ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ ।
ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ ।
ਵਿੱਛੜੀਆਂ ਕੁਝ ਮਜਲਸਾਂ ‘ਤੇ ਉੱਠ ਗਏ ਕੁਝ ਗਾਉਣ ਹੋ,
ਪਰ ਸਮਾਂ ਹੈ ਸਮਝਦਾ, ਸੱਦ ਸਮੇਂ ਦੀ ਲਾਉਣ ਹੋ,
ਵਿਚ ਝਨਾਂ ਦੇ ਰੂਪ ਖਰਿਆ, ਇਸ਼ਕ ਤਾਂ ਖਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ………………
ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ,
ਉਹ ਕੀ ਜਾਣੇ ਤਲੀਆਂ ‘ਤੇ ਵੀ ਉੱਗ ਖਲੋਂਦੇ ਸੀਸ ਹੋ,
ਵਰਮੀਆਂ ‘ਤੇ ਵਾਸ ਜਿਸ ਦਾ ਨਾਗ ਤੋਂ ਡਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ………………
ਝਾਂਬਿਆਂ ਦੇ ਨਾਲ ਬੇਸ਼ੱਕ ਝੜ ਗਏ ਕੁਝ ਗੀਤ ਹੋ,
ਸੰਗ ਸਿਰਾਂ ਦੇ ਸਿਦਕ ਦੀ ਪਰ ਓੜਕ ਨਿਬਹੀ ਪ੍ਰੀਤ ਹੋ,
ਰਾਤ ਚੰਨ ਦੀ ਮੌਤ ਜਰ ਜੇ, ਸੂਰਜ ਤਾਂ ਜਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ………………