1.3 C
Toronto
Friday, November 14, 2025
spot_img
Homeਮੁੱਖ ਲੇਖਪੰਜਾਬ ਲਈ ਨੁਕਸਾਨਦੇਹ ਵੀ ਰਿਹਾ ਹਰਾ ਇਨਕਲਾਬ

ਪੰਜਾਬ ਲਈ ਨੁਕਸਾਨਦੇਹ ਵੀ ਰਿਹਾ ਹਰਾ ਇਨਕਲਾਬ

ਡਾ. ਸਵਰਾਜ ਸਿੰਘ
ਪਿਛਲੀ ਇਕ ਸਦੀ ਦੌਰਾਨ ਜਿਨ੍ਹਾਂ ਘਟਨਾਵਾਂ ਨੇ ਪੰਜਾਬ ਤੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ, ਉਹ ਹਨ 1947 ਵਿੱਚ ਪੰਜਾਬ ਦੀ ਵੰਡ ਅਤੇ ਹਰਾ ਇਨਕਲਾਬ। ਇਨ੍ਹਾਂ ਦੋਵਾਂ ਵਿੱਚ ਸਾਂਝੀ ਕੜੀ ਇਹ ਹੈ ਕਿ ਦੋਵੇਂ ਸਾਮਰਾਜੀ ਨੀਤੀਆਂ ਦਾ ਨਤੀਜਾ ਸਨ। ਪੰਜਾਬ ਦੀ ਸੰਤਾਲੀ ਵਾਲੀ ਵੰਡ ਅੰਗਰੇਜ਼ ਸਾਮਰਾਜੀਆਂ ਦੀ ਨੀਤੀ ਦਾ ਸਿੱਟਾ ਸੀ ਅਤੇ ਹਰਾ ਇਨਕਲਾਬ ਅਮਰੀਕੀ ਸਾਮਰਾਜੀਆਂ ਦੀ ਦੇਣ। ਵੰਡ ਦੇ ਦੁਖਾਂਤ ਬਾਰੇ ਤਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਪ੍ਰੰਤੂ ਹਰੇ ਇਨਕਲਾਬ, ਜਿਸ ਨੇ ਸਾਡਾ ਵੰਡ ਨਾਲੋਂ ਵੀ ਜ਼ਿਆਦਾ ਨੁਕਸਾਨ ਕੀਤਾ, ਨੇ ਸਾਡੇ ਲੇਖਕਾਂ, ਚਿੰਤਕਾਂ, ਕਵੀਆਂ, ਕਹਾਣੀਕਾਰਾਂ ਅਤੇ ਕਲਾਕਾਰਾਂ ਦਾ ਧਿਆਨ ਆਪਣੇ ਵੱਲ ਘੱਟ ਖਿੱਚਿਆ ਹੈ। ਮੈਂ ਹਰੇ ਇਨਕਲਾਬ ਦੇ ਸਾਡੇ ਉੱਪਰ ਪਏ ਸਮਾਜਿਕ, ਆਰਥਿਕ, ਸਭਿਆਚਾਰਕ, ਨੈਤਿਕ ਅਤੇ ਵਾਤਾਵਰਣਕ ਦੁਰਪ੍ਰਭਾਵਾਂ ਬਾਰੇ ਪਹਿਲਾਂ ਵੀ ਲਿਖਣ ਦਾ ਯਤਨ ਕੀਤਾ ਹੈ ਪ੍ਰੰਤੂ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਸ ਵਿਸ਼ੇ ਨਾਲ ਸਬੰਧਿਤ ਹੋਰ ਵੀ ਪਰਤਾਂ ਖੋਲ੍ਹਣ ਦੀ ਲੋੜ ਹੈ।
ਹਰੇ ਇਨਕਲਾਬ ਦੇ ਨਤੀਜੇ ਵਜੋਂ ਪੰਜਾਬ ਦੀ ਵਸੋਂ ਦੀ ਬਣਤਰ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਜਿਵੇਂ ਪੰਜਾਬ ਵਿੱਚੋਂ ਜ਼ਿਆਦਾਤਰ ਜੱਟਾਂ ਦਾ ਉਜਾੜਾ ਅਤੇ ਗੈਰ-ਪੰਜਾਬੀ ਵਸੋਂ ਦਾ ਲਗਾਤਾਰ ਵਾਧਾ। ਇੰਜ ਹੀ ਪੰਜਾਬ ਦੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੋਈ ਜਾਣਾ ਜੋ ਇਕ ਦਿਨ ਇਥੋਂ ਦੀ ਉਪਜਾਊ ਧਰਤੀ ਨੂੰ ਬੰਜਰ ਬਣਾ ਸਕਦਾ ਹੈ।
ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਦੁਰਉਪਯੋਗ ਦੀਆਂ ਸਮੱਸਿਆਵਾਂ, ਪੰਜਾਬੀ ਗਾਇਕੀ ਅਤੇ ਸਾਡੀ ਸਭ ਤੋਂ ਪਵਿੱਤਰ ਪ੍ਰਥਾ ਵਿਆਹ ਦਾ ਨਿੱਤ ਨਵੀਆਂ ਸਿਖ਼ਰਾਂ ਛੋਹ ਰਿਹਾ ਨਿਘਾਰ ਭਾਵ ਇਹ ਸਾਰੇ ਤੱਥ ਸਾਨੂੰ ਹਲੂਣ ਰਹੇ ਹਨ ਕਿ ਅਸੀਂ ਹਰੇ ਇਨਕਲਾਬ ਨਾਲ ਜੁੜੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਹੋਰ ਡੂੰਘਾਈ ਨਾਲ ਅਧਿਐਨ ਅਤੇ ਵਿਸ਼ਲੇਸ਼ਣ ਕਰਨ ਦਾ ਯਤਨ ਕਰੀਏ। ਮੈਨੂੰ ਲੱਗਦਾ ਹੈ ਕਿ ਹਰਾ ਇਨਕਲਾਬ ਮੁੱਖ ਤੌਰ ‘ਤੇ ਸਾਮਰਾਜੀ ਨੀਤੀਆਂ ਅਤੇ ਸਾਜ਼ਿਸ਼ਾਂ ਦਾ ਨਤੀਜਾ ਸੀ। ਇਨ੍ਹਾਂ ਦਾ ਮੰਤਵ ਲੰਬੇ ਸਮੇਂ ਵਿੱਚ ਪੰਜਾਬ ਤੇ ਪੰਜਾਬੀਆਂ ਦੇ ਸਿਰਕੱਢ ਸਥਾਨ ਨੂੰ ਕਮਜ਼ੋਰ ਕਰਨਾ ਸੀ।
ਹਰਾ ਇਨਕਲਾਬ ਅਸਲ ਵਿੱਚ ਪੰਜਾਬ ਦੀ ਅਮੀਰ ਕਿਸਾਨੀ ਦਾ ਅਮਰੀਕੀ ਸਾਮਰਾਜ ਨਾਲ ਗੱਠਜੋੜ ਸੀ, ਜਿਸ ਦੁਆਰਾ ਇਹ ਜਮਾਤ ਸਰਮਾਏਦਾਰੀ ਵਿੱਚ ਬਦਲ ਕੇ ਵਿਸ਼ਵ ਮੰਡੀ ਦਾ ਹਿੱਸਾ ਬਣ ਗਈ। ਅਮਲੀ ਤੌਰ ‘ਤੇ ਇਹ ਆਪਣੇ ਸਭਿਆਚਾਰਕ ਅਤੇ ਨੈਤਿਕ ਆਧਾਰ ਤੋਂ ਟੁੱਟ ਗਈ ਜੋ ਇਸ ਨੂੰ ਸਿੱਖ ਧਰਮ ਨੇ ਪ੍ਰਦਾਨ ਕੀਤਾ ਸੀ। ਪੰਜਾਬ ਦਾ ਸਭਿਆਚਾਰ, ਸਿੱਖ ਸਭਿਆਚਾਰ ਦੇ ਤੌਰ ‘ਤੇ ਵਿਕਸਿਤ ਹੋਇਆ ਹੈ, ਪ੍ਰੰਤੂ ਸਿੱਖ ਸਭਿਆਚਾਰ ਸਿਰਫ ਸਿੱਖਾਂ ਦਾ ਸਭਿਆਚਾਰ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਦਾ ਸਭਿਆਚਾਰ ਹੈ। ਪੰਜਾਬ ਖੇਤੀ ਪ੍ਰਧਾਨ ਖਿੱਤਾ ਰਿਹਾ ਹੈ। ਇਸ ਲਈ ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਕਿਸਾਨੀ ਦੀ ਮੁੱਖ ਭੂਮਿਕਾ ਰਹੀ ਹੈ। ਪੰਜਾਬ ਦੀ ਕਿਸਾਨੀ ਮੁੱਖ ਤੌਰ ‘ਤੇ ਜੱਟ ਕਿਸਾਨੀ ਹੈ। ਇਸ ਲਈ ਪੰਜਾਬੀ ਸਭਿਆਚਾਰ ਵਿੱਚ ਜੱਟਾਂ ਦੀ ਸਿਰਕੱਢ ਭੂਮਿਕਾ ਰਹੀ ਹੈ। ਸਾਰੇ ਇਤਿਹਾਸਕ ਪ੍ਰਮਾਣ ਇਸ ਤੱਥ ਦੀ ਪੁਸ਼ਟੀ ਕਰਦੇ ਨਜ਼ਰ ਆਉਂਦੇ ਹਨ ਕਿ ਸਿੱਖ ਧਰਮ ਅਪਨਾਉਣ ਤੋਂ ਪਹਿਲਾਂ ਪੰਜਾਬ ਦੇ ਜੱਟ ਜ਼ਿਆਦਾਤਰ ਕਬੀਲੇ ਦੇ ਪੱਧਰ ‘ਤੇ ਵਿਚਰ ਰਹੇ ਸਨ। ਉਹ ਪੂਰੀ ਤਰ੍ਹਾਂ ਭਾਰਤੀ ਮੁੱਖ ਧਾਰਾ ਦਾ ਅੰਗ ਨਹੀਂ ਬਣੇ ਸਨ। ਇਹ ਕਹਿਣਾ ਸ਼ਾਇਦ ਅਤਿਕਥਨੀ ਨਾ ਹੋਵੇ ਕਿ ਸਿੱਖ ਧਰਮ ਨੇ ਹੀ ਜੱਟਾਂ ਦਾ ਭਾਰਤੀ ਮੁੱਖਧਾਰਾ ਵਿੱਚ ਪ੍ਰਵੇਸ਼ ਕਰਵਾਇਆ ਤੇ ਉਨ੍ਹਾਂ ਨੂੰ ਸਭਿਆਚਾਰਕ ਆਧਾਰ ਅਤੇ ਵਿਆਪਕ ਮਨੁੱਖੀ ਕਦਰਾਂ-ਕੀਮਤਾਂ ਪ੍ਰਦਾਨ ਕੀਤੀਆਂ ਹਨ।
ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੀ ਅਮੀਰ ਕਿਸਾਨੀ, ਜੋ ਜ਼ਿਆਦਾਤਰ ਜੱਟ ਭਾਈਚਾਰੇ ਨਾਲ ਸਬੰਧਿਤ ਹੈ, ਨੇ ਭਾਵੇਂ ਪੰਜਾਬ ‘ਤੇ ਆਪਣੀ ਪਕੜ ਬਣਾਈ ਰੱਖਣ ਅਤੇ ਰਾਜਨੀਤਿਕ ਲਾਹਾ ਲੈਣ ਲਈ ਉਪਰੋਂ-ਉਪਰੋਂ ਸਿੱਖ ਧਰਮ ਨਾਲ ਆਪਣਾ ਸਬੰਧ ਬਣਾਈ ਰੱਖਿਆ ਹੈ ਪ੍ਰੰਤੂ ਅਮਲੀ ਤੌਰ ‘ਤੇ ਇਸ ਨੇ ਸਿੱਖ ਸਭਿਆਚਾਰ ਅਤੇ ਕਦਰਾਂ-ਕੀਮਤਾਂ ਤਿਆਗ ਕੇ ਸਾਮਰਾਜੀ ਖਪਤਕਾਰੀ ਸਭਿਆਚਾਰ ਅਪਨਾਇਆ ਹੈ। ਪੰਜਾਬ ਦੇ ਸੰਦਰਭ ਵਿੱਚ ਸਾਮਰਾਜੀ ਖਪਤਕਾਰ ਸੱਭਿਆਚਾਰ ਹੋਰ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋਇਆ ਹੈ ਕਿਉਂਕਿ ਪੰਜਾਬੀਆਂ ‘ਤੇ ਇਹ ਵਿਗੜੇ ਹੋਏ ਅਤੇ ਬਨਾਉਟੀ ਜੱਟ ਸੱਭਿਆਚਾਰ ਦੇ ਰੂਪ ਵਿੱਚ ਠੋਸਿਆ ਗਿਆ ਹੈ।
ਸੱਚਾਈ ਤਾਂ ਇਹ ਹੈ ਕਿ ਇਸ ਅਖੌਤੀ ਜੱਟ ਸੱਭਿਆਚਾਰ ਦਾ ਜੱਟਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੰਜਾਬ ਦੀ ਸਥਿਤੀ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਭਾਵੇਂ ਆਰਥਿਕ ਤੌਰ ‘ਤੇ ਅਮੀਰ ਕਿਸਾਨੀ ਸਰਮਾਏਦਾਰੀ ਅਤੇ ਵਿਸ਼ਵ ਮੰਡੀ ਦਾ ਹਿੱਸਾ ਬਣ ਗਈ ਹੈ, ਪ੍ਰੰਤੂ ਇਸ ਨੇ ਸਰਮਾਏਦਾਰੀ ਜਮਾਤ ਦਾ ਸਦਾਚਾਰ, ਸਲੀਕਾ ਅਤੇ ਨਫੀਸਤਾ ਨਹੀਂ ਅਪਣਾਈ ਸਗੋਂ ਆਪਣਾ ਅਨਘੜਤ, ਉਜੱਡ ਤੇ ਕਰੂਰ ਰੂਪ ਬਣਾ ਲਿਆ ਹੈ। ਇਸ ਦਾ ਇਹ ਕਰੂਰ ਅਤੇ ਉਜੱਡ ਰੂਪ ਅੱਜ ਪੰਜਾਬੀ ਗਾਣਿਆਂ ਵਿੱਚ ਜੱਟ ਦੇ ਵਿਗੜੇ ਹੋਏ ਅਕਸ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ।
ਕਿਰਤ ਕਰਨਾ ਸਿੱਖ ਸਭਿਆਚਾਰ ਦਾ ਮੂਲ ਆਧਾਰ ਹੈ। ਸਾਮਰਾਜੀ ਖਪਤਕਾਰੀ ਸਭਿਆਚਾਰ ਨੇ ਪੰਜਾਬ ਦੀ ਕਿਸਾਨੀ ਨੂੰ ਕਿਰਤ ਨਾਲੋਂ ਤੋੜਿਆ ਹੈ। ਕਿਰਤ ਨਾਲੋਂ ਟੁੱਟਣ ਕਾਰਨ ਹੀ ਪੰਜਾਬ ਦੀ ਕਿਸਾਨੀ ਸਿੱਖ ਸਭਿਆਚਾਰ ਤੋਂ ਦੂਰ ਹੋਈ ਹੈ। ਪੰਜਾਬ ਦੀ ਕਿਸਾਨੀ ਅਚਨਚੇਤ ਸਿੱਖ ਸਭਿਆਚਾਰ ਤੋਂ ਦੂਰ ਨਹੀਂ ਹੋਈ ਸਗੋਂ ਇਹ ਸੋਚੀ-ਸਮਝੀ ਸਾਮਰਾਜੀ ਨੀਤੀ ਦਾ ਨਤੀਜਾ ਹੈ। ਪੰਜਾਬ ਨੂੰ ਜਿੱਤਣ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਸਿੱਟਾ ਕੱਢ ਲਿਆ ਸੀ ਕਿ ਜੇ ਭਾਰਤ ‘ਤੇ ਆਪਣਾ ਰਾਜ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਨੂੰ ਸਭ ਤੋਂ ਵੱਡੇ ਖ਼ਤਰੇ ਸਿੱਖਾਂ ਦੇ ਇਨਕਲਾਬੀ ਜਜ਼ਬੇ ਨੂੰ ਖਤਮ ਕਰਨ ਦੇ ਨਿਰੰਤਰ ਯਤਨ ਕਰਨੇ ਪੈਣਗੇ। ਇਸ ਮੰਤਵ ਲਈ ਅੰਗਰੇਜ਼ਾਂ ਨੇ ਕੁਝ ਕਦਮ ਚੁੱਕੇ ਜਿਵੇਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ, ਸਿੱਖਾਂ ਵਿੱਚ ਸ਼ਬਦ ਵਿਚਾਰ ਅਰਥਾਤ ਫਲਸਫੇ ਨੂੰ ਕਮਜ਼ੋਰ ਕਰਨਾ ਅਤੇ ਕਰਮ-ਕਾਂਡ ਨੂੰ ਉਤਸ਼ਾਹਤ ਕਰਨਾ, ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਭੂਮਿਕਾ ਨੂੰ ਢਾਹ ਲਾਉਣੀ ਅਤੇ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨਾ। ਅੰਗਰੇਜ਼ਾਂ ਨੇ ਬਹੁਤ ਡੂੰਘਾਈ ਨਾਲ ਪੰਜਾਬ ਵਿੱਚ ਵਸਣ ਵਾਲੀਆਂ ਜਾਤਾਂ ਅਤੇ ਕਬੀਲਿਆਂ ਦੀ ਮਾਨਸਿਕਤਾ ਨੂੰ ਸਮਝਣ ਲਈ ਖੋਜ ਕਰਵਾਈ ਤਾਂ ਜੋ ਜਾਤੀਵਾਦ ਅਤੇ ਜਾਤੀ ਵੰਡ ਨੂੰ ਉਤੇਜਿਤ ਅਤੇ ਲੋਕਾਂ ਨੂੰ ਸਿੱਖ ਸਿਧਾਂਤ ਅਤੇ ਸਿੱਖ ਸਭਿਆਚਾਰ ਤੋਂ ਦੂਰ ਕੀਤਾ ਜਾ ਸਕੇ। ਸਿੱਖਾਂ, ਪੰਜਾਬੀਆਂ ਅਤੇ ਪੰਜਾਬ ਨੂੰ ਕਮਜ਼ੋਰ ਕਰਨ ਲਈ ਜੱਟ ਭਾਈਚਾਰੇ ਨੂੰ ਆਪਣੀ ਸਿੱਖ ਵਿਰਾਸਤ ਤੋਂ ਦੂਰ ਕਰਨਾ ਜ਼ਰੂਰੀ ਸੀ। ਪ੍ਰੰਤੂ ਬ੍ਰਿਟਿਸ਼ ਸਾਮਰਾਜੀਆਂ ਨੂੰ ਆਪਣੇ ਇਸ ਮੰਤਵ ਵਿੱਚ ਸੀਮਤ ਸਫਲਤਾ ਹੀ ਮਿਲ ਸਕੀ। ਉਹ ਜੱਟਾਂ ਵਿੱਚੋਂ ਜ਼ਿਆਦਾਤਰ ਜਗੀਰੂ ਅੰਸ਼ ਨੂੰ ਹੀ ਸਿੱਖ ਵਿਰਾਸਤ ਤੋਂ ਦੂਰ ਕਰਨ ਵਿੱਚ ਸਫਲ ਹੋਏ।
ਅਮੀਰ ਕਿਸਾਨੀ ਅਤੇ ਸਾਧਾਰਨ ਕਿਸਾਨੀ ਸਿੱਖ ਵਿਰਾਸਤ ਨਾਲ ਜੁੜੀ ਰਹੀ।
ਅਮਰੀਕੀ ਸਾਮਰਾਜ ਬ੍ਰਿਟਿਸ਼ ਸਾਮਰਾਜ ਦੀ ਹੀ ਨਿਰੰਤਰਤਾ ਹੈ। ਇਸ ਕੰਮ ਵਿੱਚ ਵੀ ਬ੍ਰਿਟਿਸ਼ ਸਾਮਰਾਜੀ ਅਧੂਰੇ ਰਹਿ ਗਏ ਤੇ ਉਹ ਕੰਮ ਅਮਰੀਕੀ ਸਾਮਰਾਜੀਆਂ ਨੇ ਪੂਰਾ ਕੀਤਾ। ਅਮਰੀਕੀ ਸਾਮਰਾਜ ਦੀਆਂ ਨੀਤੀਆਂ ਸਦਕਾ ਜੱਟ ਕਿਸਾਨੀ ਦਾ ਇਕ ਵੱਡਾ ਹਿੱਸਾ ਅੱਜ ਆਪਣੀ ਸਿੱਖ ਵਿਰਾਸਤ ਤੋਂ ਦੂਰ ਹੋ ਚੁੱਕਾ ਹੈ। ਇਸ ਪ੍ਰਕਿਰਿਆ ਵਿੱਚ ਹਰੇ ਇਨਕਲਾਬ ਨੇ ਕੇਂਦਰੀ ਭੂਮਿਕਾ ਨਿਭਾਈ ਹੈ। ਹਰੇ ਇਨਕਲਾਬ ਕਾਰਨ ਪੰਜਾਬ ਦੀ ਅਮੀਰ ਕਿਸਾਨੀ ਅਮਰੀਕੀ ਸਾਮਰਾਜ ਦੀ ਪਿਛਲੱਗ ਬਣ ਗਈ। ਇਹ ਜਮਾਤ ਕਿਰਤ, ਸਿੱਖ ਸਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਹੀ ਟੁੱਟੀ ਨਹੀਂ ਸਗੋਂ ਸਾਧਾਰਨ ਕਿਸਾਨੀ ਨੂੰ ਵੀ ਇਸ ਤੋਂ ਦੂਰ ਕਰਨ ਲਈ ਯਤਨਸ਼ੀਲ ਹੈ। ਇਨ੍ਹਾਂ ਯਤਨਾਂ ਸਦਕਾ ਹੀ ਇਸ ਨੇ ਸਾਮਰਾਜੀ ਖਪਤਕਾਰੀ ਸਭਿਆਚਾਰ ਨੂੰ ਅਖੌਤੀ ਜੱਟ ਸਭਿਆਚਾਰ ਵਜੋਂ ਪੇਸ਼ ਕਰਕੇ ਪੰਜਾਬ ‘ਤੇ ਠੋਸ ਦਿੱਤਾ ਅਤੇ ਪੰਜਾਬ ਨੂੰ ਉਜੱਡਵਾਦ ਵੱਲ ਧੱਕ ਦਿੱਤਾ ਹੈ। ਇਸ ਅਖੌਤੀ ਜੱਟ ਸਭਿਆਚਾਰ ਵਿੱਚ ਜੱਟ ਦਾ ਰੂਪ ਕਿਰਤ ਨਾਲੋਂ ਟੁੱਟੇ ਹੋਏ, ਵਿਗੜੇ ਹੋਏ ਅਤੇ ਉਜੱਡਵਾਦੀ ਰੂਪ ਵਿੱਚ ਪੇਸ਼ ਹੁੰਦਾ ਹੈ।
ਪੰਜਾਬ ਦੀ ਇਹ ਵੀ ਬਦਕਿਸਮਤੀ ਹੈ ਕਿ ਨਾ ਸਿਰਫ ਸਿਰਕੱਢ ਭਾਈਚਾਰੇ ਨੇ ਆਪਣਾ ਸਭਿਆਚਾਰਕ ਅਤੇ ਨੈਤਿਕ ਆਧਾਰ ਗੁਆਇਆ, ਸਗੋਂ ਬਾਕੀ ਭਾਈਚਾਰੇ ਵੀ ਉਸ ਦੀ ਰੀਸ ਕਰਦੇ ਨਜ਼ਰ ਆ ਰਹੇ ਹਨ। ਇਹ ਸ਼ਾਇਦ ਅਤਿਕਥਨੀ ਨਾ ਹੋਵੇ ਕਿ ਅੱਜ ਸਮੁੱਚਾ ਪੰਜਾਬ ਸਾਮਰਾਜੀ ਖਪਤਕਾਰੀ ਸਭਿਆਚਾਰ ਦੀ ਲਪੇਟ ਵਿੱਚ ਆ ਚੁੱਕਾ ਹੈ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਇਸ ਦਾ ਮੌਜੂਦਾ ਰੂਪ ਸਾਡਾ ਰਵਾਇਤੀ, ਕਿਰਤੀ ਅਤੇ ਸਤਿਕਾਰਤ ਜੱਟ ਵਾਲਾ ਨਹੀਂ ਸਗੋਂ ਉਸ ਦਾ ਵਿਗੜਿਆ ਹੋਇਆ, ਬਨਾਉਟੀ ਅਤੇ ਉਜੱਡਵਾਦੀ ਰੂਪ ਹੈ। ਹਰੇ ਇਨਕਲਾਬ ਨੇ ਪੰਜਾਬ ਨੂੰ ਆਪਣੇ ਸਭਿਆਚਾਰਕ ਅਤੇ ਨੈਤਿਕ ਆਧਾਰ ਤੋਂ ਦੂਰ ਕਰਕੇ ਬੌਧਿਕ, ਸਭਿਆਚਾਰਕ ਅਤੇ ਨੈਤਿਕ ਅਗਵਾਈ ਤੋਂ ਸੱਖਣਾ ਕਰ ਦਿੱਤਾ। ਹਰੇ ਇਨਕਲਾਬ ਵਿਚੋਂ ਉਪਜੀਆਂ ਸਮੱਸਿਆਵਾਂ ਨੇ ਨਾ ਸਿਰਫ ਪੰਜਾਬ ਦੀ ਉਪਜਾਊ ਧਰਤੀ ਦੇ ਬੰਜਰ ਬਣਨ ਦਾ ਖ਼ਤਰਾ ਪੈਦਾ ਕੀਤਾ ਹੈ ਸਗੋਂ ਰਾਜ ਨੂੰ ਸਮਾਜਿਕ ਅਸਥਿਰਤਾ ਅਤੇ ਸਭਿਆਚਰਕ ਤੇ ਨੈਤਿਕ ਬੰਜਰਪੁਣੇ ਦੇ ਨੇੜੇ ਵੀ ਪਹੁੰਚਾ ਦਿੱਤਾ ਹੈ।
ਇਸ ਜਟਿਲ ਸਥਿਤੀ ਵਿੱਚੋਂ ਪੰਜਾਬ ਨੂੰ ਕੱਢਣ ਦੇ ਯਤਨਾਂ ਵਿੱਚ ਇਹ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿ ਪੰਜਾਬ ਦੇ ਜੱਟ ਭਾਈਚਾਰੇ ਨੂੰ ਆਪਣੇ ਸਿੱਖ ਵਿਰਾਸਤ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾਏ।
ਪੰਜਾਬ ਦੇ ਜੱਟ ਦੀ ਸਹੀ ਅਤੇ ਮੁਕੰਮਲ ਪਛਾਣ ਜੱਟ ਸਿੱਖ ਹੈ ਜੋ ਕਿ ਹੁਣ ਅਧੂਰੀ ਹੋ ਗਈ ਜਾਪਦੀ ਹੈ। ਸਾਡੀ ਬੋਲ-ਚਾਲ, ਗੀਤਾਂ, ਟੀਵੀ, ਫਿਲਮਾਂ, ਟਰੱਕਾਂ ਅਤੇ ਕਾਰਾਂ ਆਦਿ ‘ਤੇ ਲਿਖੇ ਸ਼ਬਦਾਂ ਵਿੱਚੋਂ ਸਿੱਖ ਸ਼ਬਦ ਲਗਪਗ ਲੋਪ ਹੋ ਗਿਆ ਹੈ। ਜੱਟ ਸਿੱਖ ਸਿਰਫ ਜੱਟ ਤੱਕ ਹੀ ਸੀਮਤ ਹੋ ਗਿਆ ਹੈ। ਅਜਿਹੇ ਪ੍ਰਚਾਰ ਦੀ ਲੋੜ ਹੈ ਕਿ ਜੱਟ ਤੋਂ ਜੱਟ ਸਿੱਖ ਵਿੱਚ ਵਿਕਸਿਤ ਹੋਣ। ਆਪਣੇ ਨਿੱਜੀ ਤਜਰਬੇ ਦੇ ਆਧਾਰ ‘ਤੇ ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਜੋ ਸਤਿਕਾਰਤ ਸਥਾਨ ਕਿਸਾਨੀ ਨੂੰ ਸਿੱਖ ਧਰਮ ਨੇ ਦਿੱਤਾ ਹੈ, ਉਹ ਦੁਨੀਆਂ ਦੀ ਹੋਰ ਕਿਸੇ ਕਿਸਾਨੀ ਨੂੰ ਨਸੀਬ ਨਹੀਂ ਹੋਇਆ।
ਬਾਬਾ ਬੰਦਾ ਸਿੰਘ ਬਹਾਦਰ ਦਾ ਇਨਕਲਾਬ ਮੁੱਖ ਤੌਰ ‘ਤੇ ਕਿਸਾਨੀ ਦਾ ਇਨਕਲਾਬ ਸੀ। ਸਿੱਖ ਇਨਕਲਾਬ ਨੇ ਹੀ ਪੰਜਾਬ ਦੀ ਕਿਸਾਨੀ ਵਿੱਚ ਸਵੈ-ਮਾਣ ਦੀ ਭਾਵਨਾ ਜਗਾਈ ਹੈ। ਸਾਨੂੰ ਇਸ ਸਵੈ-ਮਾਣ ਨੂੰ ਹੰਕਾਰ ਬਣਨ ਤੋਂ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ। ਸਵੈ-ਮਾਣ ਹਾਂ-ਪੱਖੀ ਤੱਤ ਹੈ ਅਤੇ ਹੰਕਾਰ ਨਾਂਹ-ਪੱਖੀ ਸਵੈ-ਮਾਣ ਵਿਕਾਸ ਵੱਲ ਲਿਜਾਂਦਾ ਹੈ ਜਦੋਂਕਿ ਹੰਕਾਰ ਵਿਨਾਸ਼ ਦਾ ਕਾਰਨ ਬਣਦਾ ਹੈ। ਸਾਡੀ ਜੜ੍ਹ ਹਾਲੇ ਵੀ ਪੰਜਾਬ ਵਿੱਚ ਹੈ ਅਤੇ ਜੋ ਅਸੀਂ ਵਿਦੇਸ਼ਾਂ ਵਿੱਚ ਦੇਖ ਰਹੇ ਹਾਂ, ਉਹ ਟਾਹਣੀਆਂ ਅਤੇ ਪੱਤੇ ਹਨ। ਜੇ ਜੜ੍ਹ ਕਮਜ਼ੋਰ ਹੋ ਗਈ ਤਾਂ ਟਾਹਣੀਆਂ ਤੇ ਪੱਤੇ ਹਰੇ ਨਹੀਂ ਰਹਿ ਸਕਦੇ। ਇਸ ਲਈ ਪੰਜਾਬ ਵਿੱਚ ਆਪਣੀ ਜੜ੍ਹ ਬਚਾਉਣ ਦੇ ਯਤਨ ਸਾਡੀ ਸਭ ਤੋਂ ਵੱਡੀ ਪਹਿਲ ਹੋਣੀ ਚਾਹੀਦੀ ਹੈ।

RELATED ARTICLES
POPULAR POSTS