Breaking News
Home / ਹਫ਼ਤਾਵਾਰੀ ਫੇਰੀ / ਹਿਮਾਚਲ ਪ੍ਰਦੇਸ਼ ‘ਚ ਰਿਕਾਰਡ-ਤੋੜ ਵੋਟਿੰਗ, ਨਤੀਜੇ ਲਈ ਸਵਾ ਮਹੀਨੇ ਦਾ ਇੰਤਜ਼ਾਰ

ਹਿਮਾਚਲ ਪ੍ਰਦੇਸ਼ ‘ਚ ਰਿਕਾਰਡ-ਤੋੜ ਵੋਟਿੰਗ, ਨਤੀਜੇ ਲਈ ਸਵਾ ਮਹੀਨੇ ਦਾ ਇੰਤਜ਼ਾਰ

ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ‘ਚ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਰਿਕਾਰਡ ਤੋੜ 74.45 ਫ਼ੀਸਦੀ ਲੋਕਾਂ ਨੇ ਮਤਦਾਨ ਕਰਦਿਆਂ 337 ਉਮੀਦਵਾਰਾਂ ਦੀ ਕਿਸਮਤ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ‘ਚ ਬੰਦ ਕਰ ਦਿੱਤਾ। ਡਿਪਟੀ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਨੇ ਨਵੀਂ ਦਿੱਲੀ ‘ਚ ਦੱਸਿਆ ਕਿ ਚਾਰ ਦਹਾਕਿਆਂ ‘ਚ ਇਸ ਵਾਰ ਸਭ ਤੋਂ ਵੱਧ ਵੋਟਿੰਗ ਹੋਈ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ‘ਚ 73.5 ਫ਼ੀਸਦੀ ਵੋਟਿੰਗ ਹੋਈ ਸੀ। 2014 ਦੀਆਂ ਲੋਕ ਸਭਾ ਚੋਣਾਂ ਸਮੇਂ 64.45 ਫ਼ੀਸਦੀ ਲੋਕਾਂ ਨੇ ਵੋਟਾਂ ਪਾਈਆਂ ਸਨ। ਉਨ੍ਹਾਂ ਕਿਹਾ ਕਿ 68 ਸੀਟਾਂ ਲਈ ਵੋਟਿੰਗ ਸ਼ਾਂਤੀ ਪੂਰਵਕ ਮੁਕੰਮਲ ਹੋਈ ਅਤੇ ਕਿਸੇ ਵੀ ਥਾਂ ਤੋਂ ਕੋਈ ਵੱਡੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਂਜ ਕੁਝ ਪੋਲਿੰਗ ਬੂਥਾਂ ‘ਤੇ ਈਵੀਐਮਜ਼ ਅਤੇ ਵੀਵੀਪੈਟ ਮਸ਼ੀਨਾਂ ‘ਚ ਖ਼ਰਾਬੀ ਆਈ ਪਰ ਉਨ੍ਹਾਂ ਨੂੰ ਦਰੁੱਸਤ ਕਰ ਦਿੱਤਾ ਗਿਆ ਸੀ। ਪਹਿਲੀ ਵਾਰ ਈਵੀਐਮਜ਼ ਦੇ ਨਾਲ 11283 ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਪਹਾੜੀ ਸੂਬੇ ‘ਚ ਹੁਕਮਰਾਨ ਕਾਂਗਰਸ ਅਤੇ ਭਾਜਪਾ ਦਾ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ। ਕਾਂਗਰਸ ਨੇ ਵੀਰਭੱਦਰ ਸਿੰਘ (83) ਨੂੰ ਮੁੜ ਤੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ ਜਦਕਿ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ (73) ‘ਤੇ ਦਾਅ ਖੇਡਿਆ ਹੈ। ਵੀਰਭੱਦਰ ਨੇ ਗ੍ਰਹਿ ਨਗਰ ਰਾਮਪੁਰ ਅਤੇ ਧੂਮਲ ਨੇ ਹਮੀਰਪੁਰ ‘ਚ ਆਪਣੇ ਪਰਿਵਾਰਾਂ ਨਾਲ ਵੋਟਾਂ ਪਾਈਆਂ। ਸੱਤਵੀਂ ਵਾਰ ਮੁੱਖ ਮੰਤਰੀ ਦੀ ਦੌੜ ‘ਚ ਵੀਰਭੱਦਰ ਸਿੰਘ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਬਹੁਮਤ ਹਾਸਲ ਕਰਨ ਪ੍ਰਤੀ ਆਸਵੰਦ ਹਨ। ਧੂਮਲ ਨੇ ਕਿਹਾ ਕਿ ਭਾਜਪਾ ਦਾ 60 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਟੀਚਾ ਹੈ। ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਅਤੇ ਕਾਂਗਰਸ ਆਗੂ ਆਨੰਦ ਸ਼ਰਮਾ ਨੇ ਕ੍ਰਮਵਾਰ ਬਿਲਾਸਪੁਰ ਅਤੇ ਸ਼ਿਮਲਾ ‘ਚ ਵੋਟਾਂ ਪਾਈਆਂ। ਸੂਬੇ ‘ਚ 50 ਲੱਖ ਤੋਂ ਵੱਧ ਵੋਟਰਾਂ ‘ਚੋਂ 19 ਲੱਖ ਵੋਟਰ ਔਰਤਾਂ ਹਨ ਅਤੇ ਪੇਂਡੂ ਇਲਾਕਿਆਂ ‘ਚ ਉਹ ਵੱਡੀ ਗਿਣਤੀ ‘ਚ ਵੋਟਾਂ ਪਾਉਣ ਲਈ ਬਾਹਰ ਨਿਕਲੀਆਂ। ਸਭ ਤੋਂ ਉੱਚਾ ਪੋਲਿੰਗ ਸਟੇਸ਼ਨ 15 ਹਜ਼ਾਰ ਫੁੱਟ ‘ਤੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਹਿੱਕਮ ‘ਚ ਸਥਾਪਤ ਕੀਤਾ ਗਿਆ ਸੀ ਜਿਥੇ ਬਰਫ਼ਬਾਰੀ ਦੇ ਬਾਵਜੂਦ 194 ਵੋਟਰਾਂ ‘ਚੋਂ 85 ਫ਼ੀਸਦੀ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਚੰਬਾ ਕਸਬੇ ‘ਚ ਚੋਣ ਕਮਿਸ਼ਨ ਨੇ ਸਰਕਾਰੀ ਹਸਪਤਾਲ ‘ਚ ਦਾਖ਼ਲ 30 ਮਰੀਜ਼ਾਂ ਦੇ ਵੋਟ ਪਾਉਣ ਦਾ ਪ੍ਰਬੰਧ ਕੀਤਾ।
100 ਸਾਲਾ ਨੇਗੀ ਨੇ 15ਵੀਂ ਵਾਰ ਪਾਈ ਵੋਟ
ਊਨਾ : ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸ਼ਰਨ ਨੇਗੀ (100) ਨੇ 15ਵੀਂ ਵਾਰ ਕਿੰਨੌਰ ਜ਼ਿਲ੍ਹੇ ਦੇ ਕਲਪਾ ‘ਚ ਵੋਟ ਪਾਈ। ਚੋਣ ਅਧਿਕਾਰੀਆਂ ਨੇ ਉਸ ਨੂੰ ਘਰ ‘ਚੋਂ ਪੋਲਿੰਗ ਬੂਥ ਤਕ ਲਿਆਉਣ ਦਾ ਪ੍ਰਬੰਧ ਕੀਤਾ ਸੀ। ਉਧਰ ਬਾਬਾ ਸਿੱਧ ਚਾਨੋ ਯੁਵਾ ਕਲੱਬ ਚਤੇਹਰ ਦੇ ਮੈਂਬਰਾਂ ਨੇ ਪਿੰਡ ਅੰਬੋਟਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 110 ਸਾਲ ਦੀ ਚਰਨੀ ਦੇਵੀ ਨੂੰ ਲਿਆ ਕੇ ਵੋਟ ਪੁਆਈ। ਚਰਨੀ ਦੇਵੀ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਵੋਟ ਪਾਉਣ ਲਈ ਆਈ ਹੈ।

 

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …