Home / ਮੁੱਖ ਲੇਖ / ਪੰਜਾਬ ‘ਚ ਦਲ-ਬਦਲੀ ਦਾ ਵਚਿੱਤਰ ਆਲਮ!

ਪੰਜਾਬ ‘ਚ ਦਲ-ਬਦਲੀ ਦਾ ਵਚਿੱਤਰ ਆਲਮ!

ਗੁਰਦੀਪ ਸਿੰਘ ਦੌਲਾ
ਪੰਜਾਬ ਵਿਧਾਨ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ। ਕਹਿੰਦੇ ਨੇ ਕਿ ਬੱਝਵੇਂ ਦਿਨ ਪਲਾਂ ਵਿਚ ਬੀਤ ਜਾਂਦੇ ਹਨ। ਸਿਆਸੀ ਨੇਤਾਵਾਂ ਦੇ ਦਲ-ਬਦਲ ਦੀ ਸ਼ੁਰੂਆਤ ਹੋ ਚੁੱਕੀ ਹੈ। ਦਲਬਦਲੀ ਸਿਆਸਤ ਦੇ ਖੇਤਰ ਦੀ ਇਕ ਬੁਰਾਈ ਹੈ ਪਰ ਇਹ ਹੁਣ ਆਮ ਜਿਹਾ ਵਰਤਾਰਾ ਬਣ ਚੁੱਕੀ ਹੈ। ਦਲ-ਬਦਲੀ ਦੇ ਕਾਰਨ ਤੇ ਸਿੱਟੇ ਵੀ ਹਨ। ਹਰ ਨੇਤਾ ਸਿਆਸਤ ਦਾ ਸ਼ਾਹ ਸਵਾਰ ਬਣਿਆ ਰਹਿਣਾ ਲੋੜਦਾ ਹੈ। ਸਿਆਸਤ ਇਕ ਧੰਦੇ ਵਜੋਂ ਵਿਕਸਤ ਹੋਈ ਹੈ। ਤਾਂ ਹੀ ਹਰ ਨੇਤਾ ਇਸ ਵਿਚੋਂ ਸਫਲਤਾ ਭਰਪੂਰ ਕਾਰੋਬਾਰ ਲੋਚਦਾ ਹੈ। ਦਲ-ਬਦਲਣ ਪਿੱਛੇ ਨੇਤਾਵਾਂ ਦੇ ਆਪਣੇ ਤਰਕ ਹਨ। ਕਿਸੇ ਨੂੰ ਆਪਣੀ ਪਾਰਟੀ ਤੋਂ ਟਿਕਟ ਦੀ ਆਸ ਮੁੱਕਦੀ ਦਿਸਦੀ ਹੈ ਤੇ ਕਿਸੇ ਦਾ ਆਪਣੀ ਮਾਂ ਪਾਰਟੀ ਵਿਚ ਦਮ ਘੁਟਣ ਲੱਗਦਾ ਹੈ। ਕਈ ਸੱਤਾ ਹੀਣੇ ਨੇਤਾ ਸੱਤਾ ਦਾ ਸੁੱਖ ਮਾਣਨ ਵਾਸਤੇ ਸੱਤਾਧਾਰੀ ਧਿਰ ਵਾਲੇ ਪਾਸੇ ਛਾਲ ਮਾਰਦੇ ਹਨ। ਕਈਆਂ ਨੂੰ ਪਾਰਟੀ ਵਿਚ ਕਦਰ ਘਟਦੀ ਦਿਸਦੀ ਹੈ। ਕਈ ਨੇਤਾ ਇਸ ਨੂੰ ਘਰ ਵਾਪਸੀ ਆਖਦੇ ਹਨ। ਅਸਲ ਵਿਚ ਦਲ-ਬਦਲਣ ਤੋਂ ਪਹਿਲਾਂ ਨੇਤਾ ਜੀ ਪੂਰਾ ਹਿਸਾਬ-ਕਿਤਾਬ ਜੋੜਦੇ ਹਨ। ਕਈ ਵਾਰ ਤਾਂ ਸਥਾਪਿਤ ਨੇਤਾਵਾਂ ਦੇ ਦਲ ਬਦਲ ਲੈਣ ‘ਤੇ ਆਮ ਲੋਕ ਡਾਹਢੇ ਹੈਰਾਨ ਹੁੰਦੇ ਹਨ। ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ।
ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਜਗਮੀਤ ਸਿੰਘ ਬਰਾੜ ਦਾ ਅਕਾਲੀ ਦਲ ਵਿਚ ਆਉਣਾ ਕਾਫੀ ਹੈਰਾਨਕੁੰਨ ਸੀ। ਪਿਛਲੇ ਦਿਨੀ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਜਿਸ ਨੂੰ ਉਨ੍ਹਾਂ ਨੇ ਘਰ ਵਾਪਸੀ ਦਾ ਨਾਂ ਦਿੱਤਾ ਹੈ। ਬਠਿੰਡਾ ਦਿਹਾਤੀ ਤੋਂ ਵਿਧਾਇਕਾ ਬੀਬਾ ਰੁਪਿੰਦਰ ਰੂਬੀ ਦਾ ਕਾਂਗਰਸ ਵਿਚ ਅਚਨਚੇਤੀ ਪ੍ਰਵੇਸ਼ ਹੈਰਾਨੀਜਨਕ ਸੀ। ਬੀਬਾ ਜੀ ਕਹਿੰਦੇ ਹਨ ਕਿ ‘ਆਪ’ ਕਨਵੀਨਰ ਕੇਜਰੀਵਾਲ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰ ਰਹੇ ਸਨ, ਇਸ ਲਈ ਮੈਂ ਪਾਰਟੀ ਛੱਡੀ ਹੈ। ਸੁਖਪਾਲ ਸਿੰਘ ਖਹਿਰਾ ਦਾ ਪਾਲਾ ਬਦਲਣਾ ਵੀ ਜ਼ਿਕਰਯੋਗ ਹੈ। ਉਹ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਤੇ ਵਿਰੋਧੀ ਧਿਰ ਦੇ ਨੇਤਾ ਬਣੇ ਸਨ ਪਰ ਅਹੁਦਾ ਖੁੱਸਦੇ ਹੀ ਉਹ ਖਿਸਕ ਗਏ ਸਨ। ਉਨ੍ਹਾਂ ਨੇ ਪੰਜਾਬ ਏਕਤਾ ਪਾਰਟੀ ਦਾ ਗਠਨ ਕੀਤਾ ਸੀ ਪਰ ਕੋਈ ਗੱਲ ਨਾ ਬਣੀ ਤਾਂ ਉਹ ਛੇਤੀ-ਛੇਤੀ ਵਿਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅੰਮ੍ਰਿਤਸਰ ਸਿੰਘ ਨਾਲ ਹਵਾਈ ਅੱਡੇ ‘ਤੇ ਫੋਟੋਸ਼ੂਟ ਰਾਹੀਂ ਕਾਂਗਰਸ ਵਿਚ ਘਰ ਵਾਪਸੀ ਕਰ ਗਏ ਸਨ। ਇੰਜ ਉਹ ਜਾਂਦੇ-ਜਾਂਦੇ ‘ਆਪ’ ਦੇ ਦੋ ਵਿਧਾਇਕਾਂ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਨੂੰ ਨਾਲ ਕਾਂਗਰਸ ਵਿਚ ਲੈ ਗਏ। ਬਦਲੇ ਹੋਏ ਹਾਲਾਤ ਅਨੁਸਾਰ ਖਹਿਰੇ ਨੂੰ ਹੁਣ ਕਾਂਗਰਸ ਤੇ ਕੈਪਟਨ ਕਾਂਗਰਸ ਦੋਹਾਂ ‘ਚੋਂ ਇਕ ਦੀ ਚੋਣ ਕਰਨੀ ਪਵੇਗੀ। ਆਮ ਆਦਮੀ ਪਾਰਟੀ ਦੇ ਕਰੀਬ ਦਸ ਵਿਧਾਇਕਾਂ ਦਾ ਕਾਂਗਰਸ ਜੁਆਇੰਨ ਕਰਨਾ ਹੈਰਾਨਕੁੰਨ ਤੇ ਚਿੰਤਾਜਨਕ ਹੈ। ਸਭ ਤੋਂ ਦਿਲਚਸਪ ਦਲ-ਬਦਲੀ ‘ਆਪ’ ਵਿਧਾਇਕ ਜਗਤਾਰ ਸਿੰਘ ਜੱਗਾ ਦੀ ਰਹੀ ਜੋ ਚੱਲਦੇ ਵਿਧਾਨ ਸਭਾ ਸੈਸ਼ਨ ਦੌਰਾਨ ਸੱਤਾ ਧਿਰ ਵਾਲੇ ਪਾਸੇ ਪਾਲਾ ਬਦਲ ਗਏ ਸਨ। ਭਾਜਪਾ ਦੇ ਸਾਬਕਾ ਮੰਤਰੀ ਰਹੇ ਅਨਿਲ ਜੋਸ਼ੀ ਤੇ ਸੁਖਜੀਤ ਕੌਰ ਸ਼ਾਹੀ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਟਿਕਟਾਂ ਦੀ ਅਗੇਤੀ ਵੰਡ ਕਾਰਨ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਬਗਾਵਤੀ ਸੁਰਾਂ ਉੱਠਣ ਦੀ ਆਸ ਮੱਠੀ ਹੈ। ਪੰਜਾਬ ਕਾਂਗਰਸ ਵੱਲੋਂ ਹਾਲੇ ਟਿਕਟ-ਵੰਡ ਕਰਨੀ ਬਾਕੀ ਹੈ ਅਤੇ ਟਿਕਟਾਂ ਦੇ ਚਾਹਵਾਨਾਂ ਦੀ ਵੱਧ ਗਿਣਤੀ ਕਾਰਨ ਅੰਦਰੂਨੀ ਸਿਆਸੀ ਟੁੱਟ-ਭੱਜ ਹੋਣਾ ਸੰਭਾਵਿਤ ਹੈ। ਆਮ ਆਦਮੀ ਪਾਰਟੀ ਦੀ ਟਿਕਟ-ਵੰਡ ਸਥਿਤੀ ਵੀ ਕਾਂਗਰਸ ਵਾਂਗ ਹੈ ਅਤੇ ਅਜੇ ਤਕ ‘ਆਪ’ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦੀ ਤਲਾਸ਼ ਜਾਰੀ ਹੈ।
ਬਲਵੰਤ ਸਿੰਘ ਰਾਮੂਵਾਲੀਆ ਦਲ-ਬਦਲੀ ਦੇ ਮੁਕਾਬਲੇ ‘ਚ ਸਭ ਤੋਂ ਮੋਹਰੀ ਨੇਤਾ ਹਨ ਤੇ ਦਲ-ਬਦਲਣ ਦੀ ਲੰਬੀ ਯਾਤਰਾ ਤੋਂ ਬਾਅਦ ਉਹ ਹੁਣ ਆਪਣੀ ਲੋਕ ਭਲਾਈ ਪਾਰਟੀ ਦੀ ਮੁੜ ਸੁਰਜੀਤੀ ਬਾਰੇ ਕਹਿ ਰਹੇ ਹਨ। ਦਲ-ਬਦਲੀ ਇਕ ਤਰ੍ਹਾਂ ਚੋਣਾਂ ਤੋਂ ਪਹਿਲਾਂ ਦੀਆਂ ਸਿਆਸੀ ਬਦਲੀਆਂ ਹਨ। ਇਹ ਜ਼ਰੂਰ ਹੈ ਕਿ ਦਲ ਬਦਲ ਲੈਣ ਵਾਲੇ ਨੇਤਾਵਾਂ ਦਾ ਸਿਆਸੀ ਭਵਿੱਖ ਸ਼ਾਨਦਾਰ ਬਣਨ ਦੀਆਂ ਸੰਭਾਵਨਾਵਾਂ ਮੱਧਮ ਬਣ ਜਾਂਦੀਆਂ ਹਨ। ਆਪਣੀ ਮਾਂ ਪਾਰਟੀ ਨਾਲ ਰੁੱਸ ਕੇ ਅਲਹਿਦਾ ਮੁਹਾਜ਼ ਖੜ੍ਹਾ ਕਰਨ ਵਾਲਿਆਂ ਨੂੰ ਪੰਜਾਬ ਵਾਸੀਆਂ ਨੇ ਕਦੇ ਪ੍ਰਵਾਨ ਨਹੀਂ ਕੀਤਾ ਹੈ। ਮਨਪ੍ਰੀਤ ਬਾਦਲ ਨੇ ਆਪਣੀ ਪੀਪੀਪੀ ਪਾਰਟੀ ਗਠਿਤ ਕੀਤੀ ਸੀ ਪਰ ਉਹ ਆਪਣੀ ਗਿੱਦੜਬਾਹਾ ਸੀਟ ਵੀ ਬਚਾ ਨਹੀਂ ਸਕੇ ਸਨ। ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋਏ ਟਕਸਾਲੀ ਅਕਾਲੀ ਆਗੂ ਵੀ ਇਕ ਸਮਰੱਥ ਸਿਆਸੀ ਮੁਹਾਜ਼ ਦਾ ਨਿਰਮਾਣ ਨਹੀਂ ਕਰ ਸਕੇ ਹਨ। ਇਸ ਵਾਰ ਦੀ ਸਭ ਤੋਂ ਵੱਡੀ ਸਿਆਸੀ ਅਲਹਿਦਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹੇਗੀ।
ਕਾਂਗਰਸ ਨਾਲੋਂ ਤੋੜ-ਵਿਛੋੜੇ ਤੋਂ ਉਪਰੰਤ ਉਨ੍ਹਾਂ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਈ ਹੈ ਪਰ ਅਜੇ ਤਕ ਕਾਂਗਰਸ ਦਾ ਕੋਈ ਵੀ ਕੱਦਾਵਰ ਨੇਤਾ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਨਹੀਂ ਹੋਇਆ ਹੈ। ਉਹ ਇਹ ਤਵੱਕੋਂ ਜ਼ਰੂਰ ਕਰ ਰਹੇ ਹਨ ਕਿ ਕਾਂਗਰਸ ਦੇ ਟਿਕਟਾਂ ਤੋਂ ਰੁੱਸੇ ਕਾਂਗਰਸੀ ਨੇਤਾ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਹੁਣ ਤਕ ਗਿੱਦੜਬਾਹਾ ਤੋਂ ਸਾਬਕਾ ਵਿਧਾਇਕ ਤੇ ਪੁਰਾਣੇ ਕਾਂਗਰਸੀ ਨੇਤਾ ਰਘੁਬੀਰ ਸਿੰਘ ਨੇ ਕੈਪਟਨ ਦਾ ਸਾਥ ਦਿੱਤਾ ਹੈ। ਸਿਆਸੀ ਸਬੰਧ ਜਾਂ ਸਿਆਸੀ ਨਜ਼ਦੀਕੀਆਂ ਤਿੱਤਰ-ਖੰਭੀ ਬੱਦਲਾਂ ਵਾਂਗ ਹੁੰਦੀਆਂ ਹਨ ਜੋ ਸੂਰਜੀ ਰੋਸ਼ਨੀ ਦੀ ਕਿਰਨ ਪੈਣ ‘ਤੇ ਛਟ ਜਾਂਦੇ ਹਨ। ਸਿਆਸੀ ਨਜ਼ਦੀਕੀਆਂ ਟਿੱਬੇ ਦੀ ਰੇਤ ਵਾਂਗ ਮੁੱਠੀ ‘ਚੋਂ ਕਿਰ ਜਾਂਦੀਆਂ ਹਨ। ਸਿਆਸਤ ਵਿਚ ਹਮੇਸ਼ਾ ਸੁਨਹਿਰੀ ਮੌਕੇ ਦੇਖੇ ਜਾਂਦੇ ਹਨ। ਕੈਪਟਨ ਅਮਰਿੰਦਰ ਦੇ ਸਦਾ ਸੱਜੇ-ਖੱਬੇ ਰਹਿਣ ਵਾਲੇ ਸਭ ਨੇਤਾ ਭੀੜ ਪੈਣ ‘ਤੇ ਅੱਖਾਂ ਫੇਰ ਗਏ ਸਨ।
ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਿਸ ਦੀ ਜਿੱਤ ਜਾਂ ਹਾਰ ਹੋਵੇਗੀ, ਇਹ ਅੰਦਾਜ਼ੇ ਲਾਉਣੇ ਅਜੇ ਅਸੰਭਵ ਹਨ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਪੁਰਾਣੇ ਅਕਾਲੀ-ਭਾਜਪਾ ਗੱਠਜੋੜ ਨਾਲੋਂ ਤੋੜ-ਵਿਛੋੜਾ ਕਰ ਕੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਮੈਦਾਨ ਵਿਚ ਉਤਰਿਆ ਹੈ। ਪੰਜਾਬ ‘ਚ ਭਾਜਪਾ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਬਣਾਈ ‘ਪੰਜਾਬ ਲੋਕ ਕਾਂਗਰਸ’ ਨਾਲ ਚੋਣ ਗੱਠਜੋੜ ਹੋ ਚੁੱਕਾ ਹੈ।
