ਕਸ਼ਮੀਰ ਘਾਟੀ ਦੇ ਉੜੀ (ਬਾਰਾਮੂਲਾ) ਖੇਤਰ ਵਿਚ ਐਤਵਾਰ ਰਾਤੀਂ ਕੰਟਰੋਲ ਰੇਖਾ ਨੇੜੇ ਭਾਰਤੀ ਥਲ ਸੈਨਾ ਦੇ ਬ੍ਰਿਗੇਡ ਹੈੱਡਕੁਆਰਟਰ ਦੇ ਬਾਹਰਵਾਰ ਹੋਏ ਫਿਦਾਈਨ ਹਮਲੇ ਵਿਚ ਭਾਰਤ ਦੇ 18 ਫ਼ੌਜੀਆਂ ਦੇ ਮਾਰੇ ਜਾਣ ਤੇ 20 ਤੋਂ ਵੱਧ ਜ਼ਖ਼ਮੀ ਹੋਣ ਦੀ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਬੇਹੱਦ ਤਣਾਅ ਬਣ ਗਿਆ ਹੈ। ਇਸ ਹਮਲੇ ਤੋਂ ਬਾਅਦ ਬੇਸ਼ੱਕ ਭਾਰਤ ਨੇ 10 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਹੈ ਪਰ ਦੱਖਣੀ ਏਸ਼ੀਆ ‘ਤੇ ਜੰਗ ਦੇ ਬੱਦਲ ਮੰਡਰਾਉਂਦੇ ਨਜ਼ਰ ਆ ਰਹੇ ਹਨ। ਹਮਲਾਗ੍ਰਸਤ ਕੈਂਪ ਕੰਟਰੋਲ ਰੇਖਾ ਤੋਂ ਮਹਿਜ਼ ਢਾਈ ਕਿਲੋਮੀਟਰ ਦੀ ਦੂਰੀ ‘ਤੇ ਹੋਣ ਕਾਰਨ ਭਾਰਤ ਨੇ ਹਮਲਾਵਰਾਂ ਦੇ ਪਾਕਿਸਤਾਨ ਤੋਂ ਆਉਣ ਬਾਰੇ ਦਾਅਵਾ ਕੀਤਾ ਹੈ। ਭਾਰਤੀ ਥਲ ਸੈਨਾ ਦੇ ਤਰਜਮਾਨ ਨੇ ਫਿਦਾਈਨ ਦਾ ਸਬੰਧ ਲਸ਼ਕਰ-ਏ-ਤਇਬਾ ਨਾਲ ਹੋਣ ਦਾ ਦੋਸ਼ ਲਾਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਵਿਚ ਜਵਾਨਾਂ ਦੀਆਂ ਜਾਨਾਂ ਜਾਣ ‘ਤੇ ਅਫ਼ਸੋਸ ਪ੍ਰਗਟਾਉਂਦਿਆਂ ਐਲਾਨ ਕੀਤਾ ਹੈ ਕਿ ਹਮਲੇ ਦੇ ਪਿੱਛੇ ਛੁਪੀਆਂ ਤਾਕਤਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ। ਇਸ ਐਲਾਨ ਰਾਹੀਂ ਉਨ੍ਹਾਂ ਨੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਇਸ ਹਮਲੇ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਜਵਾਬੀ ਕਾਰਵਾਈ ਦੇ ਸੰਕੇਤ ਦਿੱਤੇ ਹਨ। ਥਲ ਸੈਨਾ ਦੇ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ (ਡੀ.ਜੀ.ਐੱਮ.ਓ.) ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਫ਼ੋਨ ਕਰਕੇ ਹਮਲੇ ਵਿਚ ਪਾਕਿਸਤਾਨੀ ਹੱਥ ਹੋਣ ਦੇ ਸਬੂਤਾਂ ਦਾ ਜ਼ਿਕਰ ਕੀਤਾ। ਉਧਰ ਪਾਕਿਸਤਾਨੀ ਹਵਾਈ ਸੈਨਾ ਨੂੰ ਵੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਹੈ। ਹਾਲਾਤ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਮੁਲਕਾਂ ਨੂੰ ਜੰਗ ਲਈ ਉਕਸਾਉਂਦੇ ਜਾਪ ਰਹੇ ਹਨ। ਜੇਕਰ ਇਸ ਵਾਰ ਜੰਗ ਲੱਗੀ ਤਾਂ ਸੰਘਣੀ ਆਬਾਦੀ ਵਾਲੇ ਦੱਖਣੀ ਏਸ਼ੀਆ ਵਿਚ ਭਿਆਨਕ ਤਬਾਹੀ ਹੋਵੇਗੀ।
14-15 ਅਗਸਤ 1947 ਨੂੰ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਹੋਂਦ ਵਿਚ ਆਏ ਸਨ। ਵਿਆਪਕ ਹਿੰਦੋਸਤਾਨੀ ਖਿੱਤੇ ਦੇ ਹਜ਼ਾਰਾਂ ਆਜ਼ਾਦੀ ਘੁਲਾਟੀਆਂ ਨੇ ਲਗਭਗ 100 ਸਾਲ ਜਾਨ ਹੂਲਵੀਆਂ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕੀਤੀ ਸੀ। ਪਰ ਨਤੀਜੇ ਵਜੋਂ ਹਿੰਦੋਸਤਾਨੀ ਖਿੱਤੇ ‘ਤੇ ਭਾਰਤ ਅਤੇ ਪਾਕਿਸਤਾਨ ਦੇ ਰੂਪ ਵਿਚ ਦੋ ਟੁਕੜੇ ਮਿਲੇ। ਖਿੱਤੇ ਦੀ ਮਜ਼੍ਹਬੀ ਆਧਾਰ ‘ਤੇ ਦੋ ਦੇਸ਼ਾਂ ਦੇ ਰੂਪ ਵਿਚ ਹੋਈ ਵੰਡ ਦੌਰਾਨ 10 ਲੱਖ ਲੋਕਾਂ ਦਾ ਕਤਲੇਆਮ, ਇਕ ਕਰੋੜ ਲੋਕਾਂ ਦਾ ਜਬਰੀ ਉਜਾੜਾ ਅਤੇ ਨਫ਼ਰਤ ਦੀਆਂ ਡੂੰਘੀਆਂ ਖੱਡਾਂ ਮਿਲਦੀਆਂ ਹਨ। ਪਿਛਲੇ 70 ਸਾਲਾਂ ਤੋਂ ਹੀ ਇਸ ਖਿੱਤੇ ਅੰਦਰ ਮਜ਼੍ਹਬ ਦੇ ਨਾਂਅ ‘ਤੇ ਕੱਟੜ੍ਹਪੰਥੀ ਤਾਕਤਾਂ ਆਪਣੀ ਸੱਤਾ ਦਾ ਵਿਸਥਾਰ ਕਰਨ ਅਤੇ ਭਾਰਤ ਅਤੇ ਪਾਕਿਸਤਾਨ, ਦੋਵਾਂ ਦੇਸ਼ਾਂ ਦੀ ਅਖੰਡਤਾ ਨੂੰ ਅਸਥਿਰ ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਇਨ੍ਹਾਂ ਤਾਕਤਾਂ ਵਲੋਂ ਪਾਕਿਸਤਾਨ ਦੀ ਧਰਤੀ ਵਰਤਣ ਕਾਰਨ ਸਮੁੱਚੇ ਦੱਖਣੀ ਏਸ਼ੀਆ ਦੀ ਸ਼ਾਂਤੀ ਪ੍ਰਭਾਵਿਤ ਹੋ ਰਹੀ ਹੈ। ਕਸ਼ਮੀਰ ਦੀ ਆਜ਼ਾਦੀ ਦੇ ਨਾਂਅ ‘ਤੇ ਪਾਕਿਸਤਾਨ ਦੀ ਧਰਤੀ ਤੋਂ ਕੱਟੜ੍ਹਪੰਥੀ ਤਾਕਤਾਂ ਲਗਾਤਾਰ ਭਾਰਤ ਵਿਰੁੱਧ ਹਿੰਸਾ ਨੂੰ ਭੜਕਾਅ ਰਹੀਆਂ ਹਨ। ਬੇਸ਼ੱਕ ਇਹ ਤਾਕਤਾਂ ਪਾਕਿਸਤਾਨ ਦੀ ਅਖੰਡਤਾ ਤੇ ਸ਼ਾਂਤੀ ਨੂੰ ਵੀ ਬਖ਼ਸ਼ ਨਹੀਂ ਰਹੀਆਂ, ਪਰ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵਿਰੁੱਧ ਹੋ ਰਹੀਆਂ ਹਿੰਸਕ ਕਾਰਵਾਈਆਂ ਲਈ ਪਾਕਿਸਤਾਨ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪਿਛਲੇ ਲੰਬੇ ਸਮੇਂ ਤੋਂ ਵਿਸ਼ਵ ਭਾਈਚਾਰਾ ਇਹ ਮਹਿਸੂਸ ਕਰ ਰਿਹਾ ਹੈ ਕਿ ਭਾਰਤ ਖਿਲਾਫ਼ ਅੱਤਵਾਦ ਲਈ ਪਾਕਿਸਤਾਨ ਕੱਟੜ੍ਹਪੰਥੀ ਤਾਕਤਾਂ ਨੂੰ ਆਪਣੀ ਜ਼ਮੀਨ ਵਰਤਣ ਲਈ ਦੇ ਰਿਹਾ ਹੈ, ਜਿਸ ਕਰਕੇ ਪਾਕਿਸਤਾਨ ਨੂੰ ‘ਅੱਤਵਾਦ ਦੀ ਮਾਂ’ ਕਰਕੇ ਵੀ ਜਾਣਿਆ ਜਾਣ ਲੱਗਾ ਹੈ।
ਤਾਜ਼ਾ ਹਾਲਾਤਾਂ ਦੌਰਾਨ ਕਸ਼ਮੀਰ ਵਾਦੀ ਵਿਚਲੀ ਬੇਚੈਨੀ ਦਾ ਲਾਹਾ ਲੈਣ ਲਈ ਪਾਕਿਸਤਾਨ ਵਿਚਲੀਆਂ ਕੱਟੜ੍ਹਪੰਥੀ ਤਾਕਤਾਂ ਨੇ ਦਹਿਸ਼ਤੀਆਂ ਦੀ ਭਾਰਤ ਵਿਚ ਘੁਸਪੈਠ ਵਧਾ ਦਿੱਤੀ ਹੈ। ਉੜੀ ਵਿਚਲਾ ਹਮਲਾ ਪਿਛਲੇ 9 ਮਹੀਨਿਆਂ ਦੌਰਾਨ ਭਾਰਤੀ ਟਿਕਾਣਿਆਂ ਉੱਤੇ ਪਾਕਿਸਤਾਨ ਵਾਲੇ ਪਾਸਿਉਂ ਹੋਇਆ ਛੇਵਾਂ ਦਹਿਸ਼ਤੀ ਹਮਲਾ ਹੈ। ਇਸ ਤੋਂ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਕਾਬਲੀਅਤ ਜਾਂ ਉਪਯੋਗਤਾ ‘ਤੇ ਪ੍ਰਸ਼ਨਚਿੰਨ੍ਹ ਲੱਗਣੇ ਸੁਭਾਵਕ ਹਨ। ਸੰਘ ਪਰਿਵਾਰ ਨੇ ਕੇਂਦਰ ਦੀਆਂ ਯੂ.ਪੀ.ਏ. ਸਰਕਾਰਾਂ ਜਾਂ ਪੁਰਾਣੀਆਂ ਕਾਂਗਰਸ ਸਰਕਾਰਾਂ ਉੱਤੇ ਪਾਕਿਸਤਾਨੀ ਦਹਿਸ਼ਤੀ ਹਮਲਿਆਂ ਪ੍ਰਤੀ ਨਰਮ ਪਹੁੰਚ ਅਪਨਾਉਣ ਦੇ ਦੋਸ਼ ਹਮੇਸ਼ਾ ਹੀ ਲਾਏ ਸਨ। ਹੁਣ ‘ਆਪਣੀ’ ਸਰਕਾਰ ਤੋਂ ਉਹ ਤਵੱਕੋ ਕਰਦਾ ਹੈ ਕਿ ਫ਼ੌਜੀ ਨੁਕਸਾਨ ਦੇ ਮੱਦੇਨਜ਼ਰ ਸਰਕਾਰ ‘ਬਲਵਾਨਾਂ ਵਾਲਾ ਜਵਾਬ’ ਦੇਵੇ। ਕਾਂਗਰਸ ਪਾਰਟੀ ਵੀ ਇਕ ਦਿਨ ਪਹਿਲਾਂ ਦਰਸਾਈ ਇਕਮੁੱਠਤਾ ਵਾਲੀ ਪਹੁੰਚ ਤਿਆਗ ਕੇ ਸਰਕਾਰੀ ਪਹੁੰਚ ਵਿਚ ਮੀਨ-ਮੇਖ ਕੱਢਣ ਦੇ ਰਾਹ ਪੈ ਗਈ ਹੈ।
ਅਜਿਹੇ ਹਾਲਾਤ ਵਿਚ ਸਰਕਾਰ ਉੱਪਰ ਫ਼ੌਰੀ ਕੋਈ ਜਵਾਬ ਦੇਣ ਲਈ ਦਬਾਅ ਵਧਣਾ ਯਕੀਨੀ ਹੈ। ਪਾਕਿਸਤਾਨ ਦੀ ਜੋ ਪਹੁੰਚ ਹੈ, ਉਹ ਉਕਸਾਉਣ ਵਾਲੀ ਹੈ। ਉਸ ਮੁਲਕ ਨੇ ਸੋਮਵਾਰ ਨੂੰ ਭਾਰਤੀ ਦੋਸ਼ਾਂ ਨੂੰ ਰੱਦ ਕਰਦਿਆਂ ਹਮਲੇ ਵਿਚ ਆਪਣਾ ਹੱਥ ਹੋਣ ਤੋਂ ਸਪੱਸ਼ਟ ਇਨਕਾਰ ਕੀਤਾ। ਜੋ ਹਾਲਾਤ ਇਸ ਸਮੇਂ ਹਨ, ਉਨ੍ਹਾਂ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਟਕਰਾਅ ਦੇ ਆਸਾਰ ਬਣ ਸਕਦੇ ਹਨ। ਇਸ ਸਭ ਦੇ ਬਾਵਜੂਦ ਇਹ ਉਮੀਦ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਜੋ ਵੀ ਜਵਾਬ ਦਿੱਤਾ ਜਾਵੇਗਾ, ਉਹ ਸੋਚ-ਸਮਝ ਕੇ ਦਿੱਤਾ ਜਾਵੇਗਾ। ਸੋਮਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਉੱਚ-ਪੱਧਰੀ ਮੀਟਿੰਗ ਵਿਚ ਕੁਝ ਬਦਲ ਵਿਚਾਰੇ ਗਏ। ਸਰਕਾਰ ਕੋਲ ਸਿੱਧੀ ਜੰਗ ਛੇੜਨ ਦੀ ਥਾਂ ਕੁਝ ਸਜ਼ਾਯੋਗ ਬਦਲ ਮੌਜੂਦ ਹਨ। ਉਨ੍ਹਾਂ ਦੀ ਵਰਤੋਂ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਪਰ ਖ਼ੂਬੀਆਂ-ਖ਼ਾਮੀਆਂ ਵਿਚਾਰਨ ਤੋਂ ਬਾਅਦ। ਕਿਉਂਕਿ ਜੰਗ ਦੀ ਹਾਲਤ ਵਿਚ ਪਾਕਿਸਤਾਨ ਦੇ ਨਾਲ-ਨਾਲ ਭਾਰਤ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪਵੇਗਾ। ਹਰ ਹੀਲੇ ਜੰਗ ਤੋਂ ਗੁਰੇਜ਼ ਕਰਨਾ ਹੀ ਵਾਜਬ ਹੋਵੇਗਾ, ਕਿਉਂਕਿ ਅੱਜ ਦੇ ਹਾਲਾਤਾਂ ਵਿਚ ਜੇਕਰ ਭਾਰਤ-ਪਾਕਿਸਤਾਨ ਵਿਚਕਾਰ ਜੰਗ ਲੱਗਦੀ ਹੈ ਤਾਂ ਨਾ-ਸਿਰਫ਼ ਇਨ੍ਹਾਂ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇਗਾ, ਸਗੋਂ ਸਮੁੱਚੇ ਦੱਖਣੀ ਏਸ਼ੀਆ ਅਤੇ ਸੰਸਾਰ ਭਾਈਚਾਰੇ ਦੇ ਅਮਨ-ਚੈਨ ਤੇ ਸਦਭਾਵਨਾ ਨੂੰ ਭਾਰੀ ਸੱਟ ਵੱਜੇਗੀ। ਭਾਰਤ ਨੂੰ ਜੰਗ ਦੇ ਵਿਕਲਪ ‘ਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਵੀ ਵਿਚਾਰ ਕਰਨਾ ਜ਼ਰੂਰੀ ਹੋਵੇਗਾ ਕਿ ਜੰਗ ਦੀ ਹਾਲਤ ਵਿਚ ਪਾਕਿਸਤਾਨ ਵਿਚ ਗੁਆਉਣ ਲਈ ਕੁਝ ਨਹੀਂ ਹੋਵੇਗਾ, ਪਰ ਭਾਰਤ ਵਰਗੇ ਦੁਨੀਆ ਦੀ ਤੀਜੀ ਤਾਕਤ ਬਣਨ ਜਾ ਰਹੇ ਦੇਸ਼ ਦੇ ਵਿਕਾਸ ਲਈ ਅਜਿਹੇ ਹਾਲਾਤ ਨਾਸਾਜ਼ ਹੋਣਗੇ। ਜੰਗ ਦੀ ਸਥਿਤੀ ਵਿਚ ਪਾਕਿਸਤਾਨ ਦੇ ਲੋਕਾਂ ਦਾ ਕੀ ਬਣੇਗਾ, ਇਹ ਸੋਚਣ ਦਾ ਵਿਸ਼ਾ ਨਹੀਂ, ਸਗੋਂ ਚਿੰਤਾ ਦਾ ਵਿਸ਼ਾ ਇਹ ਹੋਵੇਗਾ ਕਿ ਭਾਰਤ ਵਿਚਲੇ ਮੁਸਲਮਾਨ ਭਾਈਚਾਰੇ ਨੂੰ ਕਿਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਪਹਿਲਾਂ ਹੀ ਭਾਰਤ ‘ਚ ਭਾਜਪਾ ਦੀ ਸਰਕਾਰ ਹੋਣ ਕਾਰਨ ਹਿੰਦੂ ਕੱਟੜ੍ਹਵਾਦ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਭਾਰਤ-ਪਾਕਿਸਤਾਨ ਵਿਚਾਲੇ ਜੰਗ ਹੋਣ ਦੀ ਸੂਰਤ ਵਿਚ ਮੁਸਲਮਾਨ ਭਾਈਚਾਰੇ ਖਿਲਾਫ਼ ਫਿਰਕੂ ਹਿੰਸਾ ਭੜਕਣ ਦੇ ਖ਼ਤਰੇ ਕਾਫ਼ੀ ਜ਼ਿਆਦਾ ਹੋਣਗੇ। ਭਾਰਤ ਨੂੰ ਜੰਗ ਦੀ ਥਾਂ ਦਬਾਅ ਦੀ ਨੀਤੀ ਦੀ ਵਰਤੋਂ ਕਰਨ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਨਾਲ ਹੀ ਕਰੰਸੀ, ਸੁਰੱਖਿਆ, ਦੂਰਸੰਚਾਰ ਨੂੰ ਛੱਡ ਕੇ ਕਸ਼ਮੀਰ ਨੂੰ ਖੁਦਮੁਖਤਿਆਰੀ ਦੇ ਹੱਕ ਦੇ ਦੇਣੇ ਚਾਹੀਦੇ ਹਨ, ਇਹੀ ਕਸ਼ਮੀਰ ਦੇ ਅਸਤਿਤਵ ਅਤੇ ਭਾਰਤ ਦੀ ਅਖੰਡਤਾ ਦੇ ਹੱਕ ਵਿਚ ਹੈ। ਉਧਰ, ਪਾਕਿਸਤਾਨ ਦੀ ਆਵਾਮ ਨੂੰ ਵੀ ਕੱਟੜ੍ਹਵਾਦੀ ਤੱਤਾਂ ਨੂੰ ਅਲੱਗ-ਥਲੱਗ ਕਰਨ ਲਈ ਆਪਣੀ ਸਰਕਾਰ ‘ਤੇ ਦਬਾਅ ਪਾਉਣਾ ਚਾਹੀਦਾ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …