਕਰਯੋਗ ਹੈ ਕਿ 28 ਅਪ੍ਰੈਲ ਨੂੰ ਪਾਰਟੀ ਲਾਈਨ ਤੋਂ ਹਟਦਿਆਂ ਕੁਮਾਰ ਵਿਸ਼ਵਾਸ ਨੇ ਆਖਿਆ ਸੀ ਕਿ ਇਕੱਲੀਆਂ ਈਵੀਐਮ ਮਸ਼ੀਨਾਂ ‘ਤੇ ਦੋਸ਼ ਮੜ੍ਹ ਕੇ ਨਹੀਂ ਸਰਨਾ, ਪੰਜਾਬ ਤੇ ਦਿੱਲੀ ਐਮਸੀਡੀ ਚੋਣਾਂ ਵਿਚ ਹਾਰ ਲਈ ਹੋਈਆਂ ਗਲਤੀਆਂ ‘ਤੇ ਵੀ ਵਿਚਾਰ ਕਰਨਾ ਹੋਵੇਗਾ। ਬੱਸ ਇਥੋਂ ਹੀ ਵਿਵਾਦ ਸ਼ੁਰੂ ਹੋਇਆ ਜੋ ਹੁਣ ਭਿਆਨਕ ਰੂਪ ਧਾਰ ਗਿਆ ਹੈ। ਧਿਆਨ ਰਹੇ ਕਿ ਲੰਘੀ ਰਾਤ ਆਮ ਆਦਮੀ ਪਾਰਟੀ ਦੇ ਸਿਆਸੀ ਮਾਮਲਿਆਂ ਕਮੇਟੀ ਤੋਂ ਅਮਾਨਤੁੱਲਾ ਖਾਨ ਨੇ ਖੁਦ ਹੀ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ।

Check Also

ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਅਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਸਾਬਕਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਮੁੰਡਾ ਹੈ ਅਸ਼ੀਸ਼ ਮਿਸ਼ਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ …