ਵਿਸ਼ਵ ਪੰਜਾਬੀ ਸਭਾ ਕੈਨੇਡਾ ਨਵੀਂ ਪੀੜ੍ਹੀ ਨੂੰ ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਲਈ ਨਵੀਆਂ ਪਿਰਤਾਂ ਪਾ ਰਹੀ ਹੈ- ਡਿਪਟੀ ਮੇਅਰ ਬਰੈਂਪਟਨ
ਮਾਂ ਬੋਲੀ ਲਈ ਮਾਹਿਰਾਂ ਦਾ ਸਿਰਜੋੜ ਕੇ ਯਤਨ ਕਰਨਾ ਭਵਿੱਖ ਲਈ ਸ਼ੁੱਭ ਸੰਕੇਤ : ਡਾ ਕਥੂਰੀਆ
ਪੰਜਾਬੀ ਸਭਾ ਕੈਨੇਡਾ ਦੀ ਤਿੰਨ ਰੋਜ਼ਾ, ਤੀਸਰੀ ਸੰਸਾਰ ਵਿਆਪੀ ਕਾਨਫ਼ਰੰਸ ਬਰੈਂਪਟਨ ਵਿਖੇ 16, 17, 18 ਅਗਸਤ ਨੂੰ ਹੋਈ। ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਵੱਡੇ ਉਪਰਾਲਿਆਂ ਨੂੰ ਸਰਮਪਿਤ ਇਸ ਪ੍ਰੋਗਰਾਮ ਵਿਚ ਸੰਸਾਰ ਭਰ ਤੋਂ ਪੰਜਾਬੀ ਭਾਸ਼ਾ ਦੇ ਮਾਹਿਰਾਂ ਨੇ ਹਿੱਸਾ ਲਿਆ।
ਸਮਾਗਮ ਦਾ ਸ਼ੁਭ ਆਰੰਭ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਇਸ ਮੌਕੇ ‘ਤੇ ਮੈਡਮ ਰੂਪ ਕਾਹਲੋਂ ਪ੍ਰਧਾਨ ਇਸਤਰੀ ਵਿੰਗ ਕੈਨੇਡਾ ਅਤੇ ਕਾਹਲੋਂ ਸੀਨੀਅਰ ਸਿਟੀਜਨ ਕਲੱਬ ਦੀ ਟੀਮ ਵੱਲੋਂ ”ਜੀ ਆਇਆਂ ਨੂੰ” ਗੀਤ ਰਾਹੀਂ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਸ਼ਮਾ ਰੋਸ਼ਨ ਦੀ ਰਸਮ ਸ. ਸੁਬੇਗ ਸਿੰਘ ਕਥੂਰੀਆ, ਸ. ਹਰਕਿਰਤ ਸਿੰਘ ਸੰਧੂ (ਡਿਪਟੀ ਮੇਅਰ, ਬਰੈਂਪਟਨ), ਡਾ. ਆਤਮਜੀਤ ਸਿੰਘ, ਡਾ. ਇੰਦਰਜੀਤ ਸਿੰਘ ਬੱਲ, ਡਾ. ਬਲਵਿੰਦਰ ਸਿੰਘ, ਡਾ. ਸੁੱਚਾ ਸਿੰਘ, ਸ੍ਰੀਮਤੀ ਹਰਜਿੰਦਰ ਕੌਰ (ਸਾਬਕਾ ਡਿਪਟੀ ਮੇਅਰ, ਚੰਡੀਗੜ੍ਹ), ਅਤੇ ਸਰਦਾਰਨੀ ਪ੍ਰੀਤਮ ਕੌਰ ਕਥੂਰੀਆ ਨੇ ਕੀਤੀ।
ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿੱਚ ਹੋਈ ਕਾਨਫਰੰਸ ਵਿੱਚ ਨਾਟਕਕਾਰ ਡਾ. ਆਤਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਭਾਸ਼ਾ ਮਾਹਿਰ ਡਾ. ਜੋਗਾ ਸਿੰਘ ਵਿਰਕ, ਡਾ ਸੁੱਚਾ ਸਿੰਘ ਗਿੱਲ, ਅਤੇ ਹੋਰਾਂ ਨੇ ਪ੍ਰਧਾਨਗੀ ਮੰਡਲ ਵਿਚ ਹਾਜ਼ਰੀ ਲਗਵਾਈ। ਕਾਨਫ਼ਰੰਸ ਦੇ ਪਹਿਲੇ ਦਿਨ ਸੰਸਾਰ ਭਰ ਤੋਂ ਆਏ ਮਾਹਿਰਾਂ ਨੇ ਖੋਜ ਪੱਤਰ ਪੇਸ਼ ਕੀਤੇ। ਇਸ ਦੌਰਾਨ ਪੰਜਾਬੀ ਦੀਆਂ ਤਰੁੱਟੀਆਂ,ਭਾਸ਼ਾਈ ਮਿਆਰ ਤੇ ਅਜੋਕੀ ਨੌਜਵਾਨੀ ਪੀੜ੍ਹੀ ਵਿਚ ਭਾਸ਼ਾ ਪ੍ਰਤੀ ਪ੍ਰੇਮ ਲਈ ਉਪਰਾਲਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਪ੍ਰੋਗਰਾਮ ਦੌਰਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਪੁੱਜੇ ਹੋਏ ਮਹਿਮਾਨਾ ਦਾ ਸਵਾਗਤ ਕਰਦਿਆਂ ਪੰਜਾਬੀ ਭਾਸ਼ਾ ਪ੍ਰਤੀ ਨਵੀਆਂ ਸਾਹਿਤਕ ਲੀਹਾਂ ਪਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਂ ਬੋਲੀ ਲਈ ਐਨੇ ਵੱਡੇ ਮਾਹਿਰਾਂ ਦਾ ਸਾਂਝੇ ਯਤਨ ਕਰਨਾ ਭਵਿੱਖ ਲਈ ਸ਼ੁੱਭ ਸੰਕੇਤ ਹੈ। ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਡਾ ਆਤਮਜੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਭਾਸ਼ਾ ਜਾਂ ਬੋਲੀ ਦੀ ਗੱਲ ਹੁੰਦੀ ਹੈ ਤਾਂ ਅਸੀਂ ਭਾਵੁੱਕ ਤਕਰੀਰਾਂ ਤੋਂ ਇਲਾਵਾ ਸੁਹਜ ਵਾਲੀ ਵਿਚਾਰ ਚਰਚਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੌਰਾਨ ਭਾਵੇਂ ਭਾਵੁਕਤਾ ਵਾਲੀਆਂ ਗੱਲਾਂ ਕੀਤੀਆਂ ਜੋ ਕਿ ਮਾਂ ਨਾਲ ਜੁੜੀਆਂ ਗੱਲਾਂ ‘ਚ ਦਲੀਲਾਂ ਨਹੀਂ ਚੱਲਦੀਆਂ ਤੇ ਜਦੋਂ ਮਾਂ ਬੋਲੀ ਦੀ ਗੱਲ ਹੁੰਦਾ ਹੈ ਤਾਂ ਭਾਵੁਕਤਾ ਹੋਣਾ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮਸਲੇ ਨਜਿੱਠਣੇ ਹੋਣ ਤਾਂ ਸਾਨੂੰ ਗਿਆਨ ਸੁਹਜਮਈ ਚਿੰਤਨ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੌਰਾਨ ਸੁਹਜਮਈ ਚਿੰਤਨ ਦੀ ਗੱਲ ਹੋਈ ਹੈ ਇਹ ਕਾਨਫ਼ਰੰਸ ਅੰਤਰਰਾਸ਼ਟਰੀ ਪੱਧਰ ਦੀ ਛਾਪ ਛੱਡ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਰੋੜਾਂ ਪੰਜਾਬੀ ਸ਼ਾਹਮੁੱਖੀ ‘ਚ ਪੰਜਾਬੀ ਪੜ੍ਹਦੇ ਹਨ ਤੇ ਚੜ੍ਹਦੇ ਪੰਜਾਬ ਵਾਲੇ ਗੁਰਮੁੱਖੀ ਵਿਚ ਇਸ ਤਰ੍ਹਾਂ ਦੋਵੇਂ ਮੁਲਕਾਂ ਦੇ ਪੰਜਾਬੀ ਕ੍ਰਮਵਾਰ ਗੁਰਮੁੱਖੀ ਤੇ ਸ਼ਾਹਮੁੱਖੀ ‘ਚ ਲਿਖੇ ਸਾਹਿਤ ਨਾਲੋਂ ਟੁੱਟ ਹੋਏ ਹਨ। ਇਸ ਤੋਂ ਅਗਾਂਹ ਸਾਡੀ ਨਵੀਂ ਪੀੜ੍ਹੀ ਹੁਣ ਸੋਸ਼ਲ ਮੀਡੀਆ ‘ਤੇ ਰੋਮਨ ਲਿਪੀ ਵਿਚ ਵੀ ਪੰਜਾਬੀ ਲਿਖਦੀ ਹੈ,ਇਹ ਸਾਰੇ ਮਸਲੇ ਸਵੈ-ਵਿਰੋਧ ਵਾਲੇ ਪਾਸੇ ਵਧਾਉਂਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਅਗੇ ਕਿਹਾ ਕਿ ਇਹ ਕਹਿਣਾ ਵੀ ਗ਼ਲਤ ਹੈ ਕਿ ਪੰਜਾਬੀ ਬੋਲਣ ਜਾਂ ਆਪਣੀ ਭਾਸ਼ਾ ਨਾਲ ਤਕਨੀਕੀ ਜਾਂ ਵਿਗਿਆਨਕ ਤੌਰ ‘ਤੇ ਸਾਡੀ ਤਰੱਕੀ ਨਹੀਂ ਹੁੰਦੀ ਬਲਕਿ ਸਾਡੇ ਸਾਰੇ ਨੋਬੇਲ ਵਿਜੇਤਾ ਆਪਣੀ ਭਾਸ਼ਾ ਬੋਲਦੇ ਸਨ। ਇਸ ਲਈ ਮਾਂ-ਬੋਲੀ ਮਨੁੱਖੀ ਵਿਕਾਸ ਤੇ ਤਕਨੀਕ ਦਾ ਮੁੱਢ ਹੈ। ਇਸ ਮੌਕੇ ‘ਤੇ ਡਾ. ਦਲਬੀਰ ਸਿੰਘ ਕਥੂਰੀਆ ਨੇ ਸਵਾਗਤੀ ਸ਼ਬਦ ਆਖੇ ਅਤੇ ਡਾ. ਇੰਦਰਜੀਤ ਸਿੰਘ ਬੱਲ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ। ਡਿਪਟੀ ਮੇਅਰ ਬਰੈਂਪਟਨ ਸ. ਹਰਕਿਰਤ ਸਿੰਘ ਨੇ ਕੈਨੇਡਾ ਵਿੱਚ ਵਿਸ਼ਵ ਪੰਜਾਬੀ ਸਭਾ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭਾ ਨਵੀਂ ਪੀੜ੍ਹੀ ਨੂੰ ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਲਈ ਨਵੀਆਂ ਪਿਰਤਾਂ ਪਾ ਰਹੀ ਹੈ। ਕਾਨਫਰੰਸ ਦੇ ਪਹਿਲੇ ਦੋ ਦਿਨਾਂ ਦੌਰਾਨ ਡਾ. ਦਲਬੀਰ ਸਿੰਘ ਕਥੂਰੀਆ, ਡਾ. ਆਤਮਜੀਤ ਸਿੰਘ ਸੰਧੂ, ਡਾ ਜੋਗਾ ਸਿੰਘ ਵਿਰਕ, ਸ. ਹਰਕਿਰਤ ਸਿੰਘ, ਡਾ. ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਬੱਲ, ਸ੍ਰੀਮਤੀ ਹਰਜਿੰਦਰ ਕੌਰ (ਭਾਰਤ), ਸ ਗੁਰਜਤਿੰਦਰ ਸਿੰਘ ਰੰਧਾਵਾ (ਅਮਰੀਕਾ), ਪ੍ਰਿੰਸੀਪਲ ਸਰਵਣ ਸਿੰਘ, ਡਾ ਕਿਰਪਾਲ ਸਿੰਘ ਪੰਨੂੰ, ਨਬੀਲਾ ਰਹਿਮਾਨ(ਪਾਕਿਸਤਾਨ), ਸ੍ਰੀ ਮੋਹਿੰਦਰ ਲੂਥਰਾ (ਕੈਨੇਡਾ) ਅਤੇ ਸ ਸੁਖਦੇਵ ਸਿੰਘ ਝੰਡ ਅਤੇ ਮੈਡਮ ਕੁਲਦੀਪ ਕੌਰ ਪਾਹਵਾ, ਤਾਹੀਰਾ ਸਰਾ (ਪਾਕਿਸਤਾਨ) ਜਿਹੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਪ੍ਰਧਾਨਗੀ ਹੇਠਾਂ ਵਿਚਾਰ ਚਰਚਾ ਅਤੇ ਖੋਜ ਪਰਚੇ ਪੜ੍ਹੇ ਗਏ। ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਵਿਰਕ (ਭਾਰਤ) ਨੇ ‘ਪੰਜਾਬੀ ਭਾਖਿਆ ਦਾ ਕੱਲ੍ਹ, ਅੱਜ ਅਤੇ ਭਲਕ’ (ਮੁੱਖ ਸੁਰ ਭਾਸ਼ਣ) ਵਿਸ਼ੇ ‘ਤੇ ਆਪਣੀ ਖੋਜ ਪੇਸ਼ ਕੀਤੀ। ਇਸ ਤੋਂ ਇਲਾਵਾ ਡਾ ਜਗਤਾਰ ਸਿੰਘ ਧੀਮਾਨ (ਭਾਰਤ) ਡਾ ਪ੍ਰਗਟ ਸਿੰਘ ਬੱਗਾ (ਕੈਨੇਡਾ), ਡਾ. ਜਗਦੀਪ ਕੌਰ ਆਹੂਜਾ (ਭਾਰਤ), ਡਾ. ਪਿੰਦਰਜੀਤ ਕੌਰ ਗਿੱਲ (ਅਮਰੀਕਾ), ਡਾ. ਦਰਸ਼ਨਬੀਰ ਸਿੰਘ ਅਰੋੜਾ (ਇੰਗਲੈਂਡ), ਡਾ ਸੁੱਚਾ ਸਿੰਘ ਗਿੱਲ, ਡਾ ਨਿਹਾਰਿਕਾ ਸ਼ਰਮਾ (ਭਾਰਤ), ਡਾ ਬਲਵਿੰਦਰ ਸਿੰਘ, ਡਾ ਨਬੀਲਾ ਰਹਿਮਾਨ (ਪਾਕਿਸਤਾਨ), ਡਾ ਆਤਮਜੀਤ ਸਿੰਘ (ਭਾਰਤ), ਡਾ ਡੀ ਪੀ ਸਿੰਘ ਨੇ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ਸੰਬੰਧੀ ਖੋਜ ਪੱਤਰ ਪੜ੍ਹਿਆ ਅਤੇ ਹੋਰਨਾਂ ਨੇ ਪੰਜਾਬੀ ਭਾਸ਼ਾ ਦੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਚਾਰ ਤੇ ਪਸਾਰ ਕਰਨ ਸੰਬੰਧੀ ਵਿਸਅਿਾਂ ਤੇ ਆਪਣੇ ਪਰਚੇ ਪੜ੍ਹੇ। ਅਤੇ ਪਹੁੰਚੇ ਹੋਏ ਵਿਦਿਵਾਨਾਂ ਅਤੇ ਪੰਜਾਬੀ ਦੇ ਸ਼ੁਭ ਚਿੰਤਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬੀ ਭਾਸ਼ਾ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਪ੍ਰਣ ਲਿਆ ਗਿਆ ਤਾਂ ਜੋ ਕਿ ਪੰਜਾਬੀ ਭਾਸ਼ਾ ਦੇ ਅਲੋਪ ਹੋਣ ਦੇ ਖ਼ਦਸਅਿਾਂ ਨਾਲ ਨਜਿੱਠਿਆ ਜਾ ਸਕੇ। ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਕਾਰਜਸ਼ੀਲ ਸੰਸਥਾਵਾਂ ਨੂੰ ਹੋਰ ਵਧੇਰੇ ਉਪਰਾਲੇ ਕਰਨੇ ਚਾਹੀਦੇ ਹਨ। ਇਸੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਸੈਸ਼ਨ ਨੋਜਵਾਨ ਪੀੜ੍ਹੀ ਲਈ ਵੀ ਰੱਖਿਆ ਗਿਆ। ਜਿਸ ਵਿੱਚ ਕੈਨੇਡਾ ਦੇ ਪ੍ਰਵਾਸੀ ਵਿਦਿਆਰਥੀਆਂ ਦੀਆਂ ਸਮੱਸਿਆਂਵਾਂ ਅਤੇ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਕੱਢਣ ਲਈ ਉਪਰਾਲੇ ਕਰਨਾ ਸਮੇਂ ਮੰਗ ਅਤੇ ਜ਼ਰੂਰਤ ਸਮਝਿਆ ਜਾਵੇ ਤਾਂ ਜੋ ਵਿਦਿਆਰਥੀ ਆਪਣੇ ਜੀਵਨ ਮਕਸਦ ਤੋਂ ਭਟਕ ਕੇ ਕੁਰਾਹੇ ਨਾ ਪੈ ਸਕਣ। ਇਸ ਤੋਂ ਇਲਾਵਾ ਤਿੰਨੋਂ ਦਿਨ ਕਵੀ ਦਰਬਾਰ ਅਤੇ ਮੁਸ਼ਾਇਰਾ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਸ਼ਾਮਿਲ ਕਵੀਆਂ ਅਤੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਾਨਫਰੰਸ ਦੇ ਦੂਸਰੇ ਦਿਨ ਪੰਜਾਬੀ ਆਰਟ ਐਸੋਸੀਏਸ਼ਨ ਵੱਲੋਂ ਆਰ ਏ ਸੀ ਟਿਕਟ ਪੰਜਾਬੀ ਡਰਾਮਾ ਖੇਡਿਆ ਗਿਆ ਜਿਸ ਰਾਹੀਂ ਮਾਪਿਆਂ ਦਾ ਆਪਣੇ ਬੱਚਿਆਂ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ ਅਤੇ ਬੱਚਿਆਂ ਦਾ ਗ਼ਲਤ ਰਸਤੇ ਵੱਲ ਪੈ ਜਾਣਾ ਕਿਸ ਹੱਦ ਤੱਕ ਬੱਚਿਆਂ ਦੇ ਜੀਵਨ ਨੂੰ ਤਬਾਹ ਕਰ ਸਕਦਾ ਹੈ। ਇਸ ਨਾਟਕ ਦੀ ਮੁੱਖ ਪਾਤਰ ਨੇ ਆਪਣੇ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਪਸੀਜ ਦਿੱਤਾ ਅਤੇ ਸਾਰਿਆਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ। ਇਸ ਨਾਟਕ ਦੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਅਤੇ ਆਪਣਾ ਸੁਨੇਹਾ ਪਹੁੰਚਾਉਣ ਵਿੱਚ ਕਾਮਯਾਬ ਹੋਇਆ।
ਕਾਨਫਰੰਸ ਦੇ ਤੀਸਰੇ ਦਿਨ ਪਵਨ ਕੁਮਾਰ ਕੈਲੇ, ਸ ਤਰਲੋਕ ਸਿੰਘ ਨਡਾਲਾ, ਸ ਗੁਰਜਤਿੰਦਰ ਸਿੰਘ ਰੰਧਾਵਾ ਅਮਰੀਕਾ ਵੱਲੋਂ ਆਪਣੇ ਵਿਚਾਰਾਂ ਦੀ ਸਾਂਝ ਦਰਸ਼ਕਾਂ ਨਾਲ ਪਾਈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਸੰਬੰਧੀ ਪੜ੍ਹੇ ਗਏ ਖੋਜ ਪਰਚਿਆਂ ਦਾ ਮੁਲਾਂਕਣ ਪ੍ਰੋ ਜੰਗੀਰ ਸਿੰਘ ਕਾਹਲੋਂ, ਡਾ ਕਿਰਪਾਲ ਸਿੰਘ ਪੰਨੂੰ, ਡਾ ਆਤਮਜੀਤ ਸਿੰਘ ਅਤੇ ਡਾ ਜੋਗਾ ਸਿੰਘ ਵਿਰਕ ਵੱਲੋਂ ਬਾਖ਼ੂਬੀ ਕੀਤਾ ਗਿਆ। ਪ੍ਰੋ ਕਾਹਲੋਂ ਵੱਲੋਂ ਪੰਜਾਬੀ ਭਾਸ਼ਾ ਦੇ ਚੰਗੇਰੇ ਭਵਿੱਖ ਅਤੇ ਵਿਕਾਸ ਲਈ 6 ਮਤੇ ਪੇਸ਼ ਕੀਤੇ ਗਏ ਜਿਸਦੀ ਹਮਾਇਤ ਡਾ ਦਲਬੀਰ ਸਿੰਘ ਕਥੂਰੀਆ ਅਤੇ ਡਾ ਆਤਮਜੀਤ ਸਿੰਘ ਅਤੇ ਸਮੂਹ ਹਾਜ਼ਰੀਨ ਵੱਲੋਂ ਸਹਿਮਤੀ ਪ੍ਰਗਟ ਕਰਕੇ ਦਿੱਤੀ। ਇਸ ਤੋਂ ਇਲਾਵਾ ਪੰਜਾਬੀ ਗਿੱਧਾ ਭੰਗੜਾ ਕਾਹਲੋਂ ਸੀਨੀਅਰ ਸਿਟੀਜਨ ਕਲੱਬ ਦੇ ਮੈਂਬਰਾਂ ਵੱਲੋਂ ਪੇਸ਼ ਕੀਤਾ ਗਿਆ। ਵਿਸ਼ਵ ਪੰਜਾਬੀ ਸਭਾ ਵੱਲੋਂ ਸੰਪਾਦਿਤ ਪੁਸਤਕਾਂ, ਸਿਮਰਤੀ ਪੋਥੀ (ਸੋਵੀਨਰ) ਅਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਲੋਕ ਅਰਪਣ ਕੀਤੀਆਂ। ਹੀਰਾ ਧਾਲੀਵਾਲ ਦਾ ਪੰਜਾਬੀ ਮਾਂ ਬੋਲੀ ਗੀਤ ਦਾ ਪੋਸਟਰ ਜਾਰੀ ਕੀਤਾ ਗਿਆ। ਪੰਜਾਬੀ ਲੋਕ ਗਾਇਕੀ ਕਵਿਸ਼ਰੀ ਪੇਸ਼ ਕੀਤੀ ਗਈ। ਗਾਇਕਾਂ ਵੱਲੋਂ ਆਪਣੀ ਗਾਇਕੀ ਦੇ ਵੱਖ ਵੱਖ ਰੰਗ ਪੇਸ਼ ਕੀਤੇ ਗਏ। ਇਸ ਕਾਨਫਰੰਸ ਵਿੱਚ ਬਰੈਂਪਟਨ ਵੈਸਟ ਤੋਂ ਐਮ. ਪੀ. ਪੀ. ਅਮਰਜੋਤ ਸਿੰਘ ਸੰਧੂ, ਬਰੈਂਪਟਨ ਸੇਂਟਰ ਤੋਂ ਐੱਮ ਪੀ ਸੋਨੀਆ ਸਿੱਧੂ ਮੰਤਰੀ, ਉੱਤਰੀ ਬਰੈਂਪਟਨ ਤੋਂ ਐਮ. ਪੀ. ਰੂਬੀ ਸਹੋਤਾ, ਐਮ. ਪੀ. ਸ਼ੋਕਤ ਅਲੀ ਖਾਨ, ਮਿਸੀਸਾਗਾ ਤੋਂ ਐਮ. ਪੀ. ਇਕਰਾ ਖ਼ਾਲਿਦ ਅਤੇ ਸ ਸਤਪਾਲ ਸਿੰਘ ਜੋਹਲ ਡਿਪਟੀ ਚੇਅਰ ਪੀਲ ਐਜੂਕੇਸ਼ਨ ਬੋਰਡ ਵੱਲੋਂ ਡਾ ਦਲਬੀਰ ਸਿੰਘ ਕਥੂਰੀਆ ਜੀ ਨੂੰ ਪ੍ਰੰਸ਼ਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕਾਨਫ਼ਰੰਸ ਵਿੱਚ ਪਹੁੰਚੇ ਮੁੱਖ ਮਹਿਮਾਨ ਅਤੇ ਮਹਿਮਾਨ ਪ੍ਰਵਕਤਾ, ਬੁਲਾਰਿਆਂ ਨੂੰ ਸਨਮਾਨ ਚਿੰਨ੍ਹ, ਸਰਟੀਫਿਕੇਟ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਜੀ ਬਾਜਵਾ, ਸੋਹਣ ਸਿੰਘ ਪਰਮਾਰ, ਸ ਪ੍ਰਿਤਪਾਲ ਸਿੰਘ ਚੱਗੜ, ਸ ਪਰਮਜੀਤ ਸਿੰਘ ਬਿਰਦੀ, ਪ੍ਰੋ ਜੰਗੀਰ ਸਿੰਘ ਕਾਹਲੋਂ, ਮੇਜਰ ਨਾਗਰਾ, ਡਾ ਦਵਿੰਦਰ ਸਿੰਘ ਲੱਧੜ, ਹਰਦਿਆਲ ਸਿੰਘ ਝੀਤਾ, ਪੂਰਨ ਸਿੰਘ ਪਾਂਧੀ, ਕਿਰਨ ਸੰਧੂ, ਮਹਿਮੂਦ ਚੋਧਰੀ, ਸੋਹਣ ਸਿੰਘ ਗੈਦੂ ਹੈਦਰਾਬਾਦ, ਸੁੰਦਰ ਪਾਲ ਰਾਜਾਸਾਂਸੀ, ਮੀਨੂ ਕਾਹਲੋਂ, ਮੈਡਮ ਗੋਸਲ, ਸੁਜਾਨ ਸਿੰਘ ਸੁਜਾਨ, ਸੁਖਵੀਰ ਸਿੰਘ, ਜਸਪਾਲ ਸਿੰਘ ਕਾਹਲੋਂ, ਸੁਖਿੰਦਰ, ਰੋਬਨਦੀਪ ਕੌਰ ਸੈਣੀ, ਸੁਖਦੇਵ ਸਿੰਘ ਝੰਡ, ਸਤੀਸ਼ ਗੁਲਾਟੀ, ਹਰਜੀਤ ਬਾਜਵਾ ਅਤੇ ਸਾਹਿਤਕ ਸੰਸਥਾਵਾਂ ਵਿੱਚੋਂ ਪੰਜਾਬੀ ਸਾਹਿਤ ਸਭਾ, ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਓ ਐਫ ਸੀ, ਆਰ ਐਸ ਐੱਫ ਓ, ਪੰਜਾਬ ਪੈਵੀਲੀਅਨ, ਕਲਮਾਂ ਦਾ ਕਾਫ਼ਲਾ ਅਤੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ। ਇਸ ਮੌਕੇ ਵੱਖ ਵੱਖ ਮੀਡੀਆ ਅਦਾਰਿਆਂ ਵਿੱਚੋਂ ਪ੍ਰਾਇਮ ਏਸ਼ੀਆ ਟੀ ਵੀ, ਪੰਜਾਬ ਮੇਲ ਯੂ ਐਸ ਏ, ਜਸ ਟੀ ਵੀ, ਆਈ ਸੀ ਏ ਟੀ ਵੀ, ਓਮਨੀ ਟੀ ਵੀ, ਅਜੀਤ ਅਖ਼ਬਾਰ, ਪ੍ਰਵਾਸੀ ਮੀਡੀਆ ਗਰੁੱਪ ਵੱਲੋਂ ਕਾਨਫਰੰਸ ਦਾ ਸਿੱਧਾ ਪ੍ਰਸਾਰਣ ਅਤੇ ਕਵਰੇਜ ਕਰਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਅਖ਼ੀਰ ਵਿੱਚ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਕਾਨਫਰੰਸ ਵਿੱਚ ਸ਼ਾਮਿਲ ਹੋਣ ਅਤੇ ਸੰਪੂਰਨ ਸਹਿਯੋਗ ਦੇਣ ਲਈ ਸਮੁੱਚੀ ਟੀਮ ਅਤੇ ਹਾਜ਼ਰੀਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ 20, 21, 22 ਜੂਨ 2025 ਵਿੱਚ ਅਗਲੀ ਕਾਨਫਰੰਸ ਕਰਵਾਉਣ ਲਈ ਤਾਰੀਖਾਂ ਦੀ ਘੋਸ਼ਣਾ ਵੀ ਕੀਤੀ।
ਜਾਰੀ ਕਰਤਾ : ਬਲਬੀਰ ਕੌਰ ਰਾਏਕੋਟੀ
ਕੌਮੀ ਪ੍ਰਧਾਨ (ਭਾਰਤ),
ਵਿਸ਼ਵ ਪੰਜਾਬੀ ਸਭਾ ਕੈਨੇਡਾ