Breaking News
Home / ਨਜ਼ਰੀਆ / ਕੈਨੇਡਾ ਦੇ ਰਾਜਨੀਤਕ ਖੇਤਰ ਵਿਚ ਜਗਮੀਤ ਸਿੰਘ ਦਾ ਉਭਾਰ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ

ਕੈਨੇਡਾ ਦੇ ਰਾਜਨੀਤਕ ਖੇਤਰ ਵਿਚ ਜਗਮੀਤ ਸਿੰਘ ਦਾ ਉਭਾਰ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ

ਕੈਨੇਡਾ ਉੱਤਰੀ ਅਮਰੀਕਾ ਦਾ ਇਕ ਖ਼ੂਬਸੂਰਤ ਦੇਸ਼ ਹੈ। ਇਸ ਦੇਸ਼ ਦੇ ਮਨਮੋਹਕ ਕੁਦਰਤੀ ਨਜ਼ਾਰਿਆਂ, ਸ਼ੁੱਧ ਹਵਾ ਤੇ ਪਾਣੀ, ਅਨੇਕਾਂ ਝੀਲਾਂ, ਸ਼ਾਂਤ ਅਤੇ ਵਧੀਆ ਜੀਵਨ-ਸ਼ੈਲੀ ਸਦਕਾ ਇਸ ਨੂੰ ‘ਵਿਸ਼ਵ ਦਾ ਬਹਿਸ਼ਤ’ ਮੰਨਿਆਂ ਜਾਂਦਾ ਹੈ। ਕੈਨੇਡਾ ਪਰਵਾਸੀਆਂ ਦਾ ਦੇਸ਼ ਹੈ ਅਤੇ ਇੱਥੇ ਹਰ ਪੰਜਵਾਂ ਵਿਅਕਤੀ ਪਰਵਾਸੀ ਹੈ। ਇਸ ਵਿਚ 200 ਤੋਂ ਵਧੀਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਬੇਸ਼ਕ, ਅੰਗਰੇਜ਼ੀ ਅਤੇ ਫ਼ਰੈਂਚ ਇਸ ਦੀਆਂ ਸਰਕਾਰੀ ਭਾਸ਼ਾਵਾਂ ਹਨ ਪਰ ਹੋਰਨਾਂ ਭਾਸ਼ਾਵਾਂ ਦਾ ਵੀ ਇੱਥੇ ਪੂਰਾ ਸਤਿਕਾਰ ਹੈ। ਸੰਸਾਰ ਦੇ ਲੱਗਭੱਗ ਹਰੇਕ ਦੇਸ਼ ਦੇ ਲੋਕ ਇੱਥੇ ਰਹਿੰਦੇ ਹਨ। ਇੱਥੇ ਭੋਜਨ, ਪੌਸ਼ਾਕ, ਤਿਓਹਾਰ, ਰੀਤੀਆਂ-ਰਿਵਾਜ ਆਦਿ ਵੰਨ-ਸਵੰਨੇ ਹਨ ਪਰ ਇਸ ਅਨੇਕਤਾ ਵਿਚ ਵੀ ਪੂਰੀ ਏਕਤਾ ਹੈ। ਹਰ ਤਰ੍ਹਾਂ ਦੇ ਲੋਕ ਇੱਥੇ ਰਲ-ਮਿਲ ਕੇ ਰਹਿੰਦੇ ਹਨ। ਭਾਸ਼ਾ ਅਤੇ ਸੱਭਿਆਚਾਰਕ ਵੱਖਰੇਵਿਆਂ ਦੇ ਬਾਵਜੂਦ ਲੋਕਾਂ ਵਿਚ ਕਿਸੇ ਵੀ ਕਿਸਮ ਦੇ ਵਿਰੋਧ ਦੀ ਭਾਵਨਾ ਨਹੀਂ ਹੈ।
ਕੈਨੇਡਾ ਵਿਚ ਪੂਰਨ ਲੋਕਤੰਤਰ ਹੈ। ਇੱਥੇ ਲਿਬਰਲ, ਕੰਨਸਰਵੇਟਿਵ ਅਤੇ ਨਿਊ ਡੈਮੋਕਰੇਟਿਕ ਤਿੰਨ ਮੁੱਖ ਰਾਜਨੀਤਕ ਪਾਰਟੀਆਂ ਹਨ। ਫ਼ੈੱਡਰਲ ਲੈਵਲ ‘ਤੇ ਕੰਨਜਸਰਵੇਟਿਵ ਅਤੇ ਲਿਬਰਲ ਪਾਰਟੀਆਂ ਹੀ ਬਦਲ ਬਦਲ ਕੇ ਰਾਜ ਕਰਦੀਆਂ ਆ ਰਹੀਆਂ ਹਨ। ਅਲਬੱਤਾ, ਪ੍ਰੋਵਿੰਨਸ਼ੀਅਲ ਪੱਧਰ ‘ਤੇ ਨਿਊ ਡੈਮੋਕਰੈਟਿਕ ਪਾਰਟੀ (ਐੱਨ.ਡੀ.ਪੀ.) ਦੀਆਂ ਕੁਝ ਸੂਬਿਆਂ ਵਿਚ ਸਰਕਾਰਾਂ ਬਣੀਆਂ ਹਨ ਅਤੇ ਇਕ ਵਾਰ ਇਸ ਪਾਰਟੀ ਨੇ ਲਿਬਰਲਾਂ ਨਾਲ ਮਿਲ ਕੇ ਫ਼ੈੱਡਰਲ ਸਰਕਾਰ ਵਿਚ ਭਾਈਵਾਲੀ ਪਾ ਕੇ ਇਸ ਦਾ ਸੁਆਦ ਵੀ ਚੱਖਿਆ ਹੈ। ਕੈਨੇਡਾ ਦੇ ਨਾਗਰਿਕ ਸ਼ਕਤੀਸ਼ਾਲੀ ਕੇਂਦਰ ਸਰਕਾਰ ਅਰਥਾਤ ਫ਼ੈੱਡਰਲ ਸਰਕਾਰ ਨੂੰ ਹਰ ਪੰਜਾਂ ਸਾਲਾਂ ਬਾਅਦ ਚੁਣਦੇ ਹਨ ਅਤੇ ਇਸ ਮੰਤਵ ਲਈ ਅਗਲੀਆਂ ਫ਼ੈੱਡਰਲ ਚੋਣਾਂ ਅਕਤੂਬਰ 2019 ਵਿਚ ਹੋਣੀਆਂ ਹਨ।
ਪ੍ਰੰਤੂ, ਇਸ ਵਾਰ ਇਸ ਦੇਸ਼ ਦੇ ਰਾਜਸੀ-ਪਿੜ ਵਿਚ ਅਜੀਬ ਕਿਸਮ ਦੇ ਮੋੜ ਆਉਣ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ। ਇੰਜ ਲੱਗ ਰਿਹਾ ਹੈ ਕਿ ਦੇਸ਼-ਵਾਸੀਆਂ ਦਾ ਮੋਹ ਐੱਨ.ਡੀ.ਪੀ. ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਮਹੀਨਿਆਂ ਵਿਚ ਪਾਰਟੀ ਦੇ ਨੌਜੁਆਨ ਆਗੂ ਜਗਮੀਤ ਸਿੰਘ ਦਾ ਇਸ ਦੇ ਮੁਖੀ ਵਜੋਂ ਉਭਾਰ ਇਕ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। ਬਿਨਾਂ ਕਿਸੇ ਭੇਦ-ਭਾਵ ਤੋਂ ਕਾਲੇ, ਗੋਰੇ, ਭੂਰੇ ਵਹੀਰਾਂ ਘੱਤ ਕੇ ਇਸ ਪਾਰਟੀ ਨਾਲ ਜੁੜ ਰਹੇ ਹਨ। ਸੱਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਜਾਂ ਵਿਸ਼ਵ ਦੇ ਕਿਸੇ ਵੀ ਰਾਜਨੀਤਕ ਵਿਸ਼ਲੇਸ਼ਕ, ਪੱਤਰਕਾਰ ਜਾਂ ਕਿਸੇ ਹੋਰ ਵਿਅੱਕਤੀ ਜਾਂ ਕਿਸੇ ਸੰਸਥਾ ਨੇ ਦੇਸ਼ ਵਿਚ ਏਡੀ ਵੱਡੀ ਕਰਾਂਤੀ ਦੇ ਕੋਈ ਸੰਕੇਤ ਨਹੀਂ ਦਿੱਤੇ। ਇੰਜ ਲੱਗਦਾ ਹੈ ਕਿ ਜਿਵੇਂ ਉਹ ਦੀਵਾਰ ‘ਤੇ ਲਿਖਿਆ ਨਹੀਂ ਪੜ੍ਹ ਸਕੇ।
ਜਿੰਨਾ ਕੁ ਮੈਂ ਜਾਣ ਸਕਿਆ ਹਾਂ ਕਿ ਜਗਮੀਤ ਸਿੰਘ ਇਕ ਇਮਾਨਦਾਰ ਵਿਅਕਤੀ ਹੈ। ਉਹ ਹੋਰਨਾਂ ਪ੍ਰਤੀ ਹਮਦਰਦੀ ਰੱਖਦਾ ਹੈ ਅਤੇ ਉੱਚੇ ਕਿਰਦਾਰ ਦਾ ਮਾਲਕ ਹੈ। ਉਸ ਦੀ ਕਹਿਣੀ ਤੇ ਕਰਨੀ ਵਿਚ ਕੋਈ ਫ਼ਰਕ ਨਹੀਂ ਹੈ। ਉਸ ਦੀ ਸੋਚ ਸਪੱਸ਼ਟ ਹੈ ਅਤੇ ਇਸ ਵਿਚ ਥਿੜਕਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਸ ਦੇ ਦਿਲ ਵਿਚ ਆਤਮ-ਵਿਸ਼ਵਾਸ਼ ਪੂਰੀ ਝਲਕ ਮਾਰਦਾ ਹੈ ਅਤੇ ਕੋਈ ਨੀਤੀ ਬਨਾਉਣ ਸਮੇਂ ਉਹ ਲੋਕਾਂ ਦੀ ਆਵਾਜ਼ ਸੁਣਦਾ ਹੈ। ਉਹ ਸ਼ਾਂਤ ਸੁਭਾਅ ਦਾ ਮਾਲਕ ਹੈ ਅਤੇ ਥੋੜ੍ਹੇ ਕੀਤਿਆਂ ਤੈਸ਼ ਵਿਚ ਆਉਣ ਵਾਲਾ ਨਹੀਂ ਹੈ ਜਿਹਾ ਕਿ ਪਿੱਛੇ ਜਿਹੇ ਹੋਏ ਇਕ ਸਮਾਗ਼ਮ ਵਿਚ ਸਾਬਤ ਵੀ ਹੋ ਚੁੱਕਾ ਹੈ ਜਿਸ ਵਿਚ ਇਕ ਨੌਜੁਆਨ ਲੜਕੀ ਮੰਚ ‘ਤੇ ਆ ਕੇ ਕੁਝ ਬਦਮਗ਼ਜ਼ੀ ਅਤੇ ਸਨਸੰਨੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਕਾਰਨਾਂ ਦਾ ਭਾਵੇਂ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਪਰ ਇਹ ਗੱਲ ਬੜੀ ਮਹੱਤਵ ਪੂਰਨ ਹੈ ਕਿ ਜਗਮੀਤ ਨੇ ਬੜੇ ਹੀ ਸਾਂਤ ਸ਼ਬਦਾਂ ਨਾਲ ਨਾ ਕੇਵਲ ਉਸ ਦੇ ਗੁੱਸੇ ਨੂੰ ਹੀ ਠੰਢਾ ਕੀਤਾ ਸਗੋਂ ਉਸ ਨੂੰ ਇਕ ਤਰ੍ਹਾਂ ਆਪਣਾ ‘ਮੁਰੀਦ’ ਬਣਾ ਲਿਆ ਅਤੇ ਉਹ ਫਿਰ ਉਸ ਦੇ ਹੱਕ ਵਿਚ ਬੋਲਣ ਲੱਗ ਪਈ ਸੀ।
ਪਿਛਲੇ ਕੁਝ ਸਮੇਂ ਤੋਂ ਜਗਮੀਤ ਸਿੰਘ ਦੇ ਭਾਸ਼ਨਾਂ, ਲਿਖ਼ਤਾਂ, ਗੱਲਾਂ-ਬਾਤਾਂ ਆਦਿ ਤੋਂ ਇਹ ਪ੍ਰਭਾਵ ਬਣਦਾ ਹੈ ਕਿ ਜਿਵੇਂ ਭਵਿੱਖ ਵਿਚ ਉਸ ਦੀ ਪਾਰਟੀ ਦੀ ਜਿੱਤ ਤੋਂ ਬਾਅਦ ਇਸ ਮੁਲਕ ਵਿਚ ਹੈਰਾਨੀਜਨਕ ਤਬਦੀਲੀਆਂ ਆਉਣਗੀਆਂ। ਦੇਸ਼ ਦੇ ਰਾਜਨੀਤਿਕ ਪਿੜ ਵਿਚ ਨੌਜੁਆਨ ਵਰਗ ਦਾ ਉਭਾਰ ਆਵੇਗਾ, ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀਆਂ ਫੀਸਾਂ ਘਟਣਗੀਆਂ, ਅਮੀਰ-ਗ਼ਰੀਬ ਵਿਚਲਾ ਪਾੜਾ ਘੱਟ ਹੋਵੇਗਾ, ਪਰਵਾਸੀਆਂ ਦੀਆਂ ਔਕੜਾਂ ਘੱਟਣਗੀਆਂ, ਇੱਕ ਕੰਮ ਦੇ ਇੱਕੋ ਜਿਹੇ ਵੇਤਨ ਦਿੱਤੇ ਜਾਣਗੇ, ਬੀਮਾ ਖ਼ੇਤਰ ਵਿਚ ਸੁਧਾਰ ਹੋਵੇਗਾ, ਨਸਲੀ ਭੇਦ-ਭਾਵ ਤੋਂ ਛੁਟਕਾਰਾ ਮਿਲੇਗਾ ਅਤੇ ਮੁਲਕ ਦੇ ਇੱਕ-ਇੱਕ ਡਾਲਰ ਦਾ ਸਹੀ ਉਪਯੋਗ ਹੋਵੇਗਾ।
ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਕੈਨੇਡਾ ਦੀ ਧਰਤੀ ‘ਤੇ ਸਰਦਾਰਨੀ ਹਰਮੀਤ ਕੌਰ ਜੀ ਦੀ ਕੁੱਖੋਂ ਹੋਇਆ। ਪਿਤਾ ਜੀ ਡਾ.ਜਸਕਰਨ ਸਿੰਘ ਜੀ.ਟੀ.ਏ. ਦੇ ਪ੍ਰਮੁੱਖ ਮਨੋ-ਵਿਗਿਆਨਕ ਡਾਕਟਰ ਹਨ। ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਐੱਮ.ਬੀ.ਬੀ.ਐੱਸ. ਡਿਗਰੀ ਕੀਤੀ ਅਤੇ ਚਾਰ ਦਹਾਕੇ ਪਹਿਲਾਂ ਇੰਮੀਗਰੇਸ਼ਨ ਲੈ ਕੇ ਕੈਨੇਡਾ ਆ ਗਏ। ਕੈਨੇਡਾ ਦੇ ਨਿਯਮਾਂ ਅਨੁਸਾਰ ਇੱਥੇ ਡਾਕਟਰੀ ਦੀ ਪੜ੍ਹਾਈ ਦੇ ਹੋਰ ਲੋੜੀਂਦੇ ਕੋਰਸ ਕੀਤੇ ਅਤੇ ਇੱਥੇ ਡਾਕਟਰ ਬਣ ਗਏ। ਜਗਮੀਤ ਸਿੰਘ ਦਾ ਬਚਪਨ ਆਪਣੇ ਮਾਪਿਆਂ ਨਾਲ ਸੇਂਟ ਜੌਹਨਜ਼, ਨਿਊ ਫ਼ਾਊਡਲੈਂਡ ਐਂਡ ਲੇਬਰਾਡੋਰ ਅਤੇ ਵਿੰਡਸਰ ਵਿਚ ਗ਼ੁਜ਼ਰਿਆ। ਉੱਥੋਂ ਦੇ ਵੱਖ-ਵੱਖ ਸਕੂਲਾਂ ਵਿਚ ਪੜ੍ਹਾਈ ਕੀਤੀ। ਹੋਰਨਾਂ ਦੀ ਤਰ੍ਹਾਂ ਜਗਮੀਤ ਨਾਲ ਵੀ ਸਕੂਲ ਵਿਚ ਅਕਸਰ ਵੱਖਰੇ ਨਾਮ, ਰੰਗ, ਨਸਲ, ਸਿਰ ਦੇ ਵਾਲਾਂ, ਦਸਤਾਰ, ਆਦਿ ਕਾਰਨ ਨਸਲੀ ਭੇਦ-ਭਾਵ ਹੁੰਦਾ ਰਹਿੰਦਾ ਸੀ। ਸਕੂਲ ਦੇ ਸਾਥੀ ਉਸ ਦੇ ਨਾਲ ਨਸਲੀ ਵਿਤਕਰਾ ਕਰਦੇ ਹੋਏ ਛੇੜ-ਛਾੜ, ਧੱਕਾ-ਮੁੱਕੀ, ਮਖ਼ੌਲ-ਬਾਜ਼ੀ ਵਗ਼ੈਰਾ ਕਰਨ ਵਿਚ ਕੋਈ ਕਸਰ ਨਾ ਛੱਡਦੇ ਪਰ ਜਗਮੀਤ ਸਿੰਘ ਨੇ ਇਸ ਸੱਭ ਕੁੱਝ ਦਾ ਮੁਕਾਬਲਾ ਬੜੀ ਦਲੇਰੀ ਅਤੇ ਠਰ੍ਹੰਮੇਂ ਨਾਲ ਕੀਤਾ।
ਇਨ੍ਹਾਂ ਸਾਲਾਂ ਵਿਚ ਹੀ ਜਗਮੀਤ ਨੇ ਲੋਕਾਂ ਵਿਚ ਗ਼ਰੀਬੀ ਤੇ ਹੀਣ-ਭਾਵਨਾ, ਫ਼ਰੈਂਚ ਬੋਲਣ ਵਾਲਿਆਂ ਨਾਲ ਨਫ਼ਰਤ ਤੇ ਵਿਤਕਰਾ, ਸਹੂਲਤਾਂ ਦੀ ਕਾਣੀ-ਵੰਡ, ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਹੋਰ ਬੜਾ ਕੁਝ ਵੇਖਿਆ ਜਿਸ ਦਾ ਉਸ ਦੇ ਮਨ ‘ਤੇ ਬੜਾ ਡੂੰਘਾ ਅਸਰ ਹੋਇਆ। ਇਨ੍ਹਾਂ ਨਾਲ ਜਗਮੀਤ ਵਿਚ ਹੱਦ ਦਰਜੇ ਦਾ ਧੀਰਜ, ਲੋਕਾਂ ਪ੍ਰਤੀ ਪਿਆਰ, ਸਮਾਜ ਪ੍ਰਤੀ ਚਿੰਤਾ, ਆਦਿ ਗੁਣ ਪੈਦਾ ਹੋ ਗਏ ਅਤੇ ਇਹ ਉਸ ਦੇ ਜੀਵਨ ਦਾ ਆਧਾਰ ਬਣ ਗਏ। ਸਕੂਲੀ ਪੜ੍ਹਾਈ ਤੋਂ ਬਾਅਦ ਜਗਮੀਤ ਸਿੰਘ ਆਪਣੇ ਪਿਤਾ ਜੀ ਵਾਂਗ ਡਾਕਟਰ ਬਣਨਾ ਚਾਹੁੰਦਾ ਸੀ ਅਤੇ ਇਸ ਦੇ ਲਈ ਯੂਨੀਵਰਸਿਟੀ ਆਫ਼ ਵੈੱਸਟਰਨ ਯੂਨੀਵਰਸਿਟੀ ਤੋਂ ਬਾਇਆਲੌਜੀ ਦੇ ਵਿਸ਼ੇ ਵਿਚ ਬੈਚੁਲਰ ਡਿਗਰੀ ਕੀਤੀ। ਪ੍ਰੰਤੂ, ਆਪਣੇ ਮੰਤਵ ਨੂੰ ਪੂਰਾ ਕਰਨ ਲਈ ਉਸ ਨੇ ਡਾਕਟਰੀ ਦਾ ਵਿਚਾਰ ਛੱਡ ਕੇ ਯੌਰਕ ਯੂਨੀਵਰਸਿਟੀ ਵਿਚ ਵਕਾਲਤ ਦੀ ਪੜ੍ਹਾਈ ਕਰਨ ਦਾ ਮਨ ਬਣਾਇਆ ਤੇ 2005 ਵਿਚ ਲਾੱਅ ਵਿਚ ਬੈਚੁਲਰ ਡਿਗਰੀ ਕੀਤੀ ਅਤੇ ਕ੍ਰਿਮੀਨਲ ਲਾਇਰ ਬਣ ਗਿਆ। ਫਿਰ ਬਾਅਦ ਵਿਚ ਉਸ ਨੇ ਸਿਆਸਤ ਦਾ ਖ਼ੇਤਰ ਚੁਣਿਆ।
ਸਿਆਸਤ ਦਾ ਅਧਿਐੱਨ ਕਰਨ ਤੋਂ ਬਾਅਦ ਉਹ ਐੱਨ.ਡੀ.ਪੀ. ਦਾ ਮੈਂਬਰ ਬਣ ਗਿਆ ਅਤੇ ਪੂਰੀ ਦ੍ਰਿੜ੍ਹਤਾ ਤੇ ਲਗਨ ਨਾਲ ਪਾਰਟੀ ਵਿਚ ਕੰਮ ਕਰਨ ਲੱਗਾ। ਨਤੀਜੇ ਵਜੋਂ, ਪਾਰਟੀ ਨੇ 2011 ਵਿਚ ਉਸ ਨੂੰ ਬਰੈਮਲੀ-ਗੋਰ-ਮਾਲਟਨ ਤੋਂ ਐੱਮ.ਪੀ.ਪੀ. ਦੀ ਚੋਣ ਲਈ ਟਿਕਟ ਦਿੱਤੀ ਅਤੇ ਉਸ ਨੇ ਬੜੀ ਕਾਮਯਾਬੀ ਨਾਲ ਇਹ ਚੋਣ ਜਿੱਤੀ। ਦੂਸਰੀ ਵਾਰ 2015 ਫਿਰ ਇਸ ਰਾਈਡਿੰਗ ਤੋਂ ਭਾਰੀ ਸਫ਼ਲਤਾ ਪ੍ਰਾਪਤ ਕੀਤੀ ਅਤੇ ਏਸੇ ਸਾਲ ਓਨਟਾਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿਚ ਐੱਨ.