ਜਲੰਧਰ ਨਾਲ ਸਬੰਧਤ ਵਿਅਕਤੀ ਦੀ ਦੁਬਈ ‘ਚ ਕਰੋਨਾ ਕਾਰਨ ਮੌਤ
ਜਲੰਧਰ/ਬਿਊਰੋ ਨਿਊਜ਼
ਲੌਕਡਾਊਨ ਖੋਲ੍ਹੇ ਜਾਣ ਤੋਂ ਬਾਅਦ ਪੰਜਾਬ ਵਿਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਪੰਜਾਬ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2703 ਹੋ ਗਈ ਹੈ ਜਿਨ੍ਹਾਂ ਵਿਚੋਂ 2128 ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਪੰਜਾਬ ਵਿਚ ਹੁਣ ਐਕਟਿਵ ਕੇਸਾਂ ਦੀ ਗਿਣਤੀ 520 ਹੈ ਜਦਕਿ ਹੁਣ ਤੱਕ ਪੰਜਾਬ ਅੰਦਰ 55 ਵਿਅਕਤੀ ਕਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਭ ਤੋਂ ਵੱਧ 20 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਲੁਧਿਆਣਾ ਵਿਚ ਅੱਜ 17 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ‘ਚ 5, ਪਠਾਨਕੋਟ ਵਿਚ 3 ਅਤੇ ਜਲੰਧਰ ਜ਼ਿਲ੍ਹੇ ਵਿਚ 3 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਕਰੋਨਾ ਕਾਰਨ ਪਿੰਡ ਡੁਮੰਡਾ ਦੇ 61 ਸਾਲਾ ਵਿਅਕਤੀ ਦੀ ਦੁਬਈ ‘ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕੁਲਵਰਨ ਸਿੰਘ ਦੇ ਰੂਪ ‘ਚ ਹੋਈ ਹੈ। ਜਾਣਕਾਰੀ ਮੁਤਾਬਕ ਕੁਲਵਰਨ ਸਿੰਘ 14 ਮਈ ਤੋਂ ਵੈਂਟੀਲੇਟਰ ‘ਤੇ ਸੀ ਅਤੇ ਲੰਘੀ 6 ਜੂਨ ਨੂੰ ਸਵੇਰੇ ਕਰੀਬ 11 ਵਜੇ ਉਸ ਨੇ ਦਮ ਤੋੜ ਦਿੱਤਾ।