5.6 C
Toronto
Wednesday, October 29, 2025
spot_img
Homeਪੰਜਾਬਕੈਪਟਨ ਅਮਰਿੰਦਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਦਾ ਵਰਚੁਅਲ ਉਦਘਾਟਨ

ਕੈਪਟਨ ਅਮਰਿੰਦਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਦਾ ਵਰਚੁਅਲ ਉਦਘਾਟਨ

ਸਰਕਾਰੀ ਮੈਡੀਕਲ ਕਾਲਜ, ਮਹਿਲਾ ਕਾਲਜ ਤੇ ਬੱਸ ਅੱਡੇ ਸਮੇਤ ਹੋਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ
ਮਾਲੇਰਕੋਟਲਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ 23ਵੇਂ ਜ਼ਿਲ੍ਹੇ ਮਾਲਰੇਕੋਟਲਾ ਦਾ ਵਰਚੁਅਲ ਉਦਘਾਟਨ ਕਰਦਿਆਂ ਮੈਡੀਕਲ ਕਾਲਜ ਅਤੇ ਲੜਕੀਆਂ ਦੇ ਕਾਲਜ ਸਮੇਤ ਹੋਰਨਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ।
ਵਰਚੁਅਲ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੇ ਜ਼ਿਲ੍ਹਾ ਬਣਨ ਨਾਲ ਇਲਾਕੇ ਵਿੱਚ ਤਰੱਕੀ ਦੀ ਰਫ਼ਤਾਰ ਵਧੇਗੀ।
ਇਸ ਦੀ ਸ਼ੁਰੂਆਤ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਅਤੇ ਇੱਕ ਮਹਿਲਾ ਥਾਣੇ ਦੇ ਉਦਘਾਟਨ ਨਾਲ ਹੋ ਗਈ ਹੈ। ਪ੍ਰਾਜੈਕਟਾਂ ਦੇ ਵਰਚੁਅਲ ਉਦਘਾਟਨ ਮਗਰੋਂ ਰਜ਼ੀਆ ਸੁਲਤਾਨਾ, ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਐੱਸਐੱਸਪੀ ਕੰਵਰਦੀਪ ਕੌਰ ਨੇ ਅਮਲੀ ਤੌਰ ‘ਤੇ ਨੀਂਹ ਪੱਥਰ ਰੱਖਿਆ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਲ-ਨਾਲ 500 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਣ ਵਾਲਾ ਨਵਾਬ ਸ਼ੇਰ ਮੁਹੰਮਦ ਖਾਂ ਸਰਕਾਰੀ ਮੈਡੀਕਲ ਕਾਲਜ, 12 ਕਰੋੜ ਰੁਪਏ ਦੀ ਲਾਗਤ ਨਾਲ ਹੋਂਦ ‘ਚ ਆਉਣ ਵਾਲਾ ਸਰਕਾਰੀ ਮਹਿਲਾ ਕਾਲਜ, 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਨਵਾਂ ਬੱਸ ਅੱਡਾ ਅਤੇ ਮਹਿਲਾ ਪੁਲਿਸ ਥਾਣੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਛੇ ਕਰੋੜ ਦੇ ਵਿਕਾਸ ਕਾਰਜ ਕਰਵਾਉਣ ਦੀ ਸ਼ੁਰੂਆਤ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਬ-ਡਿਵੀਜ਼ਨਲ ਕੰਪਲੈਕਸ ਦੀ ਉਸਾਰੀ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਸ਼ਹਿਰ ਦੀ ਇਤਿਹਾਸਕ ਮੁਬਾਰਕ ਮੰਜ਼ਿਲ ਮਹਿਲ ਦੀ ਸੰਭਾਲ ਅਤੇ ਨਵੀਨੀਕਰਨ ਦਾ ਕੰਮ ਆਗਾ ਖ਼ਾਨ ਫ਼ਾਊਂਡੇਸ਼ਨ (ਯੂਕੇ) ਰਾਹੀਂ ਕਰਵਾਉਣ ਲਈ ਰਾਬਤਾ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ਨਾਲ ਮਾਲੇਰਕੋਟਲਾ ਦਾ ਪੁਰਾਣਾ ਸੱਭਿਆਚਾਰ ਅਤੇ ਇਤਿਹਾਸ ਸੰਭਾਲਣ ਵਿੱਚ ਵੱਡੀ ਮਦਦ ਮਿਲੇਗੀ।
ਇਸ ਮੌਕੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਮੈਂਬਰ ਪੰਜਾਬ ਵਕਫ਼ ਬੋਰਡ ਜੈਨਬ ਅਖ਼ਤਰ, ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐੱਸਡੀਐੱਮ ਮਾਲੇਰਕੋਟਲਾ ਟੀ.ਬੈਨਿਥ, ਐੱਸਡੀਐੱਮ ਲਤੀਫ਼ ਅਹਿਮਦ, ਤਹਿਸੀਲਦਾਰ ਬਾਦਲ ਦੀਨ, ਪ੍ਰਧਾਨ ਨਗਰ ਕੌਂਸਲ ਨਸਰੀਨ ਅਸ਼ਰਫ਼ ਤੇ ਹੋਰ ਹਾਜ਼ਰ ਸਨ।
ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ: ਕੈਪਟਨ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਦਾ ਪੰਜਾਬ ਦੇ 23ਵੇਂ ਜ਼ਿਲ੍ਹੇ ਵਜੋਂ ਵਰਚੁਅਲ ਢੰਗ ਨਾਲ ਰਸਮੀ ਉਦਘਾਟਨ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਦੇ ਜ਼ਿਲ੍ਹਾ ਬਣਨ ਨਾਲ ਇਸ ਖਿੱਤੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ, ਕਿਸੇ ਕਾਰਨਾਂ ਕਰਕੇ ਉਹ ਮਾਲੇਰਕੋਟਲਾ ਨੂੰ ਪਹਿਲਾਂ ਜ਼ਿਲ੍ਹਾ ਨਹੀਂ ਬਣਾ ਸਕੇ ਸਨ। ਉਨ੍ਹਾਂ ਕਿਹਾ ਕਿ ਨਵੇਂ ਬਣੇ ਜ਼ਿਲ੍ਹੇ ਵਿੱਚ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਸਬ-ਤਹਿਸੀਲ ਤੋਂ ਦਰਜਾ ਵਧਾ ਕੇ ਸਬ-ਡਵੀਜ਼ਨ ਬਣਾਏ ਗਏ ਅਮਰਗੜ੍ਹ ਸਬ-ਡਿਵੀਜ਼ਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਜ਼ਿਲ੍ਹੇ ਪੱਧਰ ‘ਤੇ ਆਰਜ਼ੀ ਦਫ਼ਤਰ ਸਥਾਪਤ ਕੀਤੇ ਗਏ ਹਨ ਅਤੇ ਜ਼ਿਲ੍ਹਾ ਪੱਧਰ ‘ਤੇ ਹੀ 12 ਵਿਭਾਗਾਂ ਦੇ ਦਫ਼ਤਰ ਛੇਤੀ ਹੀ ਚਾਲੂ ਕੀਤੇ ਜਾਣਗੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਬ-ਡਵੀਜ਼ਨਲ ਕੰਪਲੈਕਸ ਦੀ ਉਸਾਰੀ ਲਈ 20 ਕਰੋੜ ਰੁਪਏ ਅਲਾਟ ਕੀਤੇ ਜਾਣ ਦੀ ਜਾਣਕਾਰੀ ਵੀ ਸਾਂਝੀ ਕੀਤੀ।

 

RELATED ARTICLES
POPULAR POSTS