Breaking News
Home / ਭਾਰਤ / ਅਮਰਨਾਥ ਯਾਤਰੀਆਂ ‘ਤੇ ਕਸ਼ਮੀਰ ‘ਚ ਹਮਲਾ; 7 ਮੌਤਾਂ

ਅਮਰਨਾਥ ਯਾਤਰੀਆਂ ‘ਤੇ ਕਸ਼ਮੀਰ ‘ਚ ਹਮਲਾ; 7 ਮੌਤਾਂ

ਨਰਿੰਦਰ ਮੋਦੀ, ਰਾਜਨਾਥ ਸਿੰਘ, ਸੋਨੀਆ ਗਾਂਧੀ ਅਤੇ ਕੇਜਰੀਵਾਲ ਵਲੋਂ ਹਮਲੇ ਦੀ ਨਿੰਦਾ
ਅਨੰਤਨਾਗ : ਜੰਮੂ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿੱਚ ਅੱਤਵਾਦੀਆਂ ਤੇ ਪੁਲਿਸ ਵਿਚਾਲੇ ਚੱਲ ਰਹੇ ਮੁਕਾਬਲੇ ਦੀ ਲਪੇਟ ਅਮਰਨਾਥ ਯਾਤਰੀਆਂ ਦੀ ਬੱਸ ਆ ਜਾਣ ਕਾਰਨ ਸੱਤ ਸ਼ਰਧਾਲੂ ਮਾਰੇ ਗਏ ਅਤੇ 12 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਪੰਜ ਔਰਤਾਂ ਸ਼ਾਮਲ ਹਨ। ਪੁਲਿਸ ਦੇ ਇੰਸਪੈਕਟਰ ਜਨਰਲ ਮੁਨੀਰ ਖ਼ਾਨ ਨੇ ਸੱਤ ਮੌਤਾਂ ਤੇ 12 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਜ਼ਖ਼ਮੀਆਂ ਵਿੱਚ ਇਕ ਪੁਲਿਸ ਮੁਲਾਜ਼ਮ ਸ਼ਾਮਲ ਹੈ। ਇਸ ਬੱਸ ਵਿੱਚ ਸਵਾਰ ਯਾਤਰੀ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਮਗਰੋਂ ਬਾਲਟਾਲ ਤੋਂ ਪਰਤ ਰਹੇ ਸਨ। ਜ਼ਿਕਰਯੋਗ ਹੈ ਕਿ ਹਮਲੇ ਵਿਚ ਮਾਰੇ ਗਏ ਸਾਰੇ ਵਿਅਕਤੀ ਗੁਜਰਾਤ ਨਾਲ ਸਬੰਧਤ ਸਨ। ਜੇਕਰ ਬੱਸ ਦਾ ਡਰਾਈਵਰ ਸਲੀਮ ਹੁਸ਼ਿਆਰੀ ਤੋਂ ਕੰਮ ਨਾ ਲੈਂਦਾ ਤਾਂ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ।  ਸੀਆਰਪੀਐਫ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਬੱਸ ਇਸ ਅਧਿਕਾਰਤ ਯਾਤਰਾ ਦਾ ਹਿੱਸਾ ਨਹੀਂ ਸੀ ਅਤੇ ਨਾ ਹੀ ਇਹ ਅਮਰਨਾਥ ਧਾਮ ਬੋਰਡ ਕੋਲ ਰਜਿਸਟਰਡ ਸੀ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ, ਜਦੋਂ ਕੁੱਝ ਘੰਟੇ ਪਹਿਲਾਂ ਹੀ ਜੰਮੂ ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਇਕ ਢਾਂਚੇ ਨੂੰ ਤੋੜਨ ਦਾ ਦਾਅਵਾ ਕਰਦਿਆਂ ਮੁਜ਼ੱਫ਼ਰਨਗਰ (ਉੱਤਰ ਪ੍ਰਦੇਸ਼) ਦੇ ਵਾਸੀ ਸੰਦੀਪ ਕੁਮਾਰ ਸ਼ਰਮਾ ਉਰਫ਼ ਆਦਿਲ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਸੀ। ਮਹਿਬੂਬਾ ਮੁਫ਼ਤੀ ਸਰਕਾਰ ਦੇ ਸੀਨੀਅਰ ਮੰਤਰੀ ਨਈਮ ਅਖ਼ਤਰ ਨੇ ਇਸ ਹਮਲੇ ਨੂੰ ਕਸ਼ਮੀਰ ਦੇ ਇਤਿਹਾਸ ਦਾ ਕਾਲਾ ਧੱਬਾ ਦੱਸਿਆ। ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਇਸ ਹਮਲੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਨੀ ਘੱਟ ਹੈ। ਜ਼ਿਕਰਯੋਗ ਹੈ ਕਿ 17 ਸਾਲ ਪਹਿਲਾਂ ਵੀ ਇਕ ਹਮਲਾ ਹੋਇਆ ਸੀ, ਜਿਸ ਵਿਚ 27 ਵਿਅਕਤੀਆਂ ਦੀ ਜਾਨ ਚਲੀ ਗਈ ਸੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …