ਹੁਣ ਜਵਾਬ ਦੇਣ ਦਾ ਵਕਤ ਆ ਗਿਆ
ਫਿਰ ਉਹੀ ਪਾਕਿਸਤਾਨ…
ਉੜੀ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸ਼ੁਰੂ ਹੋਣ ਤੋਂ ਮਹਿਜ਼ 48 ਘੰਟੇ ਪਹਿਲਾਂ ਭਾਰਤੀ ਫੌਜ ਦੇ ਕੈਂਪ ‘ਤੇ ਹੋਏ ਭਿਆਨਕ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦੀ ਉਹੀ ਸੋਚੀ ਸਮਝੀ ਸਾਜ਼ਿਸ਼ ਸੀ ਜਿਸ ਦੇ ਰਾਹੀਂ ਉਹ ਕਸ਼ਮੀਰ ਮਸਲੇ ਨੂੰ ਅੰਤਰਰਾਸ਼ਟਰੀ ਸਟੇਜ ‘ਤੇ ਉਠਾਉਣ ਦੀ ਕੋਸ਼ਿਸ਼ ਕਰਦਾ ਆਇਆ ਹੈ। ਮਈ 2002 ਵਿਚ ਕਾਲੂਚੱਕ ਵਿਚ ਹੋਏ ਹਮਲੇ ਤੋਂ ਬਾਆਦ ਹੋਏ ਇਸ ਸਭ ਤੋਂ ਭਿਆਨਕ ਹਮਲੇ ਨਾਲ ਦੇਸ਼ ਭਰ ‘ਚ ਇਕ ਰੋਸ ਤੇ ਇਕ ਆਕਰੋਸ਼ ਪੈਦਾ ਹੋਣਾ ਸੁਭਾਵਿਕ ਹੈ। ਜਿਸ ਵਿਚ ਗੁੱਸਾ ਵੀ ਹੈ, ਚਿੜ ਵੀ ਹੈ ਕਿ ਆਖਰ ਸਰਹੱਦ ਪਾਰ ਤੋਂ ਜਾਰੀ ਇਸ ਹਿੰਸਕ ਪਾਗਲਪਣ ਦਾ ਇਲਾਜ ਕੀ ਹੈ। 8 ਜਨਵਰੀ 2013 ਨੂੰ ਜਦੋਂ ਪਾਕਿਸਤਾਨੀ ਫੌਜ ਨੇ ਦੋ ਭਾਰਤੀ ਸੈਨਿਕਾਂ ਦੇ ਬੇਰਹਿਮੀ ਨਾਲ ਸਿਰ ਧੜ ਤੋਂ ਅਲੱਗ ਕਰ ਲਏ ਸਨ ਤਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਖਿਆ ਸੀ ਕਿ ਪਾਕਿਸਤਾਨ ਨਾਲ ਰਿਸ਼ਤੇ ਪਹਿਲਾਂ ਵਰਗੇ ਨਹੀਂ ਰਹਿ ਸਕਦੇ। ਉਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਸੰਸਦ ‘ਤੇ ਹੋਏ ਹਮਲੇ ਦੇ ਸਬੰਧ ‘ਚ ਦੋਵਾਂ ਦੇਸ਼ਾਂ ਵਿਚ ਵਧਦੇ ਤਣਾਅ ਦੇ ਦੌਰਾਨ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਭਾਰਤ ਦੇ ਸਬਰ ਦਾ ਇਮਤਿਹਾਨ ਨਾ ਲਵੇ। ਜਾਹਿਰ ਹੈ ਡੇਢ ਦਹਾਕੇ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਹੀ ਹਨ, 26/11 ਦੇ ਹਮਲੇ ਤੋਂ ਲੈ ਕੇ ਪਠਾਨਕੋਟ ਦੇ ਹਮਲੇ ਤੱਕ ਪਾਕਿਸਤਾਨ ‘ਚ ਬੈਠੇ ਅੱਤਵਾਦੀਆਂ ਦੀ ਭੂਮਿਕਾ ਉਜਾਗਰ ਹੋਣ ਦੇ ਬਾਵਜੂਦ ਗੁਆਂਢੀ ਮੁਲਕ ਨੇ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰਨਾ ਤਾਂ ਦੂਰ ਉਲਟਾ ਉਨ੍ਹਾਂ ਦਾ ਸਾਥ ਹੀ ਦਿੱਤਾ ਹੈ। ਭਾਰਤ ਹੀ ਨਹੀਂ ਅਮਰੀਕਾ ਤੱਕ ਜੈਸ਼ ਏ ਮੁਹੰਮਦ ਅਤੇ ਲਸ਼ਕਰ ਏ ਤੋਇਬਾ ਵਰਗੇ ਅੱਤਵਾਦੀ ਸੰਗਠਨਾਂ ਅਤੇ ਮਸੂਦ ਅਜ਼ਹਰ, ਹਾਫ਼ਿਜ਼ ਸਈਅਦ ਵਰਗੇ ਉਨ੍ਹਾਂ ਦੇ ਸਰਗਣੇ ਦੀਆਂ ਸ਼ੱਕੀ ਭੂਮਿਕਾਵਾਂ ਨਾਲ ਸਬੰਧਤ ਡੋਜ਼ੀਅਰ ਪੇਸ਼ ਕਰ ਚੁੱਕਾ ਹੈ। ਇਸ ਦੇ ਬਾਵਜੂਦ ਪਾਕਿਸਤਾਨ ਦੀ ਨਕੇਲ ਨਹੀਂ ਕਸੀ ਜਾ ਸਕੀ। ਲੱਖ ਟਕੇ ਦਾ ਸਵਾਲ ਹੈ ਕਿ ਤਾਜ਼ਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਪ੍ਰਤੀਕ੍ਰਿਆ ਕੀ ਹੋਣੀ ਚਾਹੀਦੀ ਹੈ। ਕੀ ਭਾਰਤੀ ਸੁਰੱਖਿਆ ਬਲਾਂ ਨੂੰ ਸਰਹੱਦ ਦੇ ਪਾਰ ਅੱਤਵਾਦੀ ਕੈਂਪਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ? ਕੀ ਦੋਵਾਂ ਮੁਲਕਾਂ ਦਾ ਪ੍ਰਮਾਣੂ ਹਥਿਆਰ ਸੰਪੰਨ ਹੋਣਾ, ਪਾਕਿਸਤਾਨ ਦੇ ਲਈ ਢਾਲ ਦਾ ਕੰਮ ਕਰ ਰਿਹਾ ਹੈ? ਕੀ ਦੋਵੇਂ ਦੇਸ਼ ਇਕ ਹੋਰ ਯੁੱਧ ਦੇ ਮੂੰਹ ‘ਤੇ ਆ ਖੜ੍ਹੇ ਹਨ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਉਚ ਪੱਧਰੀ ਬੈਠਕਾਂ ਦੇ ਸੰਕੇਤ ਹਨ ਕਿ ਭਾਰਤ ਭਾਵਨਾ ਵਿਚ ਬਹਿ ਕੇ ਕੋਈ ਕਾਰਵਾਈ ਨਹੀਂ ਕਰੇਗਾ ਬਲਕਿ ਸੋਚ ਸਮਝ ਕੇ ਇਸ ਗੁਆਂਢੀ ਮੁਲਕ ਨਾਲ ਨਿਪਟੇਗਾ ਅਤੇ ਇਹੀ ਸਹੀ ਕਦਮ ਹੋਵੇਗਾ। ਇਸ ਦੇ ਲਈ ਜ਼ਰੂਰੀ ਹੈ ਕਿ ਉਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਲੱਗ-ਥਲੱਗ ਕਰਨ ਦੇ ਨਾਲ ਹੀ ਉਸ ‘ਤੇ ਆਰਥਿਕ ਪ੍ਰਤੀਬੰਧ ਵਰਗੀਆਂ ਕਾਰਵਾਈਆਂ ਦੇ ਲਈ ਰਾਜਨੀਤਿਕ ਕੋਸ਼ਿਸ਼ਾਂ ਕੀਤੀਆਂ ਜਾਣ। ਵਕਤ ਹੁਣ ਪਾਕਿਸਤਾਨ ਨੂੰ ਸਖ਼ਤ ਜਵਾਬ ਦੇਣ ਦਾ ਆ ਗਿਆ ਹੈ।
ਇਹ ਕਾਰਵਾਈ ਕਰ ਸਕਦੀ ਹੈ ਸਰਕਾਰ
ਭਾਰਤ ਪਾਕਿਸਤਾਨ ਖਿਲਾਫ਼ ਸੀਮਤ ਫੌਜੀ ਕਾਰਵਾਈ ਕਰ ਸਕਦੀ ਹੈ।
ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ‘ਚ ਚੱਲ ਰਹੇ ਅੱਤਵਾਦੀ ਕੈਂਪਾਂ ਦਾ ਸਫਾਇਆ ਕਰ ਸਕਦੀ ਹੈ।
ਜਿਹੜੀਆਂ ਪਾਕਿ ਚੌਕੀਆਂ ਰਾਹੀਂ ਅੱਤਵਾਦੀ ਭਾਰਤ ‘ਚ ਦਾਖਲ ਹੁੰਦੇ ਹਨ ਉਨ੍ਹਾਂ ਚੌਕੀਆਂ ‘ਤੇ ਗੋਲੀਆਂ ਵਰ੍ਹਾ ਸਕਦੀ ਹੈ।
ਅਮਰੀਕਾ ਦੀ ਤਰਜ਼ ‘ਤੇ ਮੋਸਟ ਵਾਂਟੇਡ ਅੱਤਵਾਦੀਆਂ ‘ਤੇ ਵੱਡੇ ਇਨਾਮਾਂ ਦਾ ਐਲਾਨ ਕਰ ਸਕਦੀ ਹੈ।
ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨ ਸਕਦੀ ਹੈ।
ਪਾਕਿਸਤਾਨ ਖਿਲਾਫ਼ ਸਾਰੇ ਸਬੂਤਾਂ ਨੂੰ ਦੁਨੀਆ ਦੇ ਸਾਹਮਣੇ ਰੱਖ ਕੇ ਉਸ ਦਾ ਭਾਂਡਾ ਭੰਨ ਸਕਦੀ ਹੈ।
ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ‘ਤੇ ਡਰੋਨ ਹਮਲੇ ਕਰਨ ਦਾ ਵੀ ਰਾਹ ਖੁੱਲ੍ਹਾ ਹੈ।
ਮੋਦੀ ਜੀ ਜਾਗੋ, ਕਰੋ ਕਾਰਵਾਈ
ਨਿਸ਼ਾਨ ਤੱਕ ਮਿਟਾ ਦਿਓ ਪਾਕਿ ਅੱਤਵਾਦੀ ਕੈਂਪਾਂ ਦਾ
ਇਹ ਮੌਸਮ ਅੱਤਵਾਦੀਆਂ ਦੀ ਘੁਸਪੈਠ ਦਾ ਹੈ। ਕੁੱਝ ਹੋਰ ਅੱਤਵਾਦੀ ਸਮੂਹਾਂ ਦੇ ਸਰਹੱਦ ਪਾਰ ਕਰਕੇ ਇਸ ਪਾਸੇ ਦਾਖਲ ਹੋਣ ਦੀਆਂ ਸੂਚਨਾਵਾਂ ਹਨ। ਅਜਿਹੇ ‘ਚ ਅੱਤਵਾਦੀ ਹਮਲਾ ਅਜੇ ਰੁਕਣ ਵਾਲਾ ਨਹੀਂ ਹੈ। ਬਹੁਤ ਸੰਭਵ ਹੈ ਕਿ ਜਲਦੀ ਹੀ ਇਕ ਹੋਰ ਅੱਤਵਾਦੀ ਹਮਲਾ ਹੋਵੇ। ਪਾਕਿਸਤਾਨ ਇਹੀ ਚਾਹੁੰਦਾ ਹੈ ਕਿ ਅੱਤਵਾਦੀ ਹਮਲੇ ਦੇ ਜਵਾਬ ‘ਚ ਭਾਰਤ ਕੁਝ ਕਰੇ ਤਾਂ ਅੰਤਰਰਾਸ਼ਟਰੀ ਮੰਚ ‘ਤੇ ਖੁਦ ਨੂੰ ਪੀੜਤ ਦੱਸਦੇ ਹੋਏ ਉਹ ਕੂਟਨੀਤਕ ਲਾਭ ਲੈ ਸਕੇ। ਜਦ ਭਾਰਤ ਨੇ ਦੂਜੀ ਵਾਰ ਪ੍ਰਮਾਣੂ ਪ੍ਰੀਖਣ ਕੀਤਾ ਸੀ ਤਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਹੀ ਸਨ। ਤਦ ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਇਹੀ ਤਰਕ ਦਿੱਤਾ ਸੀ ਕਿ ਭਾਰਤ ਦੇ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਹੁਣ ਸਾਡੇ ਸਾਹਮਣੇ ਪ੍ਰਮਾਣੂ ਪ੍ਰੀਖਣ ਤੋਂ ਇਲਾਵਾ ਕੋਈ ਰਾਹ ਨਹੀਂ ਹੈ। ਉਸ ਦਾ ਤਰਕ ਸੀ ਕਿ ਭਾਰਤ ਸਾਡੇ ‘ਤੇ ਪ੍ਰਮਾਣੂ ਹਮਲਾ ਨਾ ਵੀ ਕਰੇ ਪਰ ਸਾਨੂੰ ਦਬਾਅ ਸਕਦਾ ਹੈ।
ਭਾਰਤ ਦੇ ਲੋਕਾਂ ਨੇ ਨਰਿੰਦਰ ਮੋਦੀ ਨੂੰ ਸੱਤਾ ਇਸ ਲਈ ਸੌਂਪੀ ਸੀ ਕਿ ਉਹ ਅੱਤਵਾਦ ਖਿਲਾਫ਼ ਸਖਤ ਦਿਖਾਉਣਗੇ ਪਰ ਉਹ ਸਖਤੀ ਨਜ਼ਰ ਨਹੀਂ ਆਈ। ਨਰਿੰਦਰ ਮੋਦੀ ਕਦੇ ਨਵਾਜ਼ ਸ਼ਰੀਫ਼ ਦੀ ਮਾਂ ਦੇ ਪੈਰੀਂ ਹੱਥ ਲਾਉਂਦੇ ਹਨ, ਕਦੇ ਸ੍ਰੀਨਗਰ ‘ਚ ਮਹਿਬੂਬਾ ਮੁਫ਼ਤੀ ਦਾ ਸਮਰਥਨ ਕਰਨ ਲੱਗਦੇ ਹਨ। ਜਨਤਾ ਨੇ ਉਨ੍ਹਾਂ ਨੂੰ ਇਸ ਲਈ ਵੋਟ ਨਹੀਂ ਦਿੱਤਾ ਸੀ। ਮੀਆਂਮਾਰ ਅਤੇ ਭੂਟਾਨ ਦੇ ਖਿਲਾਫ਼ ਸਖਤੀ ਦਿਖਾਉਣ ਨਾਲ ਕੰਮ ਨਹੀਂ ਚੱਲੇਗਾ। ਇਹ ਸਖਤੀ ਉਨ੍ਹਾਂ ਨੂੰ ਪਾਕਿਸਤਾਨ ਖਿਲਾਫ਼ ਦਿਖਾਉਣੀ ਪਵੇਗੀ, ਜਿਸ ਦਾ ਉਨ੍ਹਾਂ ਵਾਅਦਾ ਕੀਤਾ ਸੀ। ਅਸੀਂ ਪਠਾਨਕੋਟ ਹਮਲੇ ਦੇ ਸਬੂਤ ਵੀ ਉਨ੍ਹਾਂ ਨੂੰ ਸੌਂਪੇ ਸਨ। ਹੁਣ ਸਬੂਤ ਸੌਂਪਣ ਨਾਲ ਕੁੱਝ ਨਹੀਂ ਬਣਨਾ। ਬਲਕਿ ਸਬੂਤ ਸਾਨੂੰ ਹੋਰ ਦੇਸ਼ਾਂ ਨਾਲ ਸਾਂਝੇ ਕਰਨੇ ਚਾਹੀਦੇ ਹਨ। ਫਿਲਹਾਲ ਸਾਨੂੰ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਸਥਿਤ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਪਾਕਿਸਤਾਨ ਦੀਆਂ ਧਮਕੀਆਂ ਤੋਂ ਨਹੀਂ ਡਰਨਾ ਚਾਹੀਦਾ। ਕਾਰਗਿਲ ਦੇ ਯੁੱਧ ਸਮੇਂ ਵੀ ਦੋਵੇਂ ਦੇਸ਼ ਪ੍ਰਮਾਣੂ ਸ਼ਕਤੀਆਂ ਨਾਲ ਸੰਪੰਨ ਸਨ। ਉਸ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਹੁਣ ਮੂੰਹ ਤੋੜਵਾਂ ਜਵਾਬ ਦੇਣ ਦਾ ਵਕਤ ਆ ਗਿਆ ਹੈ, ਮੋਦੀ ਜੀ ਜਾਗੋ। ਕਰੋ ਕਾਰਵਾਈ।
ਫ਼ੌਜ ਆਰ-ਪਾਰ ਦੀ ਲੜਾਈ ਲਈ ਤਿਆਰ
ਪ੍ਰਧਾਨ ਮੰਤਰੀ ਦੀ ਬੈਠਕ ‘ਚ ਦੇਸ਼ ਦੇ ਜਜ਼ਬਾਤ ਨੂੰ ਮਿਲੀ ਆਵਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਉੜੀ ਦੇ ਭਿਆਨਕ ਅੱਤਵਾਦੀ ਹਮਲੇ ਦਾ ਮੂੰਹਤੋੜ ਜਵਾਬ ਦੇਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਵਿਸ਼ਵ ਪੱਧਰੀ ਬੈਠਕ ਮਗਰੋਂ ਫ਼ੌਜ ਨੇ ਕਿਹਾ ਹੈ ਕਿ ਅੱਤਵਾਦੀ ਹਮਲੇ ਦਾ ਜਵਾਬ ਦੇਣ ਦਾ ਜ਼ਿੰਮੇਵਾਰੀ ਹੁਣ ਸਾਡੀ ਹੈ। ਜਵਾਬੀ ਕਾਰਵਾਈ ਦੀ ਥਾਂ ਤੇ ਵਕਤ ਅਸੀਂ ਤੈਅ ਕਰਾਂਗੇ। ਫ਼ੌਜ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਜ਼ਰੂਰੀ ਹੋਣ ‘ਤੇ ਪਾਕਿਸਤਾਨ ਖ਼ਿਲਾਫ਼ ਸੀਮਿਤ ਫ਼ੌਜੀ ਹਮਲੇ ਦੀ ਵਰਤੋਂ ਦਾ ਭਾਰਤ ਦਾ ਬਦਲ ਖੁੱਲ੍ਹਾ ਹੈ। ਪਰ ਇਸ ਤੋਂ ਪਹਿਲਾਂ ਦੁਨੀਆ ਭਰ ਵਿਚ ਪਾਕਿਸਤਾਨ ਦੇ ਅੱਤਵਾਦੀ ਚਿਹਰੇ ਨੂੰ ਬੇਨਕਾਬ ਕਰਨ ਲਈ ਹਮਲਾਵਰ ਕੂਟਨੀਤਿਕ ਮੁਹਿੰਮ ਚਲਾਈ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸੋਮਵਾਰ ਨੂੰ ਸੱਤ ਰੇਸਕੋਰਸ ਵਿਚ ਰਣਨੀਤਿਕ ਤੇ ਸੁਰੱਖਿਆ ਬੈਠਕ ਵਿਚ ਉੜੀ ਹਮਲੇ ਮਗਰੋਂ ਹਾਲਾਤ ਦੀ ਸਮੀਖਿਆ ਕੀਤੀ ਗਈ। ਮੀਟਿੰਗ ਮਗਰੋਂ ਡੀਜੀਐੱਮਓ ਲੈਫਟੀਨੈਂਟ ਜਨਰਲ ਰਣਵੀਰ ਸਿੰਘ ਨੇ ਦੱਸਿਆ ਕਿ ਭਾਰਤੀ ਫ਼ੌਜ ਦੇ ਅੱਤਵਾਦੀ ਹਮਲਿਆਂ ਦਾ ਜਵਾਬ ਦੇਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਉੜੀ ਵਿਚ ਫ਼ੌਜ ਦੇ ਕੈਂਪ ‘ਤੇ ਹਮਲਾ ਕਰਨ ਵਾਲੇ ਪਾਕਿਸਤਾਨੀ ਅੱਤਵਾਦੀਆਂ ਵਿਚ ਬਰਾਮਦ ਸਮਾਨ ਦਾ ਬਿਓਰਾ ਦਿੰਦਿਆਂ ਡੀਜੀਐੱਮਓ ਨੇ ਪਾਕਿ ਨੂੰ ਸਿੱਧਾ ਕਟਹਿਰੇ ਵਿਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਉੜੀ ਆਪ੍ਰੇਸ਼ਨ ਖ਼ਤਮ ਹੋ ਚੁੱਕਾ ਹੈ। ਮਾਰੇ ਗਏ ਅੱਤਵਾਦੀਆਂ ਕੋਲੋਂ ਚਾਰ ਏਕੇ-47 ਰਾਈਫਲਾਂ, ਚਾਰ ਅੰਡਰ ਬੈਰਲ ਗਰਨੇਡ ਲਾਂਚਰ ਤੇ ਅਜਿਹੇ ਕਈ ਹਥਿਆਰ ਮਿਲੇ ਹਨ, ਜਿਨ੍ਹਾਂ ਦੀ ਵਰਤੋਂ ਜੰਗ ਵੇਲੇ ਹੁੰਦੀ ਹੈ। ਸਾਰੇ ਹਥਿਆਰ ਪਾਕਿਸਤਾਨ ਦੇ ਬਣੇ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਮਨੋਹਰ ਪਾਰੀਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਫ਼ੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ, ਰਾਅ ਤੇ ਆਈਬੀ ਮੁਖੀਆਂ ਨਾਲ ਹੋਈ ਬੈਠਕ ਵਿਚ ਤੈਅ ਹੋਇਆ ਕਿ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਕੂਟਨੀਤਿਕ ਮੁਹਿੰਮ ਵਿਚ ਇਨ੍ਹਾਂ ਸਬੂਤਾਂ ਦੀ ਮਦਦ ਲਈ ਜਾਵੇਗੀ।
ਅਮਰੀਕੀ ਸੰਸਦ ‘ਚ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨੇ ਜਾਣ ਦੀ ਮੰਗ ਵਾਲਾ ਬਿੱਲ ਪੇਸ਼
ਵਾਸ਼ਿੰਗਟਨ : ਅਮਰੀਕਾ ਦੇ ਦੋ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਨੂੰ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲਾ ਦੇਸ਼ ਐਲਾਨੇ ਜਾਣ ਲਈ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ। ਰਿਪਬਲੀਕਨ ਪਾਰਟੀ ਦੇ ਟਰੇਂਡ ਪੋ ਅਤੇ ਡੈਮੋਕਰੇਟ ਡਾਨਾ ਰੋਹਰਾਬਾਕਰ ਨੇ ਆਖਿਆ ਕਿ ਹੁਣ ਵਕਤ ਆ ਗਿਆ ਹੈ ਕਿ ਸਾਨੂੰ ਪਾਕਿਸਤਾਨ ਦੇ ਵਿਸ਼ਵਾਸਘਾਤ ਦੇ ਲਈ ਉਸ ਨੂੰ ਪੈਸਾ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਟਰੇਂਡ ਪੋ ਨੇ ਕਿਹਾ ਕਿ ਇਸ ਬਿੱਲ ਤੋਂ ਬਾਅਦ ਹੁਣ ਓਬਾਮਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਣ ਅਤੇ ਇਸ ਸਵਾਲ ‘ਤੇ ਆਪਣਾ ਰੁਖ਼ ਸਪੱਸ਼ਟ ਕਰਨ।
ਕੌਮਾਂਤਰੀ ਨੇਤਾਵਾਂ ਨੇ ਨਹੀਂ ਸੁਣਿਆ ਸ਼ਰੀਫ਼ ਦਾ ਕਸ਼ਮੀਰ ਰਾਗ਼
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਆਮ ਸਭਾ ਦੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਆਏ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵਿਸ਼ਵ ਦੇ ਨੇਤਾਵਾਂ ਨਾਲ ਲਗਪਗ ਆਪਣੀ ਹਰ ਮੀਟਿੰਗ ਵਿੱਚ ਕਸ਼ਮੀਰ ਦਾ ਰਾਗ਼ ਅਲਾਪਿਆ ਪਰ ਇਸ ਮਾਮਲੇ ਦਾ ਕੌਮਾਂਤਰੀਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਸਿਰੇ ਲੱਗਦੀ ਨਜ਼ਰ ਨਹੀਂ ਆ ਰਹੀ। ਸ਼ਰੀਫ਼ ਨੇ ਅਮਰੀਕਾ, ਬਰਤਾਨੀਆ, ਜਪਾਨ ਤੇ ਤੁਰਕੀ ਦੇ ਨੇਤਾਵਾਂ ਨਾਲ ਗੱਲਬਾਤ ਦੌਰਾਨ ਇਹ ਮਾਮਲਾ ਉਠਾਇਆ ਤੇ ਇਹ ਮਾਮਲਾ ਸੁਲਝਾਉਣ ਲਈ ਦਖ਼ਲ ਦੀ ਮੰਗ ਕੀਤੀ। ਉਨ੍ਹਾਂ ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬ ਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਅਰਦੋਗਨ ਦੇ ਨਾਲ ਇਥੇ ਮੁਲਾਕਾਤ ਕੀਤੀ। ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਦੂਤ ਮਲੀਹਾ ਲੋਧੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਸ਼ਮੀਰ ਦੇ ਹਾਲਾਤ ਬਾਰੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ।’ ਉਨ੍ਹਾਂ ਇਕ ਹੋਰ ਟਵੀਟ ਕਿਹਾ, ‘ਪ੍ਰਧਾਨ ਮੰਤਰੀ ਸ਼ਰੀਫ਼ ਨੇ ਜਪਾਨ ਦੇ ਹਮਰੁਤਬਾ ਨੂੰ ਕਸ਼ਮੀਰ ਵਿੱਚ ਭਾਰਤੀ ਫੌਜਾਂ ਵੱਲੋਂ ਕੀਤੀ ਜਾ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਵੀ ਦੱਸਿਆ। ਤੁਰਕੀ ਤੇ ਰਾਸ਼ਟਰਪਤੀ ਤੇ ਸ਼ਰੀਫ਼ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਮਨੁੱਖੀ ਅਧਿਕਾਰਾਂ ਉਪਰ ਓਆਈਸੀ (ਇਸਲਾਮੀ ਸਹਿਯੋਗ ਸੰਗਠਨ ਕਮਿਸ਼ਨ) ਨੂੰ ਕਸ਼ਮੀਰ ਵਿੱਚ ਇਕ ਮਿਸ਼ਨ ਭੇਜਣਾ ਚਾਹੀਦਾ ਹੈ।’ ਸ਼ਰੀਫ਼ ਨੇ ਸੋਮਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨਾਲ ਵੀ ਦੁਵੱਲੀ ਗੱਲਬਾਤ ਕੀਤੀ ਸੀ। ਕੈਰੀ ਨਾਲ ਮੁਲਾਕਾਤ ਦੌਰਾਨ ਪਾਕਿਸਤਾਨੀ ਮਿਸ਼ਨ ਨੇ ਕਿਹਾ ਕਿ ਸ਼ਰੀਫ਼ ਨੇ ਉਨ੍ਹਾਂ ਨੂੰ ਦੱਸਿਆ ਕਸ਼ਮੀਰ ਵਿੱਚ 107 ਤੋਂ ਵੱਧ ਵਿਅਕਤੀਆਂ ਦੀ ਹੱਤਿਆ ਕੀਤੀ ਗਈ ਹੈ। ਹਜ਼ਾਰਾਂ ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਉਥੇ ਮਨੁੱਖੀ ਅਧਿਕਾਰਾਂ ਦੀ ਭਿਆਨਕ ਢੰਗ ਨਾਲ ਉਲੰਘਣਾ ਕੀਤੀ ਜਾ ਰਹੀ ਹੈ। ਮਿਸ਼ਨ ਦੇ ਇਕ ਬਿਆਨ ਮੁਤਾਬਕ ਸ਼ਰੀਫ਼ ਨੇ ਕਿਹਾ, ‘ਮੈਂ ਅਮਰੀਕੀ ਪ੍ਰਸ਼ਾਸਨ ਤੇ ਵਿਦੇਸ਼ ਮੰਤਰੀ ਕੈਰੀ ਤੋਂ ਆਸ ਕਰਦਾ ਹਾਂ ਕਿ ਉਹ ਪਾਕਿਸਤਾਨ ਤੇ ਭਾਰਤ ਵਿਚਾਲੇ ਦੁਵੱਲੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਦਦ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨਗੇ।’ ਸ਼ਰੀਫ਼ ਨੇ ਟੈਰੇਜ਼ਾ ਨਾਲ ਬੈਠਕ ਵਿੱਚ ਉਨ੍ਹਾਂ ਨੂੰ ਭਾਰਤ ਨੂੰ ਇਸ ਗੱਲ ਲਈ ਰਾਜ਼ੀ ਕਰਨ ਵਿੱਚ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਕਿ ਉਹ ਖੇਤਰ ਵਿੱਚ ਲੋਕਾਂ ਖ਼ਿਲਾਫ਼ ਤਾਕਤ ਦੀ ਵਰਤੋਂ ਰੋਕੇ। ਸਾਰੀ ਸਥਿਤੀ ਤੋਂ ਲੱਗਦਾ ਹੈ ਕਿ ਸ਼ਰੀਫ਼ ਵੱਲੋਂ ਵਾਰ-ਵਾਰ ਕਸ਼ਮੀਰ ਮਸਲੇ ਬਾਰੇ ਵੱਖ-ਵੱਖ ਨੇਤਾਵਾਂ ਨਾਲ ਕੀਤੀ ਗਈ ਗੱਲਬਾਤ ਕਿਸੇ ਦਾ ਧਿਆਨ ਨਹੀਂ ਖਿੱਚ ਸਕੀ, ਕਿਉਂਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਆਪਣੇ ਭਾਸ਼ਨ ਵਿੱਚ ਕਸ਼ਮੀਰ ਦਾ ਕੋਈ ਜ਼ਿਕਰ ਨਹੀਂ ਕੀਤਾ।
ਪੰਜਾਬ ਦੀ ਸਿਆਸਤ ‘ਚ ਕਮੇਡੀ, ਸੀਡੀ ਤੇ ਜੁੱਤਾ ਬਣੇ ਹਥਿਆਰ
ਕੌਣ ਕਿੰਨੇ ਪਾਣੀ ‘ਚ
ਰਾਜਨੀਤੀ ਦਾ ਊਠ ਕਦੋਂ ਕਿਸ ਕਰਵਟ ਬੈਠ ਜਾਵੇ ਕੁੱਝ ਆਖਿਆ ਨਹੀਂ ਜਾ ਸਕਦਾ। ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣ 6 ਮਹੀਨੇ ਦਾ ਵਕਤ ਹੀ ਬਚਿਆ ਹੈ। ਅਜਿਹੇ ‘ਚ ਰਾਜਨੀਤਿਕ ਦਲਾਂ ‘ਚ ਹਲਚਲ ਹੋਣਾ ਸੁਭਾਵਿਕ ਹੈ। ਪਰ ਆਮ ਆਦਮੀ ਪਾਰਟੀ ‘ਚ ਤਾਂ ਤਰਥੱਲੀ ਮਚੀ ਪਈ ਹੈ। ਪੰਜਾਬ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਛੱਡ ਦਿੱਤੀ ਹੈ ਤੇ ਅਲੱਗ ਮੋਰਚੇ ਦੇ ਰਾਹ ਪੈ ਗਏ ਹਨ। ਕ੍ਰਿਕਟ, ਅਦਾਕਾਰ ਤੇ ਅੰਮ੍ਰਿਤਸਰ ਦੇ ਸਾਬਕਾ ਐਮ ਪੀ ਨਵਜੋਤ ਸਿੰਘ ਸਿੱਧੂ ਵੀ ਭਾਜਪਾ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਲਈ ਤੁਰ ਪਏ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੀ ਛੋਟੇ-ਛੋਟੇ ਡਹਿਕਿਆਂ ਤੋਂ ਵਾਂਝੀ ਨਹੀਂ ਹੈ। ਕਦੇ ਸਮਾਜਿਕ ਮੁੱਦਿਆਂ ਦੇ ਚਾਰੇ ਪਾਸੇ ਘੁੰਮਣ ਵਾਲੀ ਪੰਜਾਬ ਦੀ ਸਿਆਸਤ ‘ਚ ਅੱਜਕੱਲ੍ਹ ਕਮੇਡੀ ਦੀ, ਸੀਡੀ ਕਾਂਡ ਦੀ ਜਾਂ ਫਿਰ ਜੁੱਤੇ ਦੀ ਵੱਧ ਚਰਚਾ ਹੁੰਦੀ ਹੈ। ਆਮ ਆਦਮੀ ਪਾਰਟੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਉਨ੍ਹਾਂ ਦੀਆਂ 63 ਸੀਡੀਆਂ ਬਣਾਉਣ ਦਾ ਦੋਸ਼ ਮੜ੍ਹਿਆ ਹੈ। ਵਿਧਾਨ ਸਭਾ ‘ਚ ਸੈਸ਼ਨ ਦੇ ਆਖਰੀ ਦਿਨ ਚੱਲਿਆ ਜੁੱਤਾ ਲੋਕਤੰਤਰ ਦੀ ਮਰਿਆਦਾ ਨੂੰ ਸੱਟ ਮਾਰ ਗਿਆ। ਮੁਕਾਬਲਾ ਚਰਚਾ ‘ਚ ਰਹਿਣ ਦਾ ਹੈ, ਚਰਚਾ ਇਕੱਤਰ ਕਰਨ ਦਾ ਹੈ। ਅਜਿਹੇ ‘ਚ ਕਿਸਾਨ, ਖੇਤੀ, ਬੇਰੁਜ਼ਗਾਰੀ ਤੇ ਨਸ਼ੇ ਵਰਗੇ ਅਸਲ ਮੁੱਦੇ ਕਿਤੇ ਗੁਆਚ ਗਏ ਹਨ।
ਪੰਜਾਬ ‘ਚ ਹਮੇਸ਼ਾ ਤੋਂ ਹੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੋਇਆ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਚੋਣ ਦੰਗਲ ‘ਚ ਕੁੱਦ ਕੇ ਖਲਬਲੀ ਮਚਾ ਦਿੱਤੀ ਹੈ। ਪਿਛਲੀਆਂ ਚੋਣਾਂ ਵਿਚ 117 ਸੀਟਾਂ ‘ਚੋਂ 70 ‘ਤੇ ਕਬਜ਼ਾ ਕਰਨ ਵਾਲੇ ਅਕਾਲੀ-ਭਾਜਪਾ ਗੱਠਜੋੜ ‘ਆਪ’ ਨੂੰ ਚੁਣੌਤੀ ਮੰਨਦਿਆਂ ਉਸਦਾ ਸਾਹਮਣਾ ਕਰਨ ‘ਚ ਜੁੱਟੀ ਹੋਈ ਹੈ। ਦੂਜੇ ਪਾਸੇ 10 ਸਾਲ ਤੋਂ ਪੰਜਾਬ ਦੀ ਸੱਤਾ ਸੁੱਖ ਮਾਨਣ ਲਈ ਉਤਾਵਲੀ ਹੋ ਰਹੀ ਬਾਹਰ ਬੈਠੀ ਕਾਂਗਰਸ ਦੇ ਲਈ ਵੀ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਕਾਂਗਰਸ ਨੂੰ ਉਮੀਦ ਸੀ ਕਿ ਇਸ ਵਾਰ ਪੰਜਾਬ ‘ਚ ਸੱਤਾ ਵਿਰੋਧੀ ਲਹਿਰ ਦਾ ਲਾਭ ਉਨ੍ਹਾਂ ਨੂੰ ਹੀ ਮਿਲੇਗਾ ਪਰ ਆਮ ਆਦਮੀ ਪਾਰਟੀ ਅਤੇ ਫਿਰ ਸਿੱਧੂ ਦੇ ਮੋਰਚੇ ਨਾਲ ਵੀ ਜੂਝਣਾ ਪਵੇਗਾ ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਲਗਦਾ ਹੈ ਕਿ ਜਿੰਨਾ ਵਿਰੋਧੀ ਵੋਟ ਵੱਖੋ-ਵੱਖ ਥਾਈਂ ਵੰਡਿਆ ਜਾਵੇਗਾ ਓਨਾ ਹੀ ਸਾਨੂੰ ਫਾਇਦਾ ਹੋਵੇਗਾ।
ਪਤਾ ਨਹੀਂ ਕਿਹੜੇ ਪੁਰ ਦੀ ਚੱਲੇਗੀ ਹਵਾ
ਸਾਲ 2014 ‘ਚ ਲੋਕ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ 13 ਸੰਸਦੀ ਹਲਕਿਆਂ ‘ਚੋਂ ਚਾਰ-ਚਾਰ ‘ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਾਬਜ਼ ਹੈ, ਤਿੰਨ ‘ਤੇ ਕਾਂਗਰਸ ਅਤੇ ਦੋ ‘ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ। ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ‘ਚ 34 ਵਿਧਾਨ ਸਭਾ ਸੀਟਾਂ ‘ਤੇ ਸਭ ਤੋਂ ਵੱਧ ਵੋਟਾਂ ਮਿਲੀਆਂ। ਉਹ ਸੱਤ ਵਿਧਾਨ ਸਭਾ ਹਲਕਿਆਂ ‘ਚ ਦੂਜੇ, 73 ‘ਚ ਤੀਜੇ ਅਤੇ ਤਿੰਨ ‘ਚ 4 ਸਥਾਨ ‘ਤੇ ਰਹੀ। ਯਾਨੀ ਕਾਂਗਰਸ ਨੂੰ ਲੋਕ ਸਭਾ ਚੋਣਾਂ ‘ਚ ਵੀ ਪਿੱਛੇ ਛੱਡ ਦਿੱਤਾ ਸੀ। ਆਮ ਆਦਮੀ ਪਾਰਟੀ ਦਾ ਜ਼ਿਆਦਾ ਪ੍ਰਭਾਵ ਮਾਲਵਾ ‘ਚ ਵੇਖਣ ਨੂੰ ਮਿਲ ਰਿਹਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਉਹ ਇਸ ਪ੍ਰਭਾਵ ਨੂੰ ਕਿੰਨਾ ਕੁ ਵੋਟਾਂ ‘ਚ ਤਬਦੀਲ ਕਰ ਸਕਦੀ ਹੈ। ਸ਼ਹਿਰੀ ਹਲਕਿਆਂ ‘ਚ ਆਮ ਆਦਮੀ ਪਾਰਟੀ ਦੇ ਪਸਾਰੇ ਤੋਂ ਕਾਂਗਰਸ ਨੂੰ ਸਿੱਧਾ ਨੁਕਸਾਨ ਹੋਇਆ ਸੀ। ਪਰ ਦੋ ਸਾਲਾਂ ‘ਚ ਬਹੁਤ ਕੁੱਝ ਬਦਲਿਆ ਹੈ। ਹੁਣ ਪੰਜਾਬ ਅੰਦਰ ‘ਆਪ’ ਆਪਣੇ ਅੰਦਰੂਨੀ ਕਲੇਸ਼ ‘ਚ ਉਲਝੀ ਹੋਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਥੋਂ ਤੱਕ ਕਹਿ ਦਿੱਤਾ ਕਿ ਵਿਧਾਨ ਸਭਾ ਚੋਣਾਂ ਆਉਂਦਿਆਂ ਆਉਂਦਿਆਂ ਇਹ ਪਾਰਟੀ ਖਤਮ ਹੋ ਜਾਵੇਗੀ। ਪਿਛਲੀ ਵਾਰ ਲੁਧਿਆਣਾ ਸ਼ਹਿਰ ਦੀਆਂ ਤਿੰਨ ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਦਾ ਕਬਜ਼ਾ ਹੋਇਆ ਸੀ। ਅੰਮ੍ਰਿਤਸਰ ਸ਼ਹਿਰ ਦੀਆਂ 5 ਸੀਟਾਂ ‘ਚੋਂ 2 ਕਾਂਗਰਸ ਨੇ ਜਿੱਤੀਆਂ ਸਨ। ਅਕਾਲੀ ਦਲ ਅਤੇ ਕਾਂਗਰਸ ਦੇ ਲਈ ‘ਆਪ’ ਦੇ ਐਕਟਿਵ ਵਲੰਟੀਅਰ ਖਾਸਾ ਸਿਰਦਰਦ ਬਣੇ ਹੋਏ ਹਨ। ਅਕਾਲੀ ਦਲ ਦੇ ਕੋਲ ਵੀ ਯੂਥ ਵਿੰਗ ‘ਚ ਵੱਡੀ ਗਿਣਤੀ ‘ਚ ਸਰਗਰਮਰ ਵਰਕਰ ਹਨ। ਕਾਂਗਰਸ ਦਾ ਵਰਕਰ ਵੱਡੇ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਹੈ ਪਰ ਉਸ ‘ਚ ਅਜੇ ਉਹ ਤੇਜੀ ਨਹੀਂ ਦਿਖ ਰਹੀ।
ਪੰਜਾਬ ‘ਚ 8 ਵਾਰ ਲੱਗ ਚੁੱਕਿਆ ਹੈ ਰਾਸ਼ਟਰਪਤੀ ਸ਼ਾਸਨ
ਪੰਜਾਬ ਅਤੇ ਹਰਿਆਣਾ ਦੇ ਬਟਵਾਰੇ ਤੋਂ ਪਹਿਲਾਂ ਸੂਬੇ ‘ਚ ਕਾਂਗਰਸ ਦਾ ਬੋਲਬਾਲਾ ਸੀ। ਹਰਿਆਣਾ ਦੇ ਵੱਖ ਹੋਣ ਤੋਂ ਬਾਅਦ ਕਦੇ ਕਾਂਗਰਸ ਅਤੇ ਕਦੇ ਅਕਾਲੀ ਦਲ ਦੀ ਹਵਾ ਰਹੀ। ਆਜ਼ਾਦੀ ਤੋਂ ਬਾਅਦ 20 ਜੂਨ 1951 ਤੋਂ 17 ਅਪ੍ਰੈਲ 1952 ਤੱਕ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ। 1956 ਤੱਕ ਭੀਮ ਸੇਨ ਫਿਰ 1964 ਤੱਕ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਰਹੇ। 15 ਦਿਨਾਂ ਲਈ ਗੋਪੀ ਚੰਦ ਭਾਰਗਵ ਤੇ 2 ਸਾਲ ਲਈ ਰਾਮਕਿਸ਼ਨ ਮੁੱਖ ਮੰਤਰੀ ਬਣੇ। ਉਸ ਤੋਂ ਬਾਅਦ ਪੰਜਾਬ ਵਿਚ ਦੂਜੀ ਵਾਰ ਰਾਸ਼ਟਰਪਤੀ ਸ਼ਾਸ਼ਨ ਲੱਗਾ। ਪੰਜਾਬ ਦਾ ਇਕ ਹਿੱਸਾ ਕੱਟ ਕੇ ਨਵਾਂ ਸੂਬਾ ਹਰਿਆਣਾ ਦੇ ਰੂਪ ‘ਚ ਉਭਰਿਆ।
ਪੰਜਾਬ ਵਿਧਾਨ ਸਭਾ ਦੇ ਮੈਂਬਰ ਕਾਂਗਰਸ ਦੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਨਵੇਂ ਪੰਜਾਬ ਦੇ ਮੁੱਖ ਮੰਤਰੀ ਬਣੇ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ 127 ਦਿਨ ਰਿਹਾ। ਉਸ ਤੋਂ ਬਾਅਦ ਅਕਾਲੀ ਦਲ ਸੰਤ ਫਤਿਹ ਸਿੰਘ ਗਰੁੱਪ ਦੇ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ ਜੋ ਪੰਜਾਬ ਦੇ ਪਹਿਲੇ ਗੈਰ ਕਾਂਗਰਸੀ ਮੁੱਖ ਮੰਤਰੀ ਰਹੇ। ਉਨ੍ਹਾਂ ਦਾ ਕਾਰਜਕਾਲ ਸਿਰਫ਼ 262 ਦਿਨ ਰਿਹਾ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਤੇ ਲਛਮਣ ਸਿੰਘ ਮੁੱਖ ਮੰਤਰੀ ਬਣੇ। ਕੇਵਲ 272 ਦਿਨਾਂ ਦੀ ਸਰਕਾਰ ਤੋਂ ਬਾਅਦ ਪੰਜਾਬ ‘ਚ ਤੀਜੀ ਵਾਰ ਰਾਸ਼ਟਰਪਤੀ ਸ਼ਾਸ਼ਨ ਲੱਗਾ। ਅਕਾਲੀ ਦਲ ਦੇ ਗੁਰਨਾਮ ਸਿੰਘ ਦੀ ਇਕ ਵਾਰ ਫਿਰ ਤੋਂ ਵਾਪਸੀ ਹੋਈ ਅਤੇ ਉਹ ਇਕ ਵਰ੍ਹੇ ਲਈ ਮੁੱਖ ਮੰਤਰੀ ਰਹੇ। 27 ਮਾਰਚ 1970 ਨੂੂੰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ। ਸਿਰਫ਼ 97 ਦਿਨਾਂ ਦੀ ਸਰਕਾਰ ਰਹਿਣ ਤੋਂ ਬਾਅਦ ਪੰਜਾਬ ‘ਚ ਚੌਥੀ ਵਾਰ ਰਾਸ਼ਟਰਪਤੀ ਸ਼ਾਸ਼ਨ ਲੱਗਾ। ਇਸ ਤੋਂ ਬਾਅਦ ਫਿਰ ਕਾਂਗਰਸ ਦੀ ਸਰਕਾਰ ਬਣੀ ਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣੇ। ਪੰਜ ਸਾਲ ਦੀ ਸਰਕਾਰ ਤੋਂ ਬਾਅਦ 30 ਅਪ੍ਰੈਲ 1977 ਨੂੰ ਪੰਜਵੀਂ ਵਾਰ ਰਾਸ਼ਟਰਪਤੀ ਸ਼ਾਸ਼ਨ ਲੱਗਾ। ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਹੋਈ ਪ੍ਰਕਾਸ਼ ਸਿੰਘ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ। ਤਿੰਨ ਸਾਲ ਸਰਕਾਰ ਚੱਲੀ ਤੇ ਸੂਬੇ ‘ਚ ਛੇਵੀਂ ਵਾਰ ਰਾਸ਼ਟਰਪਤੀ ਸ਼ਾਸਨ ਲੱਗਾ। ਚੋਣਾਂ ‘ਚ ਫਿਰ ਕਾਂਗਰਸ ਦੀ ਵਾਪਸੀ ਹੋਈ, ਦਰਬਾਰਾ ਸਿੰਘ ਮੁੱਖ ਮੰਤਰੀ ਬਣੇ। ਕਾਰਜਕਾਲ ਉਨ੍ਹਾਂ ਦਾ ਪੂਰਾ ਨਹੀਂ ਹੋਇਆ ਸੱਤਵੀਂ ਵਾਰ ਰਾਸ਼ਟਰਪਤੀ ਸ਼ਾਸ਼ਨ ਲੱਗਾ। ਫਿਰ ਅਕਾਲੀ ਦਲ ਦੀ ਵਾਪਸੀ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ। ਪਰ ਇਸ ਵਾਰ ਜਦੋਂ ਅੱਠਵੀਂ ਵਾਰ ਰਾਸ਼ਟਰਪਤੀ ਸ਼ਾਸ਼ਨ ਲੱਗਾ ਤਾਂ ਉਹ ਪੰਜ ਸਾਲ ਚੱਲਿਆ ਇਸ ਤੋਂ ਬਾਅਦ ਇਕ ਵਾਰ ਫਿਰ ਕਾਂਗਰਸ ਦੀ ਵਾਪਸੀ ਹੋਈ ਬੇਅੰਤ ਸਿੰਘ ਮੁੱਖ ਮੰਤਰੀ ਬਣੇ।
1995 ‘ਚ ਉਨ੍ਹਾਂ ਦੀ ਮੌਤ ਤੋਂ ਬਾਅਦ ਹਰਚਰਨ ਬਰਾੜ ਫਿਰ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੇ। ਅਕਾਲੀ ਦਲ ਨੇ ਫਿਰ ਵਾਪਸੀ ਕੀਤੀ ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰ ਮੁੱਖ ਮੰਤਰੀ ਬਣੇ। ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕਾਂਗਰਸ ਦੀ ਫਿਰ ਵਾਪਸੀ ਹੋਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ। ਸਾਲ 2007 ‘ਚ ਅਕਾਲੀ-ਭਾਜਪਾ ਗੱਠਜੋੜ ਜੇਤੂ ਰਿਹਾ ਪ੍ਰਕਾਸ਼ ਸਿੰਘ ਚੌਥੀ ਵਾਰ ਮੁੱਖ ਮੰਤਰੀ ਬਣੇ। ਪੰਜ ਸਾਲ ਦਾ ਕਾਰਜਕਾਲ ਪੂਰਾ ਹੋਇਆ ਤੇ ਰਵਾਇਤ ਤੋੜਦਿਆਂ ਅਕਾਲੀ-ਭਾਜਪਾ ਗੱਠਜੋੜ ਨੇ ਫਿਰ ਤੋਂ ਜਿੱਤ ਹਾਸਲ ਕੀਤੀ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਨਵਾਂ ਰਿਕਾਰਡ ਸਿਰਜਦਿਆਂ ਪੰਜਵੀਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ।
ਹਵਾ ਦਾ ਰੁਖ ਸਾਡੇ ਵੱਲ : ਕੈਪਟਨ
ਲੋਕ ਮੌਜੂਦਾ ਸਰਕਾਰ ਤੋਂ ਦੁਖੀ ਹਨ। ਅਕਾਲੀ-ਭਾਜਪਾ ਨੇ ਮਿਲ ਕੇ ਪੰਜਾਬ ਨੂੰ ਗਰਕ ਕਰ ਦਿੱਤਾ। ਹਵਾ ਦਾ ਰੁਖ ਤਾਂ ਸਾਡੇ ਵੱਲ ਹੈ। -ਕੈਪਟਨ ਅਮਰਿੰਦਰ ਸਿੰਘ
ਦਿੱਲੀ ਦਾ ਇਤਿਹਾਸ ਦੁਹਰਾਵਾਂਗੇ : ਸੰਜੇ
ਪੰਜਾਬ ਦੇ ਲੋਕ ਅਕਾਲੀ ਤੇ ਕਾਂਗਰਸ ਤੋਂ ਦੁਖੀ ਹਨ। ਭਾਜਪਾ ਦੀ ਹੋਂਦ ਨਹੀਂ। ਦਿੱਲੀ ਚੋਣਾਂ ਦਾ ਇਤਿਹਾਸ ਪੰਜਾਬ ‘ਚ ਦੁਹਰਾਵਾਂਗੇ। -ਸੰਜੇ ਸਿੰਘ
ਅਸੀਂ ਹੈਟ੍ਰਿਕ ਮਾਰਨ ਲਈ ਤਿਆਰ : ਸੁਖਬੀਰ
ਅਕਾਲੀ-ਭਾਜਪਾ ਦਾ ਗੱਠਜੋੜ ਹੈਟ੍ਰਿਕ ਮਾਰੇਗਾ। ਲੰਘੇ 10 ਸਾਲਾਂ ‘ਚ ਸੂਬੇ ‘ਚ ਰਿਕਾਰਡ ਤੋੜ ਵਿਕਾਸ ਦੇ ਕੰਮ ਹੋਏ ਹਨ। ਲੋਕ ਸਾਡੇ ਨਾਲ ਹਨ। -ਸੁਖਬੀਰ ਬਾਦਲ
ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਜਿੱਤਾਂਗੇ : ਸਾਂਪਲਾ
ਇਸ ਵਾਰ ਭਾਜਪਾ ਪਿਛਲੀਆਂ ਚੋਣਾਂ ਤੋਂ ਜ਼ਿਆਦਾ ਸੀਟਾਂ ਹਾਸਲ ਕਰੇਗੀ। ਗੱਠਜੋੜ ਸਰਕਾਰ ਦੇ ਵਿਕਾਸ ਤੇ ਮੋਦੀ ਸਰਕਾਰ ਦੇ ਕੰਮ ਜਿਤਾਉਣਗੇ। – ਵਿਜੇ ਸਾਂਪਲਾ
ਸਰਕਾਰ ਤਾਂ ਪੰਜਾਬੀਆਂ ਦੀ ਬਣੇਗੀ : ਸਿੱਧੂ
ਇਸ ਵਾਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਜਿੱਤੇਗੀ। ਸਰਕਾਰ ਪੰਜਾਬੀਆਂ ਦੀ ਬਣੇਗੀ। ਵੱਡੇ-ਵੱਡੇ ਲੀਡਰ ਸਾਡੇ ਸੰਪਰਕ ‘ਚ ਹਨ। – ਨਵਜੋਤ ਸਿੰਘ ਸਿੱਧੂ