Breaking News
Home / ਨਜ਼ਰੀਆ / ਗੁਰਮਤਿ ਦੇ ਪਰਿਪੇਖ ਵਿਚ ਪਰਿਵਾਰਕ ਸਬੰਧ

ਗੁਰਮਤਿ ਦੇ ਪਰਿਪੇਖ ਵਿਚ ਪਰਿਵਾਰਕ ਸਬੰਧ

ਰਾਜਾ ਸਿੰਘ ਮਿਸ਼ਨਰੀ
ਜ਼ੋਸਫ਼ ਏ. ਮੈਕ.ਫਾਲਜ਼ ਆਪਣੇ ਇਕ ਲੇਖ What’s a Family ਵਿੱਚ ਲਿਖਦਾ ਹੈ ਕਿ ਸਮਾਜਿਕ ਗਰੁਪ, ਜਿਸ ਵਿਚ ਇਕ, ਦੋ ਜਾਂ ਇਸ ਤੋਂ ਵੱਧ ਪੀੜ੍ਹੀਆਂ ਦੇ ਜੀਅ ਇਕੱਠੇ ਰਹਿਣ, ਉਸਨੂੰ ਪ੍ਰੀਵਾਰ ਕਿਹਾ ਜਾਂਦਾ ਹੈ। ਇਹਨਾਂ ਜੀਆਂ ਦਾ ਜੀਵਨ-ਢੰਗ, ਸਮਾਜਿਕ ਰਸਮਾਂ ਅਤੇ ਆਰਥਿਕ ਗੋਲ ਸਾਂਝੇ ਹੁੰਦੇ ਹਨ, ਅਤੇ ਇਕ ਦੂਸਰੇ ਦੇ ਸੁਖ ਦੁਖ ਦੀ ਸਾਂਝ ਰਖਦੇ ਹਨ।
ਜੋ ਕੁਝ ਅਸੀਂ ਹੁਣ ਹਾਂ, ਇਹ ਸਾਡੇ ਉਤੇઠ ਪੁਰਖਿਆਂ ਅਤੇ ਹੁਣ ਦੇ ਪਰਿਵਾਰਿਕ ਮੈਂਬਰਾਂ ਦੇ ਪ੍ਰਭਾਵ ਦਾ ਨਤੀਜਾ ਹੈ। ਪਰਿਵਾਰ ਇਕ ਐਸਾ ਪਲੇਟ-ਫ਼ਾਰਮ ਹੈ ਜਿਥੌਂ ਅਸੀਂ ਚੰਗੀਆਂ ਜਾਂ ਭੈੜੀਆਂ ਗਲਾਂ ਸਿਖਦੇ ਹਾਂ। ਪਰਿਵਾਰਕ ਮੂਲ ਤੋਂ ਹੀ ਅਸੀਂ ਗਲਾਂ ਕਰਨੀਆਂ, ਹਾਵ ਭਾਵ, ਸਮਾਜਿਕ ਕਦਰਾਂ ਕੀਮਤਾਂઠ ਸਿਖੀਆਂ। ਪਰਿਵਾਰ ਦੇ ਪਾਲਣ ਪੋਸਣ ਦੇ ਢੰਗ ਤੋਂ ਹੀ ਮਨੁੱਖ ਸਵੈ-ਅਭਿਮਾਨ ਵਰਗੀਆਂ ਖਸਲਤਾਂ ਦਾ ਮਾਲਕ ਬਣਦਾ ਹੈ। ਜਿਸ ਬੱਚੇ ਦੀ ਪਾਲਣਾ ਪਿਆਰ ਨਾਲ ਹੋਵੇਗੀ, ਉਹ ਜ਼ਿੰਦਗੀ ਵਿੱਚ ਆਪਣੇ ਆਪ ਵਿੱਚ ਸੁਰੱਖਿਆ ਦੀ ਭਾਵਨਾ ਰਖਦਾ ਹੈ, ਉਸ ਅੰਦਰ ਪ੍ਰਬਲ ਸਵੈ-ਅਭਿਮਾਨ ਦੀ ਭਾਵਨਾ ਹੁੰਦੀ ਹੈ। ਪਰ ਪਿਆਰ ਤੋਂ ਵਾਂਝੇ ਬੱਚੇ ਇਸ ਪੱਖੋਂ ਕਮਜ਼ੋਰ ਤੇ ਆਤਮ ਵਿਸ਼ਵਾਸ ਤੋਂ ਸਖਣੇ ਰਹਿ ਜਾਂਦੇ ਹਨ। ਜਿਹਨਾਂ ਘਰਾਂ ਵਿੱਚ ਨਸ਼ਿਆਂ ਦੀ ਵਰਤੋਂ ਹੁੰਦੀ ਹੋਵੇ, ਘਰੇਲੂ ਕਲੇਸ਼ ਜਾਂ ਮਾਤਾ-ਪਿਤਾ ਵਿਚ ਕੋਈ ਹੋਰ ਕਮਜ਼ੋਰੀਆਂ ਹੋਣ ਤਾਂ ਅਜਿਹੇ ਘਰਾਂ ਦੇ ਬੱਚੇ ਜਾਂ ਤਾਂ ਮਾਨਸਿਕ ਤੌਰ ‘ਤੇ ਪੱਛੜ ਜਾਣਗੇ ਜਾਂ ਫਿਰ ਅਨੈਤਿਕ ਕਾਰਵਾਈਆਂ ਵਿੱਚ ਗ੍ਰਸੇ ਜਾਂਦੇ ਹਨ।
ਆਓ, ਹੁਣ ਭਾਰਤੀ ਸਭਿਆਚਾਰ ਦੀ ਦ੍ਰਿਸ਼ਟੀ ਵਿੱਚ ਵੀ ਪ੍ਰੀਵਾਰਕ ਜੀਵਨ ਬਾਰੇ ਵਿਚਾਰ ਕਰ ਲਈਏ।
ਵੈਦਿਕ ਆਸ਼ਰਮ ਸਿਸਟਮ ਬਾਰੇ ਮਨੂੰ-ਸਿਮਰਤੀ ਦਸਦੀ ਹੈ ਕਿ ਇਕ ਹਿੰਦੂ ਨੂੰ ਬ੍ਰਹਮਚਾਰਿਆ ਤੇ ਗ੍ਰਿਹਸਤ ਦੇ ਪੜਾਅ ਲੰਘਣ ਤੋਂ ਬਾਅਦઠ ਵਾਣਪ੍ਰਸਥ ਆਸ਼ਰਮ ਧਾਰਨ ਕਰਨਾ ਹੁੰਦਾ ਹੈ।
25 ਸਾਲ ਤਕ ਬ੍ਰਹਮਚਾਰਿਆ ਤੇ ਇਸ ਤੋਂ ਅਗੇ 50 ਸਾਲ ਤਕ ਗ੍ਰਿਹਸਤ ਆਸ਼ਰਮ ਧਾਰਨ ਤੇ ਵਾਣਪ੍ਰਸਤ, ਜ਼ਿੰਦਗੀ ਦੇ ਤੀਸਰੇ ਪੜਾਅ ਲਈ ਮੰਨਿਆ ਹੈ ਤੇ ਇਸ ਅਵੱਸਥਾ ਲਈ ਔਸਤਨ ਉਮਰ 50 ਤੋਂ 74 ਸਾਲ, ਉਹਨਾਂ ਮੁਤਾਬਕ ਮਿਥੀ ਗਈ ਹੈ। ਮੰਨੂ ਸਿਮਰਤੀ ਅਨੁਸਾਰ ਇਹਨਾਂ 24/25 ਸਾਲਾਂ ਦੌਰਾਨ ਮਨੁਖ ਦੁਨਿਅਵੀ ਸੁਖ ਤੇ ਰਿਸ਼ਤੇ ਛੱਡ ਕੇ ਜੰਗਲਾਂ ਵਿੱਚ ਜਾਵੇ ਤੇ ਪ੍ਰਭੂ ਭਗਤੀ ਕਰਕੇ ਜੀਵਨ ਸਫ਼ਲਾ ਕਰੇ।
ਗੁਰੂ ਨਾਨਕ ਸਾਹਬਿ ਜੀ ਨੇ ਜੋ ਨਿਰਮਲ ਪੰਥ, ਭਾਵ ਸਿੱਖ ਮੱਤ ਚਲਾਇਆ, ਉਹ ਇਹਨਾਂ ਫਾਰਮੂਲਿਆਂ ਤੋਂ ਉਪਰ ਉਠ ਕੇ ਬੜਾ ਸਰਲ ਜੀਵਨ ਜੀਉਣ ਦੀ ਜਾਚ ਦਸਦਾ ਹੈ। ਵੈਦਿਕ ਸਿਸਟਮ ਅਨੁਸਾਰ ਵਾਣਪ੍ਰਸਤ ਧਾਰਨ ਕਰਨ ਵਾਲਿਆਂ ਦੀ ਗਿਣਤੀ ਨਾਮ ਮਾਤਰ ਰਹੀ, ਭਾਵ ਕਾਮਯਾਬ ਨਾ ਹੋਇਆ। ਚਲੋ ਜੇ ਇਸ ਵੈਦਿਕ ਆਸ਼ਰਮ ਸਿਸਟਮ ਨੂੰ ਮੰਨ ਵੀ ਲਈਏ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਰੱਬੀ ਬੰਦਗੀ 50 ਸਾਲ ਤੋਂ ਸ਼ੁਰੂ ਕਰਨੀ ਹੁੰਦੀ ਹੈ।
ਦੂਸਰਾ ਮੱਤ ਸੀ ਯੋਗੀਆਂ ਦਾ ਜੋ ਕਿ ਗ੍ਰਹਿਸਤ ਨੂੰ ਮੁਕਤੀ ਵਿੱਚ ਵਡੀ ਰੁਕਾਵਟ ਸਮਝਦੇ ਸਨ। ਬਹੁਤੇ ਯੋਗੀ ਤਾਂ ਵਿਆਹ ਹੀ ਨਹੀਂ ਸਨ ਕਰਾਉਂਦੇ ਤੇ ਜਿਹੜੇ ਬਾਲ ਬੱਚਿਆਂ ਵਾਲਿਆਂ ਨੂੰ ਯੋਗ ਮੱਤ ਧਾਰਨ ਕਰਨ ਦੀ ਲਾਗ ਲਗਦੀ, ਉਹ ਬਾਲ ਪਰਿਵਾਰ ਨੂੰ ਤਿਲਾਂਜਲੀ ਦੇ ਕੇ ਜੰਗਲਾਂ ਨੂੰ ਚਲੇ ਜਾਂਦੇ। ਇਹਨਾਂ ਦੇ ਐਨ ਵਿਪਰੀਤ ਗੁਰੂ ਨਾਨਕ ਸਾਹਿਬ ਜੀ ਨੇ ਗ੍ਰਹਿਸਤ ਧਰਮ ਨੂੰ ਉਤਮ ਦਸ ਕੇઠ ਨਰੋਏ ਪਰਿਵਾਰ ਸਿਰਜਣ ਦੀ ਜਾਚ ਸਿਖਾਈ। ਧਾਰਮਿਕ ਪਰਵਿਰਤੀਆਂ ਲਈ ਉਮਰ ਦੀ ਹੱਦ ਨਹੀਂ ਮਿਥੀ ਬਲਕਿ ਜ਼ਿੰਦਗੀ ਦੇ ਹਰੇਕ ਸੁਆਸ ਨੂੰ ਰੱਬੀ ਭੈ ਭਾਵਨੀ ਵਿੱਚ ਰਹਿਣ ਦੀ ਗਲ ਸਮਝਾਈ।
ਦੂਸਰੀ ਗਲ ਨੋਟ ਕਰਨ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਮੱਤ ਕੇਵਲ ਪਰਮਾਰਥ ਤਕ ਸੀਮਤ ਨਹੀਂ ਸੀ। ਗੁਰੂ ਸਾਹਿਬਾਨ ਨੇ ਆਪੋ ਆਪਣੇ ਜੀਵਨ ਕਾਲ ਵਿੱਚ ਅਤੇ ਗੁਰਬਾਣੀ ਰਾਹੀਂ ਮਨੁੱਖ ਮਾਤਰ ਦੀ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਸੀ, ਹਰੇਕ ਪੱਖ ਤੇ ਅਗਵਾਈ ਕੀਤੀ ।
ਗੁਰੁ ਉਪਦੇਸ਼ ਤੇ ਚਲਣ ਵਾਲੇ ਸਿੱਖ ਪਰਿਵਾਰ ਇਕ ਟ੍ਰੇਨਿੰਗ ਸਕੂਲ ਹਨ ਜਿਸ ਵਿਚ ਇਸ ਦੇ ਮੈਂਬਰਾਂ ਲਈ ਸਮਾਜਿਕ, ਆਰਥਿਕ ਤੇ ਰਾਜਸੀ ਜੀਵਨ ਜਾਚ ਦੀਆਂ ਨੀਂਹਾਂ ਉਸਾਰੀਆਂ ਜਾਂਦੀਆਂ ਹਨ। ਇਸ ਸਕੂਲ ਵਿੱਚ ਸੇਵਾ ਤੇ ਪਰ-ਉਪਕਾਰੀ ਜੀਵਨ ਦੀ ਘਾੜਤ ਘੜੀ ਜਾਂਦੀ ਹੈ। ਜਨਮ ਤੋਂ ਹੀ ਪਰਿਵਾਰ ਵਿੱਚ ਪੈਦਾ ਹੋਏ ਬੱਚੇ ਦੇ ਮਨ ਵਿਚ ਧਾਰਮਿਕ, ਸਦਾਚਾਰਕ ਜੀਵਨ ਤੇ ਇਕ ਦੂਸਰੇ ਲਈ ਜੀਉਣ ਦੇ ਬੀਜ ਬੀਜੇ ਜਾਂਦੇ ਹਨ। ਗੁਰੂ ਅਰਜਨ ਸਾਹਿਬ, ਬਾਬਾ ਮਨੀ ਸਿੰਘ ਜੀ ਦੀਆਂ ਸ਼ਹਾਦਤਾਂ ਦਾ ਪ੍ਰੇਰਾਣਿਕ ਮੂਲઠ ਪਰਿਵਾਰਿਕ ਜਜ਼ਬਾ ਹੀ ਸੀ।
ਐਸੇ ਆਦਰਸ਼ਕ ਪਰਿਵਾਰ ਆਪਣੀ ਵਿਤ ਅਨੁਸਾਰ ਬੱਚਿਆਂ ਨੂੰ ਵਿਦਿਆ ਦੇ ਕੇ ਤੇ ਉਹਨਾਂ ਨੂੰ ਆਪਣੇ ਪੈਰਾਂ ਤੇઠ ਖੜੇ ਕਰਦੇ ਹਨ। ਸਿੱਖ ਪਰਿਵਾਰਾਂ ਵਿਚ ਬੱਚਿਆਂ ਦੀ ਸਹਿਮਤੀ ਨਾਲ ਉਹਨਾਂ ਦਾ ਅਨੰਦ ਕਾਰਜ ਮਾਤਾ ਪਿਤਾ ਕਰਦੇ ਹਨ। ਸਿੱਖ ਮੱਤ ਵਿੱਚ ਅਨੰਦ ਕਾਰਜ ਇਕ ਦੁਨਿਆਵੀ ਕਾਰਜ ਨਹੀਂ ਸਗੋਂ ਇਕ ਪਵਿਤਰ ਬੰਧਨ ਹੈ ਜਿਹੜਾ ਸੰਸਾਰ ਦੇ ਕਾਰਜ ਕਰਦਿਆਂ ਨਿਰੰਕਾਰ ਨਾਲ ਜੁੜਨ ਦਾ ਮਾਰਗ ਬਣ ਜਾਂਦਾ ਹੈ ਬ-ਸ਼ਰਤਿ ਇਸ ਪਵਿਤਰ ਬੰਧਨ ਨੂੰ ਪਵਿਤਰਤਾ ਨਾਲ ਨਿਭਾਈਏ।
ਮ: ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ (ਪੰਨਾ 788)
ਇਸ ਤਰਾ੍ਹਂ ਦੋ ਸਰੀਰ ਇਕ ਮੂਰਤੀ ਹੀ ਨਹੀਂ, ਦੋ ਪਰਿਵਾਰ ਵੀ ਇਕ ਹੋ ਜਾਂਦੇ ਹਨ। ਸੱਚ ਤੇ ਆਧਾਰਿਤ ਮਰਿਆਦਾ-ਬੱਧ ਪਿਆਰ ਵਾਲਾ ਜੀਵਨ ਜੀਉਣ ਵਾਲੇ ਮਾਤਾ ਪਿਤਾ ਰੋਲ ਮਾਡਲ ਹੁੰਦੇ ਹਨ ਜੋ ਕਿ ਨਰੋਆ ਸਮਾਜ ਸਿਰਜਣ ਵਾਲੇ ਬੱਚਿਆਂ ਦੇ ਪਾਲਣ ਲਈ ਵਧੀਆ ਨਰਸਰੀ ਹਨ। ਐਸੇ ਪਰਿਵਾਰਾਂ ਦੇ ਬੱਚੇ ਜਵਾਨ ਹੋ ਕਿ ਜ਼ਿਮੇਵਾਰ ਇਨਸਾਨ ਬਣਦੇ ਹਨ ਤੇ ਮਾਤਾ ਪਿਤਾ ਦੀ ਹੀ ਨਹੀਂ ਸਮਾਜ ਦੇ ਹਰੇਕ ਪ੍ਰਾਣੀ ਦਾ ਬਣਦਾ ਸਤਿਕਾਰ ਕਰਦੇ ਹਨ।
ਇਹ ਤਾਂ ઠਹੈ ਇਕ ਆਦਰਸ਼ਕ ਪਰਿਵਾਰ ਦੀ ਮਿਸਾਲ, ਪਰ ਪਦਾਰਥਵਾਦ, ਫੈਸ਼ਨਵਾਦ ਤੇ ਸਰੀਰਕ ਚਸਕਿਆਂ ਨੇ ਸਾਡੇ ਸਮਾਜ ਦਾ ਸੰਤੁਲਨ ਹੀ ਵਿਗਾੜ ਕੇ ਰੱਖ ਦਿਤਾ ਹੈ, ਅਤੇ ਅਜਿਹੇ ਆਦਰਸ਼ਕ ਪਰਿਵਾਰਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਪੱਛਮੀ ਸਭਿਅਤਾ ਦੀ ਹਨੇਰੀ ਨੇ ਸਾਡੀਆਂ ਸਮਾਜਿਕ ਤੇ ਧਾਰਮਿਕ ਕਦਰਾਂ ਕੀਮਤਾਂ ਨੂੰ ਬਹੁਤ ਧੱਕਾ ਮਾਰਿਆ ਹੈ। ਮਾਤਾ-ਪਿਤਾ ਖੁਦ ਧਾਰਮਿਕ ਰੁਚੀਆਂ ਵਾਲੇ ਨਾ ਹੋਵਣ ਤਾਂ ਉਹ ਬੱਚਿਆਂ ਤੋਂ ਕੀ ਆਸ ਰਖਦੇ ਹਨ। ਜੇਕਰ ਪਿਤਾ ਨਸ਼ੇ ਕਰਦਾ ਹੈ,ઠ ਮਾਂ ਸਤਿਸੰਗ ਦੀ ਥਾਂ ਕਿਟੀਆਂ ਤੇ ਕਲੱਬਾਂ ਦੀ ਸ਼ੌਕੀਨ ਹੈ ਤਾਂ ਬੱਚਿਆਂ ਤੋਂ ਸੁਖ ਸ਼ਾਂਤੀ ਅਤੇ ਮਾਣ ਸਤਿਕਾਰ ਦੀ ਆਸ ਨਾ ਰਖਣ।
ਘਰੇਲੂ ਮਾਹੌਲ ਦਾ ਬੱਚੇ ਦੇ ਮਾਨਸਿਕ ਵਿਕਾਸ ਨੂੰ ਤਹਿ ਕਰਦਾ ਹੈ। ਤਣਾਵ ਭਰੇ ਮਾਹੌਲ ਵਿੱਚ ਪਲਿਆ ਬੱਚਾ ਤਲਖ, ਗੁਸਤਾਖ਼ ਤੇ ਅਪਰਾਧੀ ਬਿਰਤੀ ਵਾਲਾ ਵੀ ਬਣ ਸਕਦਾ ਹੈ। ਬੱਚਾ ਜਿਤਨੀ ਕੱਚੀ ਉਮਰ ਦਾ ਹੋਵੇ ਘਰੇਲੂ ਸ਼ਾਂਤ ਜਾਂ ਅਸ਼ਾਂਤ ਵਾਤਾਵਰਨ ਦਾ ਉਤਨਾਂ ਹੀ ਡੂੰਘਾ ਪ੍ਰਭਾਵઠ ਉਸ ਦੇ ਦਿਲ-ਦਿਮਾਗ ਤੇ ਸਦਾ ਲਈ ਉਕਰਿਆ ਜਾਂਦਾ ਹੈ ਜਿਸਨੂੰ ਬਦਲਣਾ ਬਹੁਤ ਔਖਾ ਹੋ ਜਾਂਦਾ ਹੈ। ਅਜਿਹੇ ਬੱਚੇ ਵਡੇ ਹੋ ਕੇ ਆਪਣੀਆਂ ਜ਼ਿਮੇਵਾਰੀਆਂ ਨਹੀਂ ਨਿਭਾਉਂਦੇ।
ਡਾ: ਹਰਸ਼ਿੰਦਰ ਕੌਰ ਨੇ ਇਕ ਲੇਖ ਵਿੱਚ ਬੜੀ ਦਰਦਨਾਕ ਘਟਨਾ ਲਿਖੀ ਹੈ ਜੋ ਇਥੇ ਦਸਣੀ ਜ਼ਰੂਰੀ ਸਮਝਦਾ ਹਾਂ। ਉਹਨਾਂ ਅਨੁਸਾਰ ਭਗਤ ਪੂਰਨ ਸਿੰਘ ਜੀ ਨੂੰ ਇਕ ਬਜ਼ੁਰਗ ਮਿਲਿਆ ਜੋ ਕਿ ਬਾਵਰਿਆਂ ਵਾਂਗ ਫਿਰ ਰਿਹਾ ਸੀ ਤੇ ਬੋਲੇ ਕੁਝ ਨਾ। ਇਸ ਬਜ਼ੁਰਗ ਕੋਲ ਕੇਵਲ ਇਕ ਡਾਇਰੀ ਤੋਂ ਇਲਾਵਾ ਕੁਝ ਨਹੀਂ ਸੀ। ਡਾਇਰੀ ਵਿੱਚ ਉਸ ਨੇ ਆਪਣੇ ਜੀਵਨ ਦੀਆਂ ਕੁਝ ਯਾਦਾਂ ਲਿਖੀਆਂ ਹੋਈਆਂ ਸਨ। ਇਕ ਥਾਂ ਤੇ ਲਿਖਿਆ ਸੀ,
”ਅੱਜ ਮੇਰੇ ਵਡੇ ਪੁੱਤਰ ਨੇ ਮੈਂਨੂੰ ਪਿੱਠ ਤੇ ਧੱਕਾ ਮਾਰ ਕੇ ਘਰੋਂ ਕਢ ਦਿਤਾ। ਮੈਂ ਯਾਦ ਕਰ ਰਿਹਾ ਹਾਂ ਕਿ ਇਸੇ ਪਿੱਠ ਤੇ ਚੁੱਕ ਕੇ ਆਪਣੇ ਲੜਕੇ ਨੂੰ ਸਕੂਲ ਲੈ ਕੇ ਜਾਂਦਾ ਤਾਂ ਮੇਰੀ ਪਿੱਠ ਦੁਖਣ ਲਗ ਜਾਂਦੀ ਤਾਂ (ਮੇਰੀ ਪਤਨੀ) ਸਵਰਨ ਕਹਿੰਦੀ, ਕੋਈ ਗਲ ਨਹੀਂ ਵਡਾ ਹੋ ਕੇ ਇਹ ਤੇਰੀ ਪਿੱਠ ਘੁਟਿਆ ਕਰੇਗਾ”।
ਇਕ ਹੋਰ ਪੰਨੇ ਤੇ ਲਿਖਿਆ ਸੀ, ਕਿ ਮੇਰੀ ਪਤਨੀ ਛੋਟੇ ਪੁਤਰ ਨੂੰ ਬੜਾ ਪਿਆਰ ਕਰਦੀ ਤੇ ਆਪਣੀ ਰੋਟੀ ਦਾ ਹਿੱਸਾ ਵੀ ਉਸ ਨੂੰ ਚੋਰੀ ਛਿਪੇ ਖੁਆਉਂਦੀ ਪਰ ਅੱਜ ਮੇਰੇ ਉਸੇ ਛੋਟੇ ਪੁਤਰ ਨੇ ਆਪਣੀ ਮਾਂ ਨੂੰ ਕਿਹਾ, ”ਆਪਣੀ ਰੋਟੀ ਦਾ ਆਪ ਪ੍ਰਬੰਧ ਕਰ, ਕੋਈ ਕੰਮ ਕਰ ਲੈ, ਸਾਡੇ ਕੋਲੋਂ ਤੁਹਾਨੂੰ ਰੋਟੀਆਂ ਨਹੀਂ ਖੁਆ ਹੁੰਦੀਆਂ”।
ਇਹ ਕੋਈ ਵਿਕਲੋਤਰੀ ਘਟਨਾ ਨਹੀਂ, ਬਿਰਧ ਆਸ਼ਰਮਾਂ ਵਿੱਚ ਕਈ ਅਜਿਹੇ ਬਜ਼ੁਰਗ ਰੁਲਦੇ ਦੇਖੇ ਜਾ ਸਕਦੇ ਹਨ। ਇਹਨਾਂ ਦੇ ਕਾਰਨ ਲਭਣ ਦੀ ਲੋੜ ਹੈ।
ਸਿੱਖ ਪਰਿਵਾਰ ਜੋ ਸ਼ਬਦ ਗੁਰੁ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅਖਵਾਉਂਦੇ ਜਾਂ ਦਿਸਦੇ ਹੋਣ, ਉਹਨਾਂ ਪਰਿਵਾਰਾਂ ਵਿੱਚ ਕਲੇਸ਼ ਕਿਉਂ ਹੈ,ઠ ਇਹ ਸੋਚਣ ਦਾ ਮਸਲਾ ਹੈ। ਇਸ ਦਾ ਕਾਰਨ ਇਕੋ ਹੀ ਹੈ ਕਿ ਅਸੀਂ ਗੁਰਬਾਣੀ ਦੇ ਉਪਦੇਸ਼ ਨੂੰ ਸੁਣਦੇ ਤਾਂ ਹਾਂ ਪਰ ਕਮਾਉਂਦੇ ਨਹੀਂ ਤੇ ਰਹਿਤ ਮਰਿਆਦਾ ਅਨੁਸਾਰ ઠਚਲਦੇ ਨਹੀਂ। ਉਦਾਹਰਣ ਵਜੋਂ ਬੱਚਿਆਂ ਦਾ ਅਨੰਦ ਕਾਰਜ ਕਿਸੇ ਵੀ ਪਰਿਵਾਰ ਵਿੱਚ ਬੜਾ ਅਨੰਦ ਦਾ ਤੇ ਅਹਿਮ ਕਾਰਜ ਹੈ, ਪਰ ਜੋ ਅੱਜ ਅਸੀਂ ਦੇਖ ਰਹੇ ਹਾਂ ਕਿ ਕਾਫ਼ੀ ਪਰਿਵਾਰਾਂઠ ਵਿੱਚ ਵਿਆਹ ਤੋਂ ਬਾਅਦ ਝਗੜੇ ਤੇ ਕਲੇਸ਼ ਖੜ੍ਹੇ ਹੋ ਜਾਂਦੇ ਹਨ। ਆਮ ਤੌਰ ਤੇ ਕਾਰਨ ਸਾਡੀ ਲਾਲਚੀ ਬਿਰਤੀ ਹੈ- ਦਾਜ ਵਿਚ ਏਹ ਚੀਜ਼ ਨਹੀਂ ,ਓਹ ਚੀਜ਼ ਨਹੀਂ ਆਈ…..ਕਾਸ਼! ਸਾਨੂੰ ਗੁਰਬਾਣੀ ਦੇ ਇਹ ਬੋਲ ਹਮੇਸ਼ਾਂ ਯਾਦ ਰਹਿਣ
ਮ: 3 ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥3॥ (ਪੰਨਾ 788)
ਦਾਜ ਦਾ ਲਾਲਚ ਤਾਂ ਮਨੁਖ ਨੂੰ ਦਰਿੰਦਾ ਬਣਾ ਦਿੰਦਾ ਹੈ ਤੇ ਕਈ ਬੱਚੀਆਂ ਨੂੰ ਮੌਤ ਦੇ ਮੂੰਹ ਧਕ ਦਿੰਦੇ ਹਨ…..ਇਸੇ ਲਈ ਗੁਰਬਾਣੀ ਵਿੱਚ ਸਾਨੂੰ ਸਾਵਧਾਨ ਕੀਤਾ ਹੈ ਕਿ:
ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥ (1417)
ਪਰਿਵਾਰਕ ਸੰਤੁਲਨ
ਪ੍ਰੀਵਾਰ ਇਕ ਅਜਿਹੀ ਸੰਸਥਾ ਹੈ ਜੋ ਪ੍ਰਾਣੀ ਨੂੰ ਨਿਘ ਤੇ ਜੀਵਨ-ਰੌਅ ਬਖਸ਼ਦੀ ਹੈ। ਨਾਲ ਦੇ ਨਾਲ ਉਸ ਨੂੰ ਦੁਨਿਆਵੀ ਵੰਗਾਰਾਂ ਦਾ ਸਾਹਮਣਾ ਕਰਨ ਦੇ ਸਮਰੱਥ ਵੀ ਬਣਾਉਂਦੀ ਹੈ। ਇਹ ਸਾਰਾ ਢਾਂਚਾ ਪਿਆਰ ਅਤੇ ਇਤਬਾਰ ਉਤੇ ਖੜੋਤਾ ਹੈ। ਪ੍ਰਸਪਰ ਪਿਆਰ ਵਿਚ ਥੋੜੀ ਜਿਹੀ ਤਰੇੜ ਵੀ ਪਰਿਵਾਰਿਕ ਢਾਂਚੇ ਨੂੰ ਵਿਗਾੜ ਕੇ ਰੱਖ ਸਕਦੀ ਹੈ।ਬਾਬਾ ਫ਼ਰੀਦ ਜੀ ਦੇ ਬਚਨ ਹਨ:
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥ (ਪੰਨਾ 1384)
ਇਸ ਲਈ ਘਰ ਦੇ ਹਰ ਮੈਂਬਰ ਨੂੰ ਪੂਰਨ ਸਤਿਕਾਰ ਤੇ ਪਿਆਰ ਦੇਣ ਦੀ ਲੋੜ ਹੈ।ਆਪਣੇ ਸਤਿਕਾਰ ਅਤੇ ਪਿਆਰ ਦੀ ਇੱਛਾ ਤਾਂ ਹਰ ਕੋਈ ਰਖਦਾ ਹੈ ਪਰ ਦੂਸਰੇ ਦੇ ਸਤਿਕਾਰ ਦੀ ਪ੍ਰਵਾਹ ਨਹੀਂ। ਗੁਰਬਾਣੀ ਦਾ ਫ਼ੁਰਮਾਣ ਤਾਂ ਹੈ:
ਪ੍ਰਭਾਤੀ ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਪਰ ਸਾਡੇ ਵਿੱਚ ਤਾਂ ਆਪ ਤੋਂ ਛੋਟਿਆਂ ਨੂੰ ਹਮੇਸ਼ਾਂ ਹੁਕਮਰਾਨ ਲਹਿਜੇ ‘ਚ ਹੀ ਬੁਲਾਇਆ ਜਾਂਦਾ ਹੈ….ਭਲਾ ਕਿਉਂ…..? ਉਹਨਾਂ ਦਾ ਕੇਵਲ ਇਹ ਹੀ ਕਸੂਰ ਹੈ ਕਿ ਉਹ ਕੁਝ ਸਾਲ ਬਾਅਦ ਜੰਮੇ ਹਨ।
ਅਨਮਤੀਆਂ ਵਿੱਚ ਔਰਤ ਦੀ ਬੇਕਦਰੀ ਸੀ, ਔਰਤ ਹਵਨ ਜਾਂ ਯੱਗ ਤੇ ਕਈ ਹੋਰ ਧਾਰਮਿਕ ਰਸਮਾਂ ਵਿੱਚ ਹਿੱਸਾ ਨਹੀਂ ਲੈ ਸਕਦੀ ਸੀ, ਪੈਰ ਦੀ ਜੁਤੀ ਤਕ ਸਮਝਿਆ ਜਾਂਦਾ ਸੀ, ਕਈਆਂ ਮੱਤਾਂ ਵਿੱਚ ਅੋਰਤ ਦੀ ਵੋਟ ਅੱਧੀ ਮੰਨੀ ਜਾਂਦੀ ਸੀ, ਪਰ ਗੁਰੂ ਸਾਹਿਬਾਨ ਨੇ ਇਸਤਰੀ ਦਾ ਪੂਰਨ ਸਤਿਕਾਰ ਤੇ ਬਰਾਬਰ ਦੇ ਅਧਿਕਾਰ ਦਾ ਉੋਪਦੇਸ਼ ਦਿਤਾ। ਹਰੇਕ ਪੱਖ ਤੋਂ ਉਨਤੀ ਦੇ ਬਾਵਜੂਦ ਇਸਤਰੀ ਬਾਰੇ ਸਾਡਾ ਸਲੂਕ ਕੀ ਹੈ ….? ਵਿਸਥਾਰ ਵਿੱਚ ਲਿਖਣ ਦੀ ਲੋੜ ਨਹੀਂ। ਬਾਕੀ ਗਲਾਂ ਛੱਡੋ, ਇਸਤਰੀ ਜਦ ਵੀ ਪਤੀ ਜਾਂ ਵਡੇਰੇ ਨੂੰ ਸੰਬੋਧਨ ਕਰੇਗੀ ਤਾਂ ਉਸਦੇ ਬੋਲ ਸਤਿਕਾਰ ਭਰੇ ਹੋਣਗੇ ਪਰ ਮਰਦ ਦੇ ਬੋਲ ਇਸਤਰੀ ਪ੍ਰਤੀ ਰੁਖੇ ਤੇ ਖਰਵੇ ਕਿਉਂ ਹੁੰਦੇ ਹਨ….?ઠ ਸਪੱਸ਼ਟ ਹੈ ਕਿ ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥ (988) ਕੇਵਲ ਗੁਰਦੁਆਰਿਆਂ ਵਿੱਚ ਹੀ ਅਸੀਂ ਉਚੀ ਉਚੀ ਜ਼ਰੂਰ ਬੋਲਦੇ ਹਾਂ, ਪਰઠ ਘਰਾਂ ਵਿਚ ਆ ਕੇ ਜ਼ਿੰਦਗੀ ਵਿਚ ਅਪਣਾਉਂਦੇ ਨਹੀਂ । ਅਸੀਂ ਕੇਵਲ ਥਿਊਰੀ ਦੇ ਸਿੱਖ ਹਾਂ, ਪ੍ਰੈਕੀਟਕਲ ਵਿਚੋਂ ਫ਼ੇਲ………..।
ਬੱਚਿਆਂ ਵਲੋਂ ਵੀ ਮਾਤਾ ਪਿਤਾ ਨੂੰ ਰੱਜ ਕੇ ਪਿਆਰ ਤੇ ਸਤਿਕਾਰ ਦਿਤਾ ਜਾਵੇ। ਕੋਈ ਬੱਚਾ ਵੀ ਮਾਤਾ ਪਿਤਾ ਦਾ ਕਰਜ਼ਾ ਤਾਂ ਨਹੀਂ ਉਤਾਰ ਸਕਦਾ ਪਰ ਬਿਰਧ ਅਵੱਸਥਾ ਵਿਚ ਪੁਜੇ ਮਾਤਾ-ਪਿਤਾ, ਦਾਦਾ ਦਾਦੀ ਦੀ ਸੇਵਾ ਕਰਕੇ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰ ਸਕਦਾ ਹੈ। ਜੇਕਰ ਆਪਣੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਚਾਹੁੰਦੇ ਹਾਂ ਤਾਂ ਹਰੇਕ ਜੀਅ ਵਿੱਚ ਰੱਬ ਦੀ ਜੋਤ ਨੂੰ ਪਹਿਚਾਣੀਏ, ਘਰ ਦੇ ਜੀਆਂ ਨਾਲ ਕੇਵਲ ਸਰੀਰਕ ਰਿਸ਼ਤਾ ਨਾ ਸਮਝੀਏ, ਇਹ ਵੀ ਗੁਰੂ ਦੀ ਸੰਗਤ ਹੈ, ਜਿਸ ਤਰਾ੍ਹਂ ਗੁਰਦੁਆਰਾ ਸਾਹਿਬ ਵਿਚ ਹਰੇਕ ਇਸਤਰੀ, ਪੁਰਸ਼, ਛੋਟੇ ਵਡੇ ਦਾઠ ਅਦਬ ਕਰਦੇ ਹਾਂ, ਘਰਾਂ ਵਿੱਚ ਜੇ ਅਜਿਹਾ ਵਰਤਾਰਾ ਸ਼ੁਰੂ ਕਰ ਦੇਈਏ ਤਾਂ ਸਾਡਾ ਘਰ ਵੀ ਧਰਮਸ਼ਾਲ ਬਣ ਜਾਵੇਗਾ:
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨ ਸਦਾ ਵਸੋਆ॥
ਇਹ ਗਲ ਨਹੀਂ ਭੁਲਣੀ ਚਾਹੀਦੀ ਕਿ ਗੁਰਦੁਆਰਾ ਪਾਠਸ਼ਾਲਾ ਹੈ, ਉਥੇ ਅਸੀਂ ਸਬਕ ਸਿਖਣ ਲਈ ਆਉਂਦੇ ਹਾਂ ਜਿਹੜਾ ਕਿ ਜੀਵਨ ਵਿਚ ਅਪਨਾਉਣ ਨਾਲ ਹੀ ਕੋਈ ਲਾਭ ਹੋ ਸਕਦਾ ਹੈ। ਉਦਾਹਰਣ ਵਜੋਂ ਗੁਰਦੁਆਰਾ ਸਾਹਿਬ ਅਸੀਂ ਸੰਗਤਾਂ ਦੇ ਜੂਠੇ ਬਰਤਨ ਮਾਂਜਦੇ ਹਾਂ, ਲੰਗਰ ਵਰਤਾਉਂਦੇ ਹਾਂ ਪਰ ਘਰ ਵਿਚ ਆਪਣੇ ਲਈ ਪਾਣੀ ਦਾ ਗਿਲਾਸ ਭਰਨਾ ਮਰਦਾਊ-ਪੁਣੇ ਨੂੰ ਠੇਸ ਸਮਝਦੇ ਹਾਂ ਤੇ ਪਾਣੀ ਪੀਣ ਤੋਂ ਬਾਅਦ ਖਾਲੀ ਗਿਲਾਸ ਵੀ ਚੁਕਣਾ ਕੇਵਲ ਔਰਤਾਂ ਦਾ ਕੰਮ ਸਮਝਦੇ ਹਾਂ।
ਇਸੇ ਤਰ੍ਹਾਂ ਸਤਿਸੰਗਤ ਵਿੱਚ ਤਾਂ ਅਸੀਂ ਮਿੱਠੇ ਮਿਠੇ ਬੋਲ ਬੋਲਦੇ ਹਾਂ ਪਰ ਘਰਾਂ ਵਿੱਚ ਸਾਡੀ ਬੋਲੀ ਹੀ ਹੋਰ ਹੁੰਦੀ ਹੈ। ਇਸ ਲਈ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜੋ ਸਿਖੀਏ, ਉਸ ਨੂੰ ਸਮਾਜਿਕ ਵਰਤਾਰੇ ਵਿੱਚ ਪ੍ਰੈਕਟੀਕਲੀ ਅਪਣਾਈਏ। ਗੁਰੂ ਨਾਨਕ ਸਾਹਿਬ ਜੀ ਨੇ ਇਸ ਲਈ ਖਬਰਦਾਰ ਕੀਤਾ ਹੈ:
ਮ: ੧ ॥ ਗਲੀ. ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ (85)
ਘਰ ਦੇ ਜੀਆਂ ਵਿਚ ਰਬ ਦੇਖੋ, ਸੰਸਾਰਕ ਰਿਸ਼ਤਾ ਪਿਓ/ਪੁਤਰ, ਪਤੀ/ਪਤਨੀ, ਨੂੰਹ/ਸੱਸ ਦਾ ਹੈ ਪਰ ਪਰਮਾਰਥ ਦੀ ਲੋਅ ਵਿੱਚ ਤਾਂ ਸੱਭ ਰੱਬੀ ਜੋਤ ਹਨ
ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ (13)
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥ (485)
ਪਰ ਘਰ ਪਹੁੰਚਦਿਆਂ ਹੀ ਪਤਾ ਨਹੀਂ ਇਹ ਤੁਕਾਂ ਕਿਉਂ ਨਹੀਂ ਯਾਦ ਰਹਿੰਦੀਆਂ। ਪਹਿਲਾਂ ਘਰ ਤੋਂ ਸ਼ੁਰੂ ਕਰੀਏ, ਉਹਨਾਂ ਵਿੱਚ ਰੱਬ ਦੇਖੀਏ ਤੇ ਆਹਿਸਤਾ ਆਹਿਸਤਾ ਸਾਡੀ ਸੋਚਣੀ ਬਦਲ ਜਾਵੇਗੀ ਤੇ ਸਾਨੂੰ ਸਾਰੇ ਸਮਾਜ ਵਿੱਚੋਂ ਰੱਬੀ ਜੋਤ ਦਾ ਅਨੁਭਵ ਹੋਵੇਗਾ।
ਇਹ ਗਲਾਂ ਲਿਖਣੀਆਂ ਤੇ ਪੜ੍ਹਨੀਆਂ ਜਿਤਨੀਆਂ ਆਸਾਨ ਹਨ, ਅਪਨਾਉਣੀਆਂ ਉਤਨੀਆਂ ਸੌਖੀਆਂ ਨਹੀਂ।
ਇਸ ਵਿੱਚ ਵੱਡਾ ਅੜਿਕਾ ਹੈ ਸਾਡੀ ਅਹੰਤਾ ਜਾਂ ਮੈਂ ਮੇਰੀ ਦੀ ਭਾਵਨਾ। ਜੇ ਘਰੇਲੂ ਕਲੇਸ਼ ਮੁਕਾਉਣਾ ਚਾਹੁੰਦੇ ਹਾਂ ਤਾਂ ਇਸ ਬਿਰਤੀ ਤੋਂ ਨਿਜਾਤ ਪਾਉਣੀ ਪਵੇਗੀ।
ਆਓ, ਗੁਰਬਾਣੀ ਦੀ ਸੇਧ ਵਿੱਚ ਆਦਰਸ਼ਕ ਸਿੱਖ ਪਰਿਵਾਰਾਂ ਦੀ ਸਿਰਜਣਾ ਵੱਲ ਅੱਜ ਤੋਂ ਹੀ ਕਦਮ ਪੁਟਣਾ ਸ਼ੁਰੂ ਕਰੀਏ।
[email protected]

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …