Breaking News
Home / ਨਜ਼ਰੀਆ / ਵਿਸ਼ਵ ਪੰਜਾਬੀ ਸਭਾ ਕਨੇਡਾ ਦੀਆਂ ਇਸ ਹਫ਼ਤੇ ਦੀਆਂ ਸਰਗਰਮੀਆਂ

ਵਿਸ਼ਵ ਪੰਜਾਬੀ ਸਭਾ ਕਨੇਡਾ ਦੀਆਂ ਇਸ ਹਫ਼ਤੇ ਦੀਆਂ ਸਰਗਰਮੀਆਂ

ਵਿਸ਼ਵ ਪੰਜਾਬੀ ਸਭਾ ਕਨੇਡਾ ਦਾ ਇੱਕੋ ਨਾਅਰਾ, ਮਾਂ ਬੋਲੀ ਪੰਜਾਬੀ ਸਾਡੀ ਸ਼ਾਨ ਪੰਜਾਬੀ ਸੱਭਿਆਚਾਰ ਸਭ ਤੋਂ ਪਿਆਰਾ ਤੇ ਨਿਆਰਾ। ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵੱਲੋਂ ਵਿਸ਼ਵ ਪੰਜਾਬੀ ਸਭਾ ਕਨੇਡਾ ਦੀਆਂ ਇਸ ਹਫ਼ਤੇ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਕਨੇਡਾ ਡੇਅ ਮੌਕੇ ਲਗਵਾਇਆ ‘ਪੰਜਾਬੀ ਮੇਲਾ’ ਇਸ ਹਫ਼ਤੇ ਚੱਲਦਾ ਰਿਹਾ, ਜਿਸ ਵਿੱਚ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਗਵਾਈ। ਜਿਨ੍ਹਾਂ ਵਿੱਚੋਂ ਲਿਬਰਲ ਪਾਰਟੀ ਦੇ ਆਗੂ ਸ਼ਫਕਤ ਅਲੀ ਮੈਂਬਰ ਆਫ਼ ਪਾਰਲੀਮੈਂਟ ਬਰੈਂਪਟਨ ਸੈਂਟਰ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ । ਉਹਨਾਂ ਨੇ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਏ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿੱਚ ਆਪਣੇ ਅਤੇ ਆਪਣੀ ਪਾਰਟੀ ਵੱਲੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਅਤੇ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਉਨ੍ਹਾਂ ਦਾ ਸੁਆਗਤ ਅਤੇ ਧੰਨਵਾਦ ਕੀਤਾ ਗਿਆ।
ਇਸੇ ਹਫਤੇ 10 ਜੁਲਾਈ ਨੂੰ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਦਫ਼ਤਰ ਵਿਲੇਜ਼ ਆਫ਼ ਇੰਡੀਆ ਰੈਸਟੋਰੈਂਟ ਵਿੱਚ ਕਨੇਡਾ ਦੇ ਕੰਸਰਵੇਟਿਵ ਪਾਰਟੀ ਦੇ ਆਗੂ ਸੈਨੇਟਰ ‘ਮਿਸਟਰ ਲੀ’ ਨੇ ਵੀ ਸ਼ਿਰਕਤ ਕੀਤੀ।
ਉਨ੍ਹਾਂ ਨੇ ਇੱਥੇ ਸਿੱਖ ਕੌਮ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਆਪਸੀ ਪਿਆਰ, ਸਾਂਝ ਤੇ ਭਾਈਵਾਲਤਾ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਕਨੇਡਾ ਦੇ ਵਿਕਾਸ ਵਿੱਚ ਸਭ ਨੇ ਆਪਣਾ ਪੂਰਾ ਯੋਗਦਾਨ ਪਾਇਆ ਹੈ ਅਤੇ ਉਹ ਅਤੇ ਉਨ੍ਹਾਂ ਦੀ ਪਾਰਟੀ ਹਮੇਸ਼ਾ ਮਿਲ਼ ਕੇ ਤਰੱਕੀ ਕਰਦੇ ਰਹਿਣਗੇ। ਆਪਸੀ ਪਿਆਰ ਅਤੇ ਸਾਂਝ ਨੂੰ ਬਣਾਈ ਰੱਖਣਾ ਚਾਹੀਦਾ ਹੈ ਤਾਂ ਜੋ ਕਨੇਡਾ ਨੂੰ ਹੋਰ ਵੀ ਬੁਲੰਦੀਆਂ ਵੱਲ ਲਿਜਾਇਆ ਜਾ ਸਕੇ। ਇਸ ਮੌਕੇ ‘ਤੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਸਾਰਿਆਂ ਦਾ ਸੁਆਗਤ ਕੀਤਾ। ਸਭਾ ਵੱਲੋਂ ਸੈਨੇਟਰ ਮਿਸਟਰ ਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਸਮੇਂ ਮੁਸਲਿਮ ਭਾਈਚਾਰੇ ਦੇ ਆਗੂ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਸ. ਰਵਿੰਦਰ ਸਿੰਘ ਕੰਗ, ਸ. ਹਰਜੀ ਬਾਜਵਾ, ਮਕਸੂਦ ਚੌਧਰੀ, ਬੇਅੰਤ ਸਿੰਘ ਧਾਲੀਵਾਲ, ਲੱਖਾ ਸਲੇਮਪੁਰੀ, ਦਵਿੰਦਰ ਸਿੰਘ ਮਾਨ ਅਤੇ ਹੋਰ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ।
ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ 12 ਜੁਲਾਈ ਨੂੰ ਕਨੇਡਾ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਤੋਂ ਆਏ ਹੋਏ ਮਹਿਮਾਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ ਜਿਸ ਵਿੱਚ ਸ ਗੁਰਲਾਭ ਸਿੰਘ ਸਿੱਧੂ ਚਾਂਸਲਰ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ, ਡਾ ਗੁਰਪ੍ਰੀਤ ਕੌਰ ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਚੇਅਰਮੈਨ, ਡਾ . ਦਲਬੀਰ ਸਿੰਘ ਕਥੂਰੀਆ ਅਤੇ ਸਮੁੱਚੀ ਟੀਮ ਵੱਲੋਂ ਸੁਆਗਤ ਕੀਤਾ ਗਿਆ।
ਡਾ. ਕਥੂਰੀਆ ਜੀ ਨੇ ਪੰਜਾਬੀ ਸਾਹਿਤਕਾਰਾਂ ਅਤੇ ਵਿਦਵਾਨਾਂ ਨੂੰ ਵਿਸ਼ਵ ਪੰਜਾਬੀ ਸਭਾ ਕਨੇਡਾ ਨਾਲ ਜੁੜ ਕੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਦੇ ਪ੍ਰਚਾਰ ਅਤੇ ਪਸਾਰ ਲਈ ਇਕੱਠੇ ਕੰਮ ਕਰਨ ਦਾ ਸੱਦਾ ਦਿੱਤਾ। ਜਿਸ ਤਹਿਤ ਵਿਸ਼ਵ ਪੰਜਾਬੀ ਸਭਾ ਕਨੇਡਾ ਦਾ ਸ ਗੁਰਲਾਭ ਸਿੰਘ ਸਿੱਧੂ ਨੂੰ ਸਰਪ੍ਰਸਤ, ਡਾ. ਦਵਿੰਦਰ ਸਿੰਘ ਲੱਧੜ ਤੇ ਅਮਰਜੀਤ ਕੌਰ ਪੰਛੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਡਾ ਜਤਿੰਦਰ ਸਿੰਘ ਬੱਲ ਨੂੰ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਵੈਨਕੂਵਰ ਲਈ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ‘ਤੇ ਪੰਜਾਬ ਵਿੱਚੋਂ ਪਹੁੰਚੇ ਵਿਦਵਾਨ ਲੇਖਕਾਂ ਨੂੰ ਲਿਬਰਲ ਪਾਰਟੀ ਦੇ ਦਫ਼ਤਰ ਬਰੈਂਪਟਨ ਸੈਂਟਰ ਵੱਲੋਂ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਵਿੱਚ ਸ਼ਾਮਲ ਹੋਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਹਾਜ਼ਰ ਸਖਸ਼ੀਅਤਾਂ ਵਿੱਚੋਂ ਰਵਿੰਦਰ ਸਿੰਘ ਕੰਗ, ਗੁਰਲਾਭ ਸਿੰਘ ਸਿੱਧੂ, ਡਾ. ਦਵਿੰਦਰ ਸਿੰਘ ਲੱਧੜ, ਡਾ. ਜਤਿੰਦਰ ਸਿੰਘ ਬੱਲ, ਡਾ. ਗੁਰਪ੍ਰੀਤ ਕੌਰ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਅਮਰਜੀਤ ਕੌਰ ਪੰਛੀ, ਦਵਿੰਦਰ ਸਿੰਘ ਮਾਨ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਮੈਡਮ ਸੁੰਦਰਪਾਲ ਰਾਜਾਸਾਂਸੀ ਨੇ ਸਟੇਜ ਸਕੱਤਰ ਦੀ ਭੂਮਿਕਾ ਸੁਚੱਜੇ ਢੰਗ ਨਾਲ ਨਿਭਾਈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 …