Breaking News
Home / ਨਜ਼ਰੀਆ / ਆਈ ਵਿਸਾਖੀ

ਆਈ ਵਿਸਾਖੀ

ਦਾਣੇ ਕੱਢੇ, ਕੱਢ ਕੁੱਢ ਕੇ,  ਜਾ ਕੇ ਵੇਚੇ ਮੰਡੀ।
ਬੈਂਕਾਂ, ਆੜ੍ਹਤੀਆਂ ਨੇ ਪਾ ਲਈ, ਆਪਣੀ ਆਪਣੀ ਵੰਡੀ।
ਬੀਜ ਬੀਜਿਆ ਖਾਦਾਂ ਪਾਈਆਂ, ਕੀਤੀ ਖੂਬ ਸੀ ਰਾਖੀ।
ਓ ਜੱਟਾ ਆਈ ਵਿਸਾਖੀ, ਓ ਜਾਗਰਾ ਆਈ ਵਿਸਾਖੀ ।

ਆਪਣੇ ਬੱਚੇ ਪਾਲਣ ਖਾਤਰ, ਖੋਲ੍ਹ ਲਈ ਸੀ ਹੱਟੀ।
ਹੌਲੀ ਹੌਲੀ ਹੋਣ ਲੱਗ ਪਈ,  ਹੱਟੀ ਵਿੱਚੋਂ ਖੱਟੀ।
ਕੰਮ ਜਿਆਦਾ ਹੋਰ ਵਧੇ ਤੋਂ, ਵਧਾਅ ਲਈ ਦੁਕਾਨਦਾਰੀ।
ਅਚਾਨਕ ਆ ਕੇ ਕਰ ਦਿੱਤੀ, ਇੰਸਪੈਕਟਰਾਂ ਛਾਪੇਮਾਰੀ।
ਗੱਲਾ ਉਹਨਾਂ ਖਾਲੀ ਕੀਤਾ,  ਮੂੰਹ ਅੱਡ ਕੇ ਜਾਵੇ ਝਾਕੀ।
ਉਹ ਭਾਪੇ ਆਈ ਵਿਸਾਖੀ, ਓ ਸੇਠਾ ਆਈ ਵਿਸਾਖੀ।

ਕਰ ਦਿਹਾੜੀ ਦੋ ਸੌ ਰੁਪਈਆ, ਆਥਣ ਤੱਕ ਕਮਾਇਆ ।
ਕਿੱਲੋ ਇੱਕ ਜਲੇਬੀਆਂ ਲਈਆਂ, ਲੈ ਪਉਆ ਝੋਲੇ ਪਾਇਆ।
ਨੋਟ ਪੰਜਾਹ ਦਾ ਬਾਕੀ ਬਚਿਆ, ਜੇਬ ਵਿੱਚ ਉਹ ਪਾਇਆ।
ਰਾਹ ਵਿੱਚ ਡਿੱਗ ਪਿਆ ਉਹ ਕਿਧਰੇ, ਜੇਬ ਸੀ ਉਸਦੀ ਪਾਟੀ ।
ਓ ਭਾਨਿਆ ਆਈ ਵਿਸਾਖੀ,  ਓ ਘੁੱਦਿਆ ਆਈ ਵਿਸਾਖੀ।

ਗੁਰੂ ਗੋਬਿੰਦ ਆਨੰਦਪੁਰ ਦੇ ਵਿੱਚ, ਵੱਡੇ ਦੀਵਾਨ ਸਜਾਏ ।
ਦੂਰੋਂ ਦੂਰੋਂ ਸਿੱਖ ਆਨੰਦਪੁਰ, ਸਨ ਘੱਤ ਵਹੀਰਾਂ ਆਏ ।
ਸਮਾਜ ਵਿੱਚ ਕੀ ਹੋ ਰਿਹਾ, ਸਾਰੀ ਕਹਿ ਸੁਣਾਈ ਸਾਖੀ ।
ਸਿੱਖੋ ਆਈ ਵਿਸਾਖੀ, ਬਈ ਸਿੱਖੋ ਆਈ ਵਿਸਾਖੀ ।

ਵਿੱਚ ਖੇਤਾਂ ਦੇ ਪੈਦਾ ਕਰਦੇ, ਕਿਸਾਨ ਵੀਰ ਸੀ ਦਾਣੇ ।
ਲੁੱਟ ਪੁੱਟ ਕੇ ਉਹਨਾਂ ਕੋਲੋਂ, ਲੈ ਜਾਂਦੇ ਜਰਵਾਣੇ ।
ਲੋਹੇ ਦੇ ਹਥਿਆਰ ਰੱਖਣ ਦੀ, ਰੋਕ ਸੀ ਉਨ੍ਹਾਂ ਲਾਈ ।
ਆਪ ਉਹ ਰੱਜਕੇ ਖਾਂਦੇ, ਭੁੱਖੇ ਮਰਦੇ ਜੋ ਕਰਨ ਕਮਾਈ ।
ਲੋਹੇ ਦੀ ਮਹੱਤਤਾ ਦੱਸਣ ਲਈ, ਗੋਬਿੰਦ ਜੁਗਤ ਬਣਾਈ ।
ਲੱਖਾਂ ਵਿੱਚੋਂ ਜੋ ਦਲੇਰ ਸਨ, ਚੁਣ ਲਏ ਪੰਜ ਪਿਆਰੇ ਭਾਈ।
ਲੋਹੇ ਦਾ ਬਾਟਾ ਲੋਹੇ ਦਾ ਖੰਡਾ, ਵਿੱਚ ਮਿਠਾਸ ਮਿਲਾਈ ।
ਸਵਾ ਲੱਖ ਨਾਲ ਇੱਕ ਲੜਨ ਦੀ, ਸਮਰੱਥਾ ਸੀ ਆਈ ।
ਲੋਹੇ ਵਰਗੇ ਸਿੰਘ ਬਣ ਗਏ,  ਸੁਣ ਗੁਰੂ ਦੀ ਸਾਖੀ ।
ਸਿੰਘੋ ਆਈ ਵਿਸਾਖੀ, ਸੂਰਮਿਓ ਆਈ ਵਿਸਾਖੀ ।

ਸਭ ਬੰਦਿਆ ਦਾ ਲਹੂ ਇੱਕ ਹੈ, ਦੱਸਿਆ ਜੱਗ ਨੂੰ ਸਾਰੇ।
ਫਿਰ ਕਿਉਂ ਅੱਜ ਜਾਤਾਂ ਦੇ ਨਾਂ ਤੇ, ਖੁੱਲ੍ਹਣ ਗੁਰਦੁਆਰੇ ।
ਹੋਰ ਕਿਵੇਂ ਮੁੱਖ ਗੁਰੂ ਤੋਂ ਮੁੜਦਾ, ਦੱਸੋ ਕੀ ਹੈ ਬਾਕੀ ।
ਸਿੰਘੋ ਆਈ ਵਿਸਾਖੀ, ਸਿੱਖੋ ਆਈ ਵਿਸਾਖੀ ।

ਧਰਮ ਦਾ ਅਸਲੀ ਮਤਲਬ ਲੱਭੀਏ, ਦੇਈਏ ਨਾ ਪੁੱਠੇ ਗੇੜੇ।
ਪਾਖੰਡ ਕਰੇ ਤੋਂ ਕੁੱਝ ਨੀ ਹੋਣਾ, ਅਮਲੀਂ ਹੋਣ ਨਿਬੇੜੇ ।
ਮਾਨਵਤਾ ਦੇ ਧਰਮ ਦੀ ਸਾਰੇ, ਰਲ ਕੇ ਕਰੀਏ ਰਾਖੀ ।
ਓ ਬੰਦਿਓ ਆਈ ਵਿਸਾਖੀ, ਮਨੁੱਖੋ ਆਈ ਵਿਸਾਖੀ।
– ਹਰਜੀਤ ਬੇਦੀ

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …