ਕਮੇਟੀ ਨੇ 11 ਫਰਵਰੀ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਸੱਦਿਆ
ਪਟਿਆਲਾ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਪੰਥਕ ਏਕਤਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਗਠਿਤ ਕੀਤੀ ਗਈ 7 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਪਟਿਆਲਾ ਦੇ ਬਹਾਦਰਗੜ੍ਹ ਸਥਿਤ ਟੌਹੜਾ ਇੰਸਟੀਚਿਊਟ ਵਿੱਚ ਹੋਈ। ਬੈਠਕ ਵਿਚ ਲੰਮੀ ਵਿਚਾਰ ਚਰਚਾ ਮਗਰੋਂ 11 ਫਰਵਰੀ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੱਦਣ ਦਾ ਫੈਸਲਾ ਕੀਤਾ ਗਿਆ। ਕਮੇਟੀ ਵਲੋਂ ਭੂੰਦੜ ਤੋਂ ਉਨ੍ਹਾਂ ਦੀ ਰਾਇ ਲਈ ਜਾਵੇਗੀ ਕਿ ਉਹ ਇਸ ਕਮੇਟੀ ਨੂੰ ਮੰਨਦੇ ਹਨ ਜਾਂ ਨਹੀਂ। ਇਸ ਤਰ੍ਹਾਂ ਜੇ ਭੂੰਦੜ ਹੋਰਾਂ ਦਾ ਜਵਾਬ ਹਾਂ ਵਿੱਚ ਹੋਇਆ, ਤਾਂ ਅਕਾਲੀ ਦਲ ਬਾਦਲ ਵੱਲੋਂ ਹੁਣ ਤੱਕ ਕੀਤੀ ਗਈ ਭਰਤੀ ਖਾਰਜ ਹੋ ਜਾਵੇਗੀ ਤੇ ਫਿਰ ਇਸ ਕਮੇਟੀ ਦੀ ਨਿਗਰਾਨੀ ਹੇਠ ਦੁਬਾਰਾ ਭਰਤੀ ਕੀਤੀ ਜਾਵੇਗੀ। ਮੀਟਿੰਗ ’ਚ ਸ਼ਾਮਲ ਮੈਂਬਰਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾਂ, ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਸ਼ਾਮਲ ਸਨ।