ਪੰਜਾਬ ’ਚ ਪਾਬੰਦੀ ਦਾ ਉਲੰਘਣ ਕਰਨ ’ਤੇ ਹੋਵੇਗੀ 5 ਸਾਲ ਦੀ ਜੇਲ੍ਹ
ਚੰਡੀਗੜ੍ਹ/ਬਿਊਰੋ ਨਿਊਜ਼
ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਨੂੰ ਹੁਣ ਸਾਵਧਾਨ ਹੋਣਾ ਪਵੇਗਾ ਕਿਉਂਕਿ ਪੰਜਾਬ ਵਿਚ ਚਾਈਨਾ ਡੋਰ ’ਤੇ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਕਰਨ ’ਤੇ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਚਾਈਨਾ ਡੋਰ ਦੀ ਵਰਤੋਂ ਨਾਲ ਵਧਦੀਆਂ ਦੁਰਘਟਨਾਵਾਂ ਦੇ ਮੱਦੇਨਜ਼ਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸਦੀ ਪਾਬੰਦੀ ਸਬੰਧੀ ਜਾਰੀ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਨਵੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਸਰਕਾਰ ਵਲੋਂ ਚਾਈਨਾ ਡੋਰ ’ਤੇ ਲਗਾਈਆਂ ਪਾਬੰਦੀਆਂ ਦੀ ਉਲੰਘਣਾ ਕਰਨ ’ਤੇ 5 ਸਾਲ ਤੱਕ ਦੀ ਜੇਲ੍ਹ ਅਤੇ ਇਕ ਲੱਖ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਹਨ। ਪੰਜਾਬ ਸਰਕਾਰ ਨੇ ਇਹ ਫੈਸਲਾ ਫਿਰੋਜ਼ਪੁਰ ਵਿਚ ਚਾਈਨਾ ਡੋਰ ਨਾਲ ਵਾਪਰੀ ਦੁਰਘਟਨਾ ਦਾ ਗੰਭੀਰ ਨੋਟਿਸ ਲੈਂਦੇ ਹੋਏ ਲਿਆ ਹੈ। ਪੰਜਾਬ ਦੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਵੇਂ ਆਦੇਸ਼ਾਂ ਅਨੁਸਾਰ ਚਾਈਨਾ ਡੋਰ, ਕੱਚ ਜਾਂ ਹੋਰ ਧਾਤੂਆਂ ਦੇ ਪਾਊਡਰ ਨਾਲ ਬਣੀ ਡੋਰ ’ਤੇ ਪੂਰਨ ਪਾਬੰਦੀ ਹੋਵੇਗੀ। ਸਿਰਫ ਸੂਤੀ ਧਾਗੇ ਨਾਲ ਪਤੰਗ ਉਡਾਉਣ ਦੀ ਮਨਜੂਰੀ ਦਿੱਤੀ ਗਈ ਹੈ। ਚਾਈਨਾ ਡੋਰ ’ਤੇ ਪੂਰਨ ਪਾਬੰਦੀ ਸਬੰਧੀ ਵਾਤਾਵਰਣ ਸਬੰਧੀ ਐਕਟ, 1986 ਦੀ ਧਾਰਾ 5 ਦੇ ਅਧੀਨ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਕਾਰਜਕਾਰੀ ਮੈਜਿਸਟ੍ਰੇਟ, ਮਾਲ ਮਹਿਕਮੇ ਦੇ ਤਹਿਸੀਲਦਾਰ ਅਤੇ ਉੱਚ ਅਧਿਕਾਰੀ, ਵਣ ਵਿਭਾਗ ਦੇ ਇੰਸਪੈਕਟਰ ਅਤੇ ਉੱਚ ਅਧਿਕਾਰੀ, ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਅਤੇ ਉੱਚ ਅਧਿਕਾਰੀ, ਸਥਾਨਕ ਸਰਕਾਰਾਂ ਦੇ ਦਰਜਾ ਸੀ ਕਰਮਚਾਰੀ ਤੇ ਉੱਚ ਅਧਿਕਾਰੀ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਉੱਚ ਅਧਿਕਾਰੀਆਂ ਨੂੰ ਉਕਤ ਹਦਾਇਤਾਂ ਨੂੰ ਸੂਬੇ ਵਿੱਚ ਲਾਗੂ ਕਰਨ ਲਈ ਅਧਿਕਾਰ ਦਿੱਤੇ ਗਏ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …