ਦੁਬਈ/ਬਿਊਰੋ ਨਿਊਜ਼
ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕਿ੍ਰਕਟ ਕੌਂਸਲ ਦੇ ਚੇਅਰਮੈਨ ਵਜੋਂ ਅਹੁਦਾ ਅੱਜ ਐਤਵਾਰ ਨੂੰ ਸੰਭਾਲ ਲਿਆ ਹੈ। ਉਹ ਇਸ ਵੱਕਾਰੀ ਵਿਸ਼ਵ ਸੰਸਥਾ ਦੇ ਪੰਜਵੇਂ ਭਾਰਤੀ ਮੁਖੀ ਬਣੇ ਹਨ। ਜ਼ਿਕਰਯੋਗ ਹੈ ਕਿ 36 ਸਾਲਾ ਸ਼ਾਹ ਪਿਛਲੇ ਪੰਜ ਸਾਲਾਂ ਤੋਂ ਬੀਸੀਸੀਆਈ ਦੇ ਸਕੱਤਰ ਸਨ। ਜੈ ਸ਼ਾਹ ਨੇ ਨਿਊਜ਼ੀਲੈਂਡ ਦੇ ਅਟਾਰਨੀ ਗ੍ਰੇਗ ਬਾਰਕਲੇ ਦੀ ਥਾਂ ਲਈ ਜੋ ਲਗਾਤਾਰ ਤੀਜੀ ਵਾਰ ਇਸ ਅਹੁਦੇ ’ਤੇ ਨਹੀਂ ਰਹਿਣਾ ਚਾਹੁੰਦੇ ਸਨ। ਦੱਸਣਾ ਬਣਦਾ ਹੈ ਕਿ ਸ਼ਾਹ ਤੋਂ ਪਹਿਲਾਂ, ਮਰਹੂਮ ਕਾਰੋਬਾਰੀ ਜਗਮੋਹਨ ਡਾਲਮੀਆ, ਸਿਆਸਤਦਾਨ ਸ਼ਰਦ ਪਵਾਰ, ਵਕੀਲ ਸ਼ਸ਼ਾਂਕ ਮਨੋਹਰ ਅਤੇ ਉਦਯੋਗਪਤੀ ਐਨ ਸ੍ਰੀਨਿਵਾਸਨ ਆਈਸੀਸੀ ਦੇ ਮੁਖੀ ਸਨ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਲਈ ਇਹ ਰਾਹ ਸੌਖਾ ਨਹੀਂ ਹੋਵੇਗਾ ਕਿਉਂਕਿ ਆਈਸੀਸੀ ਦੀ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਕਈ ਚੁਣੌਤੀਆਂ ਦਰਪੇਸ਼ ਹਨ।