ਕਿਸੇ ਵੇਲੇ ਟਕਸਾਲੀ ਅਕਾਲੀ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਕੈਪਟਨ ਅਤੇ ਭਾਜਪਾ ਨਾਲ ਚੋਣ ਭਿਆਲੀ ਪਾ ਲਈ ਹੈ। ਕੈਪਟਨ ਵੱਲੋਂ ਚੋਣਾਂ ਵਾਲੇ ਰਾਜਾਂ ਵਿਚ ਭਾਜਪਾ ਵਾਸਤੇ ਚੋਣ ਪ੍ਰਚਾਰ ਕਰਨ ਦੀ ਇੱਛਾ ਪ੍ਰਗਟਾਈ ਗਈ ਹੈ। ਆਮ ਆਦਮੀ ਪਾਰਟੀ ਅਜੇ ਤਕ ਆਪਣੇ ਬਲਬੂਤੇ ਚੋਣਾਂ ਵਿਚ ਜਾਣ ਨੂੰ ਤਿਆਰ ਹੈ। ਚੌਥਾ ਮੁਹਾਜ਼ ਟਕਸਾਲੀ ਅਕਾਲੀ ਆਗੂਆਂ ਦੇ ਧੜੇ ਦਾ ਬਣ ਸਕਦਾ ਹੈ। ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚਹੁ ਧਿਰਾ ਮੁਕਾਬਲਾ ਹੋਣ ਦੀ ਉਮੀਦ ਹੈ ਪਰ ਅਸਲੀਅਤ ਵਿਚ ਕਾਂਗਰਸ, ਅਕਾਲੀ-ਬਸਪਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਤਿਕੋਣੀ ਚੋਣ ਟੱਕਰ ਹੋਵੇਗੀ। ਟਿਕਟਾਂ ਦੀ ਵੰਡ ‘ਚੋਂ ਉਪਜੇ ਸਿਆਸੀ ਕਲੇਸ਼ਾਂ ਕਾਰਨ ਆਉਣ ਵਾਲੇ ਸਮੇਂ ਦੌਰਾਨ ਦਲ-ਬਦਲੀ ਪ੍ਰਕਿਰਿਆ ਵਿਚ ਤੇਜ਼ੀ ਆ ਸਕਦੀ ਹੈ। ਅਕਾਲੀ ਦਲ ਖੇਤਰੀ ਪਾਰਟੀ ਹੋਣ ਕਾਰਨ ਹੁਣ ਤਕ ਟਿਕਟਾਂ ਤਕਸੀਮ ਕਰਨ ਦੇ ਮਾਮਲੇ ਵਿਚ ਮੋਹਰੀ ਰਿਹਾ ਹੈ। ਉਸ ‘ਚੋਂ ਟਿਕਟ ਵੰਡ ਤੋਂ ਨਾਰਾਜ਼ ਨੇਤਾਵਾਂ ਦੇ ਪਾਲੇ ਬਦਲ ਲੈਣ ਦੀਆਂ ਮੱਧਮ ਜਿਹੀਆਂ ਸੰਭਾਵਨਾਵਾਂ ਬਚੀਆਂ ਹਨ। ਕਾਂਗਰਸ ਪਾਰਟੀ ਅੰਦਰ ਵਿਧਾਨ ਸਭਾ ਚੋਣਾਂ ਲਈ ਟਿਕਟ ਵੰਡ ਦਾ ਕਾਰਜ ਲੰਬਾ ਤੇ ਅਤੀ ਪੇਚੀਦਾ ਹੈ। ਉਹ ਤੇ ਆਮ ਆਦਮੀ ਪਾਰਟੀ ਦੋਹਾਂ ਸੰਗਠਨਾਂ ਵਿਚ ਟਿਕਟ ਨਾਰਾਜ਼ਗੀਆਂ ਕਾਰਨ ਵੱਡੇ ਪੱਧਰ ‘ਤੇ ਦਲ-ਬਦਲੀ ਦੀਆਂ ਸੰਭਾਵਨਾਵਾਂ ਹਨ।
ਸਥਾਪਿਤ ਨੇਤਾਵਾਂ ‘ਚੋਂ ਹੁਣ ਤਕ ਅਨਿਲ ਜੋਸ਼ੀ ਸਾਬਕਾ ਕੈਬਨਿਟ ਮੰਤਰੀ ਤੇ ਸੁਖਜੀਤ ਕੌਰ ਸ਼ਾਹੀ ਵੱਲੋਂ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਗਈ ਹੈ। ਵੱਡੀ ਸਿਆਸੀ ਦਲ ਬਦਲੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਕਾਂਗਰਸ ਵਿਚ ਸ਼ਾਮਲ ਹੋਣ ‘ਤੇ ਹੋਈ ਹੈ। ਉਂਜ ਹੁਣੇ ਜਿਹੇ ਬ੍ਰਹਮਪੁਰਾ ਦੀ ਅਕਾਲੀ ਦਲ ਵਿਚ ਘਰ ਵਾਪਸੀ ਹੋ ਗਈ ਹੈ। ਮਰਹੂਮ ਸੇਵਾ ਸਿੰਘ ਸੇਖਵਾਂ ਦਾ ਪਰਿਵਾਰ ‘ਆਪ’ ਵਿਚ ਸ਼ਾਮਲ ਹੋ ਚੁੱਕਾ ਹੈ। ਪੰਜਾਬ ਕਾਂਗਰਸ ਵਿਚਲੇ ਟਕਸਾਲੀ ਕਾਂਗਰਸੀਆਂ ਵਿਚ ਵੀ ਨਾਰਾਜ਼ਗੀਆਂ ਅੰਦਰਖਾਤੇ ਬਰਕਰਾਰ ਹਨ। ਸਿਆਸਤ ਵਿਚ ਕੁਝ ਵੀ ਸਥਿਰ ਨਹੀਂ ਹੁੰਦਾ। ਅੱਜ ਦੀ ਸਿਆਸਤ ਵਰਤਮਾਨ ਰੇਹੜੂਆਂ ਵਾਲੀਆਂ ਕੁਰਸੀਆਂ ਵਾਂਗ ਹੈ। ਆਉਣ ਵਾਲੇ ਦਿਨਾਂ ਅੰਦਰ ਦਲ-ਬਦਲੀਆਂ ਦੀ ਰਫ਼ਤਾਰ ਵਿਚ ਹੋਰ ਤੇਜ਼ੀ ਆ ਸਕਦੀ ਹੈ। ਲੋਕਾਂ ਨੇ ਪੰਜ ਸਾਲ ਦੇ ਵਕਫੇ ਮਗਰੋਂ ਨਵੀਂ ਸਰਕਾਰ ਚੁਣਨੀ ਹੈ। ਇਸ ਲਈ ਚੋਣਾਂ ਅਤਿਅੰਤ ਸੰਜੀਦਗੀ ਵਾਲਾ ਵਿਸ਼ਾ ਹਨ। ਅਸੀਂ ਪੰਜਾਬੀ ਚੋਣਾਂ ਨੂੰ ਇਕ ਲੋਕਤੰਤਰ ਦੇ ਮੇਲੇ ਵਾਂਗ ਲੈਂਦੇ ਹਾਂ। ਕਣਕ ਦੀ ਬਿਜਾਈ ਤੋਂ ਬਾਅਦ ਪਿੰਡਾਂ ਦੇ ਵਾਹੀਕਾਰਾਂ ਕੋਲ ਵਿਹਲ ਦਾ ਸਮਾਂ ਹੁੰਦਾ ਹੈ। ਠੰਢ ਤੇ ਧੁੰਦ ਦੇ ਦਿਨਾਂ ਦੌਰਾਨ ਦਲ-ਬਦਲੀ ਕਰਨ ਵਾਲੇ ਨੇਤਾਵਾਂ ਤੇ ਪਿੰਡਾਂ ਦੀਆਂ ਸੱਥਾਂ ਵਿਚ ਕਾਫੀ ਗਰਮਾ-ਗਰਮ ਬਹਿਸ ਹੋਵੇਗੀ। ਕੌਣ ਕਿਸ ਪਾਰਟੀ ਵਿਚ ਜਾਊ, ਇਹ ਅੰਦਾਜ਼ੇ ਚਰਚਾ ਦਾ ਵਿਸ਼ਾ ਬਨਣਗੇ।

Check Also

ਸਿਆਸਤ ਦੇ ਡਿੱਗ ਰਹੇ ਮਿਆਰ

ਹਮੀਰ ਸਿੰਘ ਖ਼ੂਬਸੂਰਤ ਸਮਾਜ ਸਿਰਜਣ ਦਾ ਸੁਪਨਾ ਹਰ ਪੀੜ੍ਹੀ ਦੇ ਲੋਕ ਲੈਂਦੇ ਰਹੇ ਹਨ ਅਤੇ …