Breaking News
Home / ਪੰਜਾਬ / ਕੈਦੀਆਂ ਦੇ ਕੰਮ ਆ ਰਹੀਆਂ ਹਨ ਰਾਮ ਰਹੀਮ ਵਲੋਂ ਉਗਾਈਆਂ ਸਬਜ਼ੀਆਂ

ਕੈਦੀਆਂ ਦੇ ਕੰਮ ਆ ਰਹੀਆਂ ਹਨ ਰਾਮ ਰਹੀਮ ਵਲੋਂ ਉਗਾਈਆਂ ਸਬਜ਼ੀਆਂ

ਰੋਜ਼ਾਨਾ ਮਿਲਦੇ ਹਨ 40 ਰੁਪਏ ਦਿਹਾੜੀ, ਭਾਰ ਘਟ ਕੇ ਰਿਹਾ 91 ਕਿੱਲੋ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਜਬਰ ਜਨਾਹ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਵਿਚ ਜੇਲ੍ਹ ਵਿਚ ਬੰਦ ਹੈ। ਰਾਮ ਰਹੀਮ ਨੂੰ ਮੁੜ ਤੋਂ ਜੇਲ੍ਹ ਵਿਚ ਸਬਜ਼ੀਆਂ ਉਗਾਉਣ ਦਾ ਕੰਮ ਦਿੱਤਾ ਗਿਆ ਹੈ। ਡੇਰਾ ਮੁਖੀ ਜੇਲ੍ਹ ਵਿਚ ਸਬਜ਼ੀਆਂ ਬੀਜਣ, ਉਨ੍ਹਾਂ ਨੂੰ ਪਾਣੀ ਦੇਣ ਤੇ ਕਿਆਰੀਆਂ ਵਿਚੋਂ ਘਾਹ ਆਦਿ ਹਟਾਉਣ ਦਾ ਕੰਮ ਕਰ ਰਿਹਾ ਹੈ, ਜਿਸ ਲਈ ਉਸ ਨੂੰ ਰੋਜ਼ਾਨਾ 40 ਰੁਪਏ ਦਿਹਾੜੀ ਮਿਲਦੀ ਹੈ। ਗੁਰਮੀਤ ਰਾਮ ਰਹੀਮ ਵਲੋਂ ਉਗਾਈਆਂ ਸਬਜ਼ੀਆਂ ਜੇਲ੍ਹ ਵਿਚ ਕੈਦੀਆਂ ਦੇ ਖਾਣ ਦੇ ਕੰਮ ਆਉਂਦੀਆਂ ਹਨ। ਡੇਰਾ ਮੁਖੀ ਦਾ ਭਾਰ ਜੋ ਪਿਛਲੇ 5 ਮਹੀਨਿਆਂ ਤੱਕ ਨਿਰੰਤਰ ਘੱਟਦਾ ਜਾ ਰਿਹਾ ਸੀ ਹੁਣ 91 ਕਿਲੋ ਦੇ ਕਰੀਬ ਆ ਕੇ ਸਥਿਰ ਹੋ ਗਿਆ ਹੈ, ਜੇਲ੍ਹ ਵਿਚ ਉਸ ਦੀ ਨਿਯਮਿਤ ਡਾਕਟਰੀ ਜਾਂਚ ਹੁੰਦੀ ਰਹਿੰਦੀ ਹੈ।
ਸਾਧਵੀਆਂ ਨਾਲ ਜਬਰ ਜਨਾਹ ਮਾਮਲਿਆਂ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਵਰਣਮਾਲਾ ਦੇ ਕ੍ਰਮ ਅਨੁਸਾਰ ਸੋਮਵਾਰ ਤੇ ਵੀਰਵਾਰ ਨੂੰ ਮਿਲਣ ਉਸ ਦੇ ਪਰਿਵਾਰਕ ਮੈਂਬਰ ਆਉਂਦੇ ਰਹਿੰਦੇ ਹਨ। ਉਸ ਦਾ ਪਰਿਵਾਰ ਅਕਸਰ ਸੋਮਵਾਰ ਨੂੰ ਉਸ ਨੂੰ ਮਿਲਣ ਆਉਂਦਾ ਹੈ ਤੇ 20 ਮਿੰਟ ਦੀ ਇਹ ਮੁਲਾਕਾਤ ਇੰਟਰਕਾਮ ਦੁਆਰਾ ਮੁਲਾਕਾਤੀ ਕੈਬਿਨ ਵਿਚ ਹੁੰਦੀ ਹੈ। ਡੇਰਾ ਮੁਖੀ ਨਾਲ ਕਰੀਬ ਹਰ ਹਫ਼ਤੇ ਉਸ ਦੀ ਮਾਤਾ ਨਸੀਬ ਕੌਰ, ਪਤਨੀ ਹਰਜੀਤ ਕੌਰ, ਬੇਟਾ ਜਸਮੀਤ, ਦੋਵੇਂ ਬੇਟੀਆਂ ਅਮਰਪ੍ਰੀਤ ਤੇ ਚਰਨਪ੍ਰੀਤ, ਨੂੰਹ ਹੁਸਨਮੀਤ ਤੇ ਉਨ੍ਹਾਂ ਦੇ ਦੋਵਾਂ ਜਵਾਈਆਂ ਵਿਚੋਂ ਕੋਈ ਨਾ ਕੋਈ ਮੁਲਾਕਾਤ ਕਰਨ ਆਉਂਦਾ ਰਹਿੰਦਾ ਹੈ। ਲੰਘੇ 8 ਮਹੀਨਿਆਂ ਦੌਰਾਨ ਡੇਰਾ ਮੁਖੀ ਦੀ ਇਹ ਰੁਟੀਨ ਬਣ ਗਈ ਹੈ ਕਿ ਉਹ ਸਵੇਰੇ ਕਰੀਬ 2 ਘੰਟੇ ਕਹੀ ਤੇ ਰੰਬੇ ਨਾਲ ਸਬਜ਼ੀਆਂ ਬੀਜਣ, ਉਨ੍ਹਾਂ ਨੂੰ ਗੁੱਡਣ ਤੇ ਪਾਣੀ ਦੇਣ ਦਾ ਕੰਮ ਕਰਦਾ ਹੈ। ਉਹ ਜੇਲ੍ਹ ਦੀ ਬੈਰਕ ਦੀਆਂ ਵੱਡੀਆਂ-ਵੱਡੀਆਂ ਕਿਆਰੀਆਂ ਵਿਚ ਸਬਜ਼ੀਆਂ ਉਗਾਉਂਦਾ ਹੈ ਤੇ ਸਮੇਂ ਸਿਰ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਖਾਂਦਾ ਹੈ ਅਤੇ ਸ਼ਾਮ ਨੂੰ ਮੁੜ ਇਹ ਕੰਮ ਕਰਦਾ ਰਹਿੰਦਾ ਹੈ।
ਡੇਰਾ ਮੁਖੀ ਦੀ ਉਸ ਖ਼ਿਲਾਫ ਚੱਲ ਰਹੇ ਵੱਖ-ਵੱਖ ਮਾਮਲਿਆਂ ਵਿਚ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਅਦਾਲਤ ਵਿਚ ਪੇਸ਼ੀ ਹੁੰਦੀ ਹੈ ਤੇ ਉਸ ਨੂੰ ਮਿਲਣ ਪਰਿਵਾਰਕ ਮੈਂਬਰ ਤੇ ਵਕੀਲ ਆਉਂਦੇ ਰਹਿੰਦੇ ਹਨ। ਡੇਰਾ ਮੁਖੀ ਜੇਲ੍ਹ ਵਿਚ ਅਜੇ ਤੱਕ ਆਪਣੇ ਸਾਥੀ ਕੈਦੀਆਂ ਜਾਂ ਨੰਬਰਦਾਰਾਂ (ਕੈਦੀਆਂ) ਨਾਲ ਘੁਲ-ਮਿਲ ਨਹੀਂ ਸਕਿਆ ਤੇ ਨਾ ਹੀ ਉਨ੍ਹਾਂ ਨਾਲ ਵਧੇਰੇ ਗੱਲਬਾਤ ਕਰਦਾ ਹੈ। ਉਹ ਆਪਣੇ ਪਰਿਵਾਰ ਤੇ ਵਕੀਲਾਂ ਤੋਂ ਆਪਣੇ ਖ਼ਿਲਾਫ ਚੱਲ ਰਹੇ ਮਾਮਲਿਆਂ ਸਬੰਧੀ ਜਾਣਕਾਰੀ ਲੈਂਦਾ ਰਹਿੰਦਾ ਹੈ ਤੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੰਦਾ ਰਹਿੰਦਾ ਹੈ।

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …