-1.2 C
Toronto
Sunday, December 7, 2025
spot_img
Homeਪੰਜਾਬਨਗਰ ਕੀਰਤਨ ਸਜਾਉਣ 'ਤੇ ਯੂ.ਪੀ. ਵਿਚ 55 ਸਿੱਖਾਂ ਖਿਲਾਫ ਕੇਸ

ਨਗਰ ਕੀਰਤਨ ਸਜਾਉਣ ‘ਤੇ ਯੂ.ਪੀ. ਵਿਚ 55 ਸਿੱਖਾਂ ਖਿਲਾਫ ਕੇਸ

ਕੈਪਟਨ ਅਮਰਿੰਦਰ ਨੇ ਯੋਗੀ ਅਦਿੱਤਿਆ ਨਾਥ ਨੂੰ ਮਾਮਲੇ ਦੀ ਸਮੀਖਿਆ ਕਰਨ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ‘ਚ ਪੈਂਦੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਨੂੰ ਲੈ ਕੇ ਪੁਲਿਸ ਨੇ 55 ਸਿੱਖ ਸ਼ਰਧਾਲੂਆਂ ਖਿਲਾਫ ਧਾਰਾ 144 ਤੋੜਨ ਦਾ ਆਰੋਪ ਲਗਾ ਕੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਨਗਰ ਕੀਰਤਨ ਵਿਚ ਵਰਤੀ ਕਾਰ ਤੇ ਕੇਸਰੀ ਨਿਸ਼ਾਨ ਸਾਹਿਬ ਵੀ ਜ਼ਬਤ ਕਰ ਲਿਆ ਹੈ।
ਐਸ.ਐਚ.ਓ. ਸੰਜੀਵ ਉਪਾਧਿਆਏ ਨੇ ਦੱਸਿਆ ਕਿ ਬਿਨਾ ਇਜ਼ਾਜਤ ਨਗਰ ਕੀਰਤਨ ਸਜਾਉਣ ਕਾਰਨ 55 ਸਿੱਖਾਂ ਖਿਲਾਫ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸ.ਐਚ.ਓ. ਨੇ ਦੱਸਿਆ ਕਿ ਇਲਾਕੇ ਵਿਚ ਧਾਰਾ 144 ਲਗਾਈ ਗਈ ਸੀ ਤੇ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਸੀ। ਦੂਜੇ ਪਾਸੇ ਖੇੜੀ ਨੌਬਰਾਮਡ ਪਿੰਡ ਦੇ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਬ ਡਵੀਜ਼ਨਲ ਮੈਜਿਸਟ੍ਰੇਟ ਕਾਲੀਨਗਰ ਸਰਕਲ ਹਰੀ ਓਮ ਸ਼ਰਮਾ ਤੋਂ ਨਗਰ ਕੀਰਤਨ ਲਈ ਇਜਾਜ਼ਤ ਮੰਗੀ ਸੀ ਜੋ ਉਨ੍ਹਾਂ ਨਹੀਂ ਦਿੱਤੀ। ਸਿੱਖ ਸ਼ਰਧਾਲੂਆਂ ਨੇ ਇਹ ਸੋਚ ਕੇ ਨਗਰ ਕੀਰਤਨ ਸਜਾਇਆ ਕਿ ਉਹ ਸ਼ਾਂਤਮਈ ਢੰਗ ਨਾਲ ਧਾਰਮਿਕ ਰਸਮ ਪੂਰੀ ਕਰ ਰਹੇ ਹਨ, ਜਿਸ ਨਾਲ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਨਗਰ ਕੀਰਤਨ ਵਿਚ ਜ਼ਿਆਦਾਤਰ ਬੀਬੀਆਂ ਤੇ ਬੱਚੇ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਮੰਦਭਾਗੀ ਹੈ। ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਸਿੱਖ ਸ਼ਰਧਾਲੂਆਂ ‘ਤੇ ਦਰਜ ਕੇਸਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ।

RELATED ARTICLES
POPULAR POSTS