Breaking News
Home / ਘਰ ਪਰਿਵਾਰ / ਹਿਊਮੇਟਾਈਡ ਆਰਥੇਰਾਈਟਿਸ ਦਾ ਆਯੁਰਵੈਦ ਰਾਹੀਂ ਇਲਾਜ

ਹਿਊਮੇਟਾਈਡ ਆਰਥੇਰਾਈਟਿਸ ਦਾ ਆਯੁਰਵੈਦ ਰਾਹੀਂ ਇਲਾਜ

ਹਿਊਮੇਟਾਈਡ ਆਰਥੇਰਾਈਟਿਸ  ਅੱਜ ਕੱਲ੍ਹ ਇੱਕ ਆਮ ਰੋਗ ਬਣ ਚੁੱਕਿਆ ਹੈ।ਇਹ ਰੋਗ ਹੱਥਾਂ ਦੀਆਂ ਉਂਗਲੀਆਂ ਜਾਂ ਫਿਰ ਗੱਠਾਂ ਤੋਂ ਸ਼ੁਰੂ ਹੁੰਦਾ ਹੈ। ਇਸ ਸਮੱਸਿਆ ਨੂੰ ਆਮ ਭਾਸ਼ਾ ਵਿੱਚ ‘ਗਠੀਆ’ ਕਿਹਾ ਜਾਂਦਾ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਇਹ ਵਿਕਾਰ ਵਧੇਰੇ ਪਾਇਆ ਜਾਂਦਾ ਹੈ। ਜੋੜਾਂ ਦਾ ਦਰਦ ਅਤੇ ਸੋਜ਼ਿਸ਼ ਹੱਥ ਦੇ ਵਿਚਾਲੇ ਦੀਆਂ ਦੋ ਉਂਗਲਾਂ ਤੋਂ ਸ਼ੁਰੂ ਹੋ ਕੇ ਕਲਾਈ-ਕੂਹਣੀ ਅਤੇ ਗੋਡਿਆਂ-ਮੋਢਿਆਂ ਤਕ ਫੈਲ ਜਾਂਦਾ ਹੈ, ਪਰ ਜਦੋਂ ਤੁਸੀਂ ਕਿਸੇ ਈਮਾਨਦਾਰ ਐਲੋਪੈਥਿਕ ਡਾਕਟਰ ਕੋਲ ਜਾਓਗੇ ਤਾਂ ਉਹ ਇਹੋ ਆਖੇਗਾ ਕਿ ਇਸ ਮਰਜ਼ ਦੀ ਕੋਈ ਦਵਾ ਨਹੀਂ ਹੈ। ਜਿਹੜੀ ਦਵਾਈ ਉਹ ਦੇਵੇਗਾ, ਇਸ ਨੂੰ ਉਹ ਹਮੇਸ਼ਾ ਲਈ ਖਾਣ ਲਈ ਦੱਸੇਗਾ। ਐਲੋਪੈਥਿਕ ਦਵਾਈ ਨੂੰ ਜਦੋਂ ਤਕ ਖਾਧਾ ਜਾਵੇਗਾ, ਦਰਦ ਦੂਰ ਰਹੇਗਾ। ਦਵਾਈ ਦੇ ਬੰਦ ਕਰਦਿਆਂ ਹੀ ਦਰਦ ਫਿਰ ਤੋਂ ਸ਼ੁਰੂ ਹੋ ਜਾਵੇਗੀ।
ਲੱਛਣ: ਇਹ ਰੋਗ ਹੱਥਾਂ ਦੀਆਂ ਉਂਗਲੀਆਂ ਅਤੇ ਜੋੜਾਂ ਤੋਂ ਸ਼ੁਰੂ ਹੁੰਦਾ ਹੈ।ਰੋਗੀ ਨੂੰ ਆਮ ਤੌਰ ‘ਤੇ ਸ਼ਿਕਾਇਤ ਰਹਿੰਦੀ ਹੈ ਕਿ ਬਿਸਤਰ ਤੋਂ ਉਠਣ ਵੇਲੇ ਉਹ ਆਪਣੀਆਂ ਮੁੱਠੀਆਂ ਬੰਦ ਨਹੀਂ ਕਰ ਪਾਉਂਦਾ ਅਤੇ ਉਹਦੇ ਜਿਸਮ ਵਿੱਚ ਅਕੜਣ ਤੇ ਜਕੜਣ ਬਣੀ ਰਹਿੰਦੀ ਹੈ। ਬੇਸ਼ੱਕ ਥੋੜ੍ਹਾ ਜਿਹਾ ਸੈਰ-ਸਪਾਟਾ ਕਰਨ ਨਾਲ ਇਹ ਜਕੜਣ ਵਗ਼ੈਰਾ ਕਈ ਵਾਰ ਘਟ ਵੀ ਜਾਇਆ ਕਰਦੀ ਹੈ।
ਰੋਗ ਪੁਰਾਣਾ ਹੋ ਜਾਣ ‘ਤੇ ਮਰੀਜ਼ ਵਿੱਚ ਖ਼ੂਨ ਦੀ ਘਾਟ ਆ ਜਾਂਦੀ ਹੈ ਅਤੇ ਜਿਸਮ ਬੁਰੀ ਤਰ੍ਹਾਂ ਕਮਜ਼ੋਰ ਹੋਣ ਲਗ ਪੈਂਦਾ ਹੈ। ਕਦੇ-ਕਦੇ ਹਲਕਾ ਜਿਹਾ ਤਾਪ ਵੀ ਚੜ੍ਹ ਜਾਂਦਾ ਹੈ। ਜੇਕਰ ਇਹ ਬੀਮਾਰੀ ਰੀੜ੍ਹ ਦੀ ਹੱਡੀ ਦੇ ਜੋੜਾਂ ਵਿੱਚ ਆ ਜਾਵੇ ਤਾਂ ਸਵੇਰੇ ਉਠਣ ‘ਤੇ ਲੱਕ ਵਿੱਚ ਜਕੜਣ ਅਤੇ ਦਰਦ ਮਹਿਸੂਸ ਹੁੰਦਾ ਹੈ। ਅੱਗੇ-ਪਿੱਛੇ ਅਤੇ ਗੋਲਾਕਾਰ ਅਵਸਥਾ ਵਿੱਚ ਮੁੜ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਪ੍ਰੇਸ਼ਾਨੀ: ਜੇ ਰੋਗ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਬੀਮਾਰੀ ਨਾਲ ਗ੍ਰਸਿਤ ਹੋ ਚੁੱਕੀਆਂ ਸੰਧੀਆਂ (ਜੋੜਾਂ) ਵਿੱਚ ਸੰਕੁਚਨ ਪੈਦਾ ਹੋ ਜਾਂਦਾ ਹੈ ਅਤੇ ਹੱਥ-ਪੈਰ ਮੁੜਨ ਲਗ ਪੈਂਦੇ ਹਨ। ਮਰੀਜ਼ ਨੂੰ ਤੁਰਨ-ਫਿਰਨ ਅਤੇ ਆਪਣੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਕਰਨ ਵਿੱਚ ਵੀ ਪ੍ਰੇਸ਼ਾਨੀ ਆਉਣ ਲਗਦੀ ਹੈ। ਕਈ ਵਾਰ ਇਹ ਬੀਮਾਰੀ ਜਿਸਮ ਵਿੱਚ ਹੌਲੀ-ਹੌਲੀ ਵਧਦੀ ਹੈ ਅਤੇ ਕਈ ਮਰਤਬਾ ਸ਼ੁਰੂ ਦੀ ਅਵਸਥਾ ਵਿੱਚ ਹੀ ਭਿਆਨਕ ਰੂਪ ਅਖ਼ਤਿਆਰ ਕਰ ਲੈਂਦੀ ਹੈ। ਇਸ ਨਾਲ ਮਰੀਜ਼ ਕੁਝ ਹੀ ਦਿਨਾਂ ਵਿੱਚ ਤੁਰਨ-ਫਿਰਨ ਤੋਂ ਅਸਮਰਥ ਹੋ ਕੇ ਮੰਜੀ ਪਕੜ ਲੈਂਦਾ ਹੈ। ਮਾਡਰਨ ਚਿਕਿਤਸਾ ਵਿਗਿਆਨ ਵਿੱਚ ਹਾਲੇ ਤਕ ਇਸ ਬੀਮਾਰੀ ਦੇ ਪੁਖ਼ਤਾ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।
ਡਾਇਗਨੋਸਿਸ: ਇਸ ਬੀਮਾਰੀ ਦਾ ਡਾਇਗਨੋਸਿਸ ਆਮ ਤੌਰ ‘ਤੇ ਖ਼ੂਨ ਦੀ ਜਾਂਚ ਅਤੇ ਐਕਸ-ਰੇਅ ਰਾਹੀਂ ਕੀਤਾ ਜਾਂਦਾ ਹੈ। ਖ਼ੂਨ ਵਿੱਚ ਈ.ਐਸ.ਆਰ. ਵਧਿਆ ਹੋਇਆ ਹੁੰਦਾ ਹੈ ਅਤੇ ਆਰ.ਏ. ਫੈਕਟਰ ਪਾਜ਼ੇਟਿਵ ਹੁੰਦਾ ਹੈ। ਐਕਸ-ਰੇਅ ਪਰੀਖਣ ਵਿੱਚ ਸੰਧੀ ਪ੍ਰਦੇਸ਼ ਤੰਗ ਹੋਇਆ ਵਿਖਾਈ ਦਿੰਦਾ ਹੈ ਅਤੇ ਅਸਥੀਆਂ ਦੇ ਸਿਰਿਆਂ ਵਿੱਚ ਆਸਟਿਓਪੈਰੋਟਿਕ ਬਦਲਾਅ ਵਿਖਾਈ ਦਿੰਦਾ ਹੈ।
ਚਿਕਿਤਸਾ: ਐਲੋਪੈਥਿਕ ਪੇਨ ਕਿਲਰਜ਼ ਅਤੇ ਕਾਰਟਿਕੋਸਟਿਓਰਾਈਡਜ਼ ਆਦਿ ਮਰੀਜ਼ ਨੂੰ ਦੇਣ ਨਾਲ ਕੁਝ ਚਿਰਾਂ ਲਈ ਦਰਦ ਤੋਂ ਰਾਹਤ ਜ਼ਰੂਰ ਮਿਲਦੀ ਹੈ ਪਰ ਐਲੋਪੈਥਿਕ ਦਵਾਈ ਨਾਲ ਪੱਕਿਆਂ ਤੌਰ ‘ਤੇ ਲਾਭ ਨਹੀਂ ਪਹੁੰਚਦਾ।ਅਖ਼ੀਰ ਇੱਕ ਇਹੋ ਜਿਹੀ ਅਵਸਥਾ ਆ ਜਾਂਦੀ ਹੈ ਜਦੋਂ ਤੇਜ਼ ਦਰਦ-ਨਿਵਾਰਕ ਦਵਾਈਆਂ ਵੀ ਅਸਰ ਕਰਨਾ ਬੰਦ ਕਰ ਦਿੰਦੀਆਂ ਹਨ। ਕਈ ਨੀਮ-ਹਕੀਮ ਪੇਨ ਕਿਲਰਜ਼ ਅਤੇ ਕਾਰਟਿਕੋਸਟਿਓਰਾਈਡਜ਼ ਨੂੰ ਆਪਣੀਆਂ ਦਵਾਈਆਂ ਵਿੱਚ ਮਿਲਾ ਕੇ ਰੋਗੀ ਨੂੰ ਦੇਸੀ ਦਵਾਈ ਦੇ ਨਾਂ ‘ਤੇ ਪੁੜੀਆਂ ਵਿੱਚ ਸੇਵਨ ਕਰਵਾਉਂਦੇ ਹਨ। ਇਸ ਨਾਲ ਜਿਸਮ ਵਿੱਚ ਹੋਰ ਵੀ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੇਟ ਵਿੱਚ ਅਲਸਰ ਹੋ ਜਾਣਾ, ਚਿਹਰੇ ‘ਤੇ ਸੋਜ਼ਿਸ਼, ਗੁਰਦੇ ਦੀ ਖ਼ਰਾਬੀ, ਭਾਰ ਵਧਣਾ ਅਤੇ ਮੂੰਹ ‘ਤੇ ਵਾਲ ਉਗਣੇ ਸ਼ੁਰੂ ਹੋ ਜਾਣਾ ਆਦਿ ਇਸ ਦੇ ਮੁੱਖ ਵਿਕਾਰ ਹਨ।
ਗਠੀਆ ਰੋਗ ਦਾ ਨੁਸਖ਼ਾ
1.  ਸ਼ੁੱਧ ਗੁੱਗਲ, ਤ੍ਰਿਫਲਾ, ਨਿਰਗੁੰਡੀ, ਅਰੰਡਮੂਲ ਅਤੇ ਅਰਿੱਸਟਕ ਨਾਲ ਬਣੀ ਦਵਾਈ ਨੂੰ ਰਾਸਨਾ ਸਪਤਕ ਕਵਾਥ ਨਾਲ ਸੇਵਨ ਕਰਾਉਣ ‘ਤੇ ਮਰੀਜ਼ ਦਾ ਆਰ.ਏ. ਫੈਕਟਰ ਅਤੇ ਈ.ਐਸ.ਆਰ. ਘਟਣ ਲੱਗਦਾ ਹੈ।
ਗਠੀਆ ਰੋਗ ਦਾ ਨੁਸਖ਼ਾ 2. : ਕਿਵੇਂ ਬਣਾਈਏ ਦਵਾਈ : ਸੋਂਠ, ਕਾਲੀ ਮਿਰਚ ਤੇ ਪੀਪਰ 5-5 ਗ੍ਰਾਮ, ਪਿਪਰਾਮੂਲ, ਚਿੱਤ੍ਰਕਮੂਲ, ਚਵਯ, ਬੇਲ ਦੀ ਜੜ੍ਹ, ਅਜਵੈਣ, ਸਫ਼ੈਦ ਜ਼ੀਰਾ, ਕਾਲਾ ਜ਼ੀਰਾ, ਹਲਦੀ, ਦਾਰੂਹਲਦੀ, ਅਸ਼ਵਗੰਧਾ, ਪਾਠਾ, ਬਾਅਬੀਡੰਗ, ਗੋਖੁਰੂ, ਖਰੈਟੀ, ਹਰੜ੍ਹ, ਬਹੇੜਾ, ਆਂਵਲਾ, ਸ਼ਤਾਵਰੀ, ਮਿੱਠਾ ਸੁਰੇਜਾਨ, ਸ਼ੁੱਧ ਕੁਚਲਾ, ਵੱਡੀ ਇਲਾਇਚੀ, ਦਾਲਚੀਨੀ, ਤੇਜਪਾਤ, ਨਾਗਕੇਸਰ 4-4 ਗ੍ਰਾਮ। ਯੋਗਰਾਜ ਗੁੱਗਲ 7.5 ਗ੍ਰਾਮ ਅਤੇ ਕਪੂਰ 1 ਗ੍ਰਾਮ ਨੂੰ ਕੁੱਟਣ ਪਿੱਛੋਂ ਬਾਰੀਕ ਪੀਹ ਕੇ ਛਾਣ ਲਓ। ਹੁਣ ਅਰੰਡ ਦਾ ਬੀਜ ਗਿਰੀ ਇੱਕ ਪਾਵ ਸ਼ੁੱਧ ਘਿਉ ਜਾਂ ਅੱਧਾ ਪਾਵ ਅਤੇ ਗਊ ਦਾ ਦੁੱਧ ਅੱਧਾ ਕਿਲੋ ਤੇ ਜ਼ਰੂਰਤ ਅਨੁਸਾਰ ਖੰਡ ਲੈ ਲਓ। ਅਰੰਡ ਦੇ ਨਾਲ ਗਿਰੀ ਨੂੰ ਪੀਹ ਕੇ ਗਊ ਦੇ ਦੁੱਧ ਵਿੱਚ ਮਿਲਾ ਕੇ ਮਾਵਾ ਤਿਆਰ ਕਰੋ ਅਤੇ ਇਸ ਵਿੱਚ ਘਿਉ ਨੂੰ ਮਿਲਾ ਕੇ ਭੁੰਨ ਲਓ। ਇਸ ਵਿੱਚ ਖੰਡ ਦੀ ਚਾਸ਼ਨੀ ਤਿਆਰ ਕਰ ਕੇ ਮਿਲਾ ਲਓ। ਇਸ ਤੋਂ ਬਾਅਦ ਤਿਆਰ ਦਵਾਈ ਨੂੰ ਇਸ ਵਿੱਚ ਰਲਾ ਲਓ। ਹੁਣ ਤੁਹਾਡੀ ਮੁਕੰਮਲ ਦਵਾਈ ਤਿਆਰ ਹੈ। ਸੇਵਨ ਵਿਧੀ: 10-15 ਗ੍ਰਾਮ ਦਵਾਈ ਦਿਨ ਵਿੱਚ ਦੋ ਵਾਰ ਦੁੱਧ ਨਾਲ ਸੇਵਨ ਕਰੋ। ਇਸ ਦੇ ਨਿਯਮਿਤ ਸੇਵਨ ਨਾਲ ਹਿਊਮੇਟਾਈਡ ਗਠੀਆ ਰੋਗ ਤੋਂ ਇਲਾਵਾ ਅਨੇਕਾਂ ਪ੍ਰਕਾਰ ਦੇ ਵਾਤ ਰੋਗ, ਆਮਵਾਤ, ਸ਼ੂਲ, ਸੋਜ਼ਿਸ਼, ਵ੍ਰਿਸ਼ਣ ਵਿਕਾਰ ਤੇ ਉਦਰਸ਼ੂਲ ਵਿੱਚ ਲਾਭ ਪਹੁੰਚਦਾ ਹੈ।
ਹਲਕਾ ਤੇ ਪਾਚਕ ਭੋਜਣ ਲੈਣਾ ਚਾਹੀਦਾ ਹੈ। ਜਿਸ ਖਾਣੇ ਨੂੰ ਖਾ ਕੇ ਵਾਯੂ-ਵਿਕਾਰ (ਗੈਸ) ਉਤਪੰਨ ਹੋਣ, ਉਹ ਨਹੀਂ ਲੈਣਾ ਚਾਹੀਦਾ। ਬ੍ਰੋਕਲੀ, ਚੁਕੰਦਰ, ਖੀਰੇ ਆਦਿ ਦਾ ਰਸ ਪੀਣਾ ਅਤਿਅੰਤ ਲਾਭਦਾਇਕ ਹੈ। ਸੇਬ, ਸੰਤਰਾ, ਅੰਗੂਰ, ਪਪੀਤਾ ਵਗ਼ੈਰਾ ਫਲਾਂ ਦਾ ਸੇਵਨ ਵੀ ਮੁਨਾਫ਼ੇਵੰਦ ਹੈ। ਪਰਵਲ, ਤੋਰੀ, ਕੱਦੂ ਆਦਿ ਸਬਜ਼ੀਆਂ ਨੂੰ ਪਕਾ ਕੇ ਖਾਣਾ ਚਾਹੀਦਾ ਹੈ। ਪਕਾਉਂਦੇ ਸਮੇਂ ਜ਼ੀਰਾ, ਧਨੀਆ, ਅਦਰਕ, ਹੀਂਗ, ਲੱਸਣ, ਸੌਂਫ ਅਤੇ ਹਲਦੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਗਰਮ ਤਾਸੀਰ ਦੇ, ਤਿੱਖੇ, ਮਸਾਲੇਦਾਰ ਅਤੇ ਤਲੇ ਹੋਏ ਵਾਯੂ ਉਤਪੰਨ ਕਰਨ ਵਾਲੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪੱਤਾ ਗੋਭੀ, ਫੁੱਲ ਗੋਭੀ, ਪਾਲਕ, ਬ੍ਰੋਕਲੀ, ਆਲੂ, ਭਿੰਡੀ ਦਾ ਸੇਵਨ ਸੰਧੀਵਾਤ ਵਿੱਚ ਹਾਨੀਦਾਇਕ ਹੈ। ਦਹੀਂ, ਸ਼ਰਾਬ, ਚੀਨੀ, ਚਾਕਲੇਟ ਅਤੇ ਸਿਗਰਟ-ਬੀੜੀ ਪੀਣਾ ਵੀ ਮਰੀਜ਼ ਲਈ ਵਰਜਿਤ ਹੈ।
ਰਾਤ ਵਿੱਚ ਜ਼ਿਆਦਾ ਦੇਰ ਤਕ ਜਾਗਣਾ, ਸਵੇਰੇ ਜਲਦੀ ਨਾ ਉਠਣਾ, ਦਿਨ ਵਿੱਚ ਨੀਂਦ ਲੈਣਾ, ਜ਼ਿਆਦਾ ਸੋਚਣਾ ਅਤੇ ਚਿੰਤਾ ਕਰਨੀ, ਮਾਨਸਿਕ ਤਣਾਅ ਆਦਿ ਤੋਂ ਗਠੀਆ ਰੋਗ ਵਿੱਚ ਇਜ਼ਾਫ਼ਾ ਹੁੰਦਾ ਹੈ। ਨਿਯਮਿਤ ਰੂਪ ਨਾਲ ਕਸਰਤ ਅਤੇ ਹਲਕੀ ਸੈਰ ਕਰਨਾ ਜ਼ਰੂਰੀ ਹੈ।
Dr. Harish Kumar Verma
B.A.M.S. Gold Medalist
D.N.M. (Canada)
President
Best Ayurveda Limited
2250. Bovaird Dr. East.
Unit 416. Brampton. ON.
L6R0W3. Canada.
Email: [email protected]
Phone: 416-804-1500

Check Also

INFERTILITY MYTHS & FACTS: NEVER GIVE UP

Infertility is “the inability to conceive after 12 months of unprotected intercourse.” This means that …