ਡੀ.ਪੀ. ਦਾ ਡਿਪਟੀ ਲੀਡਰ ਬਣਿਆ। ਸੂਬਾਈ ਪਾਰਟੀ ਲੀਡਰ ਐਂਡਰੀਆ ਹਾਰਵੱਥ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਿਆ ਅਤੇ ਕਾਮਯਾਬੀ ਦੀਆਂ ਪੌੜੀਆਂ ਚੜ੍ਹਦਾ ਹੋਇਆ 1 ਅਕਤੂਬਰ 2017 ਨੂੰ ਉਹ ਫ਼ੈੱਡਰਲ ਪੱਧਰ ‘ਤੇ ਕੈਨੇਡਾ ਦੀ ਐੱਨ.ਡੀ.ਪੀ. ਦਾ ਮੁਖੀ ਬਣ ਗਿਆ ਹੈ। ਉਸ ਨੇ ਪਾਰਟੀ ਦੇ ਚਾਰ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਹਰਾਇਆ ਅਤੇ 53.8% ਵੋਟਾਂ ਲੈ ਕੇ ਪਾਰਟੀ ਦੀ ਇਹ ਸੱਭ ਤੋਂ ਉਚੇਰੀ ਪੋਜ਼ੀਸ਼ਨ ਹਾਸਲ ਕੀਤੀ। ਉਸ ਦੀ ਪਾਰਟੀ ਦੇ ਮੈਂਬਰਾਂ ਅਤੇ ਪ੍ਰਸ਼ੰਸਕਾਂ ਦੀ ਉਸ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣ ਦੀ ਚਾਹਤ ਹੈ। ਖ਼ੈਰ, ਇਹ ਤਾਂ ਅੱਗੋਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਨ੍ਹਾਂ ਦੀ ਇਹ ਚਾਹਤ ਕਿਸ ਹੱਦ ਤੱਕ ਪੂਰੀ ਹੁੰਦੀ ਹੈ ਪਰ ਏਨਾ ਜ਼ਰੂਰ ਹੈ ਕਿ ਇਸ ਸਮੇਂ ਜਗਮੀਤ ਦੇ ਪਾਰਟੀ ਲੀਡਰ ਵਜੋਂ ਚੁਣੇ ਜਾਣ ਤੋਂ ਬਾਅਦ ਪਾਰਟੀ ਦੇ ਮੈਂਬਰਾਂ ਅਤੇ ਸਮੱਰਥਕਾਂ ਵਿਚ ਇਕ ਨਵਾਂ ਜੋਸ਼ ਅਤੇ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ।
ਜਗਮੀਤ ਸਿੰਘ ਦਾ ਪਿਛੋਕੜ ਪੰਜਾਬ ਦਾ ਹੈ ਅਤੇ ਇਹ ਪੰਜਾਬ ਅਤੇ ‘ਪੈਪਸੂ’ (ਪੰਜਾਬ ਦੀਆਂ ਰਿਆਸਤਾਂ ਦੀ ਯੂਨੀਅਨ) ਦੇ ‘ਬੱਬਰ ਸ਼ੇਰ’ ਮਹਾਨ ਇਨਕਲਾਬੀ ਲੀਡਰ ਸ. ਸੇਵਾ ਸਿੰਘ ਠੀਕਰੀਵਾਲ ਨਾਲ ਜੁੜਿਆ ਹੋਇਆ ਹੈ। ਉਹ ਜਗਮੀਤ ਸਿੰਘ ਦੇ ਪੜਦਾਦਾ ਜੀ ਹਨ। ਉਸ ਸਮੇਂ ਪਟਿਆਲਾ ਰਿਆਸਤ ਦਾ ਮਹਾਰਾਜਾ ਭੁਪਿੰਦਰ ਸਿੰਘ ਲੋਕਾਂ ਲਈ ‘ਹਊਆ’ ਬਣਿਆ ਹੋਇਆ ਸੀ। ਉਸ ਦੇ ਰਾਜ ਸਮੇਂ ਰਿਆਸਤ ਦੀ ਕੋਈ ਵੀ ਔਰਤ ਸੁਰੱਖਿਅਤ ਨਹੀਂ ਸੀ। ਉਸ ਦੀਆਂ 300 ਦੇ ਕਰੀਬ ਰਾਣੀਆਂ ਸਨ ਅਤੇ ਰਿਆਸਤ ਦੀ ਆਮਦਨ ਦਾ ਵੱਡਾ ਹਿੱਸਾ ਉਹ ਆਪਣੀ ਐਸ਼-ਪ੍ਰਸਤੀ ਉੱਪਰ ਹੀ ਖ਼ਰਚ ਕਰਦਾ ਸੀ। ਰਿਆਸਤ ਦੇ ਲੋਕ ਪੂਰੀ ਤਰ੍ਹਾਂ ਦੱਬੇ-ਕੁਚਲੇ ਹੋਏ ਸਨ। ਜਦ ਮਹਾਰਾਜਾ ਭੁਪਿੰਦਰ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤਦ ਸ਼ਾਹੀ ਪਰਿਵਾਰ ਨਾਲ ਸਬੰਧਿਤ ਸ. ਸੇਵਾ ਸਿੰਘ ਠੀਕਰਵਾਲਾ ਆਪਣੇ ਸਾਥੀਆਂ ਨਾਲ ਮੈਦਾਨ ਵਿਚ ਉੱਤਰੇ। ਉਨ੍ਹਾਂ ਮਹਾਰਾਜੇ ਦੇ ਖ਼ਿਲਾਫ਼ ਲੋਕਾਂ ਨੂੰ ਜੱਥੇਬੰਦ ਕੀਤਾ ਅਤੇ ‘ਪਰਜਾ ਮੰਡਲ ਪਾਰਟੀ’ ਹੋਂਦ ਵਿਚ ਆਈ। ਰਿਆਸਤ ਵਿਚ ਸਖ਼ਤੀ ਕੀਤੀ ਗਈ ਅਤੇ ਸ. ਸੇਵਾ ਸਿੰਘ ਠੀਕਰੀਵਾਲੇ ਨੂੰ ਇਕ ਝੂਠੇ ਕੇਸ ਵਿਚ ਫਸਾ ਕੇ ਕੈਦ ਕਰ ਲਿਆ ਗਿਆ। ਜੇਲ੍ਹ ਵਿਚ ਉਹ ਬੀਮਾਰ ਹੋ ਗਏ ਅਤੇ ਰਿਆਸਤ ਵੱਲੋਂ ਕਿਸੇ ਕਿਸਮ ਦੀ ਕੋਈ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ। ਨਤੀਜੇ ਵਜੋਂ, ਇਸ ਮਹਾਨ ਇਨਕਲਾਬੀ ਯੋਧੇ ਦਾ ਜੇਲ੍ਹ ਵਿਚ ਹੀ ਅੰਤ ਹੋ ਗਿਆ ਪਰ ਉਨ੍ਹਾਂ ਵੱਲੋਂ ਚਲਾਈ ਗਈ ਪਰਜਾ ਮੰਡਲ ਲਹਿਰ ਸਫ਼ਲਤਾ-ਪੂਰਵਕ ਅੱਗੇ ਵੱਧਦੀ ਗਈ ਅਤੇ ਇਸ ਨੇ ਦੇਸ਼ ਦੀ ਆਜ਼ਾਦੀ ਵਿਚ ਭਰਪੂਰ ਯੋਗਦਾਨ ਪਾਇਆ।
38 ਸਾਲਾ ਨੌਜੁਆਨ ਜਗਮੀਤ ਸਿੰਘ ਇਕ ਸੱਚਾ ਸ਼ਰਧਾਲੂ ਸਿੱਖ ਹੈ। ਰਾਜਸੀ ਖ਼ੇਤਰ ਵਿਚ ਉਸ ਦਾ ਉਭਾਰ ਸਿੱਖ ਕੌਮ ਲਈ ਵਰਦਾਨ ਸਿੱਧ ਹੋਵੇਗਾ। ਉਹ ਖ਼ੂਬਸੂਰਤ ਗੋਲ ਦਸਤਾਰ ਸਜਾਉਂਦਾ ਹੈ, ਦਾੜ੍ਹੀ, ਕੇਸ, ਕ੍ਰਿਪਾਨ ਸਮੇਤ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਗਏ ਪੰਜਾਂ ਕੱਕਾਰਾਂ ਦੀ ਪਾਲਣਾ ਕਰਦਾ ਹੈ। ਉਸ ਦਾ ਆਚਰਣ ਵੀ ਸੱਚਾ ਤੇ ਸੁੱਚਾ ਹੈ ਅਤੇ ਉਹ ਸਿੱਖ ਨੌਜੁਆਨਾਂ ਲਈ ਰੋਲ-ਮਾਡਲ ਸਾਬਤ ਹੋ ਰਿਹਾ ਹੈ। ਕਈਆਂ ਸਿੱਖ ਨੌਜੁਆਨਾਂ ਦੀ ਇਹ ਆਮ ਧਾਰਨਾ ਕਿ ਇਸ ਮੁਲਕ ਵਿਚ ਪੈਰ ਜਮਾਉਣ ਲਈ ਗੋਰਿਆਂ ਦੀ ਰੀਸ ਕਰਨੀ ਜ਼ਰੂਰੀ ਹੈ। ਉਹ ਆਪਣਾ ਬਦਲ ਕੇ ਇਸ ਨੂੰ ਛੋਟਾ ਕਰਕੇ ਗੋਰਿਆਂ ਵਰਗਾ ਕਰ ਲੈਂਦੇ ਹਨ ਅਤੇ ਵਾਲ ਕਟਾਉਣਾ ਤਾਂ ਇੱਥੇ ਆਮ ਜਿਹੀ ਗੱਲ ਬਣ ਗਈ ਹੈ। ਲੱਗਦਾ ਹੈ ਕਿ ਜਗਮੀਤ ਸਿੰਘ ਉਨ੍ਹਾਂ ਦੀ ਇਸ ਧਾਰਨਾ ਨੂੰ ਬਦਲ ਕੇ ਰੱਖ ਦੇਵੇਗਾ ਅਤੇ ਸਾਬਤ ਕਰ ਦੇਵੇਗਾ ਕਿ ਸਿੱਖੀ ਸਰੂਪ ਵਿਚ ਰਹਿ ਕੇ ਵੀ ਇੱਥੇ ਬੁਲੰਦੀਆਂ ਨੂੰ ਛੂਹਿਆ ਜਾ ਸਕਦਾ ਹੈ।
ਹੁਣ ਸਿੱਖ ਨੌਜੁਆਨਾਂ ਨੂੰ ਇਹ ਸੋਚਣਾ ਪਵੇਗਾ ਕਿ ਜੇਕਰ ਗੋਰੇ, ਕਾਲੇ, ਭੂਰੇ ਅਤੇ ਹੋਰ ਬਹੁਤ ਸਾਰੇ ਇਕ ਸਾਬਤ-ਸਰੂਪ ਸਿੱਖ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਹਨ ਤਾਂ ਛੋਟੇ ਪੱਧਰ ‘ਤੇ ਸਿੱਖੀ-ਚਿੰਨ੍ਹਾਂ ਨਾਲ ਛੇੜਖ਼ਾਨੀ ਕਰਨੀ ਕਿਵੇਂ ਉਚਿਤ ਹੋ ਸਕਦੀ ਹੈ। ਇਸ ਦੇ ਨਾਲ ਹੀ ਮੇਰੀ ਇਹ ਵੀ ਭਵਿੱਖਬਾਣੀ ਹੈ ਕਿ ਭਵਿੱਖ ਵਿਚ ਸਾਰੀ ਦੁਨੀਆਂ ਦੇ ਸਿੱਖ ਅਖ਼ੌਤੀ ਅਤੇ ਧੋਖੇਬਾਜ਼ ਸਿੱਖ ਲੀਡਰਾਂ ਤੋਂ ਤੌਬਾ ਕਰਨਗੇ ਅਤੇ ਸੱਚੇ-ਸੁੱਚੇ ਸਿੱਖਾਂ ਦੀ ਅਗਵਾਈ ਨੂੰ ਪਸੰਦ ਕਰਨਗੇ। ਇਹ ਬੜੀ ਚੰਗੀ ਗੱਲ ਹੈ ਕਿ ਇਸ ਦੀ ਸ਼ੁਭ-ਸ਼ੁਰੂਆਤ ਕੈਨੇਡਾ ਵਰਗੇ ਦੇਸ਼ ਤੋਂ ਹੋ ਰਹੀ ਹੈ।
ਮਹਿੰਦਰ ਸਿੰਘ ਵਾਲੀਆ
ਜ਼ਿਲਾ ਸਿੱਖਿਆ ਅਫ਼ਸਰ (ਸੇਵਾ ਮੁਕਤ),
ਫ਼ੋਨ: 647-856 4280

Check Also

ਖੇਤੀ ਤੇ ਦਿਹਾਤੀ ਖੇਤਰ ਦੀਆਂ ਆਸਾਂ ‘ਤੇ ਖਰਾ ਨਹੀਂ ਉਤਰਿਆ ਬਜਟ

ਹਮੀਰ ਸਿੰਘ ਕੇਂਦਰੀ ਬਜਟ ਤਿੰਨ ਕਾਨੂੰਨਾਂ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